ਬਿਨਾਂ ''ਚੈਨ'' ਦੇ ਚੱਲਦੀ ਹੈ ਇਹ ਸਾਈਕਲ

07/17/2018 2:14:18 PM

ਜਲੰਧਰ— ਡੈਨਮਾਰਕ ਦੀ ਕੰਪਨੀ ਸੇਰਮਾਈਕਸਪੀਡ ਨੇ ਇਕ ਬੇਹੱਦ ਹੀ ਸ਼ਾਨਦਾਰ ਸਾਈਕਲ ਦਾ ਕੰਸੈਪਟ ਪੇਸ਼ ਕੀਤਾ ਹੈ। ਇਸ ਸਾਈਕਲ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਚੈਨ ਦਾ ਇਸਤੇਮਾਲ ਨਹੀਂ ਕੀਤਾ ਗਿਆ। ਇਸ ਕੰਸੈਪਟ 'ਚ ਚੈਨ ਦੀ ਥਾਂ ਬੇਅਰਿੰਗ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਕਿ ਅਗਲੇ ਪੈਡਲ ਨਾਲ ਇਕ ਪਾਈਪ ਰਾਹੀਂ ਜੁੜੀ ਹੈ। ਇਹ ਬੇਅਰਿੰਗ ਸਾਈਕਲ ਦੇ ਪਿਛਲੇ ਪਹੀਏ ਨਾਲ ਲੱਗੇ ਸ਼ਾਫਟ ਨਾਲ ਜਾ ਕੇ ਲੱਗਦੀ ਹੈ। ਪੈਡਲ ਨਾਲ ਲੱਗੇ ਪਾਈਪ ਦੇ ਅੰਦਰ ਇਕ ਹੋਰ ਘੁੰਮਣ ਵਾਲੀ ਪਾਈਪ ਲਗਾਈ ਗਈ ਹੈ। ਜਦੋਂ ਚਾਲਕ ਪੈਡਲ ਮਾਰਦਾ ਹੈ ਤਾਂ ਅੰਦਰਲੀ ਪਾਈਪ ਘੁੰਮਦੀ ਹੈ, ਜਿਸ ਨਾਲ ਉਸ ਨਾਲ ਜੁੜਿਆ ਬੇਅਰਿੰਗ ਵੀ ਉਸ ਦਿਸ਼ਾ 'ਚ ਘੁੰਮਦਾ ਹੈ। ਦੱਸ ਦੇਈਏ ਕਿ ਇਸ ਸਾਈਕਲ ਨੂੰ ਸੇਰਮਾਈਕਸਪੀਡ ਅਤੇ ਯੂਨੀਵਰਸਿਟੀ ਆਫ ਕੋਲਾਰਡੋ ਦੇ ਮਕੈਨੀਕਲ ਇੰਜੀਨੀਅਰਿੰਗ ਡਿਪਾਰਟਮੈਂਟ ਨੇ ਮਿਲ ਕੇ ਬਣਾਇਆ ਹੈ। 

 

21 ਬੇਅਰਿੰਗ ਦੀ ਵਰਤੋਂ
ਇਸ ਸਾਈਕਲ ਦੇ ਪਿਛਲੇ ਪਹੀਏ 'ਚ ਲੱਗੇ ਹਾਰਡ ਗੇਅਰ ਨਾਲ ਬੇਅਰਿੰਗ ਜੁੜਿਆ ਹੈ ਜੋ ਉਸ ਨੂੰ ਆਪਣੀ ਦਿਸ਼ਾ 'ਚ ਘੁੰਮਾਉਂਦਾ ਹੈ। ਇਹ ਗਿਅਰ ਸਿੱਧੀ ਦਿਸ਼ਾ 'ਚ ਲਗਾਇਆ ਗਿਆ ਹੈ ਜਿਸ ਨਾਲ ਪੈਡਲ ਮਾਰਦੇ ਹੀ ਸਾਈਕਲ ਅੱਗੇ ਵਧਣਾ ਸ਼ੁਰੂ ਕਰ ਦਿੰਦੀ ਹੈ। ਇਸ ਸਿਸਟਮ 'ਚ ਕੁਲ 21 ਬੇਅਰਿੰਗ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਕਿ ਪੈਡਲ ਤੋਂ ਲੈ ਕੇ ਪਿਛਲੇ ਪਹੀਏ ਦੇ ਗਿਅਰ ਤਕ ਲਗਾਏ ਗਏ ਹਨ। ਇਨ੍ਹਾਂ ਬੇਅਰਿੰਗਾਂ ਦੀ ਮਦਦ ਨਾਲ ਹੀ ਪੈਡਲ ਦੀ ਗਤੀ ਪਿਛਲੇ ਪਹੀਏ ਤਕ ਪਹੁੰਚਦੀ ਹੈ।