ਪੀਯੂ ਕੌਂਸਲ ਚੋਣਾਂ ਅੱਜ, 4 ਕੁੜੀਆਂ ਸਣੇ 18 ਉਮੀਦਵਾਰਾਂ ਮੈਦਾਨ ''''ਚ

Friday, Sep 06, 2019 - 06:31 AM (IST)

ਪੀਯੂ ਕੌਂਸਲ ਚੋਣਾਂ ਅੱਜ, 4 ਕੁੜੀਆਂ ਸਣੇ 18 ਉਮੀਦਵਾਰਾਂ ਮੈਦਾਨ ''''ਚ
ਪੀਯੂ ਕੌਂਸਲ ਚੋਣਾਂ
BBC

ਪੰਜਾਬ ਯੂਨੀਵਰਸਟੀ ਵਿੱਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਅੱਜ ਹੋ ਰਹੀਆਂ ਹਨ।

ਵਿਦਿਆਰਥੀ ਕੌਂਸਲ ਦੇ ਚਾਰ ਅਹੁਦਿਆਂ ਪ੍ਰਧਾਨ, ਉਪ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਲਈ ਵੋਟਿੰਗ ਹੋ ਰਹੀ ਹੈ। 16 ਹਜ਼ਾਰ ਤੋਂ ਵੱਧ ਵਿਦਿਆਰਥੀ ਵੋਟਰ ਇਸ ਚੋਣ ਵਿੱਚ ਹਿੱਸਾ ਲੈ ਰਹੇ ਹਨ।

ਪ੍ਰਧਾਨ, ਉਪ ਪ੍ਰਧਾਨ ਅਤੇ ਸਕੱਤਰ ਅਹੁਦੇ ਲਈ 4-4 ਉਮੀਦਵਾਰ ਹਨ, ਜਦਕਿ ਸੰਯੁਕਤ ਸਕੱਤਰ ਦੇ ਅਹੁਦੇ ਲਈ 6 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

ਸਾਰੇ ਅਹੁਦਿਆਂ ਦੇ 18 ਉਮੀਦਵਾਰਾਂ ਵਿੱਚ ਸਿਰਫ਼ 4 ਲੜਕੀਆਂ ਹਨ, ਜਦਕਿ ਇਸ ਯੂਨੀਵਰਸਿਟੀ ਵਿਚ ਪੜ੍ਹਣ ਵਾਲੀਆਂ ਕੁੜੀਆਂ ਦੀ ਗਿਣਤੀ ਇੱਥੇ ਪੜ੍ਹਦੇ ਮੁੰਡਿਆਂ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ-

ਉਪ ਪ੍ਰਧਾਨ ਅਹੁਦੇ ਲਈ ਦੋ ਮਹਿਲਾ ਉਮਦੀਵਾਰਾਂ ਏਬੀਵੀਪੀ ਵੱਲੋਂ ਦਿਵਿਆ ਚੋਪੜਾ ਅਤੇ ਐੱਸਐੱਫਆਈ ਵੱਲੋਂ ਸ਼ਬਾਨਾ ਅੰਸਾਰੀ ਹਨ।

ਸਕੱਤਰ ਅਹੁਦੇ ਦੀ ਰੇਸ ਵਿੱਚ ਕੋਈ ਲੜਕੀ ਨਹੀਂ, ਜਦਕਿ ਸੰਯੁਕਤ ਸਕੱਤਰ ਦੇ ਅਹੁਦੇ ਲਈ ਇੱਕ ਲੜਕੀ ਤਾਨੀਆ ਭੱਟੀ ਮੈਦਾਨ ਵਿੱਚ ਹੈ, ਜੋ ਕਿ ਅਜ਼ਾਦ ਉਮੀਦਵਾਰ ਹੈ।

ਸਭ ਤੋਂ ਅਹਿਮ ਪ੍ਰਧਾਨ ਅਹੁਦੇ ਲਈ ਇੱਕੋ ਮਹਿਲਾ ਉਮਦੀਵਾਰ ਸਟੂਡੈਂਟਸ ਫਾਰ ਸੁਸਾਇਟੀ(SFS) ਦੀ ਪ੍ਰਿਆ ਹੈ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ(ABVP) ਦੇ ਪਾਰਸ ਰਤਨ, ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ(NSUI) ਦੇ ਨਿਖਿਲ ਨਰਮੇਤਾ ਅਤੇ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ(SOI) ਤੋਂ ਚੇਤਨ ਚੌਧਰੀ ਮੈਦਾਨ ਵਿੱਚ ਹਨ।

ਪ੍ਰਧਾਨ ਅਹੁਦੇ ਲਈ ਮੁਕਾਬਲੇ ਵਿੱਚ ਨਿੱਤਰੇ ਵਿਦਿਆਰਥੀ ਆਗੂਆਂ ਬਾਰੇ ਕੁਝ ਹੋਰ ਜਾਣਕਾਰੀ-

ਪ੍ਰਿਆ- ਸਟੂਡੈਂਟ ਫਾਰ ਸੁਸਾਇਟੀ (SFS)

ਪ੍ਰਿਆ, ਪੰਜਾਬ ਯੂਨੀਵਰਸਿਟੀ ਵਿੱਚ ਕੈਮਿਸਟਰੀ ਦੀ ਰਿਸਰਚ ਸਕਾਲਰ ਹੈ। ਪ੍ਰਿਆ ਨੇ ਸਾਲ 2011 ਵਿੱਚ ਬੀਐੱਸਸੀ (ਆਨਰਜ਼) ਕੈਮਿਸਟਰੀ ਵਿੱਚ ਇੱਥੇ ਦਾਖ਼ਲਾ ਲਿਆ ਸੀ।

ਪੰਜਾਬ ਯੂਨੂਵਰਸਿਟੀ
BBC

ਪ੍ਰਿਆ ਪੰਜਾਬ ਦੇ ਸੰਗਰੂਰ ਤੋਂ ਹੈ। ਉਨ੍ਹਾਂ ਦੇ ਪਿਤਾ ਇੱਕ ਪ੍ਰਾਈਵੇਟ ਟਰਾਂਸਪੋਰਟ ਅਡਵਾਇਜ਼ਰ ਹਨ ਅਤੇ ਮਾਤਾ ਹੋਮਮੇਕਰ। ਪ੍ਰਿਆ ਇੱਕ ਸਧਾਰਨ ਪਰਿਵਾਰ ਤੋਂ ਹੈ ਅਤੇ ਸਿਆਸਤ ਨਾਲ ਕੋਈ ਸਬੰਧ ਨਹੀਂ ਹੈ।

ਪ੍ਰਿਆ ਸਾਲ 2014 ਤੋਂ ਐੱਸਐੱਫਐੱਸ ਨਾਲ ਜੁੜੀ ਹੋਈ ਹੈ। ਪ੍ਰਿਆ ਮੁਤਾਬਕ, ਐੱਸਐੱਫਐੱਸ ਨੇ ਸਾਬਿਤ ਕੀਤਾ ਹੈ ਕਿ ਮਨੀ ਅਤੇ ਮਸਲ ਪਾਵਰ ਤੋਂ ਬਿਨ੍ਹਾਂ, ਵਿਚਾਰਧਾਰਾ ''ਤੇ ਵੀ ਸਿਆਸਤ ਕੇਂਦਰਿਤ ਹੋ ਸਕਦੀ ਹੈ।

ਪ੍ਰਿਆ ਉਦੋਂ ਤੋਂ ਹੀ ਐੱਸਐੱਫਐੱਸ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚਲਾਈਆਂ ਮੁਹਿੰਮਾਂ ਦਾ ਹਿੱਸਾ ਰਹੀ ਹੈ ਭਾਵੇਂ ਉਹ ਵਧੀਆਂ ਫੀਸਾਂ ਦੇ ਖ਼ਿਲਾਫ਼ ਹੋਵੇ, ਭਾਵੇਂ ਕੁੜੀਆਂ ਦਾ ਹੌਸਟਲ 24 ਘੰਟੇ ਖੁੱਲ੍ਹਾ ਰੱਖਣ ਨੂੰ ਲੈ ਕੇ ਹੋਵੇ।

ਪ੍ਰਿਆ ਮੁਤਾਬਕ, ਉਨ੍ਹਾਂ ਨੇ ਕਦੇ ਮੇਨਸਟਰੀਮ ਸਰਗਰਮ ਸਿਆਸਤ ਵਿੱਚ ਜਾਣ ਬਾਰੇ ਤਾਂ ਨਹੀਂ ਸੋਚਿਆ, ਪਰ ਉਹ ਚਾਹੁੰਦੇ ਹਨ ਕਿ ਭਾਵੇਂ ਸਿਆਸਤ ਵਿੱਚ ਰਹਿਣ ਭਾਵੇਂ ਨਾ ਪਰ ਲੋਕ ਸੇਵਾ ਨਾਲ ਉਹ ਜੁੜੇ ਰਹਿਣਗੇ।

ਇਹ ਵੀ ਪੜ੍ਹੋ-

ਪਾਰਸ ਰਤਨ- ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ(ABVP)

ਪਾਰਸ ਰਤਨ, ਪੰਜਾਬ ਯੂਨੀਵਰਸਿਟੀ ਵਿੱਚ ਕਾਨੂੰਨ ਦੇ ਵਿਦਿਆਰਥੀ ਹਨ। ਉਨ੍ਹਾਂ ਨੇ ਪਿਛਲੇ ਸਾਲ ਥ੍ਰੀ ਈਅਰ ਲਾਅ ਵਿੱਚ ਦਾਖ਼ਲਾ ਲਿਆ ਸੀ।

ਪਾਰਸ ਰਤਨ, ਪੰਜਾਬ ਦੇ ਸਰਹਿੰਦ ਨਾਲ ਸਬੰਧ ਰਖਦੇ ਹਨ। ਉਨ੍ਹਾਂ ਦੇ ਪਰਿਵਾਰ ਦਾ ਟਿੰਬਰ ਦਾ ਕਾਰੋਬਾਰ ਹੈ।

ਪਾਰਸ ਰਤਨ
BBC

ਪੰਜਾਬ ਯੂਨੀਵਰਸਿਟੀ ਵਿੱਚ ਲਾਅ ਵਿਭਾਗ ਦੇ ਮਸਲਿਆਂ ਤੋਂ ਇਲਾਵਾ ਉਹ ਫੀਸਾਂ ਵਧਾਉਣ ਖਿਲਾਫ ਮੁਹਿੰਮ ਦਾ ਹਿੱਸਾ ਰਹੇ ਹਨ।

ਪਾਰਸ ਮੁਤਾਬਕ, ਉਹ ਆਪਣੀ ਰੁਚੀ ਕਰਕੇ ਵਿਦਿਆਰਥੀ ਸਿਆਸਤ ਵਿੱਚ ਆਏ।

ਨਿਖਿਲ ਨਰਮੇਤਾ- ਨੈਸ਼ਨਲ ਸਟੁਡੈਂਟ ਯੁਨੀਅਨ ਆਫ ਇੰਡੀਆ(NSUI)

ਨਿਖਿਲ ਨਰਮੇਤਾ ਯੂਨੀਵਰਿਸਟੀ ਦੇ ਯੂਆਈਈਟੀ ਵਿਭਾਗ ਦੇ ਵਿਦਿਆਰਥੀ ਹਨ। ਉਹ ਬੀ.ਈ (ਬਾਇਓਟੈਕਨਾਲਜੀ) ਦੀ ਪੜ੍ਹਾਈ ਕਰ ਰਹੇ ਹਨ। ਨਿਖਿਲ ਨੇ ਸਾਲ 2016 ਵਿੱਚ ਇਸ ਕੋਰਸ ਵਿੱਚ ਦਾਖਲਾ ਲਿਆ ਸੀ।

ਨਿਖਿਲ ਨਰਮੇਤਾ ਦੱਖਣੀ ਭਾਰਤ ਦੇ ਸੂਬੇ ਤੇਲੰਗਾਨਾ ਨਾਲ ਸਬੰਧ ਰੱਖਦੇ ਹਨ ਅਤੇ ਬਹੁਤ ਹੀ ਸਧਾਰਨ ਪਰਿਵਾਰ ਤੋਂ ਹਨ। ਉਨ੍ਹਾਂ ਦੇ ਪਿਤਾ ਵਾਰੰਗਲ(ਤੇਲੰਗਾਨਾ) ਵਿੱਚ ਕੱਪੜਿਆਂ ਦੀ ਇੱਕ ਦੁਕਾਨ ਤੇ ਸੇਲਜ਼ਮੈਨ ਵਜੋਂ ਕੰਮ ਕਰਦੇ ਹਨ ਅਤੇ ਮਾਤਾ ਹੋਮਮੇਕਰ ਹਨ।

ਨਿਖਿਲ ਨਰਮੇਤਾ
BBC

ਨਿਖਿਲ ਨੇ ਦੱਸਿਆ ਕਿ ਆਰਥਿਕ ਪੱਖੋਂ ਮਜ਼ਬੂਤ ਪਰਿਵਾਰ ਵਿੱਚੋਂ ਨਾ ਹੋਣ ਕਾਰਨ ਉਹ ਇੱਥੇ ਆਪਣੀ ਪੜ੍ਹਾਈ ਦਾ ਖਰਚ ਚੁੱਕਣ ਲਈ ਸ਼ਾਮ ਵੇਲੇ ਦਸਵੀਂ ਤੱਕ ਦੇ ਵਿਦਿਆਰਥੀਆਂ ਨੂੰ ਟਿਊਸ਼ਨ ਪੜ੍ਹਾਉਂਦੇ ਹਨ।

ਨਿਖਿਲ ਨਰਮੇਤਾ ਮੁਤਾਬਕ ਉਹ ਤੇਲੰਗਾਨਾ ਸੂਬੇ ਦੀ ਮੁਹਿੰਮ ਦਾ ਵੀ ਹਿੱਸਾ ਰਹੇ ਹਨ। ਭਵਿੱਖ ਵਿੱਚ ਸਰਗਰਮ ਸਿਆਸਤ ਵਿੱਚ ਪੈਰ ਰੱਖਣ ਦੇ ਇਛੁੱਕ ਹਨ ਨਿਖਿਲ ਨਰਮੇਤਾ।

ਨਿਖਿਲ ਮੰਨਦੇ ਹਨ ਕਿ ਬਹੁਤ ਸਾਰੇ ਮਸਲੇ ਸਿਆਸਤ ਵਿੱਚ ਵੜ੍ਹ ਕੇ ਹੀ ਸੁਲਝਾਏ ਜਾ ਸਕਦੇ ਹਨ ਕਿਉਂਕਿ ਸਿਆਸਤ ਵਿੱਚ ਪਾਵਰ ਹੈ, ਇਸੇ ਲਈ ਉਹ ਵਿਦਿਆਰਥੀ ਸਿਆਸਤ ਵਿੱਚ ਕੁੱਦੇ ਹਨ।

ਚੇਤਨ ਚੌਧਰੀ- ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ(SOI)

ਸੋਈ ਦੇ ਉਮੀਦਵਾਰ ਚੇਤਨ ਚੌਧਰੀ ਪੰਜਾਬ ਯੂਨੀਵਰਸਿਟੀ ਵਿੱਚ ਐਮ.ਏ(ਉਰਦੂ) ਦੀ ਪੜ੍ਹਾਈ ਕਰ ਰਹੇ ਹਨ।

ਚੇਤਨ ਨੇ ਸਾਲ 2015 ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਬੀ.ਟੈਕ ''ਚ ਦਾਖ਼ਲਾ ਲਿਆ ਸੀ ਅਤੇ ਇਹ ਕੋਰਸ ਪੂਰਾ ਹੋਣ ਬਾਅਦ ਉਹ ਇੱਥੋਂ ਐਮ.ਟੈਕ ਵੀ ਕਰਨਾ ਚਾਹੁੰਦੇ ਹਨ, ਪਰ ਦਾਖਲੇ ਲਈ ਉਨ੍ਹਾਂ ਦਾ ਨਾਮ ਵੇਟਿੰਗ ਲਿਸਟ ਵਿੱਚ ਹੋਣ ਕਰਕੇ ਚੇਤਨ ਨੇ ਐਮ.ਏ ਵਿੱਚ ਦਾਖਲਾ ਭਰ ਲਿਆ।

ਚੇਤਨ ਚੌਧਰੀ
BBC

ਚੇਤਨ ਚੌਧਰੀ ਪੰਜਾਬ ਦੇ ਦੁਆਬੇ ਇਲਾਕੇ ਤੋਂ ਆਉਂਦੇ ਹਨ, ਉਨ੍ਹਾਂ ਦਾ ਸਬੰਧ ਨਵਾਂਸ਼ਹਿਰ ਨਾਲ ਹੈ। ਚੇਤਨ ਇੱਕ ਰੱਜੇ ਪੁੱਜੇ ਪਰਿਵਾਰ ਤੋਂ ਹਨ ਉਨ੍ਹਾਂ ਦੇ ਪਰਿਵਾਰ ਦਾ ਟਰਾਂਸਪੋਰਟ ਦਾ ਕਾਰੋਬਾਰ ਹੈ।

ਚੇਤਨ ਸਾਲ 2015 ਤੋਂ ਹੀ ਯੂਨੀਵਰਸਿਟੀ ਕੈਂਪਸ ਦੀ ਸਿਆਸਤ ਵਿੱਚ ਸਰਗਰਮ ਹਨ। ਉਨ੍ਹਾਂ ਦੱਸਿਆ ਕਿ ਕੈਂਪਸ ਵਿੱਚ ਸੋਲਰ ਸਿਸਟਮ, ਆਰ.ਓ, ਵਾਈ-ਫਾਈ ਲਗਵਾਉਣ ਲਈ ਸੰਘਰਸ਼ ਵਿੱਚ ਉਹ ਸ਼ਾਮਲ ਸੀ।

ਇਸ ਤੋਂ ਇਲਾਵਾ ਫੀਸਾਂ ਵਿੱਚ ਵਾਧਾ ਵਾਪਸ ਲੈਣ ਅਤੇ ਗੇਟ ਨੰਬਰ ਤਿੰਨ ਚੌਵੀ ਘੰਟੇ ਖੁੱਲ੍ਹਾ ਰੱਖਣ ਲਈ ਵੀ ਉਹ ਲੜੇ।

ਚੇਤਨ ਚੌਧਰੀ ਮੁਤਾਬਕ ਪੜ੍ਹਾਈ ਤੋਂ ਬਾਅਦ ਸਰਗਰਮ ਸਿਆਸਤ ਵਿੱਚ ਆਉਣ ਬਾਰੇ ਉਨ੍ਹਾਂ ਨੇ ਨਹੀਂ ਸੋਚਿਆ, ਬਲਕਿ ਕੈਂਪਸ ਦੇ ਮੁੱਦਿਆਂ ਨੂੰ ਲੈ ਕੇ ਹੀ ਉਨ੍ਹਾਂ ਨੇ ਵਿਦਿਆਰਥੀ ਸਿਆਸਤ ਵਿੱਚ ਪੈਰ ਧਰਿਆ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=qBHQm-5eYCE

https://www.youtube.com/watch?v=zYvTzI7x5sg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News