ਆਸਟਰੇਲੀਆਈ ਇਮੀਗ੍ਰੇਸ਼ਨ ''ਚ ਬਦਲਾਅ, ਜਾਣੋ ਅਹਿਮ ਗੱਲਾਂ

05/14/2017 2:58:30 PM

ਬ੍ਰਿਸਬੇਨ— ਆਸਟਰੇਲੀਆ ਸਰਕਾਰ ਨੇ ਮੌਜੂਦਾ ਬਜਟ ਅਤੇ ਨਵੀਂ ਆਵਾਸ ਵੀਜ਼ਾ ਪ੍ਰਣਾਲੀ ਵਿੱਚ ਅਹਿਮ  ਬਦਲਾਅ ਕੀਤੇ ਹਨ। ਜਿਸ ਤਹਿਤ ''ਪੈਸਾ ਖ਼ਰਚੋ ਮਾਪੇ ਲਿਆਓ'' ਨੀਤੀ ਮੁਤਾਬਕ ਪ੍ਰਵਾਸੀਆਂ ਦੇ ਮਾਪੇ ਹੁਣ 10 ਸਾਲ ਤੱਕ ਇੱਥੇ ਰਹਿ ਸਕਦੇ ਹਨ ਪਰ ਬਿਨੈਕਾਰ (ਆਸਟਰੇਲੀਆਈ ਨਾਗਰਿਕ ਅਤੇ ਪੱਕੀ ਰਿਹਾਇਸ਼  ਵਾਲੇ) ਨੂੰ ਮਾਪਿਆਂ ਦੇ ਸਿਹਤ ਬੀਮੇ ਅਤੇ ਹੋਰ ਸਹੂਲਤਾਂ ਦੀ ਜ਼ਿੰਮੇਵਾਰੀ ਆਪ ਚੁੱਕਣੀ ਪਏਗੀ।

ਨਵੀਆਂ ਸ਼ਰਤਾਂ ਮੁਤਾਬਕ ਮਾਪੇ ਪੱਕੇ ਤੌਰ ''ਤੇ ਉੱਥੇ ਨਹੀਂ ਰਹਿ ਸਕਦੇ ਅਤੇ ਨਾ ਹੀ ਉਹ ਆਸਟਰੇਲੀਆ ਵਿੱਚ ਨੌਕਰੀ ਕਰ ਸਕਣਗੇ।ਇਹ ਵੀਜ਼ਾ ਪ੍ਰਣਾਲੀ ਤਿੰਨ ਅਤੇ ਪੰਜ ਸਾਲ ਲਈ ਲਾਗੂ ਹੋਵੇਗੀ, ਜਿਸ ਤਹਿਤ ਕ੍ਰਮਵਾਰ ਪੰਜ ਹਜ਼ਾਰ ਅਤੇ 10 ਹਜ਼ਾਰ ਡਾਲਰ ਫ਼ੀਸ ਦੇਣੀ ਪਏਗੀ। ਪੰਜ ਸਾਲ ਰਿਹਾਇਸ਼ ਤੋਂ ਬਾਅਦ ਬਿਨੈਕਰਤਾ ਨੂੰ ਵੀਜ਼ਾ ਅਪਡੇਟ ਕਰਵਾਉਣ ਲਈ ਨਵੀਂ ਅਰਜ਼ੀ ਦਾਖ਼ਲ ਕਰਨ ਦਾ ਕਾਨੂੰਨੀ ਅਧਿਕਾਰ ਤਾਂ ਹੋਵੇਗਾ ਪਰ ਆਪਣੇ 10 ਸਾਲ ਪੂਰੇ ਹੋਣ ਤੋਂ ਬਾਅਦ ਬਿਨੈਕਾਰ ਮਾਪਿਆਂ ਨੂੰ ਇਸ ਵੀਜ਼ਾ ਸ਼੍ਰੇਣੀ ਵਿੱਚ ਦੁਬਾਰਾ ਨਹੀਂ ਸੱਦ ਸਕੇਗਾ।
ਹਰ ਸਾਲ ਜਾਰੀ ਹੋਣਗੇ 15,000 ਵੀਜ਼ੇ 
ਸਰਕਾਰ ਨੇ ਹਰ ਸਾਲ ਤਕਰੀਬਨ 15 ਹਜ਼ਾਰ ਵੀਜ਼ੇ ਜਾਰੀ ਕਰਨ ਦਾ ਟੀਚਾ ਰੱਖਿਆ ਹੈ। ਇਸ ਪ੍ਰੋਗਰਾਮ ਤਹਿਤ ਸਰਕਾਰ ਨੂੰ ਮੋਟੀ ਕਮਾਈ ਦੀ ਵੀ ਆਸ ਹੈ। ਉੱਧਰ ਸਰਕਾਰ ਦੇ ਇਸ ਐਲਾਨ ਦਾ ਵਿਰੋਧੀ ਧਿਰਾਂ ਵੱਲੋਂ ਸਖਤ ਵਿਰੋਧ ਵੀ ਕੀਤਾ ਜਾ ਰਿਹਾ ਹੈ। ਬ੍ਰਿਸਬੇਨ ਤੋਂ ਗਰੀਨ ਪਾਰਟੀ ਦੇ ਇਕ ਆਗੂ ਨੇ ਇਸ ਨੂੰ ਮਨੁੱਖਤਾ ਵਿਰੋਧੀ ਕਾਰਜ ਦੱਸਿਆ ਹੈ। ਉਨ੍ਹਾਂ ਮੁਤਾਬਕ ਭਾਰਤ ਅਤੇ ਹੋਰ ਦੇਸ਼ਾਂ ਦੇ ਹੁਨਰਮੰਦ ਕਾਮਿਆਂ ਵੱਲੋਂ ਆਸਟਰੇਲੀਆ ਦੇ ਵਿਕਾਸ ਵਿੱਚ ਪਾਏ ਜਾ ਰਹੇ ਯੋਗਦਾਨ ਨੂੰ ਅਣਗੌਲਿਆ ਕੀਤਾ ਗਿਆ ਹੈ। ਲੇਬਰ ਪਾਰਟੀ ਨਾਲ ਸਬੰਧਤ ਇਕ ਹੋਰ ਭਾਰਤੀ ਆਗੂ ਨੇ ਨਵੇਂ ਪ੍ਰਵਾਸ ਕਾਨੂੰਨ ''ਤੇ ਨਾਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਸਰਕਾਰ ਆਪਣੀਆਂ ਵਿੱਤੀ ਨਾਕਾਮੀਆਂ ਕਾਰਨ ਨਾਗਰਿਕਾਂ ''ਤੇ ਬੇਲੋੜਾ ਆਰਥਿਕ ਬੋਝ ਪਾਉਣ ਜਾ ਰਹੀ ਹੈ।
ਆਸਟਰੇਲੀਆ ਦੀ ਸਰਕਾਰ ਨੇ ਮੌਜੂਦਾ ਬਜਟ ''ਚ ਅਹਿਮ ਟੀਚੇ ਰੱਖੇ ਹਨ, ਜਿਸ ਦੇ ਅਹਿਮ ਅੰਕੜੇ ਇਸ ਤਰ੍ਹਾਂ ਹਨ—
* ਲੋਕਾਂ ਦੀਆਂ ਜੇਬਾਂ ''ਚੋਂ 23 ਅਰਬ ਡਾਲਰ ਟੈਕਸਾਂ ਰਾਹੀਂ ਇਕੱਠੇ ਕਰਨ ਦੀ ਤਰਜੀਹ।
* ਰੱਖਿਆ ਬਜਟ ਲਈ 34 ਅਰਬ ਡਾਲਰ ਦਾ ਐਲਾਨ।
* ਵਿਦੇਸ਼ਾਂ ਨੂੰ ਦਿੱਤੀ ਜਾਂਦੀ 303 ਮਿਲੀਅਨ ਡਾਲਰ ਦੀ ਮਦਦ ''ਤੇ ਲੱਗੇਗੀ ਰੋਕ।
* ਬੈਕਾਂ ਤੋਂ ਸਰਕਾਰ 6.2 ਅਰਬ ਡਾਲਰ ਇਕੱਠੇ ਕਰੇਗੀ।
* ਵਿਦੇਸ਼ੀ ਕਾਮਿਆਂ ਨੂੰ ਸਪਾਂਸਰ ਕਰਨ ''ਤੇ 5 ਹਜ਼ਾਰ ਡਾਲਰ ਵਾਧੂ ਟੈਕਸ ਦੇਣਾ ਹੋਵੇਗਾ।
* 4 ਸਾਲ ਦੀ ਡਿਗਰੀ 3800 ਡਾਲਰ ਤੱਕ ਮਹਿੰਗੀ ਹੋਵੇਗੀ, ਸਾਲ 2022 ਤੱਕ 7.5 ਫ਼ੀਸਦੀ ਫ਼ੀਸ ਵਧੇਗੀ।
* ਮੈਲਬੌਰਨ ਤੋਂ ਬ੍ਰਿਸਬੇਨ ਤੱਕ ਰੇਲ ਚਲਾਉਣ ਦੀ ਯੋਜਨਾ ਨੂੰ ਹਰੀ ਝੰਡੀ।
* ਸਿਡਨੀ ਦਾ ਨਵਾਂ ਹਵਾਈ ਅੱਡਾ 2026 ਤੱਕ ਚਾਲੂ ਕਰਨ ਦੀ ਯੋਜਨਾ।