ਆਈਪੀਐਲ: ਪੰਜਾਬ ਦੀ ਟੀਮ ਦਾ ਇਹ ਖਿਡਾਰੀ ਹੀਰੋ ਨਾਲੋਂ ਘੱਟ ਨਹੀਂ ਸੀ ਪਰ ਫਿਰ ਵੀ ਇਸ ਦੇ ਕਰਕੇ ਹੀ ਟੀਮ ਨੂੰ ਦਿੱਲੀ ਤੋਂ ਮਿਲੀ ਸੀ ਹਾਰ

09/21/2020 10:08:49 AM

ਆਈਪੀਐਲ 2020 ਦੇ ਦੂਜੇ ਮੁਕਾਬਲੇ ''ਚ ਦਿੱਲੀ ਕੈਪਿਟਲਜ਼ ਦਾ ਮੁਕਾਬਲਾ ਕਿੰਗਜ਼ ਇਲੈਵਨ ਪੰਜਾਬ ਨਾਲ ਹੋਇਆ।

ਸੀਜ਼ਨ ਦਾ ਇਹ ਦੂਜਾ ਮੈਚ ਸੀ ਅਤੇ ਇਹ ਸੁਪਰ ਓਵਰ ਨਾਲ ਖ਼ਤਮ ਹੋਇਆ। ਇਹ ਕ੍ਰਿਕਟ ਦਾ ਹੀ ਰੋਮਾਂਚ ਹੈ ਕਿ ਜਿਹੜੀ ਦਿੱਲੀ ਦੀ ਟੀਮ ਪਹਿਲੇ ਦਸ ਓਵਰਾਂ ''ਚ ਕੁੱਝ ਖਾਸ ਨਾ ਕਰ ਸਕੀ ਸੀ ਉਸ ਦੀ ਝੋਲੀ ਹੀ ਇਹ ਮੈਚ ਪਿਆ। ਦੂਜੇ ਪਾਸੇ ਜਿੱਤ ਦੇ ਬਹੁਤ ਨਜ਼ਦੀਕ ਪਹੁੰਚ ਕੇ ਵੀ ਕਿੰਗਜ਼ ਇਲੈਵਨ ਪੰਜਾਬ ਨੂੰ ਹਾਰ ਦਾ ਮੂੰਹ ਵੇਖਣਾ ਪਿਆ।

ਇਸ ਮੈਚ ''ਚ ਜਿੱਥੇ ਇੱਕ ਪਾਸੇ ਨਵੇਂ ਖਿਡਾਰੀਆਂ ਨੇ ਆਪਣੀ ਖੇਡ ਵਿਖਾਈ, ਉੱਥੇ ਹੀ ਕੁੱਝ ਪੁਰਾਣੇ ਖਿਡਾਰੀਆਂ ਨੇ ਵੀ ਸਿੱਧ ਕੀਤਾ ਕਿ ਅੱਜ ਵੀ ਉਨ੍ਹਾਂ ਦਾ ਜਲਵਾ ਕਾਇਮ ਹੈ।

ਬੀਤੀ ਰਾਤ ਹੋਏ ਇਸ ਮੈਚ ''ਚ ਕੀ ਕੁੱਝ ਰਿਹਾ ਖਾਸ, ਇਸ ਬਾਰੇ ਕਰਦੇ ਹਾਂ ਚਰਚਾ।

ਇਹ ਵੀ ਪੜ੍ਹੋ

ਸੁਪਰ ਓਵਰ ਦਾ ਰੋਮਾਂਚ

ਸੁਪਰ ਓਵਰ ''ਚ ਦੋਵਾਂ ਟੀਮਾਂ ਨੂੰ 6-6 ਗੇਂਦਾਂ ਮਿਲਦੀਆਂ ਹਨ ਅਤੇ ਇੰਨ੍ਹਾਂ ਗੇਂਦਾ ''ਤੇ ਹੀ ਮੈਚ ਦੀ ਜਿੱਤ-ਹਾਰ ਦਾ ਫ਼ੈਸਲਾ ਹੁੰਦਾ ਹੈ। ਪੰਜਾਬ ਦੀ ਟੀਮ ਇਸ ਸੁਪਰ ਓਵਰ ਦਾ ਵਧੇਰੇ ਫਾਇਦਾ ਨਾ ਚੁੱਕ ਸਕੀ ਅਤੇ ਉਨ੍ਹਾਂ ਦੇ ਬੱਲੇਬਾਜ਼ 3 ਗੇਂਦਾਂ ''ਤੇ ਸਿਰਫ 2 ਦੌੜਾਂ ਬਣਾਉਣ ''ਚ ਹੀ ਕਾਮਯਾਬ ਹੋਏ।

ਕਪਤਾਨ ਕੇ ਐਲ ਰਾਹੁਲ ਨੇ ਦੋ ਦੌੜਾਂ ਬਣਾਈਆਂ ਅਤੇ ਕਾਗਿਸੋ ਰਬਾਡਾ ਦੀ ਗੇਂਦ ''ਤੇ ਆਊਟ ਹੋ ਗਏ। ਇਸ ਤੋਂ ਅਗਲੀ ਗੇਂਦ ''ਤੇ ਨਿਕੋਲਸ ਪੂਰਨ ਵੀ ਕਲੀਨ ਬੋਲਡ ਹੋ ਗਏ ਅਤੇ ਵਾਪਸ ਪਵੀਲੀਅਨ ਪਰਤ ਗਏ। ਪੂਰਨ ਨੇ ਤਾਂ 20 ਓਵਰਾਂ ''ਚ ਵੀ ਆਪਣਾ ਖਾਤਾ ਹੀ ਨਹੀਂ ਖੋਲ੍ਹਿਆ ਸੀ।

ਦਿੱਲੀ ਦੀ ਟੀਮ ਅੱਗੇ ਹੁਣ 3 ਦੌੜਾਂ ਦਾ ਟੀਚਾ ਸੀ। ਮੁਹੰਮਦ ਸ਼ਮੀ ਨੇ ਦੂਜੀ ਗੇਂਦ ਵਾਈਡ ਪਾਈ ਅਤੇ ਉਸ ਤੋਂ ਬਾਅਦ ਰਿਸ਼ਭ ਪੰਤ ਨੇ ਦੋ ਦੌੜਾਂ ਲੈ ਕੇ ਟੀਮ ਨੂੰ ਜਿੱਤ ਦਿਵਾਈ।

ਸੁਪਰ ਓਵਰ ''ਚ ਰਬਾਡਾ ਨੰ.1

ਕਾਗਿਸੋ ਰਬਾਡਾ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਸੁਪਰ ਓਵਰ ਦੇ ਦਬਾਅ ਦੇ ਪਲਾਂ ''ਚ ਵੀ ਉਹ ਸਹਿਜ ਅਤੇ ਪੂਰੇ ਨਿਯੰਤਰਣ ਨਾਲ ਗੇਂਦਬਾਜ਼ੀ ਕਰਨਾ ਜਾਣਦੇ ਹਨ।

ਪਹਿਲਾਂ ਤਾਂ ਉਨ੍ਹਾਂ ਨੇ ਤੇਜ਼ ਬੱਲੇਬਾਜ਼ੀ ਲਈ ਮਸ਼ਹੂਰ ਕੇ ਐਲ ਰਾਹੁਲ ਨੂੰ ਆਊਟ ਕੀਤਾ ਅਤੇ ਅਗਲੀ ਹੀ ਗੇਂਦ ''ਤੇ ਵੈਸਟ ਇੰਡੀਜ਼ ਦੇ ਨਿਕੋਲਸ ਪੂਰਨ ਨੂੰ ਕਲੀਨ ਬੋਲਡ ਕਰਕੇ ਦੂਜੀ ਵਿਕਟ ਲਈ।

ਰਬਾਡਾ ਮੌਜੂਦਾ ਦੌਰ ਦੇ ਸਭ ਤੋਂ ਪ੍ਰਤੀਭਾਵਾਨ ਗੇਂਦਬਾਜ਼ਾਂ ''ਚ ਇੱਕ ਹਨ। ਟੀ-20 ''ਚ ਤਾਂ ਉਹ ਬਹੁਤ ਵਾਰ ਅਜਿਹੇ ਦਬਾਅ ਅਤੇ ਨਾਜ਼ੁਕ ਮੌਕਿਆਂ ''ਤੇ ਟੀਮ ਨੂੰ ਜਿੱਤ ਦਵਾ ਚੁੱਕੇ ਹਨ।

ਆਈਪੀਐਲ ਦੇ ਪਿਛਲੇ ਹੀ ਸੀਜ਼ਨ ''ਚ ਉਨ੍ਹਾਂ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਸਾਹਮਣੇ ਆਂਦਰੇ ਰਸੇਲ ਨੂੰ ਆਪਣੀ ਯਾਕਰ ਨਾਲ ਆਊਟ ਕਰਕੇ ਸੁਪਰ ਓਵਰ ''ਚ ਮੈਚ ਆਪਣੇ ਨਾਂਅ ਕੀਤਾ ਸੀ।

ਦਿੱਲੀ ਦੇ ਜਿੰਨ੍ਹਾਂ ਖਿਡਾਰੀਆਂ ਨੇ ਇਸ ਮੈਚ ''ਚ ਆਪਣਾ ਦਮਖ਼ਮ ਵਿਖਾਇਆ, ਉਨ੍ਹਾਂ ''ਚ ਰਬਾਡਾ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ, ਕਿਉਂਕਿ ਸੁਪਰ ਓਵਰ ''ਚ ਮੈਚ ਪਹੁੰਚਾਉਣ ਲਈ ਸਟੋਇਨਿਸ ਦੀ ਗੇਂਦ ''ਤੇ ਜਾਰਡਨ ਦਾ ਬਿਹਤਰੀਨ ਕੈਚ ਰਬਾਡਾ ਨੇ ਹੀ ਫੜਿਆ ਸੀ।

ਪਰ ਉਸ ਤੋਂ ਵੀ ਵੱਧ ਹਰਫਨਮੌਲਾ ਮਾਰਕਸ ਸਟੋਇਨੀਸ ਦਾ ਯੋਗਦਾਨ ਰਿਹਾ।

ਮਾਰਕਸ ਸਟੋਇਨੀਸ ਦਾ ਦਮਦਾਰ ਪ੍ਰਦਰਸ਼ਨ

ਦਰਅਸਲ ਜਿਸ ਖਿਡਾਰੀ ਕਰਕੇ ਦਿੱਲੀ ਨੂੰ ਜਿੱਤ ਹਾਸਲ ਹੋਈ ਹੈ, ਉਹ ਹੈ ਮਾਰਕਸ ਸਟੋਇਨੀਸ। ਪਹਿਲਾਂ ਤਾਂ ਉਨ੍ਹਾਂ ਨੇ ਦਿੱਲੀ ਦੀ ਬੱਲੇਬਾਜ਼ੀ ਨੂੰ ਮਜ਼ਬੂਤ ਕੀਤਾ।

ਉਨ੍ਹਾਂ ਦੀ ਟੀਮ ਪਹਿਲੇ 10 ਓਵਰਾਂ ''ਚ 50 ਦੌੜਾਂ ਵੀ ਨਹੀਂ ਬਣਾ ਪਾਈ ਸੀ, ਪਰ ਸਟੋਇਨੀਸ ਨੇ ਆਖ਼ਰੀ ਪੰਜ ਓਵਰਾਂ ''ਚ ਆਪਣੀ ਬੱਲੇਬਾਜ਼ੀ ਦਾ ਕਮਾਲ ਵਿਖਾਉਂਦਿਆਂ ਟੀਮ ਨੂੰ ਜਿੱਤ ਦੇ ਨਜ਼ਦੀਕ ਲੈ ਆਉਂਦਾ।

ਦਿੱਲੀ ਨੇ ਇੰਨ੍ਹਾਂ ਓਵਰਾਂ ''ਚ 64 ਦੌੜਾਂ ਬਣਾਈਆਂ। ਸਟੋਇਨੀਸ ਨੇ 21 ਗੇਂਦਾਂ ''ਤੇ 53 ਦੌੜਾਂ ਬਣਾਈਆਂ ਜਿਸ ''ਚ 7 ਚੌਕੇ ਅਤੇ 3 ਛੱਕੇ ਵੀ ਸ਼ਾਮਲ ਸਨ।

ਉਨ੍ਹਾਂ ਦੀ ਕਮਾਲ ਦੀ ਬੱਲੇਬਾਜ਼ੀ ਦਾ ਅੰਦਾਜ਼ਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਆਖ਼ਰੀ ਓਵਰ ''ਚ ਉਨ੍ਹਾਂ ਨੇ 30 ਦੌੜਾਂ ਬਣਾਈਆਂ।

ਪਰ ਉਨ੍ਹਾਂ ਦੀ ਇਸ ਬਾਕਮਾਲ ਪਾਰੀ ਨੂੰ ਪੰਜਾਬ ਦੇ ਮਯੰਕ ਅਗਰਵਾਲ ਨੇ ਆਪਣੇ ਹੀ ਬਲਬੂਤੇ ਖ਼ਤਮ ਕਰ ਦਿੱਤਾ ਸੀ। ਇਸ ਲਈ ਮੈਚ ਦਾ ਆਖਰੀ ਓਵਰ ਮਾਰਕਸ ਨੂੰ ਮਿਲਿਆ।

ਪੰਜਾਬ ਨੂੰ ਜਿੱਤ ਲਈ 6 ਗੇਂਦਾਂ ''ਤੇ 13 ਦੌੜਾਂ ਦੀ ਜ਼ਰੂਰਤ ਸੀ ਅਤੇ ਮਯੰਕ ਨੇ ਉਸ ਦੀਆਂ ਗੇਂਦਾਂ ''ਤੇ 12 ਰਨ ਠੋਕ ਦਿੱਤੇ। ਪਰ ਸਟੋਇਨੀਸ ਨੂੰ ਪਤਾ ਸੀ ਕਿ ਇੱਕ ਗੇਂਦ ਵੀ ਮੈਚ ਦਾ ਰੁਖ਼ ਬਦਲ ਸਕਦੀ ਹੈ।

ਉਨ੍ਹਾਂ ਨੇ ਆਖਰੀ ਮੈਚ ਦੀਆਂ ਅੰਤਿਮ 2 ਗੇਂਦਾਂ ''ਚ 2 ਵਿਕਟਾਂ ਲੈ ਕੇ ਮੈਚ ਨੂੰ ਸੁਪਰ ਓਵਰ ''ਚ ਪਹੁੰਚਾ ਦਿੱਤਾ। ਸੁਪਰ ਓਵਰ ''ਚ ਦਿੱਲੀ ਦੀ ਟੀਮ ਬਹੁਤ ਹੀ ਆਸਾਨੀ ਨਾਲ ਇਹ ਮੈਚ ਜਿੱਤ ਗਈ। ਇਸੇ ਕਰਕੇ ਹੀ ਉਸ ਨੂੰ ''ਪਲੇਅਰ ਆਫ਼ ਦ ਮੈਚ'' ਨਾਲ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ

https://www.youtube.com/watch?v=xWw19z7Edrs

ਜਿਤ ਦੇ ਬਿਲਕੁੱਲ ਨਜ਼ਦੀਕ ਆ ਕੇ ਵੀ ਕਿਵੇਂ ਖੁੰਝ ਗਏ ਮਯੰਕ ਅਗਰਵਾਲ

ਮਯੰਕ ਪੰਜਾਬ ਦੀ ਟੀਮ ਵੱਲੋਂ ਪਾਰੀ ਸ਼ੁਰੂਆਤ ਕਰਨ ਲਈ ਮੈਦਾਨ ''ਚ ਉਤਰੇ। ਉਨ੍ਹਾਂ ਨੇ ਆਪਣੀ ਬੱਲੇਬਾਜ਼ੀ ਨਾਲ ਨਾ ਸਿਰਫ ਟੀਮ ਦੇ ਸਕੋਰ ਬੋਰਡ ਨੂੰ ਮਜ਼ਬੂਤ ਕੀਤਾ ਬਲਕਿ ਜਿੱਤ ਦੇ ਬਿਲਕੁੱਲ ਨਜ਼ਦੀਕ ਵੀ ਪਹੁੰਚਾਇਆ।

ਜਦੋਂ ਵੀ ਇਹ ਮਹਿਸੂਸ ਹੋਇਆ ਕਿ ਟੀਮ ''ਤੇ ਦਬਾਅ ਵੱਧ ਰਿਹਾ ਹੈ ਤਾਂ ਉਦੋਂ ਹੀ ਮਯੰਕ ਦੇ ਬੱਲੇ ਨੇ ਛੱਕੇ-ਚੌਕਿਆਂ ਨਾਲ ਆਪਣੀ ਟੀਮ ਨੂੰ ਮੈਚ ''ਚ ਬਣਾਏ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ।

ਪੰਜਾਬ ਦੀ ਟੀਮ ਦੀਆਂ 10 ਓਵਰਾਂ ''ਚ 5 ਵਿਕਟਾਂ ਦੇ ਨੁਕਸਾਨ ''ਤੇ 55 ਦੌੜਾਂ ਸਨ। ਪਰ ਮਯੰਕ ਨੇ ਹਿੰਮਤ ਨਾ ਹਾਰੀ। 19ਵੇਂ ਓਵਰ ਦੀ 5ਵੀਂ ਗੇਂਦ ''ਤੇ ਉਹ ਕੈਚ ਆਊਟ ਹੋ ਗਏ।

ਉਨ੍ਹਾਂ ਨੇ 60 ਗੇਂਦਾਂ ''ਚ 7 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 89 ਦੌੜਾਂ ਦਾ ਯੋਗਦਾਨ ਦਿੱਤਾ। ਪਰ ਉਨ੍ਹਾਂ ਦੀ ਮਿਹਤਨ ਉਸ ਸਮੇਂ ਕਿਸੇ ਕੰਮ ਦੀ ਨਾ ਰਹੀ ਜਦੋਂ ਟੀਮ ਸੁਪਰ ਓਵਰ ''ਚ ਮੈਚ ਆਪਣੇ ਨਾਂਅ ਨਾ ਕਰ ਸਕੀ।

ਪੰਜਾਬ ਦੀ ਹਾਰ ਲਈ ਸਭ ਤੋਂ ਵੱਧ ਜ਼ਿੰਮੇਵਾਰ ਕੌਣ…

ਪੰਜਾਬ ਦੀ ਟੀਮ ਦੀ ਹਾਰ ਦੀ ਸਭ ਤੋਂ ਵੱਧ ਜ਼ਿੰਮੇਵਾਰੀ ਹਰਫ਼ਨਮੌਲਾ ਕ੍ਰਿਸ ਜਾਰਡਨ ਦੀ ਰਹੀ। ਜਦੋਂ ਤੁਸੀਂ ਵੀ ਜਾਰਡਨ ਦੀ ਇਸ ਮੈਚ ਦੀ ਕਾਰਗੁਜ਼ਾਰੀ ਵੇਖੋਗੇ ਤਾਂ ਤੁਸੀਂ ਵੀ ਸਹਿਜੇ ਹੀ ਉਸ ਨੂੰ ਹੀ ਇਸ ਹਾਰ ਦਾ ਸਹੀ ਜ਼ਿੰਮੇਵਾਰ ਕਹੋਗੇ।

ਕ੍ਰਿਸ ਦੀ ਗੇਂਦਬਾਜ਼ੀ ''ਤੇ ਹੀ ਦਿੱਲੀ ਦੇ ਬੱਲੇਬਾਜ਼ਾਂ ਨੇ ਆਖਰੀ ਓਵਰ ''ਚ 30 ਦੌੜਾਂ ਬਣਾਈਆਂ ਅਤੇ ਸਟੋਇਨੀਸ ਨੇ ਤਾਂ 2 ਛੱਕਿਆਂ ਅਤੇ 3 ਚੌਕਿਆਂ ਦੀ ਮਦਦ ਨਾਲ ਦਿੱਲੀ ਦਾ ਸਕੋਰ ਬੋਰਡ 150 ਤੋਂ ਪਾਰ ਕਰ ਦਿੱਤਾ।

ਕ੍ਰਿਸ ਜਾਰਡਨ ਨੇ ਚਾਰ ਓਵਰਾਂ ''ਚ 59 ਦੌੜਾਂ ਦਿੱਤੀਆਂ। ਇੰਨ੍ਹਾਂ ਦੌੜਾਂ ਨੇ ਹੀ ਪੰਜਾਬ ਲਈ ਹਾਰ ਦਾ ਰਾਹ ਖੋਲ੍ਹਿਆ।

ਹਾਲਾਂਕਿ ਇਸ ਮੈਚ ''ਚ ਜਾਰਡਨ ਨੂੰ ਟੀਮ ਦਾ ਹੀਰੋ ਬਣਨ ਦਾ ਮੌਕਾ ਵੀ ਮਿਲਿਆ ਸੀ। ਉਨ੍ਹਾਂ ਸਾਹਮਣੇ ਮੈਚ ਦੀ ਆਖ਼ਰੀ ਗੇਂਦ ''ਤੇ 1 ਦੌੜ ਬਣਾਉਣ ਦੀ ਚੁਣੌਤੀ ਸੀ ਪਰ ਉਨ੍ਹਾਂ ਨੇ ਲੇਗ ਸਟੰਪ ''ਤੇ ਆ ਰਹੀ ਗੇਂਦ ਨੂੰ ਸਿੱਧਾ ਰਬਾਡਾ ਦੇ ਹੱਥਾਂ ''ਚ ਪਹੁੰਚਾ ਦਿੱਤਾ ਅਤੇ ਇਸ ਦੇ ਸਦਕਾ ਹੀ ਮੈਚ ਸੁਪਰ ਓਵਰ ''ਚ ਪਹੁੰਚ ਗਿਆ। ਜਾਰਡਨ ਇਸ ਮੌਕੇ ਦਾ ਫਾਇਦਾ ਨਾ ਚੁੱਕ ਸਕੇ।

ਦੋਵਾਂ ਹੀ ਟੀਮਾਂ ਦੇ ਕਪਤਾਨ ਕੁੱਝ ਖਾਸ ਨਾ ਕਰ ਸਕੇ

ਇਸ ਮੁਕਾਬਲੇ ''ਚ ਦੋਵਾਂ ਹੀ ਟੀਮਾਂ ਦੇ ਕਪਤਾਨ ਆਪਣਾ ਦਮਖ਼ਮ ਨਾ ਵਿਖਾ ਸਕੇ। ਟੀਮ ਦੇ ਕਪਤਾਨ ਹੋ ਕੇ ਵੀ ਉਨ੍ਹਾਂ ਨੇ ਆਪਣੀ ਕਾਰਗੁਜ਼ਾਰੀ ਨਾਲ ਸਭਨਾਂ ਨੂੰ ਨਿਰਾਸ਼ ਹੀ ਕੀਤਾ।

ਪੰਜਾਬ ਦੇ ਕਪਤਾਨ ਕੇ ਐਲ ਰਾਹੁਲ ਦੋਵਾਂ ਮੌਕਿਆਂ ''ਤੇ ਆਪਣੇ ਬੱਲੇ ਦਾ ਧਮਾਲ ਵਿਖਾਉਣ ''ਚ ਅਸਫਲ ਰਹੇ। ਇਸ ਤੋਂ ਇਲਾਵਾ ਸੁਪਰ ਓਵਰ ''ਚ ਮਯੰਕ ਨੂੰ ਨਾ ਭੇਜਣ ਦੇ ਉਨ੍ਹਾਂ ਦੇ ਫ਼ੈਸਲੇ ''ਤੇ ਵੀ ਸਵਾਲ ਉੱਠ ਰਹੇ ਹਨ।

ਇਹ ਗੱਲ ਠੀਕ ਹੈ ਕਿ ਲਗਭਗ ਪੂਰਾ ਮੈਚ ਖੇਡਣ ਕਰਕੇ ਮਯੰਕ ਸ਼ਾਇਦ ਥੱਕ ਗਏ ਹੋਣਗੇ ਅਤੇ ਉੱਤੋਂ ਦੁਬਈ ਦੀ ਗਰਮੀ ਅਤੇ ਨਮੀ ਤੋਂ ਵੀ ਪ੍ਰੇਸ਼ਾਨ ਹੋਣਗੇ ਪਰ ਗੱਲ ਤਾਂ ਸਿਰਫ 6 ਗੇਂਦਾਂ ਦੀ ਹੀ ਸੀ।

ਵੇਸੇ ਵੀ ਉਹ ਪੂਰੀ ਫੋਰਮ ''ਚ ਸਨ। ਮਯੰਕ ਨੂੰ ਸੁਪਰ ਓਵਰ ਤੋਂ ਬਾਹਰ ਰੱਖਣ ਦਾ ਫ਼ੈਸਲਾ ਵੀ ਪੰਜਾਬ ਦੀ ਹਾਰ ਦਾ ਕਾਰਨ ਬਣਿਆ ਹੈ।

ਦੂਜੇ ਪਾਸੇ ਦਿੱਲੀ ਦੇ ਕਪਤਾਨ ਸ਼੍ਰੇਅਸ ਆਇਯਰ ਵੀ ਕੁੱਝ ਜ਼ਿਆਦਾ ਨਹੀਂ ਕਰ ਪਾਏ। ਉਨ੍ਹਾਂ ਨੇ 30 ਦੌੜਾਂ ਤਾਂ ਬਣਾਈਆਂ ਪਰ ਉਨ੍ਹਾਂ ਦੀ ਟੀਮ ਵਧੇਰੇ ਮੌਕਿਆਂ ''ਤੇ ਬੈਕਫੁੱਟ ''ਤੇ ਹੀ ਵਿਖਾਈ ਦਿੱਤੀ।

19ਵੇਂ ਓਵਰ ''ਚ ਉਨ੍ਹਾਂ ਨੇ ਰਬਾਡਾ ਦੀ ਗੇਂਦ ''ਤੇ ਨਾ ਸਿਰਫ ਮਯੰਕ ਦਾ ਕੈਚ ਛੱਡ ਦਿੱਤਾ ਸੀ, ਸਗੋਂ ਉਹ ਗੇਂਦ ਨੂੰ ਬਾਊਂਡਰੀ ਤੋਂ ਪਾਰ ਜਾਣ ਤੋਂ ਵੀ ਰੋਕ ਨਾ ਸਕੇ।

ਸ਼ਿਖਰ ਧਵਨ ਅਤੇ ਗਲੇਨ ਮੈਕਸਵੇਲ ਦਾ ਜਾਦੂ ਨਹੀਂ ਚੱਲਿਆ

ਦਿੱਲੀ ਨੂੰ ਸ਼ਿਖਰ ਧਵਨ ਤੋਂ ਬਹੁਤ ਉਮੀਦਾਂ ਸਨ, ਪਰ ਉਹ ਆਪਣਾ ਜਾਦੂ ਨਾ ਵਿਖਾ ਸਕੇ। ਦੂਜੇ ਓਵਰ ''ਚ ਮੁਹੰਮਦ ਸ਼ਮੀ ਦੀ ਗੇਂਦ ''ਤੇ ਪੰਜਾਬ ਦੇ ਕਪਤਾਨ ਅਤੇ ਵਿਕਟਕੀਪਰ ਰਾਹੁਲ ਤੋਂ ਕੈਚ ਛੁੱਟ ਗਿਆ ਪਰ ਧਵਨ ਬਹੁਤ ਹੀ ਆਰਾਮ ਨਾਲ ਦੌੜ ਲੈਣ ਲਈ ਭੱਜ ਤੁਰੇ।

ਰਾਹੁਲ ਨੇ ਬਹੁਤ ਹੀ ਫੁਰਤੀ ਨਾਲ ਗੇਂਦ ਵਿਕੇਟ ''ਤੇ ਮਾਰੀ, ਜਿਸ ਨਾਲ ਧਵਨ ਰਨਆਊਟ ਹੋ ਗਏ। ਧਵਨ ਨੇ ਪਿੱਛੇ ਮੁੜਣ ਦੀ ਕੋਸ਼ਿਸ਼ ਤਾਂ ਕੀਤੀ ਪਰ ਉਹ ਨਾ ਆਰ ਦੇ ਰਹੇ ਨਾ ਪਾਰ ਦੇ।

ਦੂਜੇ ਪਾਸੇ ਪੰਜਾਬ ਦੇ ਗਲੇਨ ਮੈਕਸਵੇਲ ਨੇ ਵੀ ਟੀਮ ਨੂੰ ਨਿਰਾਸ਼ ਹੀ ਕੀਤਾ।

ਇੰਗਲੈਂਡ ਖ਼ਿਲਾਫ ਆਪਣੇ ਆਖ਼ਰੀ ਇੱਕ ਰੋਜ਼ਾ ਮੈਚ ''ਚ ਧਮਾਕੇਦਾਰ ਸੈਂਕੜਾ ਬਣਾਉਣ ਵਾਲੇ ਮੈਕਸਵੈਲ ਨੇ ਪੰਜਾਬ ਦੀਆਂ ਉਮੀਦਾਂ ''ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਨੇ 4 ਗੇਂਦਾਂ ''ਚ ਸਿਰਫ 1 ਹੀ ਦੌੜ ਲਈ।

ਮੁਹੰਮਦ ਸ਼ਮੀ ਅਤੇ ਆਰ ਅਸ਼ਵਿਨ ਦਾ ਰਿਹਾ ਬੋਲਬਾਲਾ

ਪੰਜਾਬ ਦੀ ਟੀਮ ਵੱਲੋਂ ਮੁਹੰਮਦ ਸ਼ਮੀ ਨੇ 4 ਓਵਰਾਂ ''ਚ 15 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਆਈਪੀਐਲ ''ਚ ਇਹ ਉਨ੍ਹਾਂ ਦੀ ਹੁਣ ਤੱਕ ਦੀ ਸਭ ਤੋਂ ਬਿਹਤਰੀਨ ਕਾਰਗੁਜ਼ਾਰੀ ਰਹੀ ਹੈ।

ਦੂਜੇ ਪਾਸੇ ਦਿੱਲੀ ਦੇ ਆਰ ਅਸ਼ਵਿਨ ਨੇ ਸਿਰਫ 1 ਓਵਰ ''ਚ 2 ਵਿਕਟਾਂ ਹਾਸਲ ਕੀਤੀਆਂ।ਹਾਲਾਂਕਿ 1 ਓਵਰ ਤੋਂ ਬਾਅਦ ਉਹ ਮੈਦਾਨ ਤੋਂ ਬਾਹਰ ਹੋ ਗਏ ਕਿਉਂਕਿ ਉਹ ਖੁਦ ਨੂੰ ਫਿੱਟ ਮਹਿਸੂਸ ਨਹੀਂ ਕਰ ਰਹੇ ਸਨ।

ਪਰ ਉਨ੍ਹਾਂ ਦਾ ਇਹ ਇੱਕ ਹੀ ਓਵਰ ਮੈਚ ਲਈ ਟਰਨਿੰਗ ਪੁਆਇੰਟ ਸਿੱਧ ਹੋਇਆ।

ਰਵੀ ਬਿਸ਼ਨੋਈ ਨੇ ਵਿਖਾਇਆ ਆਪਣਾ ਜਲਵਾ

ਇਸ ਮੈਚ ''ਚ ਸਾਰੇ ਮੰਨੇ-ਪ੍ਰਮੰਨੇ ਖਿਡਾਰੀਆਂ ਵਿਚਾਲੇ ਜੋਧਪੁਰ ਦੇ ਨੌਜਵਾਨ ਰਵੀ ਬਿਸ਼ਨੋਈ ਵੀ ਆਪਣਾ ਕਮਾਲ ਵਿਕਾਉਣ ''ਚ ਸਫਲ ਰਹੇ।

20 ਸਾਲ ਦੇ ਇਸ ਲੇਗ ਬ੍ਰੇਕ ਗੇਂਦਬਾਜ਼ ਨੇ 4 ਓਵਰਾਂ ''ਚ ਆਪਣੀ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਹੈਰਾਨ ਕੀਤਾ।ਆਪਣੇ ਪਹਿਲੇ ਆਈਪੀਐਲ ਮੈਚ ''ਚ ਉਸ ਨੇ ਰਿਸ਼ਭ ਪੰਤ ਦੀ ਵਿਕਟ ਲੈ ਕੇ ਆਪਣਾ ਖਾਤਾ ਵੀ ਖੋਲ੍ਹਿਆ।

ਇਹ ਵੀ ਪੜ੍ਹੋ

ਇਹ ਵੀ ਵੇਖੋ

https://www.youtube.com/watch?v=PpCIrUYN9Ys

https://www.youtube.com/watch?v=o8ZfAEJkxnM

https://www.youtube.com/watch?v=TIWDS0bekss

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5e69c34d-c1d3-4279-af57-3f2070f3a2f3'',''assetType'': ''STY'',''pageCounter'': ''punjabi.india.story.54230878.page'',''title'': ''ਆਈਪੀਐਲ: ਪੰਜਾਬ ਦੀ ਟੀਮ ਦਾ ਇਹ ਖਿਡਾਰੀ ਹੀਰੋ ਨਾਲੋਂ ਘੱਟ ਨਹੀਂ ਸੀ ਪਰ ਫਿਰ ਵੀ ਇਸ ਦੇ ਕਰਕੇ ਹੀ ਟੀਮ ਨੂੰ ਦਿੱਲੀ ਤੋਂ ਮਿਲੀ ਸੀ ਹਾਰ'',''author'': ''ਪ੍ਰਦੀਪ ਕੁਮਾਰ'',''published'': ''2020-09-21T04:26:09Z'',''updated'': ''2020-09-21T04:26:09Z''});s_bbcws(''track'',''pageView'');

Related News