ਤੇਜਸਵੀ ਯਾਦਵ ਲਈ ਹਾਰ ਵਿੱਚ ਵੀ ਲੁਕੀ ਹੈ ਕੋਈ ਸੰਭਾਵਨਾ

11/13/2020 7:41:09 AM

ਇਹ ਤਾਂ ਪੱਕਾ ਹੈ ਕਿ ਤੇਜਸਵੀ ਯਾਦਵ ਬਿਹਾਰ ਵਿੱਚ ਸਰਕਾਰ ਨਹੀਂ ਬਣਾ ਸਕੇ। ਪਰ ਤੇਜਸਵੀ ਨੇ ਕਈ ਤਰੀਕਿਆਂ ਨਾਲ ਰਾਸ਼ਟਰੀ ਜਨਤਾ ਦਲ ਨੂੰ ਨਵੀਂ ਤਾਕਤ ਦਿੱਤੀ ਹੈ, ਨਵਾਂ ਭਰੋਸਾ ਦਿੱਤਾ ਹੈ। ਪਰ ਉਨ੍ਹਾਂ ਦੇ ਕਈ ਫ਼ੈਸਲਿਆਂ ''ਤੇ ਪ੍ਰਸ਼ਨ ਖੜੇ ਹੋਏ ਹਨ।

ਤੇਜਸਵੀ ਦੀਆਂ ਕਈ ਰਣਨੀਤੀਆਂ ਉਨ੍ਹਾਂ ਦੇ ਖ਼ਿਲਾਫ਼ ਵੀ ਗਈਆਂ। ਇਸ ਸਭ ਦਰਮਿਆਨ ਹੁਣ ਲੀਡਰਸ਼ਿਪ ਲਈ ਉਨ੍ਹਾਂ ਦੇ ਘੱਟ ਤਜ਼ਰਬੇ ਦੀ ਨਹੀਂ ਬਲਕਿ ਸਖ਼ਤ ਮਿਹਨਤ ਦੇ ਬਲਬੂਤੇ ਬਣਾਈਆਂ ਸੰਭਾਵਨਾਵਾਂ ਦੀ ਗੱਲ ਹੋ ਰਹੀ ਹੈ।

ਚੋਣਾਂ ਦੇ ਨਤੀਜੇ ਵੀ ਇਹ ਹੀ ਦੱਸਦੇ ਹਨ ਕਿ ਮਹਾਂਗਠਜੋੜ ਨੂੰ ਕੌਮੀ ਜ਼ਮਹੂਰੀ ਗਠਜੋੜ (ਐਨਡੀਏ) ਦੇ ਸਾਹਮਣੇ ਦ੍ਰਿੜਤਾ ਨਾਲ ਖੜਾ ਕਰਨ ਵਿੱਚ ਉਨ੍ਹਾਂ ਨੇ ਦੱਸਣਯੋਗ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ-

ਸੂਬੇ ਦੀ ਸੱਤਾ ''ਤੇ ਡੇਢ ਦਹਾਕਿਆਂ ਤੋਂ ਕਬਜ਼ਾ ਕਰੀ ਬੈਠੇ ਨਿਤੀਸ਼ ਕੁਮਾਰ ਦੇ ਜਨਤਾ ਦਲ ਯੂਨਾਈਟਿਡ (ਜੇਡੀਯੂ) ਅਤੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਸਾਹਮਣੇ ਸਭ ਤੋਂ ਵੱਡੇ ਦਲ ਦੇ ਰੂਪ ਵਿੱਚ ਆਰਜੇਡੀ ਦੀ ਜਗ੍ਹਾ ਬਣਾਉਣਾ ਕੋਈ ਸੌਖਾ ਕੰਮ ਨਹੀਂ ਸੀ।

ਉਹ ਵੀ ਉਸ ਸਮੇਂ ਜਦੋਂ ਉਨ੍ਹਾਂ ਦੇ ਪਿਤਾ ਅਤੇ ਆਰਜੇਡੀ ਦੇ ਕਰਤਾ ਧਰਤਾ ਲਾਲੂ ਯਾਦਵ ਜੇਲ ਵਿੱਚ ਹੋਣ ਅਤੇ ''ਪਰਿਵਾਰਵਾਦ'' ਤੋਂ ਲੈ ਕੇ ''ਜੰਗਲਰਾਜ'' ਤੱਕ ਦੇ ਢੇਰ ਸਾਰੇ ਦੋਸ਼ਾਂ ਨਾਲ ਉਨ੍ਹਾਂ ਨੂੰ ਲੜਨਾ ਪੈ ਰਿਹਾ ਹੋਵੇ।

ਅਜਿਹੀ ਸਥਿਤੀ ਵਿੱਚ 31 ਸਾਲਾਂ ਦੇ ਤੇਜਸਵੀ ਦੀ ਤਾਰੀਫ਼ ਉਨ੍ਹਾਂ ਦੇ ਸਿਆਸੀ ਵਿਰੋਧੀ ਵੀ ਖੁੱਲ੍ਹ ਕੇ ਨਾ ਸਹੀ, ਮਨੋਮਨੀ ਜ਼ਰੂਰ ਕਰ ਰਹੇ ਹੋਣਗੇ।

ਤੇਜਸਵੀ ਨੇ ਮੋੜਿਆ ਚੋਣ ਮੁਹਿੰਮ ਦਾ ਰੁਖ਼

ਸਭ ਤੋਂ ਵੱਡੀ ਗੱਲ ਕਿ ਤੇਜਸਵੀ ਜਾਤੀਵਾਦ, ਫ਼ਿਰਕੂ ਅਤੇ ਅਪਰਾਧਿਕ ਕਿਰਦਾਰ ਵਾਲੇ ਸਿਆਸੀ ਮਾਹੌਲ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੋਕ ਭਲਾਈ ਨਾਲ ਜੁੜੇ ਮੁੱਦਿਆਂ ਵੱਲ ਮੋੜਨ ਦੀ ਪੂਰੀ ਕੋਸ਼ਿਸ਼ ਕਰਦੇ ਨਜ਼ਰ ਆਏ।

ਇੰਨਾਂ ਯਤਨਾਂ ਵਿੱਚ ਉਹ ਘੱਟੋ-ਘੱਟ ਇਸ ਹੱਦ ਤੱਕ ਤਾਂ ਕਾਮਯਾਬ ਜ਼ਰੂਰ ਹੋਏ ਕਿ ਬੇਰੁਜ਼ਗਾਰੀ, ਸਿੱਖਿਆ, ਸਿਹਤ ਢਾਂਚੇ ਦੀ ਬਹਾਲੀ, ਮਜ਼ਦੂਰ ਪਰਵਾਸ ਅਤੇ ਵੱਧਦੇ ਭ੍ਰਿਸ਼ਟਾਚਾਰ ਦੇ ਸਵਾਲਾਂ ਨਾਲ ਇਥੋਂ ਦਾ ਸੱਤਾਧਾਰੀ ਗਠਜੋੜ ਬੁਰੀ ਤਰ੍ਹਾਂ ਘਿਰਿਆ ਹੋਇਆ ਸੀ।

ਵਾਰ-ਵਾਰ ਪੁਰਾਣੇ ਲਾਲੂ-ਰਾਬੜੀ ਦੇ ਸ਼ਾਸਨ ਦੇ ਕਥਿਤ ਜੰਗਲਰਾਜ ਅਤੇ ਉਨ੍ਹਾਂ ਦੇ ''ਯੁਵਰਾਜ'' ਦੀ ਰਟ ਲਾਉਣ ਵਿੱਚ ਭਾਸ਼ਾਈ ਮਰਿਆਦਾ ਦੀਆਂ ਸੀਮੀਵਾਂ ਉਲੰਘੀਆਂ ਗਈਆਂ। ਨਿੱਜੀ ਹਮਲੇ ਕਰਨ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ ਤਾਂ ਅੱਗੇ ਰਹੇ ਹੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਤੇਜਸਵੀ ''ਤੇ ਹਮਲੇ ਕੀਤੇ।

ਇੰਨੀ ਤੀਬਰਤਾ ਨਾਲ ਭੜਕਾਉਣ ''ਤੇ ਵੀ ਤੇਜਸਵੀ ਯਾਦਵ ਦੇ ਗੁੱਸੇ ਵਿੱਚ ਨਾ ਆਉਣ, ਸੰਜਮ ਨਾ ਗਵਾਉਣ ਅਤੇ ਗਾਲਾਂ ਨੂੰ ਵੀ ਅਸ਼ੀਰਵਾਦ ਕਹਿ ਕੇ ਟਾਲ ਦੇਣ ਦੇ ਰਵੱਈਏ ਨੇ ਉਨ੍ਹਾਂ ਪ੍ਰਤੀ ਲੋਕਾਂ ਦੇ ਮਨਾਂ ਵਿੱਚ ਕਦਰ ਪੈਦਾ ਕੀਤੀ।

ਖ਼ਾਸਕਰ ਜਦੋਂ ਤੇਜਸਵੀ ਆਪਣੀਆਂ ਤੁਫ਼ਾਨੀ ਪ੍ਰਚਾਰ ਮੁਹਿੰਮਾਂ ਦੌਰਾਨ 10 ਲੱਖ ਸਰਕਾਰੀ ਨੌਕਰੀਆਂ ਸਮੇਤ ਕਈ ਮੌਜੂਦਾ ਮਸਲਿਆਂ ਨਾਲ ਜੁੜੇ ਮੁੱਦਿਆਂ ਵਾਲਾ ਚੋਣ ਏਜੰਡਾ ਬਣਾਉਣ ਲੱਗੇ ਸਨ ਤਾਂ ਸੱਤਾਧਾਰੀਆਂ ਦੀ ਚਿੰਤਾ ਕਾਫ਼ੀ ਵੱਧਣ ਲੱਗੀ ਸੀ।

ਇਸ ਤੋਂ ਇਲਾਵਾ ਤੇਜਸਵੀ ਦੀਆਂ ਚੋਣ ਰੈਲੀਆਂ ਵਿੱਚ ਭੀੜ ਵੀ ਬਹੁਤ ਆਉਂਦੀ ਸੀ, ਇਸ ਤੋਂ ਵੀ ਸੱਤਾਧਾਰੀਆਂ ਨੂੰ ਚਿੰਤਾ ਹੀ ਹੁੰਦੀ ਸੀ।

https://www.youtube.com/watch?v=xWw19z7Edrs

ਪੂਰੇ ਪ੍ਰਚਾਰ ਦੌਰਾਨ ਤੇਜਸਵੀ ਦਾ ਜਾਤੀ ਅਤੇ ਧਰਮ ਤੋਂ ਉੱਪਰ ਉੱਠ ਕੇ ਸਭ ਨੂੰ ਜੋੜਨ ਵਰਗੀਆਂ ਗੱਲਾਂ ਕਰਨਾ ਅਤੇ ਲੰਬੇ ਸਮੇਂ ਤੋਂ ''ਮੁਸਲਿਮ ਯਾਦਵ ਸਮੂਹਾਂ'' ''ਤੇ ਖੜੀ ਲਾਲੂ-ਸਿਆਸਤ ਤੋਂ ਥੋੜ੍ਹਾ ਬਾਹਰ ਨਿਕਲ ਕੇ ਵਿਆਪਕ ਸੋਚ ਵਿੱਚ ਉਤਰਣਾ, ਤੇਜਸਵੀ ਨੂੰ ਇੱਕ ਵੱਖਰੀ ਪਛਾਣ ਦੇ ਗਿਆ।

ਉਹ ਗ਼ਲਤੀ ਜਿਸ ਕਰਕੇ ਸੱਤਾ ਹੱਥੋਂ ਖ਼ਿਸਕ ਗਈ

ਬਹੁਤ ਵਧੀਆਂ ਤਰੀਕੇ ਨਾਲ ਚੋਣ ਲੜਨ ਦੇ ਬਾਵਜੂਦ ਤੇਜਸਵੀ ਤੋਂ ਕੁਝ ਅਜਿਹੀਆਂ ਗ਼ਲਤੀਆਂ ਵੀ ਹੋਈਆਂ ਜਿਨਾਂ ਨੇ ਮਹਾਂਗਠਜੋੜ ਨੂੰ ਸੱਤਾ ਤੱਕ ਨਾ ਪਹੁੰਚਣ ਦਿੱਤਾ। ਖ਼ਾਸਕਰ ਕਾਂਗਰਸ ਦੇ ਦਬਾਅ ਵਿੱਚ ਆ ਕੇ 70 ਸੀਟਾਂ ਤੋਂ ਕਾਂਗਰਸ ਦੇ ਉਮੀਦਵਾਰਾਂ ਨੂੰ ਟਿਕਟ ਦੇਣ ਲਈ ਰਾਜ਼ੀ ਹੋ ਜਾਣਾ, ਉਨ੍ਹਾਂ ਦੀ ਸਭ ਤੋਂ ਵੱਡੀ ਗ਼ਲਤੀ ਸੀ।

ਇਸ ਮਾਮਲੇ ਵਿੱਚ ਆਰਜੇਡੀ ਨੇ ਲੁਕਵੇਂ ਅੰਦਾਜ਼ ਵਿੱਚ ਹੀ ਸਹੀ ਪਰ ਆਪਣੀ ਜਿਹੜੀ ਮਜਬੂਰੀ ਜ਼ਾਹਿਰ ਕੀਤੀ ਹੈ, ਉਹ ਹੈ ਕਿ ਕਾਂਗਰਸ, ਮਨਚਾਹੀ ਗਿਣਤੀ ਦੀਆਂ ਸੀਟਾਂ ਨਾ ਦਿੱਤੇ ਜਾਣ ਦੀ ਸੂਰਤ ਵਿੱਚ ''ਮਹਾਂਗਠਜੋੜ'' ਤੋਂ ਵੱਖ ਹੋ ਜਾਣ ਦੇ ਸੰਕੇਤ ਦੇਣ ਲੱਗੀ ਸੀ।

ਇਨਾਂ ਹੀ ਨਹੀਂ ਜੇਡੀਯੂ ਦੇ ਮੁੱਖੀ ਨਿਤੀਸ਼ ਕੁਮਾਰ ਕੁਮਾਰ ਨਾਲ ਵੀ ਕਾਂਗਰਸ ਦੇ ਸੰਪਰਕ ਕਰਨ ਅਤੇ ਚੋਣ ਨਤੀਜਿਆਂ ਬਾਅਦ ਸਮੀਕਰਨ ਬਦਲਣ ਤੱਕ ਦੀ ਚਰਚਾ ਸ਼ਰੇਆਮ ਹੋਣ ਲੱਗੀ ਸੀ।

ਦੂਸਰੀ ਵਜ੍ਹਾ ਇਹ ਵੀ ਸੀ ਕਿ ਜੀਤਨਰਾਮ ਮਾਂਝੀ, ਉਪੇਂਦਰ ਕੁਸ਼ਵਾਹਾ ਅਤੇ ਮੁਕੇਸ਼ ਸਹਨੀ ਨਾਲ ਜੁੜੀਆਂ ਪਾਰਟੀਆਂ ਨੂੰ ਮਹਾਂਗਠਜੋੜ ਨਾਲ ਜੋੜੀ ਰੱਖਣਾ ਹੁਣ ਸੰਭਵ ਨਹੀਂ ਸੀ ਰਿਹਾ, ਉਸ ਸਮੇਂ ਕਾਂਗਰਸ ਨੂੰ ਕਿਸੇ ਵੀ ਸੂਰਤ ਵਿੱਚ ਨਾਲ ਰੱਖਣਾ ਤੇਜਸਵੀ ਦੀ ਮਜਬੂਰੀ ਬਣ ਗਈ ਸੀ।

ਅਜਿਹਾ ਨਾ ਹੁੰਦਾ ਤਾਂ ਮੁਸਲਮਾਨ ਵੋਟਰਾਂ ਦੇ ਵੰਡ ਹੋ ਜਾਣ ਅਤੇ ਸਵਰਣ ਵੋਟਾਂ ਦੀ ਉਮੀਦ ਘੱਟ ਜਾਣ ਦਾ ਡਰ ਸੀ।

ਦੂਸਰੀ ਕਮਜ਼ੋਰੀ ਇਹ ਮੰਨੀ ਜਾ ਰਹੀ ਹੈ ਕਿ ਮਹਾਂਗਠਜੋੜ ਨੇ ਉੱਤਰ ਬਿਹਾਰ ਵਿੱਚ ਅਤਿ ਪੱਛੜੀਆਂ ਜਾਤੀਆਂ (ਪਚਪਨੀਆ ਕਹੇ ਜਾਣ ਵਾਲੇ ਵੋਟ ਬੈਂਕ) ਦਰਮਿਆਨ ਐਨਡੀਏ ਦੇ ਪੈਰ ਉਖਾੜਨ ਲਈ ਜਾਂ ਪ੍ਰਭਾਵ ਘੱਟ ਕਰਨ ਲਈ ਕੋਈ ਕਾਰਗਰ ਯਤਨ ਨਹੀਂ ਕੀਤੇ ਗਏ।

ਇਸ ਭਾਈਚਾਰੇ ਲਈ ਟਿਕਟ ਦੇਣ ਵਿੱਚ ਥੋੜ੍ਹੀ ਦਰਿਆ ਦਿਲ੍ਹੀ ਦਿਖਾ ਕੇ ਹੀ ਤੇਜਸਵੀ ਚਿੰਤਾਮੁਕਤ ਹੋ ਗਏ।

ਸੀਮਾਂਚਲ ਵਿੱਚ ਉਮੀਦਵਾਰ ਦੇ ਫ਼ੈਸਲੇ ਨੂੰ ਲੈ ਕੇ ਆਰਜੇਡੀ ''ਤੇ ਕਈ ਸਵਾਲ ਖੜ੍ਹੇ ਹੋਏ ਅਤੇ ਮੁਸਲਮਾਨ ਸਮਾਜ ਵਿੱਚ ਇਸ ਨਾਰਾਜ਼ਗੀ ਦਾ ਫ਼ਾਇਦਾ, ਅਸਦੁਦੀਨ ਅਵੈਸੀ ਨੇ ਚੁੱਕਿਆ।

ਦੂਜੀ ਗੱਲ ਇਹ ਵੀ ਕਿ ਜੰਗਲਰਾਜ ਦੀ ਵਾਪਸੀ ਵਰਗਾ ਖ਼ੌਫ਼ ਪੈਦਾ ਕਰਨ ਵਾਲੇ ਪ੍ਰਚਾਰ ਦਾ ਪੂਰੀ ਦ੍ਰਿੜਤਾ ਨਾਲ ਵਿਰੋਧ ਕਰਨ ਵਿੱਚ ਤੇਜਸਵੀ ਕਾਮਯਾਬ ਨਹੀਂ ਹੋ ਸਕੇ।

ਇਹ ਵੀ ਪੜ੍ਹੋ:-

ਵੈਸੇ ਤਾਂ ਤਕਰੀਬਨ ਹਰ ਇੱਕ ਦਲ ਅਪਰਾਧਿਕ ਅਕਸ ਵਾਲਿਆਂ ਨੂੰ ਚੋਣਾਂ ਵਿੱਚ ਉਮੀਦਵਾਰ ਬਣਾਉਣ ਦਾ ਦੋਸ਼ੀ ਰਿਹਾ ਹੈ, ਫ਼ਿਰ ਵੀ ਆਰਜੇਡੀ ''ਤੇ ਅਜਿਹੇ ਦੋਸ਼ ਵੱਧ ਲੱਗਣ ਦੇ ਠੋਸ ਕਾਰਨ ਸਾਫ਼ ਨਜ਼ਰ ਆ ਜਾਂਦੇ ਹਨ।

ਇਸ ਵਾਰ ਤੇਜਸਵੀ ਵੀ ਦਾਗ਼ੀ ਅਕਸ ਵਾਲਿਆਂ ਨੂੰ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਉਮੀਦਵਾਰ ਬਣਾਉਣ ਦੇ ਦਬਾਅ ਤੋਂ ਮੁਕਤ ਨਹੀਂ ਰਹਿ ਸਕੇ। ਤਾਂ ਆਰਜੇਡੀ ਨੂੰ ਸਵੀਕਾਰ ਕਰਨ ਵਾਲਿਆਂ ਦੀ ਗਿਣਤੀ ਵਧਾਉਣ ਵਿੱਚ ਤੇਜਸਵੀ ਨੂੰ ਮੁਸ਼ਕਿਲਾਂ ਹੋਣੀਆਂ ਹੀ ਸਨ।

ਕੀ ਹੋਵੇਗਾ ਅੱਗੇ ਦਾ ਰਾਹ

ਹੁਣ ਪ੍ਰਸ਼ਨ ਖੜਾ ਹੁੰਦਾ ਹੈ ਕਿ ਸੂਬੇ ਵਿੱਚ ਸੱਤਾ ਹਾਸਿਲ ਕਰਨ ਤੋਂ ਕੁਝ ਕਦਮ ਦੂਰ ਰਹਿ ਜਾਣ ਵਾਲੇ ਇਸ ਨੌਜਵਾਨ ਆਗੂ ਦੀ ਦਸ਼ਾ ਦਿਸ਼ਾ ਕੀ ਹੋਵੇਗੀ।

ਇਸ ਦਾ ਜੁਆਬ ਪੱਕੇ ਤੌਰ ''ਤੇ ਇਹ ਹੀ ਹੈ ਕਿ ਤੇਜਸਵੀ ਯਾਦਵ ਆਪਣੀ ਪਾਰਟੀ ਨੂੰ ਬਿਹਾਰ ਦੀ ਸਿਆਸਤ ਵਿੱਚ ਅੱਗੇ ਵਧਾਉਣ ਲਈ ਤਿਆਰ ਨਜ਼ਰ ਆ ਰਹੇ ਹਨ।

ਲਾਲੂ ਯਾਦਵ ਨੇ ਪਿਛਲੀਆਂ ਵਿਧਾਨਸਭਾ ਚੋਣਾਂ ਵਿੱਚ ਜੇਡੀਯੂ ਆਗੂ ਨਿਤੀਸ਼ ਕੁਮਾਰ ਨਾਲ ਇੱਕ ਮਜ਼ਬੂਤ ਗਠਜੋੜ ਵਿੱਚ ਰਹਿੰਦੇ ਹੋਏ 80 ਸੀਟਾਂ ਨਾਲ ਆਰਜੇਡੀ ਨੂੰ ਸੱਤਾ ਤੱਕ ਪਹੁੰਚਾਇਆ ਸੀ।

ਉਸ ਵੇਲੇ ਸਿਆਸੀ ਹਾਲਾਤ ਉਨ੍ਹਾਂ ਦੇ ਹੱਕ ਵਿੱਚ ਇਸ ਲਈ ਵੀ ਬਣੇ ਕਿਉਂਕਿ ਨਿਤੀਸ਼ ਕੁਮਾਰ ਦਾ ਤਿਆਰ ਕੀਤਾ ਗਿਆ ਵੋਟ ਬੈਂਕ ਵੀ ਉਨ੍ਹਾਂ ਦੇ ਹੱਕ ਵਿੱਚ ਭੁਗਤਿਆ।

ਹੁਣ ਅਜਿਹਾ ਵੀ ਨਹੀਂ ਲੱਗ ਰਿਹਾ ਕਿ ਲਾਲੂ ਯਾਦਵ ਦੇ ਸਹਾਰੇ ਬਿਨ੍ਹਾਂ ਤੇਜਸਵੀ ਆਪਣੀ ਸਿਅਸਤ ਨੂੰ ਪੱਕੇ ਪੈਰ੍ਹੀਂ ਕਰਨ ਦੇ ਸਮਰੱਥ ਨਹੀਂ ਹਨ।

ਵਿਰੋਧੀ ਪ੍ਰਸਥਿਤੀਆਂ ਨਾਲ ਜੂਝਦੇ ਹੋਏ ਉਨ੍ਹਾਂ ਨੇ ਸੱਤਾਧਾਰੀ ਗਠਜੋੜ ਨੂੰ ਇਕੱਲਿਆਂ ਆਪਣੀ ਮਿਹਨਤ ਅਤੇ ਸਮਝ ਨਾਲ ਕਰਾਰੀ ਟੱਕਰ ਦਿੱਤੀ ਹੈ।

ਇਹ ਸਭ ਦਰਸਾਉਂਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਬਿਹਾਰ ਵਿੱਚ ਬੀਜੇਪੀ ਦੀ ਮੌਜੂਦਾ ਸਥਿਤੀ ਨੂੰ ਤੇਜਸਵੀ ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾ ਦਲ ਤੋਂ ਚਣੌਤੀ ਮਿਲ ਸਕਦੀ ਹੈ।

ਖੱਬੇ ਪੱਖੀਆਂ ਨਾਲ ਸੰਬੰਧ

ਆਪਣੇ ਮਹਾਂਗਠਜੋੜ ਨਾਲ ਜੁੜੇ ਖੱਬੇ ਪੱਖੀਆਂ ਨੂੰ ਜਿਸ ਨਿਪੁੰਨਤਾ ਨਾਲ ਤੇਜਸਵੀ ਨੇ ਜੋੜ ਕੇ ਰੱਖਿਆ ਉਸਦਾ ਚੋਣਾਂ ਵਿੱਚ ਆਰਜੇਡੀ ਅਤੇ ਖੱਬੇ ਪੱਖੀਆਂ ਦੋਵਾਂ ਨੂੰ ਹੀ ਫ਼ਾਇਦਾ ਹੋਇਆ।

ਇੱਕ ਗੱਲ ਹੋਰ ਧਿਆਨ ਦੇਣ ਯੋਗ ਹੈ ਕਿ ਲੋਕ ਜਨਸ਼ਕਤੀ ਪਾਰਟੀ (ਐਲਜੇਪੀ) ਦੇ ਮੁੱਖੀ ਚਿਰਾਗ ਪਾਸਵਾਨ ਜੇ ਉੱਭਰ ਕੇ ਬਿਹਾਰ ਦੀ ਸਿਆਸਤ ਵਿੱਚ ਅਸਰਦਾਰ ਬਣੇ ਤਾਂ ਇਹ ਤੇਜਸਵੀ ਲਈ ਇੱਕ ਚਣੌਤੀ ਭਰੀ ਸਥਿਤੀ ਹੋਵੇਗੀ।

ਖ਼ਾਸਕਰ ਇਸ ਕਰਕੇ ਕਿਉਂਕਿ ਹਾਲੇ ਤੱਕ ਆਰਜੇਡੀ ਕੋਲ ਦਲਿਤ ਵਰਗ ਤੋਂ ਕੋਈ ਵੀ ਅਸਰਦਾਰ ਆਗੂ ਨਹੀਂ ਹੈ।

ਦੂਸਰੀ ਗੱਲ ਇਹ ਵੀ ਕਿ ਚਿਰਾਗ ਨੌਜਵਾਨ ਹਨ ਅਤੇ ਉਨ੍ਹਾਂ ਨੇ ਬਿਹਾਰ ਵਿੱਚ ਆਪਣੀ ਸਿਆਸੀ ਜ਼ਮੀਨ ਨੂੰ ਦਲਿਤ ਦਾਇਰੇ ਵਿੱਚੋਂ ਕੱਢ ਕੇ ਵਿਸਥਾਰ ਕਰਨ ਵਾਲੀ ਭੂਮਿਕਾ ਬੰਨ ਚੁੱਕੇ ਹਨ।

ਦੋਵੇਂ ਇਕੱਠਿਆਂ ਵੀ ਨਹੀਂ ਆ ਸਕਦੇ ਕਿਉਂਕਿ ਅਗਵਾਈ ਅਤੇ ਦਬਦਬੇ ਦੀ ਇੱਛਾ ਅੜਿਕਾ ਬਣੇਗੀ।

ਕੁੱਲ ਮਿਲਾਕੇ ਇਹ ਹੀ ਕਿਹਾ ਜਾ ਸਕਦਾ ਹੈ ਕਿ ਇਨਾਂ ਚੋਣਾਂ ਦੇ ਨਤੀਜਿਆਂ ਨੇ ਤੇਜਸਵੀ ਨੂੰ ਸੱਤਾ ਪ੍ਰਾਪਤੀ ਦੇ ਬਿਲਕੁਲ ਨੇੜੇ ਜਾ ਕੇ ਮੌਕਾ ਗਵਾਉਣ ਦਾ ਸਦਮਾ ਤਾਂ ਦਿੱਤਾ ਹੈ, ਪਰ ਉਨ੍ਹਾਂ ਲਈ ਮੌਕੇ ਖ਼ਤਮ ਹੋ ਗਏ ਹਨ ਅਜਿਹਾ ਵੀ ਨਹੀਂ ਕਿਹਾ ਜਾ ਸਕਦਾ। ਇਸੇ ਵਿੱਚ ਉਨ੍ਹਾਂ ਲਈ ਸੰਭਾਵਨਾਂ ਵੀ ਲੁਕੀਆਂ ਹੋਈਆਂ ਹਨ।

ਇਹ ਵੀ ਪੜ੍ਹੋ:

https://www.youtube.com/watch?v=ZEcMXyWkF-0&t=48s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''65dcaa22-fe54-490a-82ee-7752c86e7790'',''assetType'': ''STY'',''pageCounter'': ''punjabi.india.story.54920177.page'',''title'': ''ਤੇਜਸਵੀ ਯਾਦਵ ਲਈ ਹਾਰ ਵਿੱਚ ਵੀ ਲੁਕੀ ਹੈ ਕੋਈ ਸੰਭਾਵਨਾ'',''author'': ''ਮਨੀਕਾਂਤ ਠਾਕੁਰ'',''published'': ''2020-11-13T02:09:40Z'',''updated'': ''2020-11-13T02:09:40Z''});s_bbcws(''track'',''pageView'');

Related News