ਬੈਟਰੀ ਘੱਟ ਹੋਣ 'ਤੇ ਚਾਰਜਿੰਗ ਸਟੇਸ਼ਨ ਦਾ ਪਤਾ ਦੱਸੇਗਾ QOODER ਇਲੈਕਟ੍ਰਿਕ ਵਾਹਨ

03/17/2018 11:12:53 AM

ਜਲੰਧਰ : 2018 ਜੇਨੇਵਾ ਇੰਟਰਨੈਸ਼ਨਲ ਮੋਟਰ ਸ਼ੋਅ 'ਚ ਬਿਹਤਰੀਨ ਲਗਜ਼ਰੀ ਕਾਰਾਂ ਨਾਲ 3 ਟਾਇਰਾਂ ਵਾਲਾ ਇਕ ਅਜਿਹਾ ਇਲੈਕਟ੍ਰਿਕ ਵਾਹਨ ਪ੍ਰਦਰਸ਼ਿਤ ਕੀਤਾ ਗਿਆ ਹੈ, ਜੋ ਵਿਸ਼ੇਸ਼ਤਾਵਾਂ ਦੇ ਮਾਮਲੇ ਵਿਚ ਇਲੈਕਟ੍ਰਿਕ ਮੋਟਰਸਾਈਕਲ ਤੇ ਕਾਰ ਨਾਲੋਂ ਘੱਟ ਨਹੀਂ। ਇਸ ਪ੍ਰੋਗਰਾਮ ਵਿਚ ਰੇਂਜ ਰੋਵਰ ਨੇ 2 ਦਰਵਾਜ਼ਿਆਂ ਵਾਲੀ ਐੱਸ. ਯੂ. ਵੀ. ਕਾਰ ਲਾਂਚ ਕਰ ਕੇ ਕਾਫੀ ਸੁਰਖੀਆਂ ਬਟੋਰੀਆਂ ਹਨ। ਇਨ੍ਹਾਂ ਤੋਂ ਇਲਾਵਾ ਟੋਯੋਟਾ ਨੇ ਨਵੀਂ ਰੇਸਿੰਗ ਕਾਰ ਅਤੇ ਮੋਰਗਨ ਨੇ ਵਿੰਟੇਜ ਡਿਜ਼ਾਈਨ ਵਾਲੀ ਆਧੁਨਿਕ ਵਿਸ਼ੇਸ਼ਤਾਵਾਂ ਨਾਲ ਲੈਸ ਏਅਰੋ ਜੀ. ਟੀ. ਕਾਰ ਪੇਸ਼ ਕੀਤੀ ਹੈ, ਜੋ ਮੁੱਖ ਖਿੱਚ ਦਾ ਕੇਂਦਰ ਬਣੀ ਹੋਈ ਹੈ।



2018 ਜੇਨੇਵਾ ਇੰਟਰਨੈਸ਼ਨਲ ਮੋਟਰ ਸ਼ੋਅ 'ਚ 3 ਪਹੀਆਂ ਵਾਲਾ ਇਕ ਅਜਿਹਾ ਇਲੈਕਟ੍ਰਿਕ ਵਾਹਨ ਪੇਸ਼ ਕੀਤਾ ਗਿਆ ਹੈ, ਜੋ ਬੈਟਰੀ ਘੱਟ ਹੋਣ 'ਤੇ ਚਾਰਜਿੰਗ ਸਟੇਸ਼ਨ ਦਾ ਪਤਾ ਦੱਸੇਗਾ, ਜਿਸ ਨਾਲ ਚਲਾਉਣ ਵਾਲੇ ਦਾ ਕਾਫੀ ਸਮਾਂ ਵੀ ਬਚੇਗਾ ਅਤੇ ਉਹ ਇਸ ਦੀ ਵਰਤੋਂ ਆਪਣੇ ਹੋਰ ਕੰਮ ਕਰਨ ਵਿਚ ਕਰ ਸਕੇਗਾ। ਇਸ QOODER ਈ-ਵ੍ਹੀਕਲ ਨੂੰ ਸਵਿਸ ਕੰਪਨੀ ਕਵਾਡ੍ਰੋ ਵ੍ਹੀਕਲਸ ਐੱਸ. ਏ. ਵਲੋਂ ਮੈਨੇਜਮੈਂਟ ਪਲੇਟਫਾਰਮ ਨਿਰਮਾਤਾ ਕੰਪਨੀ ਰੂਟ 220 ਨਾਲ ਭਾਈਵਾਲੀ ਕਰ ਕੇ ਬਣਾਇਆ ਗਿਆ ਹੈ।

ਕੰਪਨੀ ਦੇ ਸੀ. ਈ. ਓ. ਪਾਓਲੋ ਗਗਲਿਆਰਡੋ ਨੇ ਦੱਸਿਆ ਹੈ ਕਿ QOODER ਨਾਂ ਦੇ ਇਸ ਵਾਹਨ ਨੂੰ ਨਵੇਂ ਮੋਬੀਲਿਟੀ ਕਨਸੈਪਟ 'ਤੇ ਤਿਆਰ ਕੀਤਾ ਗਿਆ ਹੈ ਭਾਵ ਇਸ ਨੂੰ ਕਾਰਾਂ ਤੇ ਮੋਟਰਸਾਈਕਲਾਂ ਵਿਚ ਦਿੱਤੀਆਂ ਜਾਣ ਵਾਲੀਆਂ ਵਿਸ਼ੇਸ਼ਤਾਵਾਂ ਨੂੰ ਧਿਆਨ ਵਿਚ ਰੱਖਦਿਆਂ ਤਿਆਰ ਕੀਤਾ ਗਿਆ ਹੈ। ਇਹ ਸੁਰੱਖਿਅਤ ਤਾਂ ਹੈ ਹੀ, ਨਾਲ ਹੀ ਇਸ ਨਾਲ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ ਵੀ ਨਹੀਂ ਹੋਵੇਗਾ। ਇਸ ਨੂੰ ਸਭ ਤੋਂ ਪਹਿਲਾਂ ਯੂਰਪ ਵਿਚ ਮੁਹੱਈਆ ਕਰਵਾਉਣ ਦੀ ਕੰਪਨੀ ਦੀ ਯੋਜਨਾ ਹੈ।