ਸ਼੍ਰੋਮਣੀ ਅਕਾਲੀ ਦਲ ਵਲੋਂ ਯੋਗੇਸ਼ ਭੰਡਾਰੀ ਨੂੰ ਕੀਤਾ ਪਾਰਟੀ ''ਚੋਂ ਬਾਹਰ

ਹਲਕਾ ਗੁਰਦਾਸਪੁਰ ਨਾਲ ਸਬੰਧਿਤ ਅਕਾਲੀ ਆਗੂ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਯੋਗੇਸ਼...

ਗੁਰਦਾਸਪੁਰ,(ਵਿਨੋਦ)— ਹਲਕਾ ਗੁਰਦਾਸਪੁਰ ਨਾਲ ਸਬੰਧਿਤ ਅਕਾਲੀ ਆਗੂ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਯੋਗੇਸ਼ ਭੰਡਾਰੀ ਖਿਲਾਫ਼ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਲਗਾ ਕੇ ਅੱਜ ਉਨਾਂ ਨੂੰ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਇਸ ਸਬੰਧੀ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਯੋਗੇਸ਼ ਭੰਡਾਰੀ ਵੈਸੇ ਤਾਂ ਬਹੁਤ ਪਹਿਲਾਂ ਹੀ ਕਾਂਗਰਸ ਨਾਲ ਮਿਲ ਚੁੱਕਾ ਸੀ, ਜਿਸ ਨੇ ਵਿਧਾਨ ਸਭਾ ਚੋਣਾਂ ਦੌਰਾਨ ਵੀ ਕਾਂਗਰਸੀ ਉਮੀਦਵਾਰ ਦੀ ਮਦਦ ਕੀਤੀ ਸੀ ਅਤੇ ਹੋਰ ਮਾਮਲਿਆਂ 'ਚ ਵੀ ਉਸ ਨੂੰ ਹਮੇਸ਼ਾਂ ਕਾਂਗਰਸ ਪੱਖੀ ਗਤੀਵਿਧੀਆਂ ਕਰਦੇ ਦੇਖਿਆ ਜਾਂਦਾ ਸੀ।

ਉਨ੍ਹਾਂ ਕਿਹਾ ਕਿ ਬਹੁ ਗਿਣਤੀ ਲੋਕ ਹੁਣ ਖੁਦ ਹੀ ਯੋਗੇਸ਼ ਭੰਡਾਰੀ ਨੂੰ ਕਾਂਗਰਸੀ ਸਮਝਣ ਲੱਗ ਪਏ ਸਨ ਪਰ ਹੁਣ ਮੁੜ ਜਦੋਂ ਭੰਡਾਰੀ ਨੇ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਲਈ ਕਾਂਗਰਸ ਦੀ ਸ਼ਹਿ 'ਤੇ ਆਪਣੇ ਆਪ ਨੂੰ ਅਕਾਲੀ ਦੱਸ ਕੇ ਪਾਰਟੀ ਵਿਰੋਧੀਆਂ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਸਨ ਤਾਂ ਪਾਰਟੀ ਹਾਈਕਮਾਨ ਨੇ ਇਸ ਦਾ ਸਖਤ ਨੋਟਿਸ ਲੈਂਦਿਆਂ ਇਸ ਨੂੰ ਪਾਰਟੀ ਤੋਂ ਬਾਹਰ ਕੱਢਣ ਦਾ ਰਸਮੀ ਐਲਾਨ ਵੀ ਕਰ ਦਿੱਤਾ ਹੈ। ਤਾਂ ਜੋ ਲੋਕਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਲੱਗ ਸਕੇ ਕਿ ਯੋਗੇਸ਼ ਭੰਡਾਰੀ ਦਾ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਪਾਰਟੀ ਦੇ ਮਿਹਨਤੀ ਅਤੇ ਇਮਾਨਦਾਰ ਵਰਕਰਾਂ ਦਾ ਸਤਿਕਾਰ ਕੀਤਾ ਹੈ ਪਰ ਅਕਾਲੀ ਦਲ ਇਸ ਗੱਲ ਨੂੰ ਵੀ ਕਦੇ ਬਰਦਾਸ਼ਤ ਨਹੀਂ ਕਰ ਸਕੇਗਾ ਕਿ ਕੋਈ ਪਾਰਟੀ 'ਚ ਰਹਿਣ ਦਾ ਦਾਅਵਾ ਕਰਦੇ ਹੋਏ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਲੱਗਾ ਰਹੇ। ਉਨਾਂ ਕਿਹਾ ਕਿ ਇਸੇ ਕਾਰਨ ਭੰਡਾਰੀ ਦੀ ਮੁਢਲੀ ਮੈਂਬਰਸ਼ਿਪ ਵੀ ਖਾਰਜ ਕਰ ਦਿੱਤੀ ਗਈ ਹੈ।

ਦੂਜੇ ਪਾਸੇ ਯੋਗੇਸ਼ ਭੰਡਾਰੀ ਨੇ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਉਨਾਂ ਨੂੰ ਪਾਰਟੀ 'ਚੋਂ ਕੱਢਣ ਦਾ ਫੈਸਲਾ ਪੂਰੀ ਤਰ੍ਹਾਂ ਗੈਰ ਸੰਵਿਧਾਨਿਕ ਹੈ ਕਿਉਂਕਿ ਉਨਾਂ ਨੂੰ ਨਾ ਤਾਂ ਕੋਈ ਨੋਟਿਸ ਦਿੱਤਾ ਗਿਆ ਅਤੇ ਨਾ ਹੀ ਲਿਖਤੀ ਜਾਂ ਜ਼ੁਬਾਨੀ ਰੂਪ 'ਚ ਕੋਈ ਕਾਰਨ ਪੁੱਛਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਹੁੱਦਿਆਂ ਦੀ ਕੋਈ ਭੁੱਖ ਨਹੀਂ ਹੈ ਅਤੇ ਉਹ ਹਮੇਸ਼ਾਂ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨਗੇ।

 

  • Shiromani Akali Dal
  • Yogesh Bhandari
  • party
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ