ਕੀ ਪਾਕਿਸਤਾਨ ਵਿੱਚ ਸਕੂਲੀ ਕਿਤਾਬਾਂ ਹਿੰਦੂ-ਸਿੱਖੂ ਖ਼ਿਲਾਫ਼ ਨਫ਼ਰਤ ਸਿਖਾ ਰਹੀਆਂ ਹਨ

04/13/2021 8:35:33 PM

ਕੀ ਪਾਕਿਸਤਾਨ ਵਿੱਚ ਸਕੂਲੀ ਕਿਤਾਬਾਂ ਹਿੰਦੂ-ਸਿੱਖੂ ਖ਼ਿਲਾਫ਼ ਨਫ਼ਰਤ ਸਿਖਾ ਰਹੀਆਂ ਹਨ ?
BBC

ਸੋਚੋ ਕਿ ਤੁਹਾਡਾ ਨਾਮ ਇਮਰਾਨ, ਅਬਦੁੱਲਾ ਜਾਂ ਆਮਿਰ ਹੈ ਅਤੇ ਤੁਸੀਂ ਪਾਕਿਸਤਾਨ ਵਿੱਚ ਰਹਿੰਦੇ ਹੋ।

ਯਕੀਨੀ ਤੌਰ ''ਤੇ, ਅਜਿਹਾ ਕਦੀ ਨਹੀਂ ਹੋਇਆ ਹੋਵੇਗਾ ਕਿ ਅਣਜਾਨ ਲੋਕਾਂ ਨਾਲ ਪਹਿਲੀ ਮੁਲਾਕਾਤ ਦੌਰਾਨ ਆਪਣੀ ਜਾਣ ਪਛਾਣ ਕਰਾਉਂਦੇ ਸਮੇਂ ਤੁਹਾਨੂੰ ਸੋਚਣਾ ਪਿਆ ਪਵੇ ਜਾਂ ਤੁਹਾਡੇ ਦਿਮਾਗ਼ ਵਿੱਚ ਸਵਾਲ ਆਇਆ ਹੋਵੇ, ਕਿ ਪਤਾ ਨਹੀਂ ਸਾਹਮਣੇ ਵਾਲਾ ਵਿਅਕਤੀ ਮੇਰਾ ਨਾਮ ਸੁਣਕੇ ਕੀ ਪ੍ਰੀਕਿਰਿਆ ਦੇਵੇਗਾ?

ਪਰ ਜੇ ਤੁਹਾਡਾ ਨਾਮ ਕਿਸ਼ੋਰ, ਮੁਕੇਸ਼ ਜਾਂ ਆਕਾਸ਼ ਹੈ ਤਾਂ ਸ਼ਾਇਦ ਕਈ ਵਾਰ ਤੁਹਾਡੇ ਲਈ ਆਪਣਾ ਨਾਮ ਦੱਸਣਾ ਹੀ ਸਭ ਤੋਂ ਔਖਾ ਕੰਮ ਹੋ ਸਕਦਾ ਹੈ। ਕੁਝ ਨਹੀਂ ਪਤਾ ਕਿ ਕਦੋਂ ਕੌਣ ਪੁੱਛੇ ਕਿ ਭਾਰਤ ਤੋਂ ਕਦੋਂ ਆਏ?

ਇਹ ਵੀ ਪੜ੍ਹੋ-

ਤੁਹਾਨੂੰ 14 ਅਗਸਤ ਦੀ ਬਜਾਇ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਉਣ ਦੀ ਸਲਾਹ ਦਿੱਤੀ ਜਾ ਸਕਦੀ ਹੈ ਅਤੇ ਭਾਰਤ-ਪਾਕਿਸਤਾਨ ਕ੍ਰਿਕੇਟ ਮੈਚ ਵਿੱਚ ਜਦੋਂ ਭਾਰਤੀ ਟੀਮ ਚੰਗਾ ਪ੍ਰਦਰਸ਼ਨ ਕਰਨ ਲੱਗੇ, ਤਾਂ ਯਾਰ ਦੋਸਤ ਹੀ ਵਿਅੰਗ ਕਰਨ ਲੱਗਣਗੇ ਕਿ ਤੇਰੀ ਟੀਮ ਤਾਂ ਜਿੱਤਣ ਲੱਗੀ ਹੈ।

ਇਸ ਦੇ ਇਲਾਵਾ, ਤੁਹਾਨੂੰ ਬਚਪਨ ਅਤੇ ਜਵਾਨੀ ਦੇ ਕਈ ਸਾਲ ਇੱਕ ਅਜਿਹੇ ਦਰਦ ਵਿੱਚ ਵੀ ਗੁਜ਼ਾਰਨੇ ਪੈ ਸਕਦੇ ਹਨ, ਜਦੋਂ ਤੁਹਾਨੂੰ ਹਰ ਰੋਜ਼ ਹਿੰਦੂ ਹੋਣ ਦਾ ਪਛਤਾਵਾ ਹੋਵੇ।

ਇੰਨਾਂ ਸਭ ਗੱਲਾਂ ਦਾ ਸੰਭਾਵਿਤ ਨਤੀਜਾ ਇਹ ਵੀ ਹੋ ਸਕਦਾ ਹੈ ਕਿ ਹੌਲੀ-ਹੌਲੀ ਤੁਸੀਂ ਆਪਣੇ ਆਪ ਨੂੰ ਹੀਣ, ਬੇਵੱਸ ਅਤੇ ਮਜ਼ਬੂਰ ਮਹਿਸੂਸ ਕਰਨ ਲੱਗੋ ।

ਇਹ ਉਸ ਸਮੇਂ ਹੋ ਸਕਦਾ ਹੈ, ਜਦੋਂ ਤੁਸੀਂ ਸਕੂਲ ਕਾਲਜ ਅਤੇ ਯੂਨੀਵਰਸਿਟੀ ਵਿੱਚ ਸਮਾਜਿਕ ਵਿਗਿਆਨ ਜਾਂ ਪਾਕਿਸਤਾਨ ਸਟੱਡੀਜ਼ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰੋਗੇ। ਪਰ ਇੰਨ੍ਹਾਂ ਕਿਤਾਬਾਂ ਵਿੱਚ ਅਜਿਹਾ ਕੀ ਹੋ ਸਕਦਾ ਹੈ, ਜੋ ਹਿੰਦੂਆਂ ਲਈ ਨਿਰਾਦਰ ਭਰਿਆ ਹੈ?

ਰਾਜੇਸ਼ ਕੁਮਾਰ
BBC
ਰਾਜੇਸ਼ ਕੁਮਾਰ ਮੁਤਾਬਕ ਹਿੰਦੂ ਧਰਮ ਸਮੇਤ ਦੁਨੀਆਂ ਦੇ ਸਾਰੇ ਧਰਮ ਮਨੁੱਖੀ ਅਧਿਕਾਰਾਂ ਅਤੇ ਬਰਾਬਰਤਾ ਦੀ ਗੱਲ ਕਰਦੇ ਹਨ

ਆਓ, ਜਾਣਦੇ ਹਾਂ ਸਿੰਧ ਸੂਬੇ ਦੇ ਕੁਝ ਪਾਕਿਸਤਾਨੀ ਹਿੰਦੂ ਅਤੇ ਮੁਸਲਮਾਨ ਵਿਦਿਆਰਥੀਆਂ ਦੀ ਜ਼ੁਬਾਨੀ, ਜਿਨ੍ਹਾਂ ਨੇ ਇੰਨ੍ਹਾਂ ਕਿਤਾਬਾਂ ਨੂੰ ਉਨ੍ਹਾਂ ਦਿਨਾਂ ਵਿੱਚ ਪੜ੍ਹਿਆ ਜਦੋਂ ਉਹ ਵਿਦਿਆਰਥੀ ਸਨ।

''ਜ਼ਾਲਮ ਹਿੰਦੂ''

ਅਸੀਂ ਪੱਚੀ ਤੋਂ ਪੈਂਤੀ ਸਾਲ ਦੀ ਉਮਰ ਦੇ ਕੁਝ ਨੌਜਵਾਨ ਮੰਡਿਆਂ ਅਤੇ ਕੁੜੀਆਂ ਨਾਲ ਮੁਲਾਕਾਤ ਕੀਤੀ ਅਤੇ ਇਹ ਜਾਣਨਾ ਚਾਹਿਆ ਕਿ ਸਕੂਲ ਵਿੱਚ ਕਿਤਾਬਾਂ ਵਿੱਚ ਉਹ ਕਿਹੜੀਆਂ ਚੀਜ਼ਾਂ ਸਨ, ਜੋ ਸਕੂਲ ਅਤੇ ਕਾਲਜ ਦੇ ਦਿਨਾਂ ਵਿੱਚ ਉਨ੍ਹਾਂ ਨੂੰ ਪਰੇਸ਼ਾਨ ਕਰਦੀਆਂ ਸਨ।

ਜਵਾਬ ਵਿੱਚ ਇਨ੍ਹਾਂ ਨੌਜਵਾਨਾਂ ਨੇ ਕੁਝ ਪਾਠ ਪੁਸਤਕਾਂ ਦੇ ਅੰਸ਼ਾਂ ਨੂੰ ਦੁਹਰਾਇਆ:

"ਇਤਿਹਾਸ ਵਿੱਚ ਹਿੰਦੂਆਂ ਨੇ ਮੁਸਲਮਾਨਾਂ ''ਤੇ ਬਹੁਤ ਅੱਤਿਆਚਾਰ ਕੀਤਾ ਸੀ।"

"ਕਾਫ਼ਰ ਦਾ ਅਰਥ ਹੈ, ਜੋ ਬੁੱਤਾਂ ਜਾਂ ਮੂਰਤੀਆਂ ਦੀ ਪੂਜਾ ਕਰਨ ਵਾਲਾ ਹੁੰਦਾ ਹੈ।"

"ਪਹਿਲੇ ਸਮਿਆਂ ਵਿੱਚ, ਹਿੰਦੂ ਆਪਣੀਆਂ ਬੇਟੀਆਂ ਨੂੰ ਪੈਦਾ ਹੁੰਦੇ ਹੀ ਜ਼ਿੰਦਾ ਦਫ਼ਨ ਕਰ ਦਿੰਦੇ ਸਨ।"

ਹਿੰਦੂ ਮਨੁੱਖਤਾ ਦੇ ਦੁਸ਼ਮਣ ਹਨ

ਵੱਖ-ਵੱਖ ਇਲਾਕਿਆਂ ਨਾਲ ਸਬੰਧ ਰੱਖਦੇ ਇਨ੍ਹਾਂ ਨੌਜਵਾਨਾਂ ਨੇ, ਜਦੋਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਨ੍ਹਾਂ ਨੇ ਆਪਣੇ ਚਾਰੇ ਪਾਸੇ ਸਹਿਣਸ਼ੀਲਤਾ ਅਤੇ ਭਾਈਚਾਰੇ ਵਾਲਾ ਮਾਹੌਲ ਦੇਖਿਆ।

ਡਾਕਟਰ ਰਾਜਵੰਤੀ ਕੁਮਾਰੀ
BBC
ਰਾਜਵੰਤੀ ਸਵਾਲ ਪੁੱਛਦੀ ਹੈ ਕਿ ਉਹ ਖ਼ੁਦ ਹਿੰਦੂ ਹੈ, ਉਹ ਮੁਸਲਮਾਨਾਂ ਦੀ ਦੁਸ਼ਮਣ ਕਿਵੇਂ ਹੋ ਸਕਦੀ ਹੈ?

ਚਾਹੇ ਉਹ ਦੋਸਤ ਹੋਣ, ਗੁਆਂਢੀ ਹੋਣ, ਜਾਂ ਫਿਰ ਈਦ, ਹੌਲੀ, ਦਿਵਾਲੀ ਮੌਕੇ ਘੱਟੋ-ਘੱਟ ਵਿਅਕਤੀਗਤ ਤੌਰ ''ਤੇ ਉਨ੍ਹਾਂ ਨੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਕੋਈ ਫਰਕ ਕੋਈ ਮਹਿਸੂਸ ਨਹੀਂ ਕੀਤਾ।

ਪਰ ਜਦੋਂ ਇਹ ਵਿਦਿਆਰਥੀ ਘਰ ਛੱਡ ਕੇ ਸਕੂਲ ਅਤੇ ਕਾਲਜ ਗਏ, ਉਸ ਸਮੇਂ ਪਹਿਲੀ ਵਾਰ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਨਫ਼ਰਤ ਅਤੇ ਪੱਖਪਾਤ ਦੇ ਬੀਜ ਬੀਜੇ ਜਾ ਰਹੇ ਹਨ।

ਉਨ੍ਹਾਂ ਮੁਤਾਬਕ ਇਸ ਲਈ ਜ਼ਿੰਮੇਵਾਰ ਕੋਈ ਹੋਰ ਨਹੀਂ ਬਲਕਿ ਉਨ੍ਹਾਂ ਦੀਆਂ ਆਪਣੀਆਂ ਸਕੂਲੀ ਕਿਤਾਬਾਂ ਹਨ।

ਸਿੰਧ ਸੂਬੇ ਦੇ ਹੈਦਰਾਬਾਦ ਸ਼ਹਿਰ ਦੇ ਰਹਿਣ ਵਾਲੇ ਰਾਜੇਸ਼ ਕੁਮਾਰ, ਜੋ ਸਿਹਤ ਦੇ ਖੇਤਰ ਨਾਲ ਜੁੜੇ ਹੋਣ ਦੇ ਨਾਲ-ਨਾਲ ਸਮਾਜ ਸੇਵਕ ਵੀ ਹਨ।

ਰਾਜੇਸ਼ ਕੁਮਾਰ ਸਿੰਧ ਟੈਕਸਟ ਬੁੱਕ ਬੋਰਡ ਦੇ 11ਵੀਂ ਅਤੇ 12ਵੀਂ ਦੇ ਪਾਠਕ੍ਰਮ ਵਿੱਚ ਸ਼ਾਮਿਲ ਪਾਕਿਸਤਾਨ ਸਟੱਡੀਜ਼ ਦੀ ਕਿਤਾਬ ਦਾ ਹਵਾਲਾ ਦਿੰਦੇ ਹਨ। ਉਨ੍ਹਾਂ ਨੇ ਇਹ ਕਿਤਾਬ ਕਾਲਜ ਵਿੱਚ ਪੜ੍ਹੀ ਸੀ।

ਇਸ ਕਿਤਾਬ ਦੇ ਪਾਠ ਨੰਬਰ 33 ਵਿੱਚ ਲਿਖਿਆ ਸੀ ਕਿ ਮਨੁੱਖਤਾ ਦੇ ਦੁਸ਼ਮਣ ਹਿੰਦੂਆਂ ਤੇ ਸਿੱਖਾਂ ਨੇ ਹਜ਼ਾਰਾਂ ਬਲਕਿ ਲੱਖਾਂ ਔਰਤਾਂ, ਬੱਚਿਆਂ, ਬੁੱਢਿਆਂ ਅਤੇ ਨੌਜਵਾਨਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਅਤੇ ਬੇਇੱਜ਼ਤ ਕੀਤਾ ਸੀ।

ਇਸ ਦਾ ਅਰਥ ਇਹ ਹੈ ਕਿ ਇਨ੍ਹਾਂ ਲੇਖਕਾਂ ਦੇ ਦਿਮਾਗ਼ ਵਿੱਚ ਇਹ ਗੱਲ ਪਹਿਲਾਂ ਤੋਂ ਸੀ ਕਿ ਸਿੱਖ ਅਤੇ ਹਿੰਦੂ ਮਨੁੱਖਤਾ ਦੇ ਦੁਸ਼ਮਣ ਹਨ।

ਪਰ, ਜੇ ਕੋਈ ਦੰਗਾ ਹੁੰਦਾ ਹੈ ਤਾਂ ਮਰਨ ਵਾਲੇ ਦੋਵਾਂ ਪਾਸਿਆਂ ਦੇ ਹੁੰਦੇ ਹਨ ਅਤੇ ਬਰਾਬਰ ਰੂਪ ਵਿੱਚ ਦੋਸ਼ੀ ਹੁੰਦੇ ਹਨ।

''ਮੁਸਲਮਾਨਾਂ ਦੇ ਦੁਸ਼ਮਣ''

ਨੌਜਵਾਨ ਡਾਕਟਰ ਰਾਜਵੰਤੀ ਕੁਮਾਰੀ ਨੇ ਆਪਣੀ ਨੌਵੀਂ ਅਤੇ ਦਸਵੀਂ ਕਲਾਸ ਦੀ ਪਾਕਿਸਤਾਨ ਸਟੱਡੀਜ਼ਸ ਵਿਸ਼ੇ ਦੀ ਕਿਤਾਬ ਬਾਰੇ ਦੱਸਦਿਆਂ ਕਿਹਾ ਕਿ ਇਸ ਕਿਤਾਬ ਵਿੱਚ ਹਿੰਦੂਆਂ ਨੂੰ ਮੁਸਲਮਾਨਾਂ ਦਾ ਦੁਸ਼ਮਣ ਦੱਸਿਆ ਗਿਆ ਸੀ।

ਇਸ ਕਿਤਾਬ ਦੇ 24 ਵੇਂ ਪਾਠ ਵਿੱਚ ਲਿਖਿਆ ਸੀ ਕਿ ਮੁਸਲਮਾਨਾਂ ਅਤੇ ਹਿੰਦੂਆਂ ਨੇ ਬਹੁਤ ਸਾਰੇ ਅੰਦੋਲਨਾਂ ਵਿੱਚ ਮਿਲ ਕੇ ਇੱਕ ਕੰਮ ਕੀਤਾ ਸੀ, ਪਰ ਇਹ ਸਾਥ ਲੰਬੇ ਸਮੇਂ ਤੱਕ ਨਾ ਚਲ ਸਕਿਆ। ਹਿੰਦੂਆਂ ਦੀ ਮੁਸਲਮਾਨਾਂ ਨਾਲ ਦੁਸਮਣੀ ਸਾਹਮਣੇ ਆ ਗਈ ਸੀ।

ਰਾਜਵੰਤੀ ਸਵਾਲ ਪੁੱਛਦੀ ਹੈ ਕਿ ਉਹ ਖ਼ੁਦ ਹਿੰਦੂ ਹੈ, ਉਹ ਮੁਸਲਮਾਨਾਂ ਦੀ ਦੁਸ਼ਮਣ ਕਿਵੇਂ ਹੋ ਸਕਦੀ ਹੈ?

ਉਹ ਕਹਿੰਦੇ ਹਨ, "ਮੈਂ ਮੁਸਲਮਾਨਾਂ ਦੇ ਨਾਲ ਪਲੀ, ਵੱਡੀ ਹੋਈ ਹਾਂ, ਮੇਰੇ ਸਾਰੇ ਦੋਸਤ ਮੁਸਲਮਾਨ ਹਨ। ਮੈਂ ਉਨ੍ਹਾਂ ਦੇ ਅਤੇ ਉਨ੍ਹਾਂ ਨੇ ਮੇਰੇ ਤਿਉਹਾਰ ਇਕੱਠੇ ਮਨਾਏ ਹਨ ਤਾਂ ਸਾਡੀ ਦੁਸ਼ਮਣੀ ਕਿਵੇਂ ਹੋ ਸਕਦੀ ਹੈ?"

ਪੱਖਪਾਤ, ਨਫ਼ਰਤ ਅਤੇ ਗ਼ੈਰ-ਮਨੁੱਖੀ ਰਵੱਈਆ

ਪਾਕਿਸਤਾਨ ਦੀ 3.5 ਫ਼ੀਸਦ ਆਬਾਦੀ ਗ਼ੈਰ-ਮੁਸਲਮਾਨ ਹੈ। ਇੱਕ ਅੰਦਾਜ਼ੇ ਮੁਤਾਬਕ ਪਾਕਿਸਤਾਨ ਵਿੱਚ ਹਿੰਦੂਆਂ ਦੀ ਆਬਾਦੀ 1.5 ਫ਼ੀਸਦ ਹੈ।

ਅਮਰੀਕੀ ਸਰਕਾਰ ਵੱਲੋਂ 2011 ਵਿੱਚ ਕੀਤੇ ਗਏ ਇੱਕ ਅਧਿਐਨ ਮੁਤਾਬਕ, ਪਾਕਿਸਤਾਨ ਦੇ ਸਕੂਲਾਂ ਵਿੱਚ ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ ਹਿੰਦੂਆਂ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਲਈ ਪੱਖਪਾਤ ਅਤੇ ਨਫ਼ਰਤ ਵਧਾਉਂਦੀਆਂ ਹਨ।

ਪਾਰਾ ਮਾਂਗੀ
BBC
ਪਾਰਾ ਮਾਂਗੀ ਮੁਤਾਬਕ ਜੋ ਪੜ੍ਹਾਇਆ ਜਾਂਦਾ ਹੈ ਅਸਲੀਅਤ ਉਸ ਦੇ ਠੀਕ ਉਲਟ ਹੈ

ਅਮਰੀਕਾ ਦੇ ਕੌਮਾਂਤਰੀ ਧਾਰਮਿਕ ਆਜ਼ਾਦੀ ਕਮਿਸ਼ਨ ਦੇ ਇਸ ਅਧਿਐਨ ਲਈ, ਦੇਸ ਭਰ ਵਿੱਚ ਪਹਿਲੀ ਤੋਂ ਲੈ ਕੇ ਦਸਵੀਂ ਜਮਾਤ ਤੱਕ ਪੜ੍ਹਾਈਆਂ ਜਾਣ ਵਾਲੀਆਂ ਸੌ ਪਾਠ ਪੁਸਤਕਾਂ ਦੀ ਸਮੀਖਿਆ ਕੀਤੀ ਗਈ ਸੀ।

ਇਸ ਤੋਂ ਇਲਾਵਾ ਸਕੂਲਾਂ ਦਾ ਦੌਰਾ ਕਰਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਵੀ ਗੱਲ ਕੀਤੀ ਗਈ ਸੀ।

ਅਧਿਐਨ ਮੁਤਾਬਕ, ਸਕੂਲ ਦੀਆਂ ਕਿਤਾਬਾਂ ਪਾਕਿਸਤਾਨ ਵਿੱਚ ਰਹਿਣ ਵਾਲੇ ਹਿੰਦੂਆਂ ਦੀ ਵਫ਼ਾਦਾਰੀ ਨੂੰ ਗੁਆਂਢੀ ਮੁਲਕ ਭਾਰਤ ਨਾਲ ਜੋੜਣ ਦਾ ਯਤਨ ਕਰਦੀਆਂ ਹਨ।

ਇਸ ਤਰ੍ਹਾਂ ਵਿਦਿਆਰਥੀਆਂ ਵਿਚ ਧਾਰਨਾ ਪੈਦਾ ਹੁੰਦੀ ਹੈ ਕਿ ਗ਼ੈਰ-ਮੁਸਲਮਾਨਾਂ ਵਿਚ ਪਾਕਿਸਤਾਨ ਪ੍ਰਤੀ ਦੇਸ਼ਭਗਤੀ ਦੀ ਭਾਵਨਾ ਨਹੀਂ ਹੈ।

''ਹਿੰਦੂ ਖ਼ਲਨਾਇਕ ਬਣ ਜਾਂਦਾ ਹੈ''

ਉੱਘੇ ਵਿਦਿਅਕ ਵਿਦਵਾਨ ਏਐੱਚ ਨਈਅਰ ਦਾ ਕਹਿਣਾ ਹੈ ਕਿ ਆਮ ਤੌਰ ''ਤੇ ਪਾਕਿਸਤਾਨ ਵਿੱਚ ਪੜ੍ਹਾਈਆਂ ਜਾ ਰਹੀਆਂ ਪਾਠ ਪੁਸਤਕਾਂ ਵਿੱਚ ਹਿੰਦੂਆਂ ਦੇ ਖ਼ਿਲਾਫ਼ ਨਫ਼ਰਤ ਇੱਕ ਖ਼ਾਸ ਤਰੀਕੇ ਨਾਲ ਪ੍ਰਗਟਾਈ ਜਾਂਦੀ ਹੈ।

ਉਹ ਦੱਸਦੇ ਹਨ ਕਿ ਜਦੋਂ ਤਹਿਰੀਕ-ਏ-ਪਾਕਿਸਤਾਨ ਦਾ ਇਤਿਹਾਸ ਪੜ੍ਹਾਇਆ ਜਾਂਦਾ ਹੈ, ਉਸ ਸਮੇਂ ਇਸ ਵਿੱਚ ਦੋ ਸਿਆਸੀ ਦਲਾਂ ਮੁਸਲਿਮ ਲੀਗ਼ ਅਤੇ ਕਾਂਗ਼ਰਸ ਦਰਮਿਆਨ ਮਤਭੇਦਾਂ ਦੀ ਵਿਆਖਿਆ, ਮੁਸਲਮਾਨ ਅਤੇ ਹਿੰਦੂਆਂ ਵਿੱਚ ਲੜਾਈ ਦੇ ਰੂਪ ਵਿੱਚ ਕੀਤੀ ਜਾਂਦੀ ਹੈ।

ਏਐੱਚ ਨਈਅਰ ਕਹਿੰਦੇ ਹਨ, "ਇਸ ਤਰ੍ਹਾਂ ਸਾਡੀ ਪਾਠ ਪੁਸਤਕ ਵਿੱਚ ਹਿੰਦੂ ਖਲਨਾਇਕ ਬਣ ਜਾਂਦੇ ਹਨ, ਜੋ ਸ਼ਾਇਦ ਪਾਕਿਸਤਾਨ ਦੀ ਸਥਾਪਨਾ ਅਤੇ ਇਸ ਦੇ ਪਿੱਛੇ ਦੀ ਸਿਆਸਤ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਹੈ।"

ਉਹ ਪਾਠ ਪੁਸਤਕਾਂ ਵਿੱਚ ਇੱਕ ਹੋਰ ਅਹਿਮ ਸਮੱਸਿਆ ਦੱਸਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਇੱਕ ਪਾਸੇ ਇਨ੍ਹਾਂ ਕਿਤਾਬਾਂ ਵਿੱਚ ਮੁਸਲਮਾਨ ਇਤਿਹਾਸ ਅਤੇ ਸੱਭਿਅਤਾ ਨੂੰ ਤਰਜ਼ੀਹ ਨਾਲ ਪੇਸ਼ ਕੀਤਾ ਗਿਆ ਹੈ, ਉਥੇ ਦੂਜੇ ਪਾਸੇ ਹਿੰਦੂ ਇਤਿਹਾਸ ਦਾ ਕੋਈ ਜ਼ਿਕਰ ਨਹੀਂ ਮਿਲਦਾ।

ਉਦਾਹਰਣ ਲਈ, ਉਪ-ਮਹਾਂਦੀਪ ਦਾ ਇਤਿਹਾਸ, ਇਸ ਇਲਾਕੇ ਵਿੱਚ ਮੁਸਲਮਾਨਾਂ ਦੇ ਆਉਣ ਤੋਂ ਸ਼ੁਰੂ ਹੁੰਦਾ ਹੈ, ਪਰ ਇਸ ਤੋਂ ਪਹਿਲੇ ਹਿੰਦੂ ਸ਼ਾਸਕਾਂ ਦਾ ਜ਼ਿਕਰ ਨਹੀਂ ਕੀਤਾ ਜਾਂਦਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਕਿਤਾਬਾਂ ਕਿਵੇਂ ਤਿਆਰ ਕੀਤੀਆਂ ਜਾਂਦੀਆਂ ਹਨ?

ਸਿੰਧ ਸੂਬੇ ਵਿੱਚ ਅਧਿਕਾਰਿਤ ਪੱਧਰ ''ਤੇ ਪਾਠ ਪੁਸਤਕਾਂ ਨੂੰ ਤਿਆਰ ਕਰਨ ਲਈ ਸਿੰਧ ਟੈਕਸਟ ਬੁੱਕ ਬੋਰਡ ਜ਼ਿੰਮੇਵਾਰ ਹੈ।

ਸੰਸਥਾ ਦੇ ਤਕਨੀਕੀ ਨਿਰਦੇਸ਼ਕ ਯੂਸੁਫ਼ ਅਹਿਮਦ ਸ਼ੇਖ ਨੇ ਬੀਬੀਸੀ ਨੂੰ ਦੱਸਿਆ ਕਿ ਪਾਠਕ੍ਰਮ ਉਨ੍ਹਾਂ ਨੂੰ ''ਬਿਊਰੋ ਆਫ਼ ਕਰੀਕੁਲਮ'' ਦੁਆਰਾ ਦਿੱਤਾ ਗਿਆ ਸੀ, ਜਿਸ ਮੁਤਾਬਕ ਕਿਤਾਬਾਂ ਤਿਆਰ ਕੀਤੀਆਂ ਜਾਂਦੀਆਂ ਹਨ।

ਪਾਠਕ੍ਰਮ ਮਿਲਣ ਤੋਂ ਬਾਅਦ ਅਸੀਂ ਆਪਣੇ ਲੇਖਕਾਂ ਦੇ ਪੂਲ ਵਿੱਚੋਂ ਲੇਖਕਾਂ ਨੂੰ ਚੁਣਦੇ ਹਾਂ ਅਤੇ ਉਨ੍ਹਾਂ ਨੂੰ ਕਿਤਾਬ ਬਣਾਉਣ ਦਾ ਕੰਮ ਦਿੰਦੇ ਹਾਂ।

ਜਦੋਂ ਲੇਖਕ ਕਿਤਾਬ ਲਿਖਦਾ ਹੈ ਤਾਂ ਸਾਡੇ ਮਾਹਰ ਇਸਦੀ ਜਾਂਚ ਕਰਦੇ ਹਨ। ਆਖ਼ਰੀ ਪੜਾਅ ਵਿੱਚ ਬਿਊਰੋ ਆਫ਼ ਕਰਿਕੂਲਮ ਵੀ ਕਿਤਾਬ ਦੀ ਸਮੀਖਿਆ ਕਰਦਾ ਹੈ।

ਯੂਸੁਫ਼ ਅਹਿਮਦ ਸ਼ੇਖ ਮੁਤਾਬਕ, ਸਿੰਧ ਟੈਕਸਟ ਬੁੱਕ ਬੋਰਡ ''ਬਿਊਰੋ ਆਫ਼ ਕਰੀਕਲਮ'' ਦੁਆਰਾ ਦਿੱਤੇ ਗਏ ਸਿਲੇਬਸ ਮੁਤਾਬਕ ਕਿਤਾਬਾਂ ਤਿਆਰ ਕਰਨ ਲਈ ਪ੍ਰਤੀਬੱਧ ਹੈ ਅਤੇ ਨਿਰਧਾਰਿਤ ਦਾਇਰੇ ਤੋਂ ਬਾਹਰ ਨਹੀਂ ਜਾ ਸਕਦਾ ਹੈ।

''ਔਰਤਾਂ ਨੂੰ ਨੀਵਾਂ ਦਰਜਾ''

ਸਰਕਾਰੀ ਖੇਤਰ ਵਿੱਚ ਕਰਮਚਾਰੀ ਅਤੇ ਅਖ਼ਬਾਰਾਂ ਵਿੱਚ ਕਾਲਮ ਲਿਖਣ ਵਾਲੇ ਪਾਰਾ ਮਾਂਗੀ, ਸ਼ਿਕਾਰਪੁਰ ਦੇ ਰਹਿਣ ਵਾਲੇ ਹਨ।

ਪਾਕਿਸਤਾਨ
BBC

ਉਨ੍ਹਾਂ ਨੇ ਇੰਟਰਮੀਡੀਏਟ ਵਿੱਚ ਪਾਕਿਸਤਾਨ ਸਟੱਡੀਜ਼ ਦੀ ਕਿਤਾਬ ਵਿੱਚ ਪੜ੍ਹਿਆ ਸੀ, "ਤੰਗ ਨਜ਼ਰੀਏ ਨੇ ਹਿੰਦੂ ਸਮਾਜ ਨੂੰ ਅਪਾਹਜ ਬਣਾ ਦਿੱਤਾ ਸੀ। ਜਿਸ ਵਿੱਚ ਔਰਤਾਂ ਨੂੰ ਨੀਵਾਂ ਦਰਜਾ ਦਿੱਤਾ ਗਿਆ ਸੀ।"

ਪਾਰਾ ਮੁਤਾਬਕ, ਅਸਲੀਅਤ ਇਸ ਦੇ ਬਿਲਕੁਲ ਉੱਲਟ ਹੈ।ਹਿੰਦੂ ਧਰਮ ਵਿੱਚ ਤਾਂ ਦੇਵੀਆਂ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਦੁਰਗਾ ਅਤੇ ਕਾਲੀ ਮਾਂ ਕਿਹਾ ਜਾਂਦਾ ਹੈ।

ਉਹ ਕਹਿੰਦੇ ਹਨ, "ਉਥੇ ਇਹ ਜ਼ਰੂਰ ਹੈ ਕਿ ਅੱਜ ਦੇ ਦੌਰ ਵਿੱਚ ਔਰਤਾਂ ਆਪਣੇ ਹੱਕ ਲੈਣ ਲਈ ਜੋ ਸੰਘਰਸ਼ ਕਰ ਰਹੀਆਂ ਹਨ ਉਹ ਹਰ ਧਰਮ ਅਤੇ ਹਰ ਸਮਾਜ ਵਿੱਚ ਚਲ ਰਿਹਾ ਹੈ। ਇਹ ਤਾਂ ਪੂਰੀ ਦੁਨੀਆਂ ਦੀ ਸਮੱਸਿਆ ਹੈ। ਹਰ ਜਗ੍ਹਾ ਔਰਤਾਂ ਆਪਣੇ ਹੱਕ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।"

ਰਾਜਵੰਤੀ ਕੁਮਾਰੀ ਕਿਤਾਬਾਂ ਤੋਂ ਬਣੀ ਇਸ ਧਾਰਨਾਂ ਨੂੰ ਤੋੜ੍ਹਨ ਲਈ ਆਪਣੇ ਨਿੱਜੀ ਜੀਵਨ ਦਾ ਹਵਾਲਾ ਦਿੰਦੇ ਹਨ।

ਰਾਜਵੰਤੀ ਦੱਸਦੇ ਹਨ, "ਮੇਰੇ ਪਰਿਵਾਰ ਵਿੱਚ ਅਸੀਂ ਪੰਜ ਭੈਣਾਂ ਹਾਂ। ਮੇਰੇ ਮਾਤਾ-ਪਿਤਾ ਨੇ ਸਾਡੇ ਸਭ ਨਾਲ ਕਦੀ ਮਾੜਾ ਵਿਵਹਾਰ ਨਹੀਂ ਕੀਤਾ ਹੈ। ਸਾਨੂੰ ਸਾਰੇ ਭੈਣ-ਭਰਾਵਾਂ ਨੂੰ ਬਹੁਤ ਸਤਿਕਾਰ ਦਿੱਤਾ ਹੈ। ਹਿੰਦੂ ਧੀਆਂ ਨੂੰ ਘਰ ਦੀ ਲਕਸ਼ਮੀ ਕਹਿੰਦੇ ਹਨ, ਉਹ ਘਰ ਦੀ ਬਰਕਤ ਹੁੰਦੀਆਂ ਹਨ।"

ਰਾਜੇਸ਼ ਕੁਮਾਰ ਮੁਤਾਬਕ, "ਹਿੰਦੂ ਧਰਮ ਸਮੇਤ ਦੁਨੀਆਂ ਦੇ ਸਾਰੇ ਧਰਮ ਮਨੁੱਖੀ ਅਧਿਕਾਰਾਂ ਅਤੇ ਬਰਾਬਰਤਾ ਦੀ ਗੱਲ ਕਰਦੇ ਹਨ।"

"ਜਿਥੋਂ ਤੱਕ ਹਿੰਦੂਆਂ ਵਿੱਚ ਜਾਤੀ ਵਿਵਸਥਾ ਦਾ ਸਵਾਲ ਹੈ, ਉਹ ਤਾਂ ਅੱਜ ਦੇ ਦੌਰ ਵਿੱਚ ਘੱਟ ਤੋਂ ਘੱਟ ਪਾਕਿਸਤਾਨ ਵਿੱਚ ਤਾਂ ਖ਼ਤਮ ਹੋ ਚੁੱਕੀ ਹੈ। ਇਹ ਹੁਣ ''ਕਾਸਟ'' ਨਹੀਂ ਬਲਕਿ ''ਕਲਾਸ'' ਦੀ ਵੰਡ ਬਣ ਕੇ ਰਹਿ ਗਿਆ ਹੈ।"

ਆਮ ਲੋਕਾਂ ਦੀ ਪ੍ਰਤੀਕਿਰਿਆ

ਸਿੰਧ ਟੈਕਸਟ ਬੁੱਕ ਬੋਰਡ ਦੇ ਤਕਨੀਕੀ ਨਿਰਦੇਸ਼ਕ, ਯੂਸੁਫ਼ ਅਹਿਮਦ ਸ਼ੇਖ ਮੁਤਾਬਕ, ਪਾਠ ਪੁਸਤਕਾਂ ਦੇ ਪ੍ਰਕਾਸ਼ਨ ਤੋਂ ਬਾਅਦ, ਸੰਸਥਾਵਾਂ ਨੂੰ ਵਿਦਿਆਰਥੀਆਂ, ਮਾਪਿਆਂ ਅਤੇ ਸਿਖਿਅਕਾਂ ਤੋਂ ਪ੍ਰਤੀਕਿਰਿਆ ਮਿਲਦੀ ਹੈ।

ਇਸ ਪ੍ਰਤੀਕਿਰਿਆ ''ਤੇ ਵਿਚਾਰ ਕੀਤਾ ਜਾਂਦਾ ਹੈ ਅਤੇ ਜੋ ਕਿਤਾਬਾਂ ਵਿੱਚ ਬਦਲਾਅ ਦੀ ਲੋੜ ਹੁੰਦੀ ਹੈ ਤਾਂ ਬਦਲਾਅ ਵੀ ਕੀਤਾ ਜਾਂਦਾ ਹੈ।

ਉਹ ਦੱਸਦੇ ਹਨ, "ਕੁਝ ਸਾਲ ਪਹਿਲਾਂ, ਸਿੰਧ ਸੂਬੇ ਵਿੱਚ ਪਾਠਕ੍ਰਮ ਵਿੱਚ ਸ਼ਾਮਿਲ ਸਮਾਜਿਕ ਵਿਗਿਆਨ ਅਤੇ ਪਾਕਿਸਤਾਨ ਸਟੱਡੀਜ਼ ਦੀਆਂ ਕੁਝ ਕਿਤਾਬਾਂ ਬਾਰੇ ਸਾਨੂੰ ਧਾਰਮਿਕ ਘੱਟ ਗਿਣਤੀਆਂ ਵਲੋਂ ਪ੍ਰਤੀਕਿਰਿਆ ਮਿਲੀ ਸੀ।"

"ਸਾਨੂੰ ਦੱਸਿਆ ਗਿਆ ਸੀ ਕਿ ਇੰਨਾਂ ਕਿਤਾਬਾਂ ਵਿੱਚ ਕੁਝ ਹਿੱਸੇ ਗ਼ੈਰ-ਮੁਸਲਮਾਨਾਂ ਨੂੰ ਠੇਸ ਪਹੁੰਚਾ ਸਕਦੇ ਹਨ। ਇਸ ਤੋਂ ਬਾਅਦ ਉਨ੍ਹਾਂ ਕਿਤਾਬਾਂ ਦੀ ਸਮੀਖਿਆ ਕੀਤੀ ਗਈ ਅਤੇ ਇਤਰਾਜ਼ਯੋਗ ਸਮੱਗਰੀ ਨੂੰ ਹਟਾ ਦਿੱਤਾ ਗਿਆ।"

ਯੂਸੁਫ਼ ਅਹਿਮਦ ਸ਼ੇਖ ਦਾ ਦਾਅਵਾ ਹੈ ਕਿ ਸਾਲ 2017 ਵਿੱਚ ਪਹਿਲੀ ਵਾਰ ਅੱਠਵੀਂ ਕਲਾਸ ਤੱਕ ਦੀਆਂ ਕਿਤਾਬਾਂ ਬਦਲ ਦਿੱਤੀਆਂ ਗਈਆਂ ਸਨ ਜਦੋਂ ਕਿ ਨੌਵੀਂ ਅਤੇ ਦੱਸਵੀਂ ਦੀਆਂ ਕਿਤਾਬਾਂ ਨੂੰ ਇਸ ਸਾਲ ਅਪਡੇਟ ਕੀਤਾ ਜਾ ਰਿਹਾ ਹੈ।

ਅਗਲੇ ਸਾਲ 11ਵੀਂ ਅਤੇ 12ਵੀਂ ਦੀਆਂ ਕਿਤਾਬਾਂ ਦੀ ਸਮੀਖਿਆ ਕੀਤੀ ਜਾਵੇਗੀ।

"ਕਾਸ਼ ਮੈਂ ਸੰਜੇ ਨਾ ਹੁੰਦਾ"

ਥਾਰ ਪਾਰਕਰ ਦੇ ਰਹਿਣ ਵਾਲੇ ਨੌਜਵਾਨ ਪੱਤਰਕਾਰ ਸੰਜੇ ਮਿਠਰਾਨੀ ਮੁਤਾਬਕ, ਪਾਕਿਸਤਾਨ ਵਿੱਚ ਇੱਕ ਹਿੰਦੂ ਵਜੋਂ ਰਹਿਣਾ ਬਹੁਤ ਔਖਾ ਕੰਮ ਹੈ। ਕਦੀ-ਕਦੀ ਉਹ ਸੋਚਦੇ ਹਨ ਕਿ ਕਾਸ਼ ਉਨ੍ਹਾਂ ਦਾ ਨਾਮ ਇਹ ਨਾ ਹੁੰਦਾ।

ਉਹ ਕਹਿੰਦੇ ਹਨ, "ਜੇ ਕੋਈ ਅਜਿਹਾ ਵਿਅਕਤੀ ਸਾਡੀਆਂ ਕਿਤਾਬਾਂ ਨੂੰ ਪੜ੍ਹੇ ਜੋ ਪਹਿਲਾਂ ਕਦੀ ਕਿਸੇ ਹਿੰਦੂ ਨੂੰ ਨਹੀਂ ਮਿਲਿਆ, ਤਾਂ ਹਿੰਦੂਆਂ ਬਾਰੇ ਉਸ ਦੇ ਵਿਚਾਰ ਯਕੀਨੀ ਤੌਰ ''ਤੇ ਪੱਖਪਾਤ ਭਰੇ ਹੋ ਜਾਣਗੇ। ਇਹ ਨਜ਼ਰੀਆ ਪਾਕਿਸਤਾਨੀ ਹਿੰਦੂਆਂ ਲਈ ਸਮੱਸਿਆ ਪੈਦਾ ਕਰਦਾ ਹੈ।"

ਰਾਜਵੰਤੀ ਕੁਮਾਰੀ ਮੁਤਾਬਕ, ਜੋ ਬੱਚੇ ਸਕੂਲ ਦੀਆਂ ਕਿਤਾਬਾਂ ਪੜ੍ਹਦੇ ਹਨ, ਉਹ ਸੋਚਦੇ ਹਨ ਕਿ ਕਿਤਾਬਾਂ ਵਿੱਚ ਜੋ ਲਿਖਿਆ ਹੈ ਉਹ ਸੱਚ ਹੁੰਦਾ ਹੈ।

ਉਹ ਕਹਿੰਦੇ ਹਨ, "ਜੋ ਬੱਚੇ ਦੂਜੀ, ਤੀਜੀ ਜਾਂ ਚੌਥੀ ਜਮਾਤ ਵਿੱਚ ਪੜ੍ਹਦੇ ਹਨ, ਉਨ੍ਹਾਂ ਨੂੰ ਕੀ ਸਮਝ ਆਉਂਦਾ ਹੋਵੇਗਾ ਕਿ ਅਸਲੀ ਇਤਿਹਾਸ ਕੀ ਹੈ? ਉਨ੍ਹਾਂ ਨੂੰ ਤਾਂ ਸੀਮਤ ਜਾਣਕਾਰੀ ਦਿੱਤੀ ਜਾਂਦੀ ਹੈ, ਉਸੇ ਦੇ ਆਧਾਰ ''ਤੇ ਉਨ੍ਹਾਂ ਦੇ ਵਿਚਾਰ ਬਣਦੇ ਹਨ। ਉਹ ਸਮਝਣ ਲੱਗਦੇ ਹਨ ਕਿ ਹਿੰਦੂ ਸਾਡੇ ਦੁਸ਼ਮਣ ਹਨ।"

ਪੱਤਰਕਾਰ ਸੰਜੇ ਮਿਠਰਾਨੀ
BBC
ਥਾਰ ਪਾਰਕਰ ਦੇ ਰਹਿਣ ਵਾਲੇ ਨੌਜਵਾਨ ਪੱਤਰਕਾਰ ਸੰਜੇ ਮਿਠਰਾਨੀ ਮੁਤਾਬਕ, ਪਾਕਿਸਤਾਨ ਵਿੱਚ ਇੱਕ ਹਿੰਦੂ ਵਜੋਂ ਰਹਿਣਾ ਬਹੁਤ ਔਖਾ ਕੰਮ ਹੈ

ਪਾਰਾ ਮੰਗੀ ਮੁਤਾਬਕ, ਇੱਕ ਰਾਸ਼ਟਰ ਦੇ ਰੂਪ ਵਿੱਚ ਸਾਨੂੰ ਆਪਣਾ ਸਟੈਂਡ ਲੈਣ ਦੀ ਲੋੜ ਹੈ।

"ਹਰ ਆਉਣ ਵਾਲੀ ਪੀੜ੍ਹੀ ਇਹਨਾ ਕਿਤਾਬਾਂ ਨੂੰ ਪੜ੍ਹਦੀ ਹੈ ਅਤੇ ਹਿੰਦੂ ਦੁਸ਼ਮਣੀ ਨੂੰ ਪਰਵਾਨ ਚੜਾਉਂਦੀ ਹੈ। ਸਾਨੂੰ ਫ਼ੈਸਲਾ ਕਰਨਾ ਪਵੇਗਾ ਕਿ ਕੀ ਅਸੀਂ ਅਜਿਹੇ ਨੌਜਵਾਨ ਤਿਆਰ ਕਰਨੇ ਜੋ ਦੂਜੇ ਧਰਮ ਦੇ ਲੋਕਾਂ ਨੂੰ ਨਫ਼ਰਤ ਕਰਨ ਜਾਂ ਅਸੀਂ ਇੱਕ ਮਜ਼ਬੂਤ ਅਤੇ ਇੱਕਜੁੱਟ ਰਾਸ਼ਟਰ ਦਾ ਨਿਰਮਾਣ ਕਰਨਾ ਚਾਹੁੰਦੇ ਹਾਂ।"

ਅਸਲੀ ਇਤਿਹਾਸ

ਸੰਜੇ ਮਿਠਰਾਨੀ ਦਾ ਮੰਨਣਾ ਹੈ ਕਿ ਜੇ ਪਾਕਿਸਤਾਨ ਦੇ ਮਸ਼ਰੂਹ ਹਿੰਦੂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਪਾਠਕ੍ਰਮ ਵਿੱਚ ਦੱਸਿਆ ਜਾਂਦਾ ਹੈ ਤਾਂ ਨਾ ਸਿਰਫ਼ ਹਿੰਦੂ ਵਿਦਿਆਰਥੀਆਂ ਨੂੰ ਇਨ੍ਹਾਂ ਵਿਸ਼ਿਆਂ ਵਿੱਚ ਦਿਲਚਸਪੀ ਹੋਵੇਗੀ, ਬਲਕਿ ਹੋਰ ਵਿਦਿਆਰਥੀਆਂ ਦੀ ਜਾਣਕਾਰੀ ਵੀ ਵਧੇਗੀ।

ਇਸ ਨਾਲ ਰਾਸ਼ਟਰ ਵਿੱਚ ਏਕਤਾ ਨੂੰ ਵਧਾਉਣ ਵਿੱਚ ਮਦਦ ਮਿਲੇਗੀ।

ਪਾਕਿਸਤਾਨ ਵਿੱਚ ਬਹੁਤ ਸਾਰੀਆਂ ਅਜਿਹੀਆਂ ਅਹਿਮ ਹਿੰਦੂ ਸ਼ਖ਼ਸੀਅਤਾਂ ਰਹੀਆਂ ਹਨ, ਜਿਨ੍ਹਾਂ ਦਾ ਜ਼ਿਕਰ ਪਾਠ ਪੁਸਤਕਾਂ ਵਿੱਚ ਨਹੀਂ ਹੈ।

ਉਦਾਹਰਣ ਲਈ, ਜਗਨਨਾਥ ਆਜ਼ਾਦ ਨੇ ਪਾਕਿਸਤਾਨ ਦਾ ਪਹਿਲਾ ਰਾਸ਼ਟਰੀ ਗੀਤ ਲਿਖਿਆ ਸੀ, ਪਰ ਉਨ੍ਹਾਂ ਦਾ ਨਾਮ ਕਿਤੇ ਨਹੀਂ ਹੈ।

ਸਾਡੇ ਲੇਖਕਾਂ ਨੂੰ ਅਜਿਹੇ ਲੋਕਾਂ ਬਾਰੇ ਲਿਖਣਾ ਚਾਹੀਦਾ ਹੈ।

ਵਿਦਿਅਕ ਵਿਦਵਾਨ ਏਐੱਚ ਨਈਅਰ ਮੁਤਾਬਕ, ਪਾਕਿਸਤਾਨ ਵਿੱਚ ਪੂਰੇ ਦੇਸ ਲਈ ਇੱਕ ਹੀ ਰਾਸ਼ਟਰੀ ਪਾਠਕ੍ਰਮ ਦੀ ਤਿਆਰੀ ਚੱਲ ਰਹੀ ਹੈ। ਇਸ ਲਈ ਪਾਕਿਸਤਾਨ ਵਿੱਚ ਚੱਲ ਰਹੀਆਂ ਪਾਠ ਪੁਸਤਕਾਂ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ।

ਪਰ ਉਹ ਚਾਹੁੰਦੇ ਹਨ ਕਿ ਇੰਨ੍ਹਾਂ ਨਵੀਂਆਂ ਕਿਤਾਬਾਂ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਅਹਿਮੀਅਤ ਦਿੱਤੀ ਜਾਵੇ ਅਤੇ ਇਤਿਹਾਸ ਦੇ ਹਰ ਪਹਿਲੂ ਨੂੰ ਵਿਦਿਆਰਥੀਆਂ ਦੇ ਸਾਹਮਣੇ ਪੇਸ਼ ਕੀਤਾ ਜਾਵੇ।

ਏਐਚ ਨਈਅਰ ਕਹਿੰਦੇ ਹਨ, "ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਅਸਲ ਇਤਿਹਾਸ ਦੱਸਣਾ ਪਵੇਗਾ। ਸਾਨੂੰ ਪਾਠ ਪੁਸਤਕਾਂ ਦੇ ਰਾਹੀਂ ਪਾਕਿਸਤਾਨ ਦੇ ਨੌਜਵਾਨਾਂ ਵਿੱਚ ਸਹਿਣਸ਼ੀਲਤਾ, ਭਾਈਚਾਰਾ ਅਤੇ ਬਰਦਾਸ਼ਤ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।"

ਇਹ ਵੀ ਪੜ੍ਹੋ:

https://www.youtube.com/watch?v=f4y7ggp1ihI&t=24s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e88059e1-8c8e-4841-9302-93a354b8c2e8'',''assetType'': ''STY'',''pageCounter'': ''punjabi.international.story.56728554.page'',''title'': ''ਕੀ ਪਾਕਿਸਤਾਨ ਵਿੱਚ ਸਕੂਲੀ ਕਿਤਾਬਾਂ ਹਿੰਦੂ-ਸਿੱਖੂ ਖ਼ਿਲਾਫ਼ ਨਫ਼ਰਤ ਸਿਖਾ ਰਹੀਆਂ ਹਨ'',''author'': ''ਕਰੀਮਉੱਲ ਇਸਲਾਮ'',''published'': ''2021-04-13T14:54:36Z'',''updated'': ''2021-04-13T14:54:36Z''});s_bbcws(''track'',''pageView'');

Related News