ਜਦੋਂ ਜਹਾਂਗੀਰ ਨੇ ਗੁਰੂ ਅਰਜੁਨ ਦੇਵ ’ਤੇ ਜੁਰਮਾਨਾ ਲਾਇਆ ਤਾਂ ਉਨ੍ਹਾਂ ਦੇ ਜਹਾਂਗੀਰ ਨੂੰ ਕੀ ਜਵਾਬ ਦਿੱਤਾ

10/30/2020 4:40:31 PM

ਜਹਾਂਗੀਰ
BBC
ਬਾਬਰ ਤੋਂ ਬਾਅਦ ਸਵੈ-ਜੀਵਨੀ ਲਿਖਣ ਵਾਲੇ ਪਹਿਲੇ ਮੁਗ਼ਲ ਬਾਦਸ਼ਾਹ ਜਹਾਂਗੀਰ ਸਨ

27 ਸਾਲ ਦੀ ਉਮਰ ਵਿੱਚ ਅਕਬਰ ਨੂੰ ਸਭ ਤੋਂ ਵੱਡਾ ਦੁੱਖ ਸੀ ਕਿ ਉਨ੍ਹਾਂ ਦੇ ਕੋਈ ਬੇਟਾ ਨਹੀਂ ਸੀ। 1564 ਵਿੱਚ ਜ਼ਰੂਰ ਉਨ੍ਹਾਂ ਦੇ ਦੋ ਜੌੜੇ ਬੇਟੇ ਹੋਏ ਸਨ ਹਸਨ ਅਤੇ ਹੁਸੈਨ, ਪਰ ਉਹ ਸਿਰਫ਼ ਇੱਕ ਮਹੀਨੇ ਤੱਕ ਹੀ ਜ਼ਿਉਂਦੇ ਰਹਿ ਸਕੇ।

ਅਕਬਰ ਨੇ ਆਪਣੇ ਪਿਆਰੇ ਸੰਤ ਖ਼ਵਾਜ਼ਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ''ਤੇ ਮੰਨਤ ਮੰਗੀ ਕਿ ਜੇ ਤੁਸੀਂ ਮੈਨੂੰ ਇੱਕ ਬੇਟਾ ਦੇ ਦੇਵੋਂ ਤਾਂ ਮੈਂ ਆਗਰਾ ਤੋਂ ਅਜਮੇਰ ਪੈਦਲ ਚਲ ਕੇ ਤੁਹਾਡੀ ਦਰਗਾਹ ''ਤੇ ਸਿਰ ਝੁਕਾਉਣ ਆਵਾਂਗਾਂ।

ਆਖ਼ਰ ਪ੍ਰਮਾਤਮਾ ਨੇ ਉਨ੍ਹਾਂ ਦੀ ਸੁਣ ਲਈ ਅਤੇ ਦਰਬਾਰੀਆਂ ਨੇ ਉਨ੍ਹਾਂ ਨੂੰ ਖ਼ਬਰ ਦਿੱਤੀ ਕਿ ਆਗਰਾ ਦੇ ਨੇੜੇ ਹੀ ਇੱਕ ਪਹਾੜੀ ''ਤੇ ਮੋਇਨੂਦੀਨ ਚਿਸ਼ਤੀ ਦੇ ਸ਼ਗਿਰਦ ਅਤੇ ਪੀਰ ਸਲੀਮ ਚਿਸ਼ਤੀ ਰਹਿੰਦੇ ਹਨ ਜੋ ਤੁਹਾਡੀ ਮੁਰਾਦ ਪੂਰੀ ਕਰ ਸਕਦੇ ਹਨ।

ਇਹ ਵੀ ਪੜ੍ਹੋ

ਜਹਾਂਗੀਰ ਬਾਰੇ ਇੱਕ ਕਿਤਾਬ ''ਐਨ ਇੰਟੀਮੇਟ ਪੋਰਟ੍ਰੇਟ ਆਫ਼ ਏ ਗ੍ਰੇਟ ਮੁਗ਼ਲ ਜਹਾਂਗੀਰ'' ਲਿਖਣ ਵਾਲੀ ਪਾਰਵਤੀ ਸ਼ਰਮਾ ਦੱਸਦੀ ਹੈ, "ਦੁਨੀਆਂ ਵਿੱਚ ਕੋਈ ਐਸੀ ਚੀਜ਼ ਨਹੀਂ ਸੀ ਜੋ ਅਕਬਰ ਕੋਲ ਨਹੀਂ ਸੀ। ਬਸ ਉਨ੍ਹਾਂ ਦੇ ਔਲਾਦ ਨਹੀਂ ਸੀ। ਉਹ ਇਸ ਆਸ ਵਿੱਚ ਸਲੀਮ ਚਿਸ਼ਤੀ ਕੋਲ ਜਾਣ ਲੱਗੇ।”

“ਇੱਕ ਦਿਨ ਅਕਬਰ ਨੇ ਉਨ੍ਹਾਂ ਨੂੰ ਸਿੱਧਾ ਪੁੱਛ ਹੀ ਲਿਆ, ਮੇਰੇ ਕਿੰਨੇ ਬੇਟੇ ਪੈਦਾ ਹੋਣਗੇ? ਉਨ੍ਹਾਂ ਨੇ ਜੁਆਬ ਦਿੱਤਾ, ਖ਼ੁਦਾ ਤੁਹਾਨੂੰ ਤਿੰਨ ਪੁੱਤਰ ਦੇਵੇਗਾ। ਅਜਿਹਾ ਹੀ ਹੋਇਆ। ਪਰ ਚਿਸ਼ਤੀ ਦੇ ਆਸ਼ੀਰਵਾਦ ਨਾਲ ਪੈਦਾ ਹੋਏ ਸਲੀਮ ਬਾਅਦ ਵਿੱਚ ਉਨ੍ਹਾਂ ਦੀ ਮੌਤ ਦਾ ਕਾਰਨ ਬਣੇ।"

ਉਹ ਲਿਖਦੀ ਹੈ, "ਇੱਕ ਵਾਰ ਅਕਬਰ ਉਨ੍ਹਾਂ ਨੂੰ ਪੁੱਛ ਬੈਠੇ ਤੁਸੀਂ ਕਿੰਨੀ ਦੇਰ ਤੱਕ ਇਸ ਦੁਨੀਆਂ ਵਿੱਚ ਰਹੋਗੇ। ਸਲੀਮ ਚਿਸ਼ਤੀ ਨੇ ਜੁਆਬ ਦਿੱਤਾ, ਜਦੋਂ ਸ਼ਹਿਜ਼ਾਦਾ ਸਲੀਮ ਪਹਿਲੀ ਵਾਰ ਕਿਸੇ ਚੀਜ਼ ਨੂੰ ਯਾਦ ਕਰਕੇ ਦੁਹਰਾਏਗਾ, ਉਸੇ ਦਿਨ ਮੈਂ ਇਸ ਦੁਨੀਆਂ ਤੋਂ ਕੂਚ ਕਰ ਜਾਵਾਂਗਾ।”

“ਕਈ ਦਿਨਾਂ ਤੱਕ ਅਕਬਰ ਨੇ ਸਲੀਮ ਨੂੰ ਕੁਝ ਨਾ ਪੜ੍ਹਾਇਆ। ਪਰ ਇੱਕ ਦਿਨ ਸਲੀਮ ਨੇ ਕਿਸੇ ਦੀ ਕਹੀ ਹੋਈ ਗੱਲ ਨੂੰ ਦੁਹਰਾ ਦਿੱਤਾ। ਉਸੇ ਦਿਨ ਤੋਂ ਸ਼ੇਖ ਚਿਸ਼ਤੀ ਦੀ ਤਬੀਅਤ ਖ਼ਰਾਬ ਹੋਣ ਲੱਗੀ ਅਤੇ ਕੁਝ ਦਿਨ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ।"

ਬਾਬਰ ਤੋਂ ਬਾਅਦ ਸਵੈ-ਜੀਵਨੀ ਲਿਖਣ ਵਾਲੇ ਪਹਿਲੇ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਬਾਰੇ ਕਿਹਾ ਜਾਂਦਾ ਕਿ ਉਹ ਮਹਾਨ ਮੁਗ਼ਲਾਂ ਵਿੱਚ ਸਭ ਤੋਂ ਵੱਧ ਚਰਚਿਤ ਮੁਗ਼ਲ ਸਨ। ਉਹ ਸ਼ਰਾਬੀ ਸਨ ਅਤੇ ਉਨ੍ਹਾਂ ਦਾ ਧਿਆਨ ਸੈਨਿਕ ਅਭਿਆਨਾਂ ''ਤੇ ਨਾ ਹੋ ਕੇ ਕਲਾ, ਜੀਵਨ ਦੇ ਸੁੱਖਾਂ ਅਤੇ ਸ਼ਾਨੋ ਸ਼ੌਕਤ ਦਾ ਅਨੰਦ ਲੈਣ ਵੱਲ ਜ਼ਿਆਦਾ ਸੀ।

jahangir
BBC
ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਬਾਰੇ ਕਿਹਾ ਜਾਂਦਾ ਕਿ ਉਹ ਮਹਾਨ ਮੁਗ਼ਲਾਂ ਵਿੱਚ ਸਭ ਤੋਂ ਵੱਧ ਚਰਚਿਤ ਮੁਗ਼ਲ ਸਨ

ਪਰ ਕੀ ਜਹਾਂਗੀਰ ਦਾ ਇਹ ਮੁਲਾਂਕਣ ਸਹੀ ਹੈ?

ਦਿੱਲੀ ਯੂਨੀਵਰਸਿਟੀ ਵਿੱਚ ਇਤਿਹਾਸ ਪੜ੍ਹਾਉਣ ਵਾਲੀ ਅਨੁਭੂਤੀ ਮੌਰਿਆ ਕਹਿੰਦੀ ਹੈ, "ਬਾਬਰ ਤੋਂ ਬਾਅਦ ਜਹਾਂਗੀਰ ਪਹਿਲੇ ਮੁਗ਼ਲ ਬਾਦਸ਼ਾਹ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਬਾਰੇ ਵਿਸਥਾਰ ਨਾਲ ਲਿਖਿਆ ਹੈ। ਅਸੀਂ ਜਦੋਂ ਇਤਿਹਾਸ ਪੜ੍ਹਦੇ ਹਾਂ ਤਾਂ ਮਹਾਨਤਾ ਲੱਭਦੇ ਹਾਂ ਕਿਉਂਕਿ ਜਹਾਂਗੀਰ ਨੇ ਕੋਈ ਵੱਡਾ ਸੈਨਿਕ ਅਭਿਆਨ ਨਹੀਂ ਕੀਤਾ ਉਹ ਸਾਡੀ ਨਜ਼ਰੇ ਨਹੀਂ ਪੈਂਦੇ।”

ਉਨ੍ਹਾਂ ਅੱਗੇ ਕਿਹਾ, “ਮੇਰੀ ਨਿਗ੍ਹਾ ਵਿੱਚ ਤਾਂ ਜਹਾਂਗੀਰ ਇੱਕ ਬਹੁਤ ਪਿਆਰੇ ਇਨਸਾਨ ਸਨ। ਕਿਉਂਕਿ ਉਨ੍ਹਾਂ ਦੀ ਕੀ ਸੋਚ ਸੀ ਇਸ ਬਾਰੇ ਸਾਨੂੰ ਉਨ੍ਹਾਂ ਦੀ ਸਵੈ ਜੀਵਨੀ ਤੋਂ ਬਹੁਤ ਵਿਸਥਾਰ ਵਿੱਚ ਪਤਾ ਲਗਦਾ ਹੈ। ਇਸ ਦੇ ਨਾਲ ਨਾਲ ਉਹ ਆਪਣੇ ਸਮੇਂ ਦੀ ''ਚੀਜ਼'' ਸਨ।"

ਉਨ੍ਹਾਂ ਨੇ ਕਿਹਾ, "ਇਕ ਤਰ੍ਹਾਂ ਨਾਲ ਉਹ ਆਪਣੇ ਜ਼ਮਾਨੇ ਦੀ ਖਿੜਕੀ ਸਨ ਜਿਸ ਜ਼ਰੀਏ ਅਸੀਂ ਦੇਖ ਸਕਦੇ ਹਾਂ ਕਿ ਸਤਾਂਰਵੀਂ ਸਦੀ ਦਾ ਆਦਮੀ ਕੀ ਸੋਚ ਰਿਹਾ ਸੀ। ਜਹਾਂਗੀਰ ਅਕਸਰ ਅਕਲ ਅਤੇ ਨਕਲ ਯਾਨਿ ਤਰਕਸ਼ੀਲਤਾ ਦੇ ਆਧਾਰ ''ਤੇ ਆਪਣੇ ਆਲੇ ਦੁਆਲੇ ਦੀ ਦੁਨੀਆਂ ਨੂੰ ਜਾਂਚਦੇ ਤੇ ਪਰਖਦੇ ਸਨ।"

jahangir
Getty Images

ਦਿਨ ਵਿੱਚ ਵੀਹ ਪਿਆਲੇ ਸ਼ਰਾਬ

ਜਹਾਂਗੀਰ ਬਾਰੇ ਮਸ਼ਹੂਰ ਸੀ ਕਿ ਉਹ ਔਰਤਾਂ ਅਤੇ ਸ਼ਰਾਬ ਦੇ ਸ਼ੌਕੀਨ ਸਨ। ਉਹ ਆਪਣੇ ਸਵੈ ਜੀਵਨੀ ਤੁਜ਼ੂਕੇ ਜਹਾਂਗੀਰੀ ਵਿੱਚ ਲਿਖਦੇ ਹਨ ਕਿ ਇਕ ਵੇਲੇ ਉਹ ਦਿਨ ਸਨ ਜਦੋਂ ਉਹ 14 ਦਿਨਾਂ ਅਤੇ ਛੇ ਰਾਤਾਂ ਵਿੱਚ 20 ਪਿਆਲੇ ਸ਼ਰਾਬ ਦੇ ਪੀਂਦੇ ਸਨ, ਬਾਅਦ ਵਿੱਚ ਉਹ ਘਟਾ ਕੇ 6 ਪਿਆਲੇ ''ਤੇ ਲੈ ਆਏ ਸਨ।

ਪਾਰਵਤੀ ਸ਼ਰਮਾ ਦੱਸਦੀ ਹੈ, "ਉਹ ਆਪ ਹੀ ਦੱਸਦੇ ਹਨ ਜਦੋਂ ਉਹ 18 ਸਾਲਾਂ ਦੇ ਸਨ ਇੱਕ ਵਾਰ ਉਹ ਸ਼ਿਕਾਰ ''ਤੇ ਗਏ ਹੋਏ ਸਨ, ਉਨ੍ਹਾਂ ਨੂੰ ਥਕਾਨ ਮਹਿਸੂਸ ਹੋਈ। ਕਿਸੇ ਨੇ ਕਿਹਾ ਤੁਸੀਂ ਥੋੜ੍ਹੀ ਜਿਹੀ ਸ਼ਰਾਬ ਪੀ ਲਓ, ਤੁਹਾਡੀ ਥਕਾਨ ਲਹਿ ਜਾਵੇਗੀ। ਉਨ੍ਹਾਂ ਨੇ ਪੀਤੀ ਅਤੇ ਉਨ੍ਹਾਂ ਨੂੰ ਬਹੁਤ ਪਸੰਦ ਆਈ। ਫ਼ਿਰ ਤਾਂ ਉਹ ਰੋਜ਼ ਸ਼ਰਾਬ ਪੀਣ ਲੱਗੇ। ਜਹਾਂਗੀਰ ਦੇ ਦੋਵੇਂ ਭਰਾ ਵੀ ਸ਼ਰਾਬ ਦੇ ਆਦੀ ਹੋ ਗਏ ਅਤੇ ਸ਼ਰਾਬ ਕਾਰਨ ਹੀ ਉਨ੍ਹਾਂ ਦੀ ਮੌਤ ਹੋਈ।"

ਉਹ ਕਹਿੰਦੇ ਹਨ, "ਬਾਬਰ ਵੀ ਸ਼ਰਾਬ ਪੀਂਦੇ ਸੀ ਤੇ ਅਕਬਰ ਵੀ ਕਦੀ ਕਦੀ ਸ਼ਰਾਬ ਚਖ਼ ਲਿਆ ਕਰਦੇ ਸੀ। ਪਰ ਸ਼ਾਹਜਹਾਂ ਨੇ ਕਦੀ ਸ਼ਰਾਬ ਨੂੰ ਹੱਥ ਨਹੀਂ ਲਾਇਆ। ਬਲਕਿ ਜਹਾਂਗੀਰ ਨੂੰ ਇਸ ਗੱਲ ਦਾ ਅਫ਼ਸੋਸ ਰਹਿੰਦਾ ਸੀ ਕਿ ਉਨ੍ਹਾਂ ਦਾ ਬੇਟਾ 24 ਸਾਲ ਦਾ ਹੋ ਗਿਆ ਹੈ ਅਤੇ ਉਸਨੇ ਅੱਜ ਤੱਕ ਸ਼ਰਾਬ ਦਾ ਇੱਕ ਘੁੱਟ ਤੱਕ ਨਹੀਂ ਪੀਤਾ। ਇਹ ਕਿਵੇਂ ਹੋ ਸਕਦਾ ਹੈ?"

jahangir
BBC
ਅਕਬਰ ਅਤੇ ਜਹਾਂਗੀਰ ਦੇ ਰਿਸ਼ਤੇ ਕਦੀ ਸਹਿਜ ਨਹੀਂ ਰਹੇ

ਜਹਾਂਗੀਰ ਨੇ ਅਬੁਲ ਫ਼ਜਲ ਨੂੰ ਮਰਵਾਇਆ

ਅਕਬਰ ਅਤੇ ਜਹਾਂਗੀਰ ਦੇ ਰਿਸ਼ਤੇ ਕਦੀ ਸਹਿਜ ਨਹੀਂ ਰਹੇ। ਉਨ੍ਹਾਂ ਵਿੱਚ ਤਲਖ਼ੀ ਉਦੋਂ ਆ ਗਈ ਜਦੋਂ ਅਕਬਰ ਨੇ ਉਨ੍ਹਾਂ ਦੇ ਬਹੁਤ ਹੀ ਨਜ਼ਦੀਕੀ ਅਤੇ ਉਨ੍ਹਾਂ ਦੇ ਜੀਵਨੀਕਾਰ ਅਬੁਲ ਫ਼ਜ਼ਲ ਨੂੰ ਓਰਛਾ ਦੇ ਰਾਜੇ ਬੀਰ ਸਿੰਘ ਦੇ ਹੱਥੋਂ ਉਸ ਸਮੇਂ ਮਰਵਾ ਦਿੱਤਾ ਸੀ ਜਦੋਂ ਉਹ ਦੱਖਣ ਤੋਂ ਆਗਰਾ ਵੱਲ ਆ ਰਹੇ ਸਨ।

ਇਸ ਕਤਲ ਦਾ ਸਭ ਤੋਂ ਵਿਸਥਾਰ ਵਿੱਚ ਵਰਣਨ ਅਸਦ ਬੇਗ਼ ਨੇ ਆਪਣੇ ਬਿਰਤਾਂਤ ''ਵਾਕਿਆ-ਅਸਦ ਬੇਗ਼'' ਵਿੱਚ ਕੀਤਾ ਹੈ।

ਬੇਗ਼ ਲਿਖਦੇ ਹਨ, "ਬੀਰ ਸਿੰਘ ਦੇ ਹਰ ਸਿਪਾਹੀ ਨੇ ਸ਼ਸਤ੍ਰ ਪਾਏ ਹੋਏ ਸਨ। ਉਨ੍ਹਾਂ ਦੀਆਂ ਤਲਵਾਰਾਂ ਅਤੇ ਬਰਛੇ ਹਵਾ ਵਿੱਚ ਬਿਜਲੀ ਦੀ ਤਰ੍ਹਾਂ ਚਮਕ ਰਹੇ ਸਨ। ਤੇਜ਼ ਦੌੜਦੇ ਘੋੜੇ ''ਤੇ ਸਵਾਰ ਇੱਕ ਰਾਜਪੂਤ ਨੇ ਅਬੁਲ ਫ਼ਜ਼ਲ ''ਤੇ ਬਰਛੇ ਨਾਲ ਇੰਨੀ ਤੇਜ਼ੀ ਨਾਲ ਵਾਰ ਕੀਤਾ ਕਿ ਉਹ ਉਨ੍ਹਾਂ ਦੇ ਸਰੀਰ ਦੇ ਦੂਸਰੇ ਪਾਸੇ ਤੋਂ ਬਾਹਰ ਨਿਕਲ ਗਿਆ।”

https://www.youtube.com/watch?v=xWw19z7Edrs

“ਫ਼ਜ਼ਲ ਥੱਲੇ ਡਿੱਗ ਗਏ ਅਤੇ ਉਨ੍ਹਾਂ ਦੇ ਸਰੀਰ ਵਿੱਚੋਂ ਤੇਜ਼ ਖ਼ੂਨ ਨਿਕਲਣ ਲੱਗਿਆ। ਉਨ੍ਹਾਂ ਦਾ ਆਪਣਾ ਘੋੜਾ ਉਨ੍ਹਾਂ ਨੂੰ ਰੌਂਦ ਕੇ ਚਲਾ ਗਿਆ। ਹੈਰਾਨੀ ਦੀ ਗੱਲ ਹੈ ਕਿ ਘੋੜੇ ਦੇ ਭਾਰ ਨਾਲ ਉਨ੍ਹਾਂ ਦੀ ਮੌਤ ਨਹੀਂ ਹੋਈ। ਫ਼ਜ਼ਲ ਹਾਲੇ ਜ਼ਿਉਂਦੇ ਸਨ ਅਤੇ ਬੀਰ ਸਿੰਘ ਉਥੇ ਪਹੁੰਚ ਗਏ। ਉਹ ਉਨ੍ਹਾਂ ਦੇ ਕੋਲ ਬੈਠ ਗਏ।”

“ਉਨ੍ਹਾਂ ਨੇ ਆਪਣੀ ਜੇਬ ਵਿੱਚੋਂ ਚਿੱਟਾ ਕੱਪੜਾ ਕੱਢਿਆ ਅਤੇ ਫ਼ਜ਼ਲ ਦੇ ਸਰੀਰ ਵਿੱਚੋਂ ਨਿਕਲਣ ਵਾਲੇ ਲਹੂ ਨੂੰ ਪੂੰਝਣ ਲੱਗੇ। ਇਸ ਵੇਲੇ ਫ਼ਜ਼ਲ ਨੇ ਆਪਣੀ ਸਾਰੀ ਤਾਕਤ ਲਾ ਕੇ ਬੁੰਦੇਲਾ ਦੇ ਮੁਖੀ ਨੂੰ ਉਸਦੀ ਗੱਦਾਰੀ ਲਈ ਕੋਸਿਆ। ਬੀਰ ਸਿੰਘ ਨੇ ਆਪਣੀ ਤਲਵਾਰ ਕੱਢੀ ਅਤੇ ਇਕੋ ਝਟਕੇ ਵਿੱਚ ਅਬੁਲ ਫ਼ਜ਼ਲ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ।"

Rehan Fazal
BBC
ਅਨੁਭੂਤੀ ਮੋਰਿਆ ਨਾਲ ਰੇਹਾਨ ਫਜ਼ਲ

ਫ਼ਜ਼ਲ ਜਹਾਂਗੀਰ ਨੂੰ ਬਾਦਸ਼ਾਹ ਬਣਾਉਣਾ ਨਹੀਂ ਚਾਹੁੰਦੇ ਸਨ

ਇਹ ਤੱਥ ਹੈ ਕਿ ਅਬੁਲ ਫ਼ਜ਼ਲ ਦੀ ਨਿਗ੍ਹਾ ਵਿੱਚ ਜਹਾਂਗੀਰ ਕੋਈ ਬਹੁਤ ਉੱਚੀ ਜਗ੍ਹਾਂ ਨਹੀਂ ਸਨ ਰੱਖਦੇ। ਪਰ ਕੀ ਉਨ੍ਹਾਂ ਨੂੰ ਮਰਵਾਉਣ ਦਾ ਸਿਰਫ਼ ਆ ਹੀ ਕਾਰਨ ਸੀ?

ਅਨੁਭੂਤੀ ਮੌਰਿਆ ਕਹਿੰਦੀ ਹੈ, "ਇੱਕ ਰਾਜਨੀਤਿਕ ਖੇਡ ਚੱਲ ਰਿਹਾ ਸੀ ਕਿ ਗੱਦੀ ''ਤੇ ਕੌਣ ਬੈਠੇਗਾ। ਅਕਬਰ ਦੀ ਤਾਕਤ ਘੱਟ ਰਹੀ ਸੀ। ਉਹ ਹੁਣ ਥੱਕ ਰਹੇ ਸਨ ਅਤੇ ਜਹਾਂਗੀਰ ਨੇ ਹੁਣ ਲੜਾਈ ਲੜਨੀ ਸੀ ਆਉਣ ਵਾਲੀ ਪੀੜ੍ਹੀ ਨਾਲ।"

jahangir
BBC

ਅਨੁਭੂਤੀ ਕਹਿੰਦੀ ਹੈ, "ਜਦੋਂ ਅਕਬਰ ਨੂੰ ਅਬੁਲ ਫ਼ਜ਼ਲ ਦੇ ਦੇਹਾਂਤ ਬਾਰੇ ਖ਼ਬਰ ਮਿਲੀ ਉਹ ਬੇਹੋਸ਼ ਹੋ ਗਏ। ਜਹਾਂਗੀਰ ਇਸ ਬਾਰੇ ਬਿਨ੍ਹਾਂ ਕਿਸੇ ਪਛਤਾਵੇ ਦੇ ਆਪਣੀ ਸਵੈ-ਜੀਵਨੀ ਵਿੱਚ ਲਿਖਦੇ ਹਨ ਕਿ ਇਹ ਸਭ ਮੈਂ ਕਰਵਾਇਆ। ਅਤੇ ਇਥੋਂ ਤੱਕ ਕਿ ਜਹਾਂਗੀਰ ਜਦੋਂ ਅਬੁਲ ਫ਼ਜ਼ਲ ਦੇ ਬੇਟੇ ਨੂੰ ਮਿਲਦੇ ਹਨ ਉਸ ਵੇਲੇ ਵੀ ਉਨ੍ਹਾਂ ਦੇ ਮਨ ਵਿੱਚ ਗ਼ੁਨਾਹ ਦੀ ਕੋਈ ਭਾਵਨਾ ਨਹੀਂ ਸੀ।”

ਉਨ੍ਹਾਂ ਕਿਹਾ, “ਉਹ ਸਾਫ਼ ਲਿਖਦੇ ਹਨ ਮੇਰਾ ਮੰਤਵ ਬਾਦਸ਼ਾਹ ਬਣਨਾ ਸੀ। ਜੇ ਅਬੁਲ ਫ਼ਜ਼ਲ ਵਾਪਸ ਦਰਬਾਰ ਵਿੱਚ ਪਹੁੰਚਦੇ ਤਾਂ ਮੈਂ ਬਾਦਸ਼ਾਹ ਨਾ ਬਣ ਸਕਦਾ।"

ਉਹ ਕਹਿੰਦੇ ਹਨ, "ਦਿਲਚਸਪ ਗੱਲ ਇਹ ਹੈ ਕਿ ਅਬੁਲ ਫ਼ਜ਼ਲ ਦੇ ਬੇਟੇ ਬਾਅਦ ਵਿੱਚ ਜਹਾਂਗੀਰ ਦੇ ਬਹੁਤ ਵੀ ਭਰੋਸੇਯੋਗ ਮੰਤਰੀ ਦੇ ਰੂਪ ਵਿੱਚ ਉੱਭਰੇ।"

ਇਹ ਵੀ ਪੜ੍ਹੋ

jahangir
Getty Images
"ਆਪਣੇ ਖ਼ੁਦ ਦੇ ਬੇਟੇ ਖ਼ੁਸਰੋ ਦੇ ਬਗ਼ਾਵਤ ਕਰਨ ''ਤੇ ਜਹਾਂਗੀਰ ਨੇ ਉਸਨੂੰ ਮੌਤ ਦੀ ਸਜ਼ਾ ਨਾ ਦੇ ਕੇ ਉਸ ਨੂੰ ਅੰਨਾ ਕਰਵਾ ਦਿੱਤਾ।"

ਜਹਾਂਗੀਰ ਦੀ ਬੇਰਹਿਮੀ

17 ਅਕਤੂਬਰ, 1605 ਨੂੰ ਅਕਬਰ ਦੇ ਦੇਹਾਂਤ ਤੋਂ ਬਾਅਦ ਜਹਾਂਗੀਰ ਮੁਗ਼ਲ ਤਖ਼ਤ ''ਤੇ ਬੈਠ ਗਏ। ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਬਹੁਤ ਹੀ ਮਨਮੌਜੀ ਬਾਦਸ਼ਾਹ ਸਨ। ਕਦੀ ਬਹੁਤ ਦਰਿਆ ਦਿਲ ਤਾਂ ਕਦੀ ਬਹੁਤ ਹੀ ਖ਼ੁੰਖ਼ਾਰ।

ਉਹ ਲਿਖਦੇ ਹਨ, "ਜਹਾਂਗੀਰ ਨੇ ਆਪਣੇ ਇੱਕ ਨੌਕਰ ਦਾ ਅੰਗੂਠਾ ਸਿਰਫ਼ ਇਸ ਕਰਕੇ ਕਟਵਾ ਦਿੱਤਾ ਕਿਉਂਕਿ ਉਸਨੇ ਨਦੀ ਕੰਢੇ ਲੱਗੇ ਚੰਪਾ ਦੇ ਕੁਝ ਦਰਖ਼ਤਾਂ ਨੂੰ ਕੱਟ ਦਿੱਤਾ ਸੀ। ਉਸਨੇ ਨੂਰਜਹਾਂ ਦੀ ਇੱਕ ਦਾਸੀ ਨੂੰ ਇੱਕ ਟੋਏ ਵਿੱਚ ਅੱਧ ਤੱਕ ਗਡਵਾ ਦਿੱਤਾ।”

“ਉਸ ਦਾ ਕਸੂਰ ਸੀ ਕਿ ਉਹ ਇੱਕ ਕਿੰਨਰ ਨੂੰ ਚੁੰਮਦਿਆਂ ਫੜੀ ਗਈ ਸੀ। ਇਕ ਆਦਮੀ ਨੂੰ ਉਸਦੇ ਪਿਤਾ ਦੀ ਹੱਤਿਆ ਕਰਨ ਬਦਲੇ ਸਜ਼ਾ ਦਿੰਦਿਆਂ ਜਹਾਂਗੀਰ ਨੇ ਉਸ ਨੂੰ ਇੱਕ ਹਾਥੀ ਦੀ ਲੱਤ ਨਾਲ ਬੰਨ ਕੇ ਕਈ ਮੀਲਾਂ ਤੱਕ ਖਿੱਚਵਾਇਆ ਸੀ।"

"ਆਪਣੇ ਖ਼ੁਦ ਦੇ ਬੇਟੇ ਖ਼ੁਸਰੋ ਦੇ ਬਗ਼ਾਵਤ ਕਰਨ ''ਤੇ ਜਹਾਂਗੀਰ ਨੇ ਉਸਨੂੰ ਮੌਤ ਦੀ ਸਜ਼ਾ ਨਾ ਦੇ ਕੇ ਉਸ ਨੂੰ ਅੰਨਾ ਕਰਵਾ ਦਿੱਤਾ।"

"ਇੱਕ ਵਾਰ ਅਜਿਹੀ ਸਜ਼ਾ ਸੁਣਾਉਣ ਤੋਂ ਬਾਅਦ ਸ਼ਾਇਦ ਹੀ ਉਸਨੇ ਸਜ਼ਾ ਨੂੰ ਬਦਲਿਆ ਹੋਵੇ। ਹਾਂ ਆਪਣੇ ਬੇਟੇ ਖ਼ੁਸਰੋ ਨੂੰ ਅੰਨਾ ਕੀਤੇ ਜਾਣ ਬਾਅਦ, ਜਹਾਂਗੀਰ ਨੇ ਉਸਦੀਆਂ ਅੱਖਾਂ ਦਾ ਇਲਾਜ ਜ਼ਰੂਰ ਕਰਵਾਇਆ ਸੀ, ਪਰ ਉਸਦੀ ਅੱਖਾਂ ਦੀ ਰੌਸ਼ਨੀ ਕਦੀ ਵਾਪਸ ਨਾ ਆਈ।"

ਨੂਰਜਹਾਂ ਅਤੇ ਕਬੂਤਰ

ਗੱਦੀ ਸੰਭਾਲਣ ਤੋਂ ਛੇ ਸਾਲ ਬਾਅਦ 42 ਸਾਲ ਦੀ ਉਮਰ ਵਿੱਚ ਜਹਾਂਗੀਰ ਨੇ ਨੂਰਜਹਾਂ ਨਾਲ ਵਿਆਹ ਕਰਵਾਇਆ। ਉਸ ਵੇਲੇ ਨੂਰਜਹਾਂ ਦੇ ਪਹਿਲੇ ਪਤੀ ਸ਼ੇਰ ਅਫ਼ਗ਼ਨ ਮਰ ਚੁੱਕੇ ਸਨ ਅਤੇ ਉਸਦੀ ਉਮਰ 34 ਸਾਲ ਸੀ।

ਜਹਾਂਗੀਰ ਅਤੇ ਨੂਰਜਹਾਂ ਦੇ ਇਸ਼ਕ ਦੀ ਸ਼ੁਰੂਆਤ ਦਾ ਚਿਤਰਣ ਕਰਦੇ ਹੋਏ ਰੂਬੀ ਲਾਲ ਆਪਣੀ ਕਿਤਾਬ ''ਐਂਮਪ੍ਰੇਸ: ਦਾ ਇਸਟਾਨਿਸ਼ਿੰਗ ਰੇਨ ਆਫ਼ ਨੂਰਜਹਾਂ'' ਵਿੱਚ ਲਿਖਦੀ ਹੈ, “ਜਦੋਂ ਬਾਦਸ਼ਾਹ ਜਹਾਂਗੀਰ ਬਾਗ਼ ਵਿੱਚ ਆਏ ਤਾਂ ਉਨ੍ਹਾਂ ਦੇ ਦੋਵਾਂ ਹੱਥਾਂ ਵਿੱਚ ਇੱਕ ਕਬੂਤਰਾਂ ਦਾ ਜੋੜਾ ਸੀ। ਤਦੇ ਉਨ੍ਹਾਂ ਨੂੰ ਇੱਕ ਬਹੁਤ ਖ਼ੂਬਸੂਰਤ ਫ਼ੁੱਲ ਦਿਖਾਈ ਦਿੱਤਾ। ਉਹ ਉਸਨੂੰ ਤੋੜਨਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਹੱਥ ਉਨ੍ਹਾਂ ਨੂੰ ਆਗਿਆ ਨਹੀਂ ਸਨ ਦੇ ਰਹੇ। ਉਸੇ ਵੇਲੇ ਇੱਕ ਬਹੁਤ ਖ਼ੂਬਸੂਰਤ ਔਰਤ ਉਥੋਂ ਨਿਕਲੀ।"

ਉਹ ਲਿਖਦੇ ਹਨ, "ਜਹਾਂਗੀਰ ਉਸ ਔਰਤ ਨੂੰ ਦੋਵਾਂ ਹੱਥਾਂ ਵਿੱਚ ਕਬੂਤਰ ਫੜਾ ਕੇ ਫ਼ੁੱਲ ਤੋੜਨ ਲਈ ਮੁੜ ਗਏ। ਜਦੋਂ ਵਾਪਸ ਆਏ ਉਨ੍ਹਾਂ ਨੇ ਦੇਖਿਆ ਉਸ ਔਰਤ ਦੇ ਹੱਥ ਵਿੱਚ ਸਿਰਫ਼ ਇੱਕ ਕਬੂਤਰ ਸੀ। ਉਨ੍ਹਾਂ ਨੇ ਦੂਸਰੇ ਕਬੂਤਰ ਬਾਰੇ ਪੁੱਛਿਆ। ਔਰਤ ਨੇ ਜੁਆਬ ਦਿੱਤਾ, ''ਮਹਾਰਾਜ ਉਹ ਤਾਂ ਉੜ ਗਿਆ'', ਬਾਦਸ਼ਾਹ ਨੇ ਪੁੱਛਿਆ ''ਕਿਵੇਂ'', ਤਾਂ ਉਸ ਔਰਤ ਨੇ ਹੱਥ ਅੱਗੇ ਵਧਾਉਂਦੇ ਹੋਏ ਦੂਸਰਾ ਕਬੂਤਰ ਉਡਾਉਂਦੇ ਹੋਏ ਕਿਹਾ, ''ਇਸ ਤਰ੍ਹਾਂ''।”

noorjahan
Getty Images
ਨੂਰਜਹਾਂ

ਜਹਾਂਗੀਰ ਅਤੇ ਨੂਰਜਹਾਂ ਦੀ ਬੈਲਗੱਡੀ ਦੀ ਸਵਾਰੀ

ਜਹਾਂਗੀਰ ਅਤੇ ਨੂਰਜਹਾਂ ਦੀ ਇੱਕ ਹੋਰ ਦਿਲਚਸਪ ਕਹਾਣੀ, ਜਹਾਂਗੀਰ ਦੇ ਦਰਬਾਰ ਵਿੱਚ ਦੂਤ ਰਹੇ ਸਰ ਟੌਮਸ ਰੌ ਨੇ ਆਪਣੀਆਂ ਚਿੱਠੀਆਂ ਵਿੱਚ ਬਿਆਨ ਕੀਤੀ ਹੈ।

ਪਾਰਵਤੀ ਸ਼ਰਮਾ ਦੱਸਦੀ ਹੈ, "ਇੱਕ ਰਾਤ ਸਰ ਟੌਮਸ ਰੋ ਜਹਾਂਗੀਰ ਨੂੰ ਮਿਲਣਾ ਚਾਹੁੰਦੇ ਸਨ। ਉਨ੍ਹਾਂ ਨੇ ਜਹਾਂਗੀਰ ਦੀ ਦਿਨ ਭਰ ਉਡੀਕ ਕੀਤੀ। ਜਹਾਂਗੀਰ ਸ਼ਿਕਾਰ ਖੇਡਣ ਗਏ ਹੋਏ ਸਨ। ਹਨੇਰਾ ਹੋਇਆ ਤਾਂ ਮਸ਼ਾਲਾਂ ਬਾਲੀਆਂ ਗਈਆਂ। ਤਦੇ ਅਚਾਨਕ ਮਸ਼ਾਲਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਗਿਆ, ਕਿਉਂਕਿ ਰਾਹ ਵਿੱਚ ਜਹਾਂਗੀਰ ਨੂੰ ਇੱਕ ਬੈਲਗੱਡੀ ਦਿਸ ਗਈ ਸੀ ਅਤੇ ਉਨ੍ਹਾਂ ਦਾ ਜੀਅ ਕੀਤਾ ਕਿ ਉਹ ਬੈਲਗੱਡੀ ਚਲਾਉਣ।”

“ਉਹ ਬੈਲਗੱਡੀ ਵਿੱਚ ਬਹਿ ਗਏ ਆਪਣੇ ਨਾਲ ਉਨ੍ਹਾਂ ਨੇ ਨੂਰਜਹਾਂ ਨੂੰ ਵੀ ਬਿਠਾ ਲਿਆ ਅਤੇ ਦੋਵੇਂ ਬਾਦਸ਼ਾਹ ਅਤੇ ਬੇਗ਼ਮ ਬੈਲਗੱਡੀ ਵਿੱਚ ਸਵਾਰ ਹੋ ਕੇ ਡੇਰੇ ''ਤੇ ਆਏ। ਮੈਨੂੰ ਇਹ ਤਸਵੀਰ ਬਹੁਤ ਚੰਗੀ ਲੱਗੀ ਕਿ ਮੁਗ਼ਲ ਸਲਤਨਤ ਦੇ ਬਾਦਸ਼ਾਹ ਜਹਾਂਗੀਰ ਬੈਲਗੱਡੀ ਚਲਾਕੇ ਲਿਆ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਬੇਗ਼ਮ ਨੂਰਜਹਾਂ ਵੀ ਬੈਠੀ ਹੋਈ ਹੈ।"

jahangir
Getty Images
ਜਹਾਂਗੀਰ ਆਪਣੀਆਂ ਮਹੱਤਵਪੂਰਨ ਬੈਠਕਾਂ ਗ਼ੁਸਲਖ਼ਾਨੇ ਵਿੱਚ ਕਰਿਆ ਕਰਦੇ ਸਨ

ਅੱਧੀ ਰਾਤ ਨੂੰ ਖਾਣਾ ਖਾਂਦੇ ਸੀ ਜਹਾਂਗੀਰ

ਜਹਾਂਗੀਰ ਨੇ ਸ਼ੇਰਸ਼ਾਹ ਸੂਰੀ ਦੀ ਪੁਰਾਣੀ ਰਵਾਇਤ ਜਾਰੀ ਰੱਖੀ। ਜਿਸ ਵਿੱਚ ਬਾਦਸ਼ਾਹ ਆਪਣੀਆਂ ਮਹੱਤਵਪੂਰਨ ਬੈਠਕਾਂ ਗ਼ੁਸਲਖ਼ਾਨੇ ਵਿੱਚ ਕਰਿਆ ਕਰਦੇ ਸਨ।

ਇਸਦਾ ਕਾਰਨ ਸੀ ਕਿ ਸ਼ੇਰਸ਼ਾਹ ਦੇ ਵਾਲ ਬਹੁਤ ਘੁੰਗਰਾਲੇ ਸਨ ਅਤੇ ਉਨ੍ਹਾਂ ਨੂੰ ਸੁੱਕਣ ਵਿੱਚ ਬਹੁਤ ਸਮਾਂ ਲੱਗਦਾ ਸੀ। ਜਹਾਂਗੀਰ ਤਾਂ ਆਪਣੇ ਵਾਲ ਵੀ ਗ਼ੁਸਲਖ਼ਾਨੇ ਵਿੱਚ ਕਟਵਾਇਆ ਕਰਦੇ ਸਨ।

ਪਾਰਵਤੀ ਸ਼ਰਮਾ ਦੱਸਦੀ ਹੈ, "ਜਹਾਂਗੀਰ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉੱਠ ਜਾਇਆ ਕਰਦੇ ਸਨ। ਫ਼ਿਰ ਵਾਪਸ ਅੰਦਰ ਜਾ ਕੇ ਨਾਸ਼ਤਾ ਵਗੈਰਾ ਕਰਦੇ ਸਨ। ਫ਼ਿਰ ਆਰਾਮ ਕਰਦੇ। ਦੁਪਿਹਰ ਨੂੰ ਉਨ੍ਹਾਂ ਦਾ ਜਨਤਕ ਦਰਬਾਰ ਹੁੰਦਾ ਸੀ।”

“ਸ਼ਾਮ ਨੂੰ ਉਹ ਆਪਣੇ ਗ਼ੁਸਲਖ਼ਾਨੇ ਵਿੱਚ ਦਰਬਾਰ ਦੇ ਖ਼ਾਸ ਲੋਕਾਂ ਨਾਲ ਸ਼ਰਾਬ ਪੀਂਦੇ ਅਤੇ ਗੱਲਬਾਤ ਕਰਦੇ। ਇਸ ਤੋਂ ਬਾਅਦ ਉਹ ਫ਼ਿਰ ਸੌਣ ਲਈ ਚਲੇ ਜਾਂਦੇ। ਫ਼ਿਰ ਉਹ ਅੱਧੀ ਰਾਤ ਨੂੰ ਉੱਠ ਕੇ ਰਾਤ ਦਾ ਖਾਣਾ ਖਾਂਦੇ।”

jahangir
Getty Images
ਜਹਾਂਗੀਰ ਦੇ ਸ਼ਾਸਨ ਦੀ ਇੱਕ ਹੋਰ ਦਿਲਚਸਪ ਘਟਨਾ ਸੀ ਜਦੋਂ ਉਨ੍ਹਾਂ ਦੇ ਇੱਕ ਯੋਧੇ ਮਹਾਬਤ ਖ਼ਾਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ

ਗੁਰੂ ਅਰਜੁਨ ਦੇਵ ਨੂੰ ਮੌਤ ਦੀ ਸਜ਼ਾ

ਜਹਾਂਗੀਰ ਸਿੱਖ ਗੁਰੂ ਅਰਜੁਨ ਦੇਵ ਨਾਲ ਇਸ ਗੱਲ ਤੋਂ ਨਾਰਾਜ਼ ਸਨ ਕਿ ਉਨ੍ਹਾਂ ਨੇ ਬਗ਼ਾਵਤ ਕਰ ਰਹੇ ਉਨ੍ਹਾਂ ਦੇ ਬੇਟੇ ਖ਼ੁਸਰੋ ਦੀ ਸਹਾਇਤਾ ਕੀਤੀ ਸੀ।

ਪ੍ਰਸਿੱਧ ਇਤਿਹਾਸਕਾਰ ਮੁਨੀ ਲਾਲ ਜਹਾਂਗੀਰ ਦੀ ਜੀਵਨੀ ਵਿੱਚ ਲਿਖਦੇ ਹਨ, "ਗੁੱਸੇ ਵਿੱਚ ਲਾਲ ਹੋਏ ਜਹਾਂਗੀਰ ਨੇ ਗੁਰੂ ਅਰਜੁਨ ਦੇਵ ਨੂੰ ਕਿਹਾ, ''ਤੁਸੀਂ ਸੰਤ ਹੋ ਅਤੇ ਇੱਕ ਪਵਿੱਤਰ ਸ਼ਖ਼ਸ ਹੋ। ਤੁਹਾਡੇ ਲਈ ਅਮੀਰ ਤੇ ਗਰੀਬ ਇੱਕ ਬਰਾਬਰ ਹਨ। ਤਾਂ ਤੁਸੀਂ ਮੇਰੇ ਦੁਸ਼ਮਣ ਖ਼ੁਸਰੋ ਨੂੰ ਪੈਸੇ ਕਿਉਂ ਦਿੱਤੇ?”

“ਗੁਰੂ ਨੇ ਕਿਹਾ, ''ਮੈਂ ਉਸਨੂੰ ਇਸ ਲਈ ਪੈਸੇ ਦਿੱਤੇ ਕਿਉਂਕਿ ਉਹ ਸਫ਼ਰ ''ਤੇ ਜਾ ਰਿਹਾ ਸੀ, ਨਾ ਕਿ ਇਸ ਲਈ ਕਿਉਂਕਿ ਉਹ ਤੁਹਾਡਾ ਵਿਰੋਧੀ ਸੀ। ਜੇ ਮੈਂ ਅਜਿਹਾ ਨਾ ਕਰਦਾ ਤਾਂ ਸਭ ਲੋਕ ਮੈਨੂੰ ਦੁਰਕਾਰਦੇ ਅਤੇ ਕਹਿੰਦੇ ਮੈਂ ਅਜਿਹਾ ਤੁਹਾਡੇ ਡਰ ਕਰਕੇ ਕੀਤਾ ਹੈ ਅਤੇ ਮੈਂ ਦੁਨੀਆਂ ਵਿੱਚ ਗੁਰੂ ਨਾਨਕ ਦਾ ਚੇਲਾ ਕਹਾਉਣ ਦੇ ਕਾਬਲ ਨਾ ਰਹਿੰਦਾ।"

ਉਹ ਲਿਖਦੇ ਹਨ, "ਗੁਰੂ ਨਾਨਕ ਦਾ ਜ਼ਿਕਰ ਆਉਂਦੇ ਹੀ ਜਹਾਂਗੀਰ ਨਾਰਾਜ਼ ਹੋ ਗਏ। ਉਨ੍ਹਾਂ ਨੇ ਗੁਰੂ ਅਰਜੁਨ ਦੇਵ ਨੂੰ 2 ਲੱਖ ਰੁਪਏ ਦਾ ਜ਼ੁਰਮਾਨਾ ਲਾ ਦਿੱਤਾ ਅਤੇ ਕਿਹਾ ਉਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਨ੍ਹਾਂ ਹਿੱਸਿਆਂ ਨੂੰ ਹਟਾ ਦੇਣ ਜਿੰਨਾਂ ਨਾਲ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਲੱਗਦੀ ਹੈ।"

ਇਸ ''ਤੇ ਗੁਰੂ ਅਰਜੁਨ ਦੇਵ ਨੇ ਜੁਆਬ ਦਿੱਤਾ, "ਮੇਰੇ ਕੋਲ ਜਿੰਨਾ ਵੀ ਪੈਸਾ ਹੈ ਉਹ ਗਰੀਬਾਂ ਲਈ ਹੈ। ਜੇ ਤੁਸੀਂ ਮੇਰੇ ਪੈਸੇ ਮੰਗਦੇ ਤਾਂ ਮੈਂ ਉਹ ਸਭ ਤੁਹਾਨੂੰ ਦੇ ਸਕਦਾ ਸੀ। ਪਰ ਜੁਰਮਾਨੇ ਦੇ ਰੂਪ ਵਿੱਚ ਮੈਂ ਤੁਹਾਨੂੰ ਇੱਕ ਵੀ ਪੈਸਾ ਨਹੀਂ ਦੇਵਾਂਗਾ। ਕਿਉਂਕਿ ਜੁਰਮਾਨਾਂ ਤਾਂ ਧੋਖੇਬਾਜ਼ ਅਤੇ ਦੁਨੀਆਦਾਰ ਲੋਕਾਂ ''ਤੇ ਲਾਇਆ ਜਾਂਦਾ ਹੈ, ਸਾਧੂਆਂ ਅਤੇ ਸੰਤਾ ''ਤੇ ਨਹੀਂ।"

"ਜਹਾਂਗੀਰ ਨੇ ਇਸਦਾ ਕੋਈ ਜੁਆਬ ਨਹੀਂ ਦਿੱਤਾ। ਉਹ ਦਰਬਾਰ ਵਿੱਚੋਂ ਉੱਠਕੇ ਚਲੇ ਗਏ। ਦੋ ਦਿਨ ਬਾਅਦ ਗੁਰੂ ਅਰਜੁਨ ਦੇਵ ਨੂੰ ਗ੍ਰਿਫ਼ਤਾਰ ਕਰਕੇ ਕਾਲ ਕੋਠੜੀ ਵਿੱਚ ਪਾ ਦਿੱਤਾ ਗਿਆ। ਤਿੰਨ ਦਿਨ ਬਾਅਦ ਉਨ੍ਹਾਂ ਨੂੰ ਰਾਵੀ ਦੇ ਕੰਢੇ ਲਿਜਾਕੇ ਮਾਰ ਦਿੱਤਾ ਗਿਆ।"

jahangir
Getty Images
ਜਹਾਂਗੀਰ ਦੇ ਸਿਪਹਸਾਲਾਰ ਮਹਾਬਤ ਖ਼ਾਨ ਦਾ ਪੇਸ਼ਾਵਰ ਸਥਿਤ ਮਕਬਰਾ

ਬਾਦਸ਼ਾਹ ਹੁੰਦੇ ਹੋਏ ਅਗਵਾਹ ਅਤੇ ਕੈਦ

ਜਹਾਂਗੀਰ ਦੇ ਸ਼ਾਸਨ ਦੀ ਇੱਕ ਹੋਰ ਦਿਲਚਸਪ ਘਟਨਾ ਸੀ ਜਦੋਂ ਉਨ੍ਹਾਂ ਦੇ ਇੱਕ ਯੋਧੇ ਮਹਾਬਤ ਖ਼ਾਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ।

ਅਨੁਭੂਤੀ ਮੌਰਿਆ ਦੱਸਦੀ ਹੈ, "ਉਨ੍ਹਾਂ ਨੇ ਨਾ ਸਿਰਫ਼ ਬਾਦਸ਼ਾਹ ਨੂੰ ਗ੍ਰਿਫ਼ਤਾਰ ਕੀਤਾ, ਬਲਕਿ ਉਨ੍ਹਾਂ ਨੂੰ ਸਰੀਰਕ ਤੌਰ ''ਤੇ ਉਨ੍ਹਾਂ ਦੀ ਗੱਦੀ ਤੋਂ ਚੁੱਕ ਕੇ ਆਪਣੇ ਕੋਲ ਰੱਖਿਆ। ਉਨ੍ਹਾਂ ਨੇ ਬਾਦਸ਼ਾਹ ਨੂੰ ਹਾਥੀ ''ਤੇ ਬਿਠਾਇਆ ਅਤੇ ਉਨ੍ਹਾਂ ਦੇ ਮਾਣ ਸਨਮਾਣ ਦੇ ਜੋ ਚਿੰਨ੍ਹ ਸਨ ਸਭ ਨੂੰ ਬਰਕਰਾਰ ਰੱਖਿਆ। ਨੂਰਜਹਾਂ ਬਚਾਉਣ ਲਈ ਆਈ ਅਤੇ ਮਹਾਬਤ ਖ਼ਾਂ ਉਥੋਂ ਭੱਜ ਗਏ।”

“ਇਸ ਸਾਰੇ ਘਟਨਾਕ੍ਰਮ ਵਿੱਚ ''ਐਕਸ਼ਨ'' ਜਹਾਂਗੀਰ ਕੋਲ ਨਹੀਂ ਸੀ। ਇਸ ''ਐਕਸ਼ਨ'' ਦਾ ''ਨਿਰਦੇਸ਼ਨ'' ਜਹਾਂਗੀਰ ਨਹੀਂ ਕਰ ਰਹੇ। ਉਸ ਦੌਰਾਨ ਸਾਰੇ ਲੋਕ ਉਨ੍ਹਾਂ ਨਾਲ ਅਦਬ ਨਾਲ ਪੇਸ਼ ਆ ਰਹੇ ਸਨ। ਪਰ ਇਹ ਸਾਫ਼ ਸੀ ਕਿ ਉਹ ਆਪਣੇ ਤਖ਼ਤ ''ਤੇ ਨਹੀਂ ਸਨ। ਇਸ ਸਭ ਦੌਰਾਨ ਮਹਾਬਤ ਖ਼ਾਂ, ਬਾਦਸ਼ਾਹ ਦੇ ਸਾਹਮਣੇ ਵੀ ਆ ਰਹੇ ਹਨ ਅਤੇ ਜਹਾਂਗੀਰ ਉਨ੍ਹਾਂ ਨਾਲ ਬਹੁਤ ਪਿਆਰ ਨਾਲ ਗੱਲ ਵੀ ਕਰ ਰਹੇ ਹਨ।”

“ਮਹਾਬਤ ਖ਼ਾਂ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ, ਮੈਂ ਬਾਦਸ਼ਾਹ ਹਾਂ। ਉਹ ਸਿਰਫ ਇਹ ਕਹਿ ਰਹੇ ਹਨ ਕਿ ਤੁਸੀਂ ਮਾੜੀ ਸੰਗਤ ਵਿੱਚ ਹੋ ਅਤੇ ਮੈਂ ਤੁਹਾਨੂੰ ਉਸ ਮਾੜੀ ਸੰਗਤ ਤੋਂ ਬਚਾਅ ਰਿਹਾ ਹਾਂ।"

ਜਹਾਂਗੀਰ
Getty Images
ਲਾਹੌਰ ਸਥਿਤ ਜਹਾਂਗੀਰ ਦਾ ਮਕਬਰਾ

ਅੰਤੜੀਆਂ ਨੂੰ ਦਫ਼ਨਾਇਆ ਗਿਆ

ਫ਼ਿਲਹਾਲ ਨੂਰਜਹਾਂ ਦੀ ਮਦਦ ਨਾਲ ਜਹਾਂਗੀਰ ਇਸ ਕੈਦ ਵਿੱਚੋਂ ਕਿਸੇ ਤਰ੍ਹਾਂ ਬਾਹਰ ਆ ਗਏ ਹਨ। ਪਰ ਉਦੋਂ ਤੱਕ ਉਨ੍ਹਾਂ ਦੀ ਸਿਹਤ ਖ਼ਰਾਬ ਹੋਣੀ ਸ਼ੁਰੂ ਹੋ ਚੁੱਕੀ ਸੀ।

28 ਅਕਤੂਬਰ, 1627 ਨੂੰ ਰਾਜੌਰੀ ਅਤੇ ਭਿੰਭਰ ਇਲਾਕੇ ਦੇ ਦਰਮਿਆਨ ਜਹਾਂਗੀਰ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।

ਜਦੋਂ ਉਸ ਦਿਨ ਨੂਰਜਹਾਂ ਜਗਾਉਣ ਲਈ ਗਈ ਤਾਂ ਜਹਾਂਗੀਰ ਨੇ ਅੱਖਾਂ ਨਾ ਖ੍ਹੋਲੀਆਂ। ਨੂਰਜਹਾਂ ਦੀਆਂ ਅੱਖਾਂ ਵਿਚੋਂ ਹੰਝੂ ਨਿਕਲਣ ਲੱਗੇ ਅਤੇ ਮੌਲਾਨਾ ਹਿਸਾਮ-ਉਦਦੀਨ ਨੇ ਬਾਦਸ਼ਾਹ ਦੀ ਰੂਹ ਦੀ ਸ਼ਾਂਤੀ ਲਈ ਦੁਆ ਮੰਗੀ।

ਅਨੁਭੂਤੀ ਮੌਰਿਆ ਦੱਸਦੀ ਹੈ, "ਜੋ ਵਰਣਨ ਮਿਲਦੇ ਹਨ, ਉਨ੍ਹਾਂ ਤੋਂ ਲਗਦਾ ਹੈ ਉਨ੍ਹਾਂ ਨੂੰ ਦਮੇ ਦੀ ਬੀਮਾਰੀ ਸੀ। ਉੱਤਰ ਭਾਰਤ ਦੀ ਜੋ ਧੂੜ ਅਤੇ ਗਰਮੀ ਸੀ, ਉਸਨੂੰ ਉਹ ਸਹਿ ਨਹੀਂ ਸਕੇ। ਇਸ ਤੋਂ ਬਚਣ ਲਈ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਵਿੱਚ ਉਹ ਅਕਸਰ ਕਸ਼ਮੀਰ ਵੱਲ ਚਲੇ ਜਾਂਦੇ ਸਨ।”

“ਇਸ ਵਾਰ ਜਦੋਂ ਉਹ ਗਏ ਤਾਂ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਉਹ ਸਾਰੇ ਲੋਕ ਜਿਹੜੇ ਉਨ੍ਹਾਂ ਦੀ ਮੌਤ ਦੀ ਉਡੀਕ ਕਰ ਰਹੇ ਸਨ ਉਹ ਸਭ ਵੀ ਉਨ੍ਹਾਂ ਦੇ ਨਾਲ ਚੱਲਣ। ਨੂਰਜਹਾਂ ਤਾਂ ਉਨ੍ਹਾਂ ਦੇ ਨਾਲ ਗਈ ਹੀ, ਉਨ੍ਹਾਂ ਦੇ ਜਵਾਈ ਸ਼ਹਿਰਯਾਰ ਅਤੇ ਆਸਿਫ਼ ਖ਼ਾਂ ਨੂੰ ਵੀ ਉਨ੍ਹਾਂ ਦੇ ਨਾਲ ਜਾਣਾ ਪਿਆ। ਜਦੋਂ ਉਹ ਰਾਜੌਰੀ ਦੇ ਰਸਤੇ ਤੋਂ ਵਾਪਸ ਆਉਣ ਲਈ ਤੁਰੇ, ਉਸ ਸਮੇਂ ਤੱਕ ਉਹ ਖਾ ਪੀ ਵੀ ਨਹੀਂ ਸਨ ਰਹੇ।"

ਉਹ ਕਹਿੰਦੀ ਹੈ, "ਚੰਗੇਜ਼ਘਾਟੀ ਨਾਮ ਦੀ ਜਗ੍ਹਾ ਸੀ ਜਿਥੇ ਜਹਾਂਗੀਰ ਨੇ ਇਸ ਦੁਨੀਆਂ ਨੂੰ ਅਲਵਿਦਾ ਕਿਹਾ। ਜਦੋਂ ਉਨ੍ਹਾਂ ਦੀ ਮੌਤ ਹੋਈ ਤਾਂ ਉਨ੍ਹਾਂ ਦੇ ਸਰੀਰ ''ਤੇ ਲੇਪ ਕੀਤਾ ਗਿਆ। ਉਨ੍ਹਾਂ ਦੀਆਂ ਅੰਤੜੀਆਂ ਨੂੰ ਸਰੀਰ ਵਿੱਚੋਂ ਕੱਢ ਕੇ ਉਥੇ ਹੀ ਦਫ਼ਨਾ ਦਿੱਤਾ ਗਿਆ। ਫ਼ਿਰ ਜਹਾਂਗੀਰ ਦੇ ਸਰੀਰ ਨੂੰ ਬੈਠੀ ਹੋਈ ਮੁਦਰਾ ਵਿੱਚ ਪਾਲਕੀ ਵਿੱਚ ਬਿਠਾਕੇ ਲਾਹੋਰ ਲਿਆਇਆ ਗਿਆ, ਜਿਥੇ ਉਨ੍ਹਾਂ ਦਾ ਕੌਮੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਹੋਇਆ।"

ਇਹ ਵੀ ਪੜ੍ਹੋ:

ਵੀਡੀਓ: ਏਸ਼ੀਆ ''ਚ ਕਿਵੇਂ ਵੱਧ ਰਹੀ ਹੈ ਬੁਲਿਟ ਮੋਟਰਸਾਈਕਲ ਦੀ ਵਿਕਰੀ

https://www.youtube.com/watch?v=5gi7M5uuqOw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c7b47cfd-f36a-4390-a206-4517de1e0ece'',''assetType'': ''STY'',''pageCounter'': ''punjabi.india.story.54732292.page'',''title'': ''ਜਦੋਂ ਜਹਾਂਗੀਰ ਨੇ ਗੁਰੂ ਅਰਜੁਨ ਦੇਵ ’ਤੇ ਜੁਰਮਾਨਾ ਲਾਇਆ ਤਾਂ ਉਨ੍ਹਾਂ ਦੇ ਜਹਾਂਗੀਰ ਨੂੰ ਕੀ ਜਵਾਬ ਦਿੱਤਾ'',''author'': ''ਰੇਹਾਨ ਫ਼ਜਲ '',''published'': ''2020-10-30T11:05:45Z'',''updated'': ''2020-10-30T11:05:45Z''});s_bbcws(''track'',''pageView'');

Related News