ਪਾਕਿਸਤਾਨ: ਨਨਕਾਣਾ ਸਾਹਿਬ ਵੱਲ ਜਾਂਦੇ ਰਾਹਾਂ ਦੇ ਸਾਈਨ ਬੋਰਡ ਗੁਰਮੁਖੀ ਦੀ ਥਾਂ ਹਿੰਦੀ ’ਚ ਲੱਗਣ ’ਤੇ ਵਿਵਾਦ

07/26/2019 7:31:27 AM

ਸਿੱਖਾਂ ਦੇ ਗੁਰੂ, ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਨਨਕਾਣਾ ਸਾਹਿਬ ਜਾਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਨਨਕਾਣਾ ਸਾਹਿਬ ਵੱਲ ਨਵੇਂ ਮੋਟਰਵੇਅ (ਹਾਈਵੇਅ) ਬਣਾਉਣ ਨੂੰ ਇੱਕ ਚੰਗਾ ਕੰਮ ਕਿਹਾ ਜਾ ਸਕਦਾ ਹੈ ਪਰ ਕੁਝ ਲੋਕਾਂ ਦੀ ਘੱਟ ਸਮਝ ਕਰਕੇ ਇਸ ਕੰਮ ਨੂੰ ਵੀ ਮੰਦਾ ਕਿਹਾ ਹੈ।

ਮੋਟਰਵੇਅ ''ਤੇ ਯਾਤਰੀਆਂ ਨੂੰ ਰਾਹ ਵਿਖਾਉਣ ਲਈ ਜਿਹੜੇ ਸਾਈਨ ਬੋਰਡ ਲਗਾਏ ਗਏ ਹਨ ਉਨ੍ਹਾਂ ''ਤੇ ਅੰਗ੍ਰੇਜ਼ੀ, ਉਰਦੂ ਅਤੇ ਹਿੰਦੀ ਵਿੱਚ ਲਿਖਿਆ ਗਿਆ ਹੈ।

ਲਿਖਣ ਵਾਲਿਆਂ ਨੂੰ ਪਤਾ ਹੀ ਨਹੀਂ ਸੀ ਕਿ ਸਿੱਖ ਯਾਤਰੀਆਂ ਦੀ ਜ਼ਬਾਨ ਹਿੰਦੀ ਨਹੀਂ ਸਗੋਂ ਪੰਜਾਬੀ ਹੈ ਜਿਹੜੀ ਕਿ ਗੁਰਮੁਖੀ ਵਿੱਚ ਹੁੰਦੀ ਹੈ।

ਲਾਹੌਰ ਦੇ ਇੱਕ ਵਕੀਲ ਤਾਹਿਰ ਸੰਧੂ ਨੇ ਇਸ ਮੁੱਦੇ ਨੂੰ ਸੋਸ਼ਲ ਮੀਡੀਆ ''ਤੇ ਚੁੱਕਿਆ ਜਿਨ੍ਹਾਂ ਵਿੱਚੋਂ ਕਾਫ਼ੀ ਲੋਕਾਂ ਨੇ, ਜਿਨ੍ਹਾਂ ਵਿੱਚ ਸਿੱਖ ਭਾਈਚਾਰੇ ਦੇ ਲੋਕ ਵੀ ਸ਼ਾਮਲ ਸਨ, ਇਸ ਗੱਲ ਦੀ ਨਿੰਦਾ ਕੀਤੀ ਅਤੇ ਆਪਣੇ ਗੁੱਸੇ ਦਾ ਵੀ ਇਜ਼ਹਾਰ ਕੀਤਾ।

ਇਹ ਵੀ ਪੜ੍ਹੋ:

ਤਾਹਿਰ ਸਿੰਧੂ ਲਹਿੰਦੇ ਪੰਜਾਬ ਵਿੱਚ ਪੰਜਾਬੀ ਜ਼ਬਾਨ ਨੂੰ ਵਧਾਵਾ ਦੇਣ ਲਈ ਕਾਫ਼ੀ ਕੰਮ ਕਰ ਰਹੇ ਹਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ,''''ਕੁਝ ਦਿਨ ਪਹਿਲਾਂ ਉਹ ਨਨਕਾਣਾ ਸਾਹਿਬ ਜਾਣ ਵਾਲੇ ਨਵੇਂ ਮੋਟਰਵੇਅ ''ਤੇ ਸਫ਼ਰ ਕਰ ਰਹੇ ਸਨ ਤੇ ਉਨ੍ਹਾਂ ਦੀ ਨਜ਼ਰ ਰਾਹ ਦੱਸਣ ਵਾਲੇ ਨਵੇਂ ਸਾਈਨ ਬੋਰਡਾਂ ''ਤੇ ਪਈ। ਉਨ੍ਹਾਂ ਨੂੰ ਬੜੀ ਹੈਰਾਨੀ ਹੋਈ ਕਿ ਸਾਈਨ ਬੋਰਡਾਂ ਉੱਤੇ ਹਿੰਦੀ ਵਿੱਚ ਲਿਖਿਆ ਹੋਇਆ ਸੀ ਜਦਕਿ ਉਹ ਗੁਰਮੁਖੀ ਵਿੱਚ ਲਿਖੇ ਜਾਣੇ ਚਾਹੀਦੇ ਸਨ।”

ਤਾਹਿਰ ਸੰਧੂ ਨੇ ਸੋਸ਼ਲ ਮੀਡੀਆ ''ਤੇ ਇਹ ਗੱਲ ਸ਼ੇਅਰ ਕੀਤੀ ਤੇ ਉਨ੍ਹਾਂ ਦੇ ਦੋਸਤਾਂ ਨੇ ਵੀ ਇਸ ਮੁੱਦੇ ''ਤੇ ਆਪਣੀ ਨਰਾਜ਼ਗੀ ਦਾ ਇਜ਼ਹਾਰ ਕੀਤਾ ਹੈ।

ਜੀਟੀ ਰੋਡ ''ਤੇ ਪੰਜਾਬੀ ਵਿੱਚ ਲਿਖੇ ਸਾਈਨ ਬੋਰਡ

ਤਾਹਿਰ ਸੰਧੂ ਦਾ ਸੋਚਣਾ ਇਹ ਹੈ ਕਿ ਸਾਰੀ ਦੁਨੀਆਂ ਤੋਂ ਨਨਕਾਣਾ ਸਾਹਿਬ ਆਉਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਫੌਰੀ ਤੌਰ ''ਤੇ ਇਹ ਸਾਈਨ ਬੋਰਡ ਤਬਦੀਲ ਕੀਤੇ ਜਾਣ ਅਤੇ ਇਨ੍ਹਾਂ ''ਤੇ ਹਿੰਦੀ ਦੀ ਬਜਾਏ ਗੁਰਮੁਖੀ ਵਿੱਚ ਸ਼ਬਦ ਲਿਖੇ ਜਾਣ।

ਨਨਕਾਣਾ ਸਾਹਿਬ ਵੱਲ ਇਸ ਨਵੇਂ ਮੋਟਰਵੇਅ ਤੋਂ ਪਹਿਲਾਂ ਜੀਟੀ ਰੋਡ ਦਾ ਰਸਤਾ ਵੀ ਮੌਜੂਦ ਸੀ ਤੇ ਉਸ ਰਸਤੇ ''ਤੇ ਸਾਈਨ ਬੋਰਡ ਗੁਰਮੁਖੀ ਵਿੱਚ ਹੀ ਲਿਖੇ ਹੋਏ ਹਨ।

ਸੋਸ਼ਲ ਮੀਡੀਆ ''ਤੇ ਖ਼ਬਰ ਆਉਣ ਤੋਂ ਬਾਅਦ ਇੱਕ ਖ਼ਬਰ ਇਹ ਵੀ ਫੈਲ ਗਈ ਕਿ ਪੁਰਾਣੇ ਰਸਤੇ ਉੱਤੇ ਲੱਗੇ ਹੋਏ ਗੁਰਮੁਖੀ ਦੇ ਸਾਈਨ ਬੋਰਡ ਹਟਾ ਦਿੱਤੇ ਗਏ ਹਨ।

ਨਨਕਾਣਾ ਸਾਹਿਬ ਵਿੱਚ ਰਹਿਣ ਵਾਲੇ ਅਤੇ ਯਾਤਰੀਆਂ ਦੀ ਸੇਵਾ ਕਰਨ ਵਾਲੇ ਭੁਪਿੰਦਰ ਸਿੰਘ ਲਵਲੀ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਗੱਲ ਬਿਲਕੁਲ ਗ਼ਲਤ ਹੈ ਕਿ ਜੀਟੀ ਰੋਡ ''ਤੇ ਲੱਗੇ ਪੁਰਾਣੇ ਸਾਈਨ ਬੋਰਡ ਹਟਾ ਦਿੱਤੇ ਗਏ ਹਨ।

ਇਹ ਵੀ ਪੜ੍ਹੋ:

ਭੁਪਿੰਦਰ ਸਿੰਘ ਦਾ ਕਹਿਣਾ ਹੈ, ''''ਇਸ ਵਿਸ਼ੇ ਨੂੰ ਗ਼ਲਤ ਰੰਗ ਦਿੱਤਾ ਗਿਆ ਹੈ ਤੇ ਸੋਸ਼ਲ ਮੀਡੀਆ ''ਤੇ ਕੁਝ ਲੋਕ ਇਸ ਨੂੰ ਪੰਜਾਬੀ ਜ਼ਬਾਨ ਦੇ ਖ਼ਿਲਾਫ਼ ਇੱਕ ਸਾਜ਼ਿਸ਼ ਕਰਾਰ ਦੇ ਰਹੇ ਹਨ ਜਦਕਿ ਇਹ ਸਿਰਫ਼ ਇੱਕ ਨਾ ਸਮਝੀ ਦੇ ਕਾਰਨ ਹੋਇਆ ਹੈ। ਬੋਰਡ ਲਿਖਣ ਵਾਲਿਆਂ ਨੇ ਗੂਗਲ ਤੋਂ ਤਰਜਮਾ ਲਿਆ ਤੇ ਸਾਈਨ ਬੋਰਡ ''ਤੇ ਲਿਖ ਦਿੱਤਾ।''''

ਭੁਪਿੰਦਰ ਸਿੰਘ ਲਵਲੀ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਕਿ ਇਹ ਗੱਲ ਵਧ ਜਾਵੇ ਅਤੇ ਲੋਕ ਇਸ ਨੂੰ ਹੋਰ ਗ਼ਲਤ ਰੰਗ ਦੇਣ, ਛੇਤੀ ਤੋਂ ਛੇਤੀ ਇਹ ਸਾਈਨ ਬੋਰਡ ਤਬਦੀਲ ਕਰ ਦੇਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੇ ਯਾਤਰੀਆਂ ਨੂੰ ਕੋਈ ਤਕਲੀਫ਼ ਨਾ ਹੋਵੇ।

ਭੁਪਿੰਦਰ ਸਿੰਘ ਜੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ਼ ਇੱਕ ਗ਼ਲਤੀ ਹੈ ਕੋਈ ਸਾਜ਼ਿਸ਼ ਨਹੀਂ। ਪੰਜਾਬ ਦੀ ਅਸੈਂਬਲੀ ਵਿੱਚ ਮਨਿਸਟਰੀ ਆਫ਼ ਹਿਊਮਨ ਰਾਈਟਸ ਪੰਜਾਬ ਦੇ ਪਾਰਲੀਮੈਂਟਰੀ ਸੈਕਟਰੀ ਮਹਿੰਦਰ ਪਾਲ ਸਿੰਘ ਨੇ ਬੀਬੀਸੀ ਨੂੰ ਕਿਹਾ ਕਿ ਉਹ ਕਿਸੇ ਕੰਮ ਲਈ ਕੁਏਟਾ ਗਏ ਹੋਏ ਸਨ ਤੇ ਉੱਥੇ ਉਨ੍ਹਾਂ ਨੂੰ ਇਸ ਵਿਸ਼ੇ ਦੇ ਬਾਰੇ ਜਾਣਕਾਰੀ ਮਿਲੀ।

ਮੁਹਿੰਦਰ ਸਿੰਘ ਪਾਲ ਨੇ ਫੌਰੀ ਤੌਰ ''ਤੇ ਸਬੰਧਤ ਮਹਿਕਮੇ ਦੇ ਅਫਸਰਾਂ ਨਾਲ ਰਾਬਤਾ ਕਾਇਮ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲਗਿਆ ਕਿ ਗ਼ਲਤੀ ਜਾਣਬੁੱਝ ਕੇ ਨਹੀਂ ਕੀਤੀ ਗਈ ਸਗੋਂ ਇਹ ਸਬੰਧਤ ਲੋਕਾਂ ਦੀ ਨਾਸਮਝੀ ਕਾਰਨ ਹੋਇਆ ਹੈ।

''ਮਸਲਾ ਛੇਤੀ ਹੱਲ ਕਰ ਲਿਆ ਜਾਵੇਗਾ''

ਮਹਿੰਦਰ ਸਿੰਘ ਪਾਲ ਨੇ ਵਾਅਦਾ ਕੀਤਾ ਹੈ ਕਿ ਇਹ 14 ਅਗਸਤ ਤੋਂ ਪਹਿਲਾਂ-ਪਹਿਲਾਂ ਨਾ ਸਿਰਫ਼ ਹਿੰਦੀ ਵਾਲੇ ਸਾਈਨ ਬੋਰਡਾਂ ਦੀ ਥਾਂ ਪੰਜਾਬੀ ਵਾਲੇ ਸਾਈਨ ਬੋਰਡ ਲਗਾ ਦਿੱਤੇ ਜਾਣਗੇ ਸਗੋਂ ਸਿੱਖ ਯਾਤਰੀਆਂ ਦੀ ਸਹੂਲਤ ਲਈ ਨਨਕਾਣਾ ਸਾਹਿਬ ਜਾਣ ਵਾਲੇ ਹਰ ਰਸਤੇ ''ਤੇ ਜਿੱਥੇ-ਜਿੱਥੇ ਲੋੜ ਹੋਵੇਗੀ ਹੋਰ ਵੀ ਸਾਈਨ ਬੋਰਡ ਲਗਾਏ ਜਾਣਗੇ।

ਇਹ ਵੀ ਪੜ੍ਹੋ:

ਮਹਿੰਦਰ ਪਾਲ ਸਿੰਘ ਨੇ ਜ਼ੋਰ ਦੇ ਕੇ ਕਿਹਾ ਸੋਸ਼ਲ ਮੀਡੀਆ ''ਤੇ ਚੱਲ ਰਹੀ ਇਸ ਗੱਲ ਵਿੱਚ ਕੋਈ ਸੱਚਾਈ ਨਹੀਂ ਕਿ ਗੁਰਮੁਖੀ ਵਿੱਚ ਲੱਗੇ ਪੁਰਾਣੇ ਬੋਰਡ ਹਟਾ ਦਿੱਤੇ ਗਏ ਹਨ। ਉਹ ਸਾਈਨ ਬੋਰਡ ਜੀਟੀ ਰੋਡ ''ਤੇ ਮੌਜੂਦ ਹਨ।

ਮਹਿੰਦਰ ਸਿੰਘ ਪਾਲ ਦਾ ਕਹਿਣਾ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤ ਦਿਹਾੜੇ ''ਤੇ 22 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਸਿੱਖ ਯਾਤਰੀਆਂ ਨੇ ਨਨਕਾਣਾ ਸਾਹਿਬ ਪਾਕਿਸਤਾਨ ਆਉਣਾ ਹੈ ’ਤੇ 15 ਸਤੰਬਰ ਤੋਂ ਉਨ੍ਹਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਸਾਈਨ ਬੋਰਡ ਠੀਕ ਕਰਨ ਦਾ ਮਾਮਲਾ ਬਹੁਤ ਪਹਿਲਾਂ ਹੀ ਹੱਲ ਕਰ ਲਿਆ ਜਾਵੇਗਾ।

ਸਾਈਨ ਬੋਰਡ ਉੱਤੇ ਹਿੰਦੀ ਵਿੱਚ ਸ਼ਬਦ ਲਿਖਣ ਦੇ ਇਸ ਵਿਸ਼ੇ ਨੂੰ ਸਾਹਮਣੇ ਲਿਆਉਣ ਵਿੱਚ ਐਡਵੋਕੇਟ ਤਾਹਿਰ ਸਿੰਧੂ ਦਾ ਕਿਰਦਾਰ ਕਾਫ਼ੀ ਮਹੱਤਵਪੂਰਨ ਰਿਹਾ ਹੈ ਜਿਨ੍ਹਾਂ ਨੇ ਇਹ ਵਿਸ਼ਾ ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤਾ ਜਿਸ ਤੋਂ ਬਾਅਦ ਹੁਣ ਇਹ ਮਾਮਲਾ ਹੱਲ ਹੋਣ ਵਾਲੇ ਪਾਸੇ ਤੁਰ ਪਿਆ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=YCkyjyo_WVw

https://www.youtube.com/watch?v=ujbLFi5qKXw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News