ਜੈਐਨਯੂ ਵਿਦਿਆਰਥੀ ਨਜੀਬ ਅਹਿਮਦ ਦੇ ਆਈਐੱਸ ''''ਚ ਸ਼ਾਮਿਲ ਹੋਣ ਦਾ ਕੀ ਹੈ ਸੱਚ

Tuesday, Mar 19, 2019 - 06:45 AM (IST)

ਸੋਸ਼ਲ ਮੀਡੀਆ ''ਤੇ ਕੁਝ ਹਥਿਆਰਬੰਦ ਲੜਾਕਿਆਂ ਦੀ ਤਸਵੀਰ ਇਸ ਦਾਅਵੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਲੜਾਕਿਆਂ ਵਿਚਾਲੇ ਸ਼ਖ਼ਸ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਲਾਪਤਾ ਵਿਦਿਆਰਥੀ ਨਜੀਬ ਅਹਿਮਦ ਹੈ।

ਜਿਨ੍ਹਾਂ ਲੋਕਾਂ ਨੇ ਇਹ ਤਸਵੀਰ ਸ਼ੇਅਰ ਕੀਤੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਜੇਐਨਯੂ ਦਾ ਵਿਦਿਆਰਥੀ ਨਜੀਬ ਅਹਿਮਦ ਕਥਿਤ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਵਿੱਚ ਸ਼ਾਮਿਲ ਹੋ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਸ਼ਨਿੱਚਰਵਾਰ ਨੂੰ ਜਦੋਂ #MainBhiChowkidar ਨਾਂ ਨਾਲ ਸੋਸ਼ਲ ਮੀਡੀਆ ਮੁਹਿੰਮ ਦੀ ਸ਼ੁਰੂਆਤ ਕੀਤੀ ਤਾਂ ਪੀਐਮ ਮੋਦੀ ਕੋਲੋਂ ਸਭ ਤੋਂ ਤਿੱਖਾ ਸਵਾਲ ਜੇਐਨਯੂ ਤੋਂ ਲਾਪਤਾ ਵਿਦਿਆਰਥੀ ਨਜੀਬ ਅਹਿਮਦ ਦੀ ਮਾਂ ਫਾਤਿਮਾ ਵਫ਼ੀਸ ਨੇ ਹੀ ਪੁੱਛ ਲਿਆ।

ਉਨ੍ਹਾਂ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਿਆ, "ਜੇਕਰ ਤੁਸੀਂ ਚੌਕੀਦਾਰ ਹੋ ਤਾਂ ਮੇਰਾ ਮੁੰਡਾ ਕਿੱਥੇ ਹੈ। ਏਬੀਵੀਪੀ ਦੇ ਮੁਲਜ਼ਮ ਗ੍ਰਿਫ਼ਤਾਰ ਕਿਉਂ ਨਹੀਂ ਕੀਤੇ ਜਾ ਰਹੇ। ਮੇਰੇ ਮੁੰਡੇ ਦੀ ਭਾਲ ''ਚ ਦੇਸ ਦੀਆਂ ਤਿੰਨ ਟੌਪ ਏਜੰਸੀਆਂ ਅਸਫ਼ਲ ਕਿਉਂ ਰਹੀਆਂ ਹਨ?"

ਇਹ ਵੀ ਪੜ੍ਹੋ-

ਉਨ੍ਹਾਂ ਦੇ ਇਸ ਟਵੀਟ ਦੇ ਖ਼ਬਰਾਂ ''ਚ ਆਉਣ ਤੋਂ ਬਾਅਦ ਸੱਜੇ ਪੱਖੀ ਰੁਝਾਨ ਵਾਲੇ ਫੇਸਬੁੱਕ ਗਰੁੱਪ ਵਿੱਚ ਸ਼ੇਅਰ ਚੈਟ ਅਤੇ ਵਟਸਐਪ ''ਤੇ ਇੱਕ ਪੁਰਾਣੀ ਤਸਵੀਰ ਬਹੁਤ ਤੇਜ਼ੀ ਨਾਲ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਨਜੀਬ ਦੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਹ ਵਾਇਰਲ ਤਸਵੀਰ ਸਾਲ 2018 ਦੀ ਸ਼ੁਰੂਆਤ ਵਿੱਚ ਵੀ ਇਸੇ ਦਾਅਵੇ ਦੇ ਨਾਲ ਸ਼ੇਅਰ ਕੀਤੀ ਗਈ ਸੀ।

ਬੀਬੀਸੀ ਦੇ ਕਈ ਪਾਠਕਾਂ ਨੇ ਵੀ ਵੱਟਸਐਪ ਰਾਹੀਂ ''ਫੈਕਟ ਚੈਕ ਟੀਮ'' ਨੂੰ ਇਹ ਤਸਵੀਰ ਅਤੇ ਇਸ ਨਾਲ ਜੁੜਿਆ ਇੱਕ ਸੰਦੇਸ਼ ਭੇਜਿਆ ਹੈ।

ਨਜੀਬ ਅਹਿਮਦ
BBC

ਵਾਇਰਲ ਤਸਵੀਰ ਦੀ ਪੜਤਾਲ

ਆਪਣੀ ਪੜਤਾਲ ਵਿੱਚ ਅਸੀਂ ਦੇਖਿਆ ਹੈ ਕਿ ਇਹ ਤਸਵੀਰ ਜੇਐਨਯੂ ਦੇ ਲਾਪਤਾ ਵਿਦਿਆਰਥੀ ਨਜੀਬ ਅਹਿਮਦ ਦੀ ਨਹੀਂ ਹੋ ਸਕਦੀ।

ਸਰਸਰੀ ਤੌਰ ''ਤੇ ਦੇਖੀਏ ਤਾਂ ਨਜੀਬ ਅਹਿਮਦ ਅਤੇ ਵਾਇਰਲ ਤਸਵੀਰ ਵਿੱਚ ਦਿਖਣ ਵਾਲੇ ਸ਼ਖ਼ਸ ਦੇ ਚਿਹਰੇ ਵਿੱਚ ਮੁਸ਼ਕਿਲ ਨਾਲ ਹੀ ਕੋਈ ਸਮਾਨਤਾਵਾਂ ਹਨ।

ਪਰ ਵਾਇਰਲ ਤਸਵੀਰ ਨਾਲ ਜੁੜੇ ਤੱਥ ਨਜੀਬ ਅਹਿਮਦ ਦੇ ਇਸ ਤਸਵੀਰ ਵਿੱਚ ਹੋਣ ਦੇ ਸਾਰੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੰਦੇ ਹਨ।

ਨਜੀਬ ਅਹਿਮਦ 14 ਅਕਤੂਬਰ 2016 ਦੀ ਰਾਤ ਤੋਂ ਜੇਐਨਯੂ ਦੇ ਹੋਸਟਲ ਤੋਂ ਲਾਪਤਾ ਹੋਏ ਸਨ, ਜਦਕਿ ਵਾਇਰਲ ਤਸਵੀਰ 2017 ਮਾਰਚ ਦੀ ਹੈ।

ਇਹ ਤਸਵੀਰ ਦੇ ਇਰਾਕ ਦੇ ਅਲ-ਅਲਮ ਸ਼ਹਿਰ ਨਾਲ ਲਗਦੇ ਕਸੀਬਾ ''ਚ ਖਿੱਚੀ ਗਈ ਸੀ।

ਇਹ ਤਸਵੀਰ ਕੌਮਾਂਤਰੀ ਸਮਾਚਾਰ ਏਜੰਸੀ ਰਾਇਟਰਜ਼ ਦੇ ਫੋਟੋਗ੍ਰਾਫਰ ਤਾਹਿਰ ਅਲ-ਸੂਡਾਨੀ ਨੇ ਖਿੱਚੀ ਸੀ।

ਸਮਾਚਾਰ ਏਜੰਸੀ ਮੁਤਾਬਕ ਤਸਵੀਰ ਵਿੱਚ ਦਿਖ ਰਹੇ ਹਥਿਆਰਬੰਦ ਲੋਕ ਇਸਲਾਮਿਕ ਸਟੇਟ ਦੇ ਲੜਾਕੇ ਨਹੀਂ ਬਲਕਿ ਇਰਾਕ ਸਿਕਿਓਰਿਟੀ ਫੋਰਸ ਦੀ ਮਦਦ ਕਰਨ ਵਾਲੇ ਸ਼ਿਆ ਲੜਾਕੇ ਹਨ।

ਜਿਸ ਦਿਨ ਤਸਵੀਰ ਖਿੱਚੀ ਗਈ ਸੀ, ਉਸੇ ਦਿਨ ਇਰਾਕੀ ਸਿਕਿਓਰਿਟੀ ਫੋਰਸ ਨੇ ਇਸਲਾਮਿਕ ਸਟੇਟ ਦੇ ਕੰਟ੍ਰੋਲ ਵਾਲੇ ਤਿਕਰਿਤ ਸ਼ਹਿਰ ''ਚ ਜਾਰੀ ਇੱਕ ਵੱਡੀ ਮੁਹਿੰਮ ''ਚ ਜਿੱਤ ਹਾਸਿਲ ਕੀਤੀ ਸੀ ਅਤੇ ਉਸ ਨੂੰ ਆਪਣੇ ਕਬਜ਼ੇ ''ਚ ਲਿਆ ਸੀ।

2 ਅਪ੍ਰੈਲ 2015 ਨੂੰ ਇਰਾਕੀ ਫੌਜੀਆਂ ਨੇ ਇਹ ਅਧਿਕਾਰਤ ਐਲਾਨ ਕੀਤਾ ਸੀ ਕਿ ਇਰਾਕ ਦੇ ਤਿਕਰਿਤ ਸ਼ਹਿਰ ਨੂੰ ਆਈਏਐਸ ਦੇ ਕਬਜ਼ੇ ਤੋਂ ਪੂਰੀ ਤਰ੍ਹਾਂ ਆਜ਼ਾਦ ਕਰਵਾ ਲਿਆ ਗਿਆ ਹੈ।

29 ਮਹੀਨਿਆਂ ਤੋਂ ਲਾਪਤਾ ਨਜੀਬ ਅਹਿਮਦ

ਕਰੀਬ 2 ਸਾਲ ਤੱਕ ਚੱਲੀ ਤਲਾਸ਼ ਅਤੇ ਪੜਤਾਲ ਤੋਂ ਬਾਅਦ ਕੇਂਦਰੀ ਜਾਂਚ ਬਿਓਰੋ (ਸੀਬੀਆਈ) ਨੇ ਦਿੱਲੀ ਦੇ ਜੇਐਨਯੂ ਤੋਂ ਲਾਪਤਾ ਵਿਦਿਆਰਥੀ ਦਾ ਕੇਸ ਅਕਤੂਬਰ 2018 ਨੂੰ ਬੰਦ ਕਰ ਦਿੱਤਾ ਸੀ।

ਉਸ ਵੇਲੇ ਨਜੀਬ ਦੀ ਮਾਂ ਫਾਤਿਮਾ ਨਫ਼ੀਸ ਨੇ ਸੀਬੀਆਈ ਦੀ ਕਾਰਜਪ੍ਰਣਾਲੀ ''ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਉਹ ਆਪਣੀ ਲੜਾਈ ਜਾਰੀ ਰੱਖੇਗੀ ਅਤੇ ਉਹ ਜ਼ਰੂਰਤ ਪੈਣ ''ਤੇ ਸੁਪਰੀਮ ਕੋਰਟ ਦਾ ਵੀ ਦਰਵਾਜ਼ਾ ਖੜਕਾਉਣਗੇ।

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਅਧਿਕਾਰੀਆਂ ਦਾ ਕਹਿਣਾ ਸੀ ਕਿ ਨਜੀਬ ਅਹਿਮਦ ਨੂੰ ਲੱਭਣ ਦੀਆਂ ਤਮਾਮ ਕੋਸ਼ਿਸ਼ਾਂ ਦਾ ਕੋਈ ਨਤੀਜਾ ਨਾ ਨਿਕਲਣ ਤੋਂ ਬਾਅਦ ਸੀਬੀਆਈ ਨੇ ਕੇਸ ਬੰਦ ਕਰਨ ਦਾ ਫ਼ੈਸਲਾ ਲਿਆ ਸੀ।

ਨਜੀਬ 14 ਅਕਤੂਬਰ 2016 ਤੋਂ ਲਾਪਤਾ ਹਨ। 14 ਅਕਤੂਬਰ ਦੀ ਰਾਤ ਜੇਐਨਯੂ ਦੇ ਮਾਹੀ ਮਾਂਡਵੀ ਹੌਸਟਲ ''ਚ ਕੁਝ ਵਿਦਿਆਰਥੀਆਂ ਵਿਚਾਲੇ ਝੜਪ ਹੋਈ ਸੀ ਜਿਸ ਤੋਂ ਬਾਅਦ ਨਜੀਬ ਦਾ ਕਿਤੇ ਪਤਾ ਨਹੀਂ ਲੱਗਾ।

ਨਜੀਬ ਦੇ ਲਾਪਤਾ ਹੋਣ ''ਤੇ ਪੁਲਿਸ ਨੇ ਆਈਪੀਸੀ ਦੀ ਧਾਰਾ 365 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਸਾਲ 2017 ਵਿੱਚ ਦਿੱਲੀ ਹਾਈ ਕੋਰਟ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦਾ ਆਦੇਸ਼ ਦਿੱਤਾ ਸੀ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ-

https://www.youtube.com/watch?v=xWw19z7Edrs&t=1s

https://www.youtube.com/watch?v=V7SZMUjwvwo

https://www.youtube.com/watch?v=gS0YFySU8SU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News