ਰੋਲਸ ਰਾਇਸ ਦੀ ਫਲਾਇੰਗ ਟੈਕਸੀ ਕੰਸੈਪਟ ਦਾ ਹੋਇਆ ਖੁਲਾਸਾ, ਜਾਣੋ ਕਦੋਂ ਹੋਵੇਗੀ ਲਾਂਚ

07/17/2018 1:26:06 PM

ਜਲੰਧਰ— ਪ੍ਰਸਿੱਧ ਵਾਹਨ ਨਿਰਮਾਤਾ ਕੰਪਨੀ ਰੋਲਸ ਰਾਇਸ 400 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਉੱਡਣ ਵਾਲੀ ਟੈਕਸੀ ਬਣਾ ਰਹੀ ਹੈ। ਇਸ ਵਿਚ ਇਕ ਵਾਰ 'ਚ 5 ਯਾਤਰੀ ਸਫਰ ਕਰ ਸਕਣਗੇ ਅਤੇ ਇਕ ਵਾਰ ਚਾਰਜ ਕਰਕੇ 800 ਕਿਲੋਮੀਟਰ ਤਕ ਦੀ ਦੂਰੀ ਤੈਅ ਕੀਤੀ ਜਾ ਸਕੇਗੀ। ਕੰਪਨੀ ਇਸ ਹਫਤੇ ਹੈਂਪਸ਼ਾਇਰ 'ਚ ਹੋਣ ਵਾਲੇ ਇਕ ਏਅਰ-ਸ਼ੋਅ 'ਚ ਇਸ ਦਾ ਪ੍ਰਦਰਸ਼ਨ ਕੇਰਗੀ। ਇਸ ਏਅਰ-ਸ਼ੋਅ 'ਚ ਦੁਨੀਆ ਦੀਆਂ ਮੰਨੀਆਂ-ਪ੍ਰਮੰਨੀਆਂ ਕੰਪਨੀਆਂ ਆਪਣਾ ਹੁਨਰ ਦਿਖਾਉਣਗੀਆਂ। ਰੋਲਸ ਰਾਇਸ ਪਹਿਲਾਂ ਹੀ ਹਵਾਈ ਜਹਾਜ਼, ਹੈਲੀਕਾਪਟਰ ਅਤੇ ਸ਼ਿੱਪ ਇੰਜਣ ਬਣਾ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ ਆਪਣੀ ਇਸ ਫਾਲਾਇੰਗ ਟੈਕਸੀ ਦਾ ਕੰਸੈਪਟ (EVTOL) ਤਿਆਰ ਕਰ ਲਿਆ ਹੈ ਅਤੇ ਇਸ ਨੂੰ 2020 ਤੋਂ ਪਹਿਲਾਂ ਲਾਂਚ ਕੀਤਾ ਜਾ ਸਕਦਾ ਹੈ। 

ਫਲਾਇੰਗ ਟੈਕਸੀ
ਦੱਸਿਆ ਜਾ ਰਿਹਾ ਹੈ ਕਿ ਇਸ ਵਿਚ ਇਕ ਗੈਸ ਟਰਬਾਈਨ ਇੰਜਣ ਲੱਗਾ ਹੋਵੇਗਾ ਜੋ ਵਿੰਗਸ ਅਤੇ ਟੈਕਸੀ ਦੇ ਪਿਛਲੇ ਹਿੱਸੇ 'ਚ ਲੱਗੀਆਂ 6 ਇਲੈਕਟ੍ਰਿਕ ਮੋਟਰਾਂ ਨੂੰ ਚਾਲੂ ਕਰੇਗਾ। ਮਤਲਬ ਕਿ ਇਹ ਪੂਰੀ ਤਰ੍ਹਾਂ ਇਲੈਕਟ੍ਰਿਕ ਨਹੀਂ ਹੋਵੇਗੀ। ਇਸ ਵਿਚ ਲੱਗੇ ਵਿੰਗਸ 90 ਡਿਗਰੀ ਤਕ ਘੁੰਮ ਸਕਦੇ ਹਨ। ਇਸ ਨਾਲ ਵਰਟਿਕਲ ਟੈਕਆਫ ਅਤੇ ਲੈਂਡਿੰਗ 'ਚ ਮਦਦ ਮਿਲਦੀ ਹੈ। ਕੰਪਨੀ ਮੁਤਾਬਕ, ਉੱਚਾਈ 'ਤੇ ਪਹੁੰਚਣ ਦੌਰਾਨ ਵਿੰਗਸ 'ਤੇ ਲੱਗੇ ਪਰੋਪੇਲਰ ਫੋਲਡ ਹੋ ਜਾਂਦੇ ਹਨ। ਇਸ ਨਾਲ ਡ੍ਰੈਗ ਅਤੇ ਕੈਬਿਨ ਨੌਇਜ਼ ਘੱਟ ਹੁੰਦੀ ਹੈ। 
ਇਸ ਸਮੇਂ ਏਅਰਬਸ ਅਤੇ ਉਬਰ ਵਰਗੀਆਂ ਕੰਪਨੀਆਂ ਵੀ ਫਲਾਇੰਗ ਟੈਕਸੀ ਕੰਸੈਪਟ 'ਤੇ ਕੰਮ ਕਰ ਰਹੀਆਂ ਹਨ। ਰੋਲਸ ਰਾਇਸ ਨੂੰ ਉਮੀਦ ਹੈ ਕਿ ਸ਼ਹਿਰਾਂ 'ਚ ਇਸ ਦਾ ਜ਼ਿਆਦਾ ਇਸਤੇਮਾਲ ਹੋਵੇਗਾ।