ਊਸ਼ਾ ਮਹਿਤਾ: ਭਾਰਤ ਦੀ ਅਜ਼ਾਦੀ ਲਈ ਖ਼ੂਫੀਆ ਰੇਡੀਓ ਚਲਾਉਣ ਵਾਲੀ ਔਰਤ

08/15/2020 3:22:05 PM

ਊਸ਼ਾ ਮਹਿਤਾ 22 ਸਾਲਾਂ ਦੀ ਸੀ ਜਦੋਂ ਉਹ ਬ੍ਰਿਟੇਨ ਤੋਂ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਹਿੱਸਾ ਪਾਉਣ ਖ਼ਾਤਰ ਇੱਕ ਖ਼ੂਫੀਆ ਰੈਡੀਓ ਸਟੇਸ਼ਨ ਚਲਾਉਣ ਲਈ "ਅੰਡਰਗਰਾਊਂਡ" ਹੋ ਗਈ ਸੀ। ਇਹ ਰਿਪੋਰਟ ਬੀਬੀਸੀ ਗੁਜਰਾਤੀ ਸੇਵਾ ਦੇ ਪਾਰਥ ਪਾਂਡਿਆ ਅਤੇ ਰਵੀ ਪਰਮਾਰ ਦੀ ਹੈ।

ਮਹਾਤਮਾ ਗਾਂਧੀ ਅਤੇ ਅਜ਼ਾਦੀ ਲਹਿਰ ਦੇ ਹੋਰ ਆਗੂਆਂ ਨੇ 8 ਅਗਸਤ 1942 ਨੂੰ ਦੇਸ਼ ਵਾਸੀਆਂ ਨੂੰ ਕਰੋ ਜਾਂ ਮਰੋ ਦਾ ਨਾਅਰਾ ਦਿੱਤਾ ਕਿ ਜਾਂ ਤਾਂ ਅਸੀਂ ਦੇਸ਼ ਨੂੰ ਅਜ਼ਾਦ ਕਰਵਾਈਏ ਜਾਂ ਇਸ ਯਤਨ ਵਿੱਚ ਮਾਰੇ ਜਾਈਏ।

ਭਾਰਤ ਛੱਡੋ ਅੰਦੋਲਨ ਦੌਰਾਨ ਦਿੱਤੇ ਇਸ ਮਸ਼ਹੂਰ ਭਾਸ਼ਣ ਨੇ 22 ਸਾਲਾਂ ਦੀ ਇੱਕ ਮੁਟਿਆਰ ਕੁੜੀ ਊਸ਼ਾ ਮਹਿਤਾ ਦਾ ਨਾਂਅ ਇਤਿਹਾਸ ਦੀਆਂ ਕਿਤਾਬਾਂ ਵਿੱਚ ਦਰਜ ਕਰਵਾ ਦਿੱਤਾ।

ਗਾਂਧੀ ਦੇ ਸ਼ਬਦਾਂ ਤੋਂ ਪ੍ਰਭਾਵਿਤ ਮਹਿਤਾ ਨੇ ਕੁਝ ਹੋਰ ਨੌਜਵਾਨ ਅਜ਼ਾਦੀ ਘੁਲਾਟੀਆਂ ਨਾਲ ਮਿਲ ਕੇ ਇੱਕ ਹਫ਼ਤੇ ਦੇ ਅੰਦਰ ਹੀ ਇੱਕ ਖ਼ੂਫੀਆ ਰੇਡੀਓ ਸਟੇਸ਼ਨ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ:

ਊਸ਼ਾ ਮਹਿਤਾ ਨੇ ਸਾਲ 1969 ਵਿੱਚ ਦਿੱਤੇ ਇੱਕ ਇੰਟਰਵੀਊ ਵਿੱਚ ਦੱਸਿਆ ਸੀ, "ਜਦੋਂ ਪ੍ਰੈੱਸ ਉੱਪਰ ਪਾਬੰਦੀ ਹੋਵੇ ਤਾਂ ਟਰਾਂਸਮਿਸ਼ਨ ਬਾਗੀਆਂ ਨੂੰ ਦੇਸ਼ ਦੇ ਦੂਰ-ਦੁਰਾਡੇ ਹਿੱਸਿਆਂ ਵਿੱਚ ਸੁਨੇਹਾ ਪਹੁੰਚਾਉਣ ਵਿੱਚ ਇੱਕ ਬਹੁਤ ਵੱਡੀ ਮਦਦ ਕਰਦਾ ਹੈ।"

ਅਗਲੇ ਕੁਝ ਮਹੀਨੇ ਉਨ੍ਹਾਂ ਨੇ ਭਾਰਤ ਦੀ ਅਜ਼ਾਦੀ ਦੀ ਲੜਾਈ ਨਾਲ ਜੁੜੀਆਂ ਖ਼ਬਰਾਂ ਸੁਣਾਈਆਂ ਅਤੇ ਲੋਕਾਂ ਨੂੰ ਇਸ ਘੋਲ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ।

ਉਹ ਮਾਈਕ੍ਰੋਫੋਨ ਦੇ ਪਿੱਛੇ ਭਾਵੇਂ ਥੋੜ੍ਹਾ ਸਮਾਂ ਹੀ ਰਹਿੰਦੇ ਹੋਣ ਪਰ ਉਨ੍ਹਾਂ ਦਾ ਅਸਰ ਬਹੁਤ ਸ਼ਕਤੀਸ਼ਾਲੀ ਸੀ।

ਭਾਰਤ ਛੱਡੋ ਅੰਦੋਲਨ ਜੰਗਲ ਦੀ ਅੱਗ ਵਾਂਗ ਪੂਰੇ ਦੇਸ਼ ਵਿੱਚ ਫ਼ੈਲ ਗਿਆ। ਦੋ ਸਾਲਾਂ ਦੇ ਅੰਦਰ ਹੀ ਦੇਸ਼ ਭਰ ਵਿੱਚ ਨਾ-ਫੁਰਮਾਨੀ ਲਹਿਰ ਨੇ ਜ਼ੋਰ ਫੜ ਲਿਆ ਅਤੇ ਮੁਜ਼ਾਹਰੇ ਹੋਣ ਲੱਗੇ।

ਇਸੇ ਦੌਰਾਨ ਮਹਿਤਾ ਅਤੇ ਉਸ ਦੇ ਸਾਥੀਆਂ ਨੇ ਵੀ ਆਪਣੀ ਭੂਮਿਕਾ ਨਿਭਾਈ।

ਸਾਲ 1942 ਵਿੱਚ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ
Getty Images
ਸਾਲ 1942 ਵਿੱਚ ਗਾਂਧੀ ਦੀ ਭਾਰਤ ਛੱਡੋ ਅੰਦੋਲਨ ਮੌਕੇ ਦਿੱਤੇ ਭਾਸ਼ਣ ਨੇ ਲੋਕਾਂ ਨੂੰ ਜੋਸ਼ ਨਾਲ ਭਰ ਦਿੱਤਾ।

ਊਸ਼ਾ ਮਹਿਤਾ ਕੌਣ ਸਨ?

ਵਿਰੋਧ ਊਸ਼ਾ ਲਈ ਕੋਈ ਨਵੀਂ ਗੱਲ ਨਹੀਂ ਸੀ। ਉਸ ਦਾ ਜਨਮ ਪੱਛਮੀ ਗੁਜਰਾਤ ਦੇ ਸਾਰਸ ਪਿੰਡ ਵਿੱਚ ਹੋਇਆ ਸੀ।

ਅੱਠਾਂ ਸਾਲਾਂ ਦੀ ਬਾਲ ਉਮਰੇ ਉਨ੍ਹਾਂ ਨੇ ਭਾਰਤ ਵਿੱਚ ਸੰਵਿਧਾਨਿਕ ਸੁਧਾਰਾਂ ਦੀ ਸਿਫ਼ਾਰਿਸ਼ ਕਰਨ ਲਈ ਭੇਜੇ ਗਏ ਸਾਈਮਨ ਕਮਿਸ਼ਨ ਦੇ ਖ਼ਿਲਾਫ਼ ਜ਼ਿੰਦਗੀ ਦੇ ਪਹਿਲੇ ਮੁਜ਼ਾਹਰੇ ਵਿੱਚ ਹਿੱਸਾ ਲਿਆ ਸੀ।

ਨਵੀਨ ਜੋਸ਼ੀ ਦੀ ਕਿਤਾਬ ਫਰੀਡਮ ਫਾਈਟਰਸ ਰਿਮੈਂਬਰਡ ਵਿੱਚ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ, "ਬ੍ਰਿਟਿਸ਼ ਰਾਜ ਦੇ ਖ਼ਿਲਾਫ਼ ਜੋ ਮੈਂ ਪਹਿਲਾ ਨਾਅਰਾ ਲਾਇਆ ਉਹ ਸੀ ''ਸਾਈਮਨ ਗੋ ਬੈਕ"।

17 ਸਾਲਾਂ ਦੀ ਉਮਰ ਵਿੱਚ ਉਨ੍ਹਾਂ ਨੇ ਗਾਂਧੀ ਦੇ ਨਮਕ ਦਾ ਟੈਕਸ ਨਾ ਦੇਣ ਦੇ ਸੱਦੇ ਪ੍ਰਤੀ ਹੁੰਗਾਰਾ ਭਰਿਆ।

ਇਸ ਬਾਰੇ ਕਈ ਸਾਲਾਂ ਬਾਅਦ ਉਨ੍ਹਾਂ ਨੇ ਇੱਕ ਅਖ਼ਬਾਰ ਨੂੰ ਦੱਸਿਆ, "ਮੈਨੂੰ ਕਾਨੂੰਨ ਤੋੜ ਕੇ ਅਤੇ ਦੇਸ਼ ਲਈ ਨਿੱਕਾ ਜਿਹਾ ਕੰਮ ਕਰ ਕੇ ਵੀ ਸੰਤੁਸ਼ਟੀ ਮਿਲੀ।

ਨਾ-ਫੁਰਮਾਨੀ ਲਹਿਰ ਨਾਲ ਜੁੜੇ ਹਰ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਨੇ ਮੁਜ਼ਾਹਰਿਆਂ ਵਿੱਚ ਨਾਅਰੇ ਲਾਏ ਅਤੇ ਵਿਦੇਸ਼ੀ ਵਸਤਾਂ ਦੇ ਬਾਈਕਾਟ ਵਜੋਂ ਚਰਖਾ ਵੀ ਕੱਤਿਆ।

ਉਨ੍ਹਾਂ ਨੇ ਇੱਕ ਵਾਰ ਦੱਸਿਆ, "ਇਸ ਬਾਰੇ ਕਿਸੇ ਪ੍ਰੇਰਣਾ ਦੀ ਲੋੜ ਨਹੀਂ ਸੀ ਮਾਹੌਲ ਹੀ ਇੰਨਾ ਜੋਸ਼ੀਲਾ ਸੀ ਕਿ ਕੋਈ ਵੀ ਪਿੱਛੇ ਨਹੀਂ ਸੀ ਰਿਹਾ।"

ਸਾਲ 1933 ਵਿੱਚ ਊਸ਼ਾ ਦੇ ਪਿਤਾ ਇੱਕ ਜੱਜ ਵਜੋਂ ਰਿਟਾਇਰ ਹੋਏ ਅਤੇ ਪਰਿਵਾਰ ਬੰਬਈ ਆ ਕੇ ਵਸ ਗਿਆ।

ਇੱਥੇ ਹੀ ਉਨ੍ਹਾਂ ਨੇ ਨੌਂ ਸਾਲ ਬਾਅਦ ਗਾਂਧੀ ਦਾ ਇਤਿਹਾਸਕ ਭਾਸ਼ਣ ਸੁਣਿਆ।

ਊਸ਼ਾ ਮਹਿਤਾ
Mani Bhavan Gandhi Sangrahalaya
ਊਸ਼ਾ ਮਹਿਤਾ ਨੇ ਅਜ਼ਾਦੀ ਦੀ ਲੜਾਈ ਵਿੱਚ ਹਿੱਸਾ ਪਾਉਣ ਲਈ 22 ਸਾਲਾਂ ਦੀ ਉਮਰ ਵਿੱਚ ਰੇਡੀਓ ਸ਼ੁਰੂ ਕੀਤਾ

ਕਾਂਗਰਸ ਦਾ ਖ਼ੂਫੀਆ ਰੇਡੀਓ

"42.34 ''ਤੇ ਇਹ ਭਾਰਤ ਵਿੱਚੋਂ ਕਿਤੋ ਕਾਂਗਰਸ ਰੇਡੀਓ ਹੈ।"

ਉਨ੍ਹਾਂ ਦਾ ਪ੍ਰਸਾਰਣ ਇਸੇ ਤਰ੍ਹਾਂ ਸ਼ੁਰੂ ਹੁੰਦਾ, ਬਾਅਦ ਵਿੱਚ ਊਸ਼ਾ ਨੇ ਦੱਸਿਆ ਕਿ ਇਹ ਸਭ ਬੰਬਈ ਵਿੱਚ ਹੀ ਰਿਕਾਰਡ ਕੀਤਾ ਗਿਆ ਸੀ।

ਇਸ ਕੰਮ ਵਿੱਚ ਉਨ੍ਹਾਂ ਦਾ ਦੋ ਹੋਰ ਸਾਥੀਆਂ ਨੇ ਸਾਥ ਦਿੱਤਾ ਸੀ। ਉਨ੍ਹਾਂ ਨੇ ਪਹਿਲਾ ਪ੍ਰਸਾਰਣ 14 ਅਗਸਤ 1942 ਨੂੰ ਕੀਤਾ।

ਸ਼ੁਰੂ ਵਿੱਚ ਉਹ ਦਿਨ ਵਿੱਚ ਦੋ ਵਾਰ ਸਵੇਰੇ-ਸ਼ਾਮ ਪ੍ਰਸਾਰਣ ਕਰਦੇ ਸਨ, ਅੰਗਰੇਜ਼ ਅਤੇ ਹਿੰਦੀ ਵਿੱਚ ਪਰ ਬਾਅਦ ਵਿੱਚ ਉਹ ਇੱਕੋ ਟਾਈਮ ਸ਼ਾਮ ਨੂੰ ਸਾਢੇ ਸੱਤ ਵਜੇ ਅਤੇ ਸਾਢੇ ਅੱਠ ਵਜੇ ਪ੍ਰਸਾਰਣ ਕਰਨ ਲੱਗ ਪਏ।

ਪੁਲਿਸ ਦੇ ਅੱਖੀਂ ਘੱਟਾ ਪਾਉਣ ਲਈ ਉਨ੍ਹਾਂ ਨੇ ਤਿੰਨ ਮਹੀਨਿਆਂ ਵਿੱਚ ਛੇ ਵਾਰ ਆਪਣਾ ਟਿਕਾਣਾ ਬਦਲਿਆ।

ਉਨ੍ਹਾਂ ਨੇ ਇੱਕ ਵਾਰ ਦੱਸਿਆ, "ਸਾਨੂੰ ਖ਼ਾਸ ਲੋਕਾਂ ਤੋਂ ਪੂਰੇ ਦੇਸ਼ ਤੋਂ ਸੁਨੇਹੇ ਮਿਲਦੇ ਸਨ। ਸਰਬ ਹਿੰਦ ਕਾਂਗਰਸ ਕਮੇਟੀ ਜਿਸ ਦਾ ਦਫ਼ਤਰ ਉਸ ਸਮੇਂ ਬੰਬਈ ਵਿੱਚ ਹੁੰਦਾ ਸੀ ਵੀ ਸਾਨੂੰ ਖ਼ਬਰਾਂ ਭੇਜਦੀ ਸੀ।"

"ਉਸ ਹਾਲਤ ਵਿੱਚ ਜਦੋਂ ਅਖ਼ਬਾਰ ਕਿਸੇ ਮੁੱਦੇ ਨੂੰ ਛੂਹਣ ਦੀ ਹਿੰਮਤ ਨਹੀਂ ਸਨ ਕਰ ਸਕਦੇ ਕਾਂਗਰਸ ਰੇਡੀਓ ਹੀ ਲੋਕਾਂ ਨੂੰ ਦੱਸਦਾ ਸੀ ਕਿ ਅਸਲ ਵਿੱਚ ਕੀ ਹੋ ਰਿਹਾ ਹੈ।"

ਇਹ ਵੀ ਪੜ੍ਹੋ:

ਸਾਲ 1942 ਵਿੱਚ ਬੰਬਈ ਦੀਆਂ ਸੜਕਾਂ ਉੱਪਰ ਔਰਤਾਂ ਦੇ ਜਲੂਸ ਦਾ ਦ੍ਰਿਸ਼
Getty Images
ਭਾਰਤ ਛੱਡੋ ਅੰਦੋਲਨ ਪੂਰੇ ਭਾਰਤ ਵਿੱਚ ਜੰਗਲ ਦੀ ਅੱਗ ਵਾਂਗ ਫ਼ੈਲ ਗਿਆ

ਇਸ ਰੇਡੀਓ ਉੱਪਰ ਕਈ ਵੱਡੇ ਆਗੂਆਂ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ ਜਿਸ ਨਾਲ ਵਿਦੇਸ਼ੀ ਹਾਕਮਾਂ ਨੂੰ ਬਹੁਤ ਪ੍ਰੇਸ਼ਾਨੀ ਹੋਈ।

"ਪੁਲਿਸ ਦੀ ਵੈਨ ਨਿਯਮਤ ਰੂਪ ਵਿੱਚ ਸਾਡਾ ਪਿੱਛਾ ਕਰਦੀ ਰਹਿੰਦੀ, ਕਈ ਵਾਰ ਤਾਂ ਬੱਸ ਵਾਲ-ਵਾਲ ਹੀ ਬਚਦੇ।"

ਨਵੰਬਰ 1942 ਵਿੱਚ ਪੁਲਿਸ ਨੇ ਨਰੀਮਨ ਪਰਿੰਟਰ ਨੂੰ ਫੜਿਆ। ਮੰਨਿਆ ਜਾਂਦਾ ਹੈ ਕਿ ਰੇਡੀਓ ਦੇ ਟਿਕਾਣੇ ਬਾਰੇ ਉਸੇ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ।

ਮਹਿਤਾ ਨੇ ਇੱਕ ਇੰਟਰਵੀਊ ਵਿੱਚ ਦੱਸਿਆ ਕਿ 12 ਨਵੰਬਰ 1942 ਵਿੱਚ ਪੁਲਿਸ ਨੇ ਬਾਬੂਭਾਈ ਖਾਖਰ ਦੇ ਦਫ਼ਤਰ ''ਤੇ ਛਾਪਾ ਮਾਰਿਆ ਤਾਂ ਉਹ ਵੀ ਉੱਥੇ ਹੀ ਸੀ।

ਉਸ ਦਿਨ ਊਸ਼ਾ ਨੇ ਸਮਾਨ ਇਕੱਠਾ ਕੀਤਾ ਅਤੇ ਰਿਕਾਰਡਿੰਗ ਸਟੂਡੀਓ ਵੱਲ ਨੱਸੀ। ਜਿੱਥੇ ਦੋ ਹੋਰ ਸਾਥੀ ਪਹਿਲਾਂ ਹੀ ਇੱਕ ਪ੍ਰੋਗਰਾਮ ਤਿਆਰ ਕਰ ਰਹੇ ਸਨ।

ਇਹ ਵੀ ਪੜ੍ਹੋ:

ਪਰਿੰਟਰ ਦੀ ਮਦਦ ਨਾਲ ਉਨ੍ਹਾਂ ਨੇ ਪ੍ਰਸਾਰਣ ਲਈ ਨਵਾਂ ਟਰਾਂਸਮੀਟਰ ਲਾ ਲਿਆ।

"ਅਸੀਂ ਹਿੰਦੁਸਤਾਨ ਹਮਾਰਾ ਚਲਾਇਆ, ਫਿਰ ਅਸੀਂ ਕੁਝ ਨਿਊਜ਼ ਬੁਲੇਟਿਨ ਅਤੇ ਇੱਕ ਭਾਸ਼ਣ ਚਲਾਇਆ। ਜਿਵੇਂ ਹੀ ਅਸੀਂ ਅੰਤ ਵੱਲ ਵਧੇ ਅਤੇ ਵੰਦੇ ਮਾਤਰਮ ਵਜਾਇਆ ਜਾ ਰਿਹਾ ਸੀ ਤਾਂ ਸਾਨੂੰ ਦਰਵਾਜ਼ੇ ਉੱਪਰ ਜ਼ੋਰ ਦੀ ਖੜਾਕ ਸੁਣਾਈ ਦਿੱਤੀ।"

ਅਫ਼ਸਰ ਅੰਦਰ ਵੜ ਆਏ ਅਤੇ ਸਾਨੂੰ ਵੰਦੇ ਮਾਤਰਮ ਵਜਾਉਣੋਂ ਬੰਦ ਕਰਨ ਲਈ ਕਿਹਾ ਪਰ ਅਸੀਂ ਉਨ੍ਹਾਂ ਦੀ ਗੱਲ ਨਾ ਮੰਨੀ।

ਊਸ਼ਾ ਮਹਿਤਾ ਨੇ ਦੱਸਿਆ ਕਿ ਪੁਲਿਸ ਨੇ ਸਾਡੇ ਉਪਕਰਣ ਅਤੇ ਫੋਟੋਆਂ ਅਤੇ ਕਾਂਗਰਸ ਪਾਰਟੀ ਦੇ ਸੈਸ਼ਨਾਂ ਦੇ 22 ਬਕਸੇ ਜ਼ਬਤ ਕਰ ਲਏ।

ਊਸ਼ਾ ਮਹਿਤਾ ਨੂੰ ਚਾਰ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਮਾਮਲੇ ਦੀ ਜਾਂਚ ਕਈ ਮਹੀਨੇ ਚਲਦੀ ਰਹੀ।

ਪੰਜਾਂ ਵਿੱਚੋਂ ਊਸ਼ਾ ਸਮੇਤ ਚਾਰ ਨੂੰ ਮੁਜਰਮ ਕਰਾਰ ਦਿੱਤਾ ਗਿਆ। ਊਸ਼ਾ ਚਾਰ ਸਾਲ ਤੱਕ ਜ਼ੇਲ੍ਹ ਵਿੱਚ ਬੰਦ ਰਹੀ ਅਤੇ ਅਪ੍ਰੈਲ 1946 ਵਿੱਚ ਰਿਹਾ ਹੋ ਕੇ ਬਾਹਰ ਆ ਸਕੀ।

"ਮੈਂ ਜ਼ੇਲ੍ਹ ਵਿੱਚੋਂ ਇੱਕ ਖ਼ੁਸ਼ ਅਤੇ ਮਾਣਮੱਤੇ ਵਿਅਕਤੀ ਵਜੋਂ ਬਾਹਰ ਆਈ।"

ਇਸ ਤੋਂ ਬਾਅਦ ਉਨ੍ਹਾਂ ਨੇ ਪੀਐੱਚਡੀ ਕੀਤੀ ਅਤੇ ਤੀਹ ਸਾਲ ਬੰਬਈ ਦੇ ਵਿਲਸਨ ਕਾਲਜ ਵਿੱਚ ਅਧਿਆਪਨ ਕੀਤਾ।

ਸਾਲ 1998 ਵਿੱਚ ਊਸ਼ਾ ਮਹਿਤਾ ਨੂੰ ਭਾਰਤ ਦਾ ਸਰਬਉੱਚ ਨਾਗਰਿਕ ਸਨਮਾਨ ਪਦਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

ਆਖ਼ਰ 11 ਅਗਸਤ 2000 ਵਿੱਚ ਕੁਝ ਦੇਰ ਬੀਮਾਰ ਰਹਿਣ ਮਗਰੋਂ 80 ਸਾਲ ਦੀ ਉਮਰ ਵਿੱਚ ਊਸ਼ਾ ਮਹਿਰਾ ਦੀ ਮੌਤ ਹੋ ਗਈ।

ਇਹ ਵੀਡੀਓ ਵੀ ਦੇਖੋ

https://www.youtube.com/watch?v=d91ljiijFcM

https://www.youtube.com/watch?v=dEYdOq2riLE

https://www.youtube.com/watch?v=1zng355YDfM&t=1s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e342a25c-8f1b-45d8-b0c0-271d9c4e11c0'',''assetType'': ''STY'',''pageCounter'': ''punjabi.india.story.53788545.page'',''title'': ''ਊਸ਼ਾ ਮਹਿਤਾ: ਭਾਰਤ ਦੀ ਅਜ਼ਾਦੀ ਲਈ ਖ਼ੂਫੀਆ ਰੇਡੀਓ ਚਲਾਉਣ ਵਾਲੀ ਔਰਤ'',''published'': ''2020-08-15T09:50:21Z'',''updated'': ''2020-08-15T09:50:21Z''});s_bbcws(''track'',''pageView'');

Related News