ਕਸ਼ਮੀਰ ਪੰਡਿਤਾਂ ਦੀ ਘਰ ਵਾਪਸੀ ਹੋਣੀ ਚਾਹੀਦੀ ਹੈ - ਸਾਬਕਾ ਆਈਏਐਸ ਅਧਿਕਾਰੀ ਸ਼ਾਹ ਫ਼ੈਸਲ

Tuesday, Mar 19, 2019 - 07:15 AM (IST)

ਨਵੀਂ ਪਾਰਟੀ ''ਜੰਮੂ ਕਸ਼ਮੀਰ ਪੀਪਲਜ਼ ਮੂਵਮੈਂਟ'' ਬਣਾਉਣ ਤੋਂ ਬਾਅਦ 2010 ਬੈਚ ਦੇ ਆਈਐੱਸ ਅਧਿਕਾਰੀ ਰਹੇ ਸ਼ਾਹ ਫ਼ੈਸਲ ਦਾ ਕਹਿਣਾ ਹੈ ਕਿ ਕਸ਼ਮੀਰੀ ਪੰਡਿਤਾਂ ਦੇ ਨਾਲ ਧੱਕੇਸ਼ਾਹੀਆਂ ਹੋਈਆਂ ਹਨ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਸ਼ਾਹ ਫ਼ੈਸਲ ਕਹਿੰਦੇ ਹਨ ਕਿ ਹਾਲਾਤ ਅਜਿਹੇ ਬਣ ਗਏ ਸਨ ਜਿਸ ਦੇ ਕਾਰਨ ਕਸ਼ਮੀਰੀ ਪੰਡਿਤਾਂ ਨੂੰ ਆਪਣਾ ਘਰ ਛੱਡ ਕੇ ਜਾਣਾ ਪਿਆ।

ਉਹ ਕਹਿੰਦੇ ਹਨ, "ਕਸ਼ਮੀਰੀ ਪੰਡਿਤਾਂ ਦੀ ਘਰ ਵਾਪਸੀ ਸਾਡੇ ਲਈ ਬਹੁਤ ਵੱਡਾ ਮੁੱਦਾ ਹੈ ਅਤੇ ਅਸੀਂ ਉਸ ਦਿਸ਼ਾ ਵਿੱਚ ਕੰਮ ਕਰਾਂਗੇ। ਉਨ੍ਹਾਂ ਦਾ ਘਰ ਆਉਣਾ ਬਹੁਤ ਜ਼ਰੂਰੀ ਹੈ। ਸਾਡੀ ਪਾਰਟੀ ਉਨ੍ਹਾਂ ਨੂੰ ਇੱਜ਼ਤ ਦੇ ਨਾਲ ਵਾਪਸ ਕਸ਼ਮੀਰ ਲਿਆਉਣ ਲਈ ਕੰਮ ਕਰੇਗੀ।"

ਐਤਵਾਰ ਨੂੰ ਸ਼ਾਹ ਫ਼ੈਸਲ ਨੇ ਸ਼੍ਰੀਨਗਰ ਨੇ ਗਿੰਦੁਨ ਪਾਰਕ ਵਿੱਚ ਰੱਖੇ ਇੱਕ ਪ੍ਰੋਗਰਾਮ ''ਚ ਅਧਿਕਾਰਕ ਰੂਪ ਨਾਲ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ।

ਉਹ ਕਹਿੰਦੇ ਹਨ ਕਿ ਮੌਜੂਦਾ ਸਿਆਸੀ ਹਾਲਾਤ ਵਿੱਚ ਉਨ੍ਹਾਂ ਦੀ ਪਾਰਟੀ- ਜੰਮੂ ਕਸ਼ਮੀਰ ਪੀਪਲਜ਼ ਮੂਵਮੈਂਟ- ਦੇ ਗਠਨ ਵਾਲੇ ਦਿਨ ਹੀ ਲੋਕਾਂ ਤੋਂ ਮਿਲਿਆ ਸਮਰਥਨ ਕਾਫ਼ੀ ਉਤਸ਼ਾਹ ਦੇਣ ਵਾਲਾ ਸੀ।

ਇਹ ਵੀ ਪੜ੍ਹੋ-

ਫ਼ੈਸਲ ਕਹਿੰਦੇ ਹਨ ਕਿ ਲੇਹ ਅਤੇ ਲਦਾਖ਼ ਤੋਂ ਵੀ ਲੋਕ ਸ਼੍ਰੀਨਗਰ ਪਹੁੰਚੇ ਅਤੇ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।

ਇਹ ਪੁੱਛੇ ਜਾਣ ''ਤੇ ਕੀ ਉਹ ਇੱਕ ਪ੍ਰਸ਼ਾਸਨਿਕ ਅਧਿਕਾਰੀ ਰਹਿੰਦੇ ਹੋਏ ਲੋਕਾਂ ਲਈ ਕੰਮ ਨਹੀਂ ਕਰ ਸਕਦੇ ਸੀ? ਫ਼ੈਸਲ ਕਹਿੰਦੇ ਹਨ ਕਿ ਪਿਛਲੇ ਕਈ ਸਾਲਾਂ ਤੋਂ ਕਸ਼ਮੀਰ ਪ੍ਰਸ਼ਾਸਨਿਕ ਨਹੀਂ ਸਗੋਂ ਸਿਆਸੀ ਸੰਕਟ ਵਿੱਚੋਂ ਲੰਘ ਰਿਹਾ ਹੈ।

''ਸਿਆਸੀ ਪਾਰਟੀਆਂ ਨੇ ਗੁਲਾਮਾਂ ਵਰਗਾ ਸਲੂਕ ਕੀਤਾ''

ਉਨ੍ਹਾਂ ਦਾ ਕਹਿਣਾ ਸੀ, "ਕਸ਼ਮੀਰ ਵਿੱਚ ਨੌਕਰਸ਼ਾਹੀ ਦਾ ਕੋਈ ਸੰਕਟ ਨਹੀਂ ਹੈ। ਇਹ ਸੂਬਾ ਸਿਆਸੀ ਸੰਕਟ ਝੱਲਦਾ ਆਇਆ ਹੈ। ਸਿਆਸੀ ਪਾਰਟੀਆਂ ਦੇ ਮਾੜੇ ਸ਼ਾਸਨ ਕਾਰਨ ਅੱਜ ਕਸ਼ਮੀਰ ਦੇ ਅਜਿਹੇ ਹਾਲਾਤ ਬਣੇ ਗਏ ਹਨ ਜਿਸ ਵਿੱਚ ਆਮ ਲੋਕਾਂ ਨੂੰ ਅਤੇ ਖਾਸ ਤੌਰ ''ਤੇ ਨੌਜਵਾਨਾਂ ਨੂੰ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਲੰਘਣਾ ਪੈ ਰਿਹਾ ਹੈ।"

ਲੋਕ ਸੇਵਾ ਦੇ ਟੌਪਰ ਰਹੇ ਸ਼ਾਹ ਫ਼ੈਸਲ ਦਾ ਕਹਿਣਾ ਹੈ ਕਿ ਪਿਛਲੇ 70 ਸਾਲਾਂ ਵਿੱਚ ਸਿਆਸੀ ਪਾਰਟੀਆਂ ਨੇ ਕਸ਼ਮੀਰ ਦੇ ਲੋਕਾਂ ਦੇ ਨਾਲ ਗੁਲਾਮਾਂ ਵਰਗਾ ਸਲੂਕ ਕੀਤਾ ਹੈ।

ਉਹ ਉਦਾਹਰਣ ਦਿੰਦੇ ਹੋਏ ਕਹਿੰਦੇ ਹਨ ਕਿ ਕੁਝ ਸਿਆਸੀ ਪਾਰਟੀਆਂ ਵਾਰੀ-ਵਾਰੀ ਨਾਲ ਜੰਮੂ-ਕਸ਼ਮੀਰ ''ਤੇ ਸ਼ਾਸਨ ਕਰਦੀ ਰਹੀਆਂ ਹਨ।

"ਜਿਹੜਾ ਵੋਟਰ ਹੁੰਦਾ ਹੈ ਉਸ ਨੂੰ ਮਜ਼ਹਬੀ ਕਿਤਾਬਾਂ ''ਤੇ ਹੱਥ ਰਖਵਾ ਕੇ ਵਾਅਦੇ ਲਏ ਜਾਂਦੇ ਹਨ ਕਿ ਤੁਸੀਂ ਸਾਡਾ ਸਾਥ ਦਿਓਗੇ ਭਾਵੇਂ ਅਸੀਂ ਤੁਹਾਡੇ ਕੰਮ ਕਰੀਏ ਜਾਂ ਨਹੀਂ।"

ਉਹ ਕਹਿੰਦੇ ਹਨ ਕਿ ਲੋਕ ਸਿਆਸੀ ਪਾਰਟੀਆਂ ਦੇ ਗ਼ੁਲਾਮ ਇਸ ਲਈ ਹਨ ਕਿ ਕਿਉਂਕਿ ਮਸਲੇ ਹੱਲ ਨਹੀਂ ਹੋ ਪਾਉਂਦੇ ਪਰ ਉਹ ਆਪਣੇ ਨੇਤਾ ਬਦਲ ਵੀ ਨਹੀਂ ਪਾਉਂਦੇ ਕਿਉਂਕਿ ਉਨ੍ਹਾਂ ਕੋਲ ਬਦਲ ਨਹੀਂ ਹਨ।

ਸ਼ਾਹ ਫ਼ੈਸਲ ਕਹਿੰਦੇ ਹਨ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਉਨ੍ਹਾਂ ਲਈ ਸਭ ਤੋਂ ਪਹਿਲਾਂ ਕੰਮ ਸੀ ਕਿ ਉਹ ਸੰਸਦ ਤੱਕ ਜਾਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਦਿੱਲੀ ਦਾ ਧਿਆਨ ਖਿੱਚਣ।

ਪਰ ਉਨ੍ਹਾਂ ਦਾ ਕਹਿਣਾ ਸੀ ਕਿ ਕਿਸ ਤਰ੍ਹਾਂ ਸੰਸਦ ਤੱਕ ਦਾ ਸਫ਼ਰ ਤੈਅ ਕਰਨਾ ਹੈ, ਇਸ ਨੂੰ ਲੈ ਕੇ ਉਹ ਸੋਚਾਂ ਵਿੱਚ ਪੈ ਗਏ।

"ਮੇਰੇ ਲਈ ਰਸਤਾ ਸੀ ਕੀ ਕਿਸੇ ਮੌਜੂਦਾ ਸਿਆਸਤ ਪਾਰਟੀ ਵਿੱਚ ਸ਼ਾਮਿਲ ਹੋ ਜਾਵਾਂ ਅਤੇ ਚੋਣਾਂ ਲੜ ਕੇ ਸੰਸਦ ਚਲਾ ਜਾਵਾਂ। ਪਰ ਫਿਰ ਮੈਂ ਨੌਕਰੀ ਛੱਡ ਕੇ ਲੋਕਾਂ ਵਿਚਾਲੇ ਗਿਆ ਤਾਂ ਮੈਂ ਸੋਚਿਆ ਕਿ ਸੰਸਦ ਜਾਣ ਦਾ ਰਸਤਾ ਖ਼ੁਦ ਹੀ ਬਣਾਵਾਂਗਾ ਯਾਨਿ ਨਵਾਂ ਦਲ ਬਣਾ ਕੇ।"

ਨਵੀਂ ਸਿਆਸੀ ਪਾਰਟੀ ਬਣਾਉਣ ਤੋਂ ਬਾਅਦ ਫ਼ੈਸਲ ''ਤੇ ਸਿਆਸੀ ਪਾਰਟੀਆਂ ਨੇ ਨਿਸ਼ਾਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ।

ਨੈਸ਼ਨਲ ਕਾਨਫਰੰਸ ਦੇ ਨੇਤਾ ਤਨਵੀਰ ਸਾਦਿਕ ਨੇ ਟਵੀਟ ਕਰਕੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸ਼ਾਹ ਫ਼ੈਸਲ ਤੋਂ ''ਹੁਸ਼ਿਆਰ ਰਹਿਣਾ'' ਚਾਹੀਦਾ ਹੈ।

ਅਜਿਹੇ ਲੋਕਾਂ ’ਤੇ ਪਲਟਵਾਰ ਕਰਦਿਆਂ ਹੋਇਆ ਸ਼ਾਹ ਫ਼ੈਸਲ ਕਹਿੰਦੇ ਹਨ ਕਿ ਕਿਉਂਕਿ ਉਹ ਜੰਮੂ-ਕਸ਼ਮੀਰ ਦੀ ਕਿਸੇ ਵੀ ਸਿਆਸੀ ਪਾਰਟੀ ਦੇ ਏਜੰਟ ਨਹੀਂ ਹਨ ਇਸ ਲਈ ਉਨ੍ਹਾਂ ਨੂੰ ਦਿੱਲੀ ਦਾ ਜਾਂ ਫਿਰ ਆਰਐਸਐਸ ਦਾ ਏਜੰਟ ਦੱਸਿਆ ਜਾ ਰਿਹਾ ਹੈ।

"ਮੈਨੂੰ ਅੱਲਾਹ ਨੇ ਇਹ ਮੌਕਾ ਦਿੱਤਾ ਹੈ ਕਿ ਉਸ ਦਾ ਏਜੰਟ ਬਣ ਕੇ ਇੱਥੇ ਤੋਂ ਹਾਲਾਤ ਠੀਕ ਕਰ ਸਕਾਂ।"

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ-

https://www.youtube.com/watch?v=xWw19z7Edrs&t=1s

https://www.youtube.com/watch?v=V7SZMUjwvwo

https://www.youtube.com/watch?v=gS0YFySU8SU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News