ਵਿਰੋਧੀ ਪਾਰਟੀਆਂ ’ਚ ਏਕਤਾ ਨਾ ਹੋਈ ਤਾਂ ਉਨ੍ਹਾਂ ਨੂੰ ਪਛਤਾਉਣ ਤੋਂ ਸਿਵਾਏ ਕੁਝ ਨਹੀਂ ਮਿਲੇਗਾ

ਹਾਲਾਂਕਿ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਭਾਜਪਾ ਵਿਰੋਧੀ ਪਾਰਟੀਆਂ ’ਚ ਏਕਤਾ ਦੀ ਕੁਝ ਘੁਸਰ-ਮੁਸਰ ਸੁਣਾਈ ਦਿੱਤੀ ਸੀ ਪਰ ਉਸ ਦਾ ਕੋਈ ਨਤੀਜਾ ਨਹੀਂ ਨਿਕਲ

ਹਾਲਾਂਕਿ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਭਾਜਪਾ ਵਿਰੋਧੀ ਪਾਰਟੀਆਂ ’ਚ ਏਕਤਾ ਦੀ ਕੁਝ ਘੁਸਰ-ਮੁਸਰ ਸੁਣਾਈ ਦਿੱਤੀ ਸੀ ਪਰ ਉਸ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਅਤੇ ਹੁਣ ਜਦੋਂ 2019 ਦੀਆਂ ਚੋਣਾਂ ’ਚ ਥੋੜ੍ਹਾ ਸਮਾਂ ਹੀ ਰਹਿ ਗਿਆ ਹੈ, ਇਕ ਵਾਰ ਫਿਰ ਵਿਰੋਧੀ ਪਾਰਟੀਆਂ ’ਚ ਏਕਤਾ ਦੇ ਯਤਨ ਤੇਜ਼ ਹੋ ਗਏ ਹਨ।
ਇਸੇ ਸੰਦਰਭ ’ਚ ਭਾਜਪਾ ਵਿਰੋਧੀ ਪਾਰਟੀਆਂ ਦੀ ਜੋ ਬੈਠਕ ਪਹਿਲਾਂ 22 ਨਵੰਬਰ ਨੂੰ ਹੋਣ ਵਾਲੀ ਸੀ, ਉਹ ਹੁਣ ਦਸੰਬਰ ਦੇ ਦੂਜੇ ਹਫਤੇ ’ਚ ਹੋਣ ਦੀ ਸੰਭਾਵਨਾ ਹੈ, ਜਿਸ ’ਚ ਹਿੱਸਾ ਲੈਣ ਵਾਲੀਆਂ ਪਾਰਟੀਆਂ 2019 ਦੀਆਂ ਲੋਕ ਸਭਾ ਚੋਣਾਂ ਦੇ ਸਬੰਧ ’ਚ ਰਣਨੀਤੀ ਤੈਅ ਕਰਨ ’ਤੇ ਚਰਚਾ ਕਰ ਸਕਦੀਆਂ ਹਨ।
ਵਿਰੋਧੀ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਨੇ ਕਿਹਾ ਹੈ ਕਿ ਦੇਸ਼ ’ਚ ਇਨ੍ਹੀਂ ਦਿਨੀਂ ਜਾਰੀ ਪੰਜ ਸੂਬਿਆਂ ਦੀਆਂ ਚੋਣਾਂ ਤੋਂ ਬਾਅਦ 10 ਦਸੰਬਰ ਨੂੰ ਇਸ ਬੈਠਕ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਦਕਿ ਚੋਣਾਂ ਦੇ ਨਤੀਜੇ 11 ਦਸੰਬਰ ਨੂੰ ਆਉਣਗੇ।
ਇਸ ਬੈਠਕ ’ਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ, ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਅਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਕਮਿਊਨਿਸਟ ਪਾਰਟੀ (ਮਾਰਕਸੀ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਰਾਕਾਂਪਾ ਦੇ ਨੇਤਾ ਸ਼ਰਦ ਪਵਾਰ ਤੇ ਹੋਰਨਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। 
ਸ਼੍ਰੀ ਸੀਤਾ ਰਾਮ ਯੇਚੁਰੀ ਅਨੁਸਾਰ ਚੰਦਰਬਾਬੂ ਨਾਇਡੂ ਨੇ ਉਨ੍ਹਾਂ ਨੂੰ ਫੋਨ ਕਰ ਕੇ ਕਿਹਾ ਹੈ ਕਿ ‘‘ਨੇਤਾ 10 ਦਸੰਬਰ ਨੂੰ ਆਯੋਜਿਤ ਕੀਤੀ ਜਾਣ ਵਾਲੀ (ਸੰਭਾਵੀ) ਬੈਠਕ ’ਚ ਆਉਣ ਲਈ ਸਹਿਮਤ ਹੋ ਗਏ ਹਨ।’’
ਕੁਝ ਨੇਤਾਵਾਂ ਨੇ ਆਪਣਾ ਨਾਂ ਜ਼ਾਹਿਰ ਨਾ ਕਰਨ ਦੀ ਸ਼ਰਤ ’ਤੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੀਆਂ ਪਿਛਲੀਆਂ ਭੁੱਲਾਂ ਤੋਂ ਸਬਕ ਲੈ ਲਿਆ ਹੈ ਅਤੇ ਉਹ ਦੂਜਿਆਂ ’ਤੇ ਬੈਠਕ ਦੀ ਤਰੀਕ ਠੋਸਣਾ ਨਹੀਂ ਚਾਹੁੰਦੇ। ਚੰਦਰਬਾਬੂ ਨਾਇਡੂ ਵਲੋਂ ਪ੍ਰਸਤਾਵਿਤ 22 ਨਵੰਬਰ ਵਾਲੀ ਬੈਠਕ ਨਾ ਹੋ ਸਕਣ ਦਾ ਇਹ ਵੀ ਇਕ ਕਾਰਨ ਸੀ। 
ਵਿਰੋਧੀ ਪਾਰਟੀਆਂ ਦੇ ਇਕ ਸੀਨੀਅਰ ਨੇਤਾ ਅਨੁਸਾਰ, ‘‘ਸ਼ੁਰੂ ’ਚ ਚੰਦਰਬਾਬੂ ਨਾਇਡੂ ਨੇ ਸ਼ਰਦ ਪਵਾਰ, ਐੱਚ. ਡੀ. ਕੁਮਾਰਸਵਾਮੀ ਅਤੇ ਐੱਮ. ਕੇ ਸਟਾਲਿਨ ਵਰਗੇ ਨੇਤਾਵਾਂ ਨਾਲ ਵਿਚਾਰ-ਵਟਾਂਦਰਾ ਕਰ ਕੇ ਇਸ ਮਹੀਨੇ ਬੈਠਕ ਕਰਨ ਦਾ ਫੈਸਲਾ ਲਿਆ ਸੀ ਪਰ ਜਦੋਂ ਇਸ ਗਠਜੋੜ ਦੇ ਮਾਮਲੇ ’ਚ ਮਾਇਆਵਤੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚ ਚੋਣਾਂ ਦੇ ਜਾਰੀ ਹੋਣ ਕਰ ਕੇ ਕਾਂਗਰਸੀ ਨੇਤਾਵਾਂ ਨਾਲ ਬੈਠਣ ਤੋਂ ਮਨ੍ਹਾ ਕਰ ਦਿੱਤਾ।’’
ਇਸੇ ਨੇਤਾ ਦਾ ਕਹਿਣਾ ਹੈ ਕਿ ‘‘ਸਮਾਜਵਾਦੀ ਪਾਰਟੀ ਦੇ ਮੁਲਾਇਮ ਸਿੰਘ ਯਾਦਵ ਵੀ 21 ਨਵੰਬਰ ਨੂੰ ਆਪਣਾ ਜਨਮ ਦਿਨ ਹੋਣ ਕਾਰਨ ਮੌਜੂਦ ਨਹੀਂ ਸਨ ਅਤੇ ਮਮਤਾ ਬੈਨਰਜੀ ਵੀ ਰੁੱਝੀ ਹੋਈ ਸੀ ਪਰ ਇਸ ਵਾਰ ਨੇਤਾਵਾਂ ਦੀ ਸਰਬਸੰਮਤੀ ਨਾਲ ਬੈਠਕ ਚੋਣਾਂ ਤੋਂ ਬਾਅਦ ਕਰਨ ਦਾ ਫੈਸਲਾ ਲਿਆ ਗਿਆ ਹੈ।’’
ਇਸੇ ਸੰਦਰਭ ’ਚ ਇਕ ਕਾਂਗਰਸੀ ਨੇਤਾ ਦਾ ਕਹਿਣਾ ਹੈ ਕਿ ‘‘ਚੋਣ ਮੁਹਿੰਮ ਅਤੇ ਇਕ-ਦੂਜੇ ਵਿਰੁੱਧ ਚੁਣਾਵੀ ਕੁੜੱਤਣ ਖਤਮ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਹੁਣ ਇਕੱਠੀਆਂ ਬੈਠ ਕੇ ਅਗਲੇ ਸਾਲ ਚੋਣਾਂ ’ਚ ਭਾਜਪਾ ਨੂੰ ਹਰਾਉਣ ਦੇ ਵੱਡੇ ਟੀਚੇ ਦੀ ਪੂਰਤੀ ਲਈ ਇਕ ਸਾਂਝੀ ਰਣਨੀਤੀ ਬਣਾ ਸਕਦੀਆਂ ਹਨ।’’
ਇਨ੍ਹਾਂ ਨੇਤਾਵਾਂ ਅਨੁਸਾਰ ਜਿਥੋਂ ਤਕ 2019 ਲਈ ਗੱਠਜੋੜ ਦਾ ਸਬੰਧ ਹੈ, ਯੇਚੁਰੀ ਅਤੇ ਬੈਨਰਜੀ ਦਾ ਦ੍ਰਿੜ੍ਹ ਵਿਚਾਰ ਹੈ ਕਿ ਕੌਮੀ ਗੱਠਜੋੜ ਆਮ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਕੀਤਾ ਜਾਣਾ ਚਾਹੀਦਾ ਹੈ ਅਤੇ ਦਸੰਬਰ ਦੀ ਬੈਠਕ ’ਚ ਸੂਬਿਆਂ ’ਤੇ ਆਧਾਰਿਤ ਖੇਤਰੀ ਸਮਝੌਤਿਆਂ ’ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਭਾਜਪਾ ਵਿਰੁੱਧ ਵੱਧ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਜਾ ਸਕਣ।
ਉੱਤਰ ਪ੍ਰਦੇਸ਼ ’ਚ ਗੋਰਖਪੁਰ, ਫੂਲਪੁਰ ਅਤੇ ਕੈਰਾਨਾ ਤੇ ਕਰਨਾਟਕ ’ਚ ਬੇੱਲਾਰੀ ਉਪ-ਚੋਣਾਂ ਦੇ ਨਤੀਜਿਆਂ ਦਾ ਜ਼ਿਕਰ ਕਰਦੇ ਹੋਏ, ਜਿਥੇ ਭਾਜਪਾ ਨੂੰ ਉਸ ਦੇ ਗੜ੍ਹ ’ਚ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਹਰਾਉਣ ’ਚ ਸਫਲ ਰਹੇ, ਇਕ ਨੇਤਾ ਨੇ ਕਿਹਾ, ‘‘ਉੱਤਰ ਪ੍ਰਦੇਸ਼ ਅਤੇ ਕਰਨਾਟਕ ਨੇ ਸਾਨੂੰ ਸਿਖਾ ਦਿੱਤਾ ਹੈ ਕਿ ਭਾਜਪਾ ਦਾ ਮੁਕਾਬਲਾ ਕਿਵੇਂ ਕਰਨਾ ਹੈ।’’
ਇਸ ਪ੍ਰਸਤਾਵਿਤ ਬੈਠਕ ’ਚ ਸ਼ਾਇਦ ਇਸ ਗੱਲ ਦਾ ਸੰਕੇਤ ਵੀ ਮਿਲ ਜਾਵੇਗਾ ਕਿ ਕਿੰਨੀਆਂ ਪਾਰਟੀਆਂ ਕਾਂਗਰਸ ਨਾਲ ਸਹਿਮਤੀ ਬਣਾਉਣ ਲਈ ਤਿਆਰ ਹਨ। ਆਖਿਰ ਭਾਜਪਾ ਵਿਰੋਧੀ ਇਕ ਸਾਂਝਾ ਮੋਰਚਾ ਬਣਾਉਣ ਦੀ ਦਿਸ਼ਾ ’ਚ ਵਿਰੋਧੀ ਪਾਰਟੀਆਂ ਦੇ ਯਤਨ ਦੀ ਸਫਲਤਾ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਉਹ ਇਕ-ਦੂਜੀ ਨੂੰ ‘ਐਡਜਸਟ’ ਕਰਨ ਦੇ ਮਾਮਲੇ ’ਚ ਕਿੰਨਾ ਲਚਕੀਲਾ ਰਵੱਈਆ ਅਪਣਾ ਸਕਦੀਆਂ ਹਨ।
ਇਨ੍ਹਾਂ ਦੇ ਇਕੱਠੇ ਹੋਣ ਨਾਲ ਜ਼ਰੂਰ ਹੀ ਦੇਸ਼ ਦੇ ਕੌਮੀ ਹਿੱਤਾਂ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਲੋਕਤੰਤਰ ਮਜ਼ਬੂਤ ਹੋਣ ਦੇ ਨਾਲ-ਨਾਲ ਭਾਜਪਾ ਨੂੰ ਵੀ ‘ਸੁਧਰਨ’ ਦਾ ਮੌਕਾ ਮਿਲੇਗਾ। ਜੇਕਰ ਹੁਣ ਇਨ੍ਹਾਂ ਨੇ ਇਹ ਮੌਕਾ ਗੁਆ ਲਿਆ ਤਾਂ ਇਨ੍ਹਾਂ ਕੋਲ ਪਛਤਾਉਣ ਤੋਂ ਸਿਵਾਏ ਕੁਝ ਨਹੀਂ ਬਚੇਗਾ।
ਉਂਝ ਅਸੀਂ ਹਮੇਸ਼ਾ ਲਿਖਦੇ ਰਹੇ ਹਾਂ ਕਿ ਨਾ ਸਿਰਫ ਸਰਕਾਰਾਂ ਦਾ ਕਾਰਜਕਾਲ 4 ਸਾਲ ਦਾ ਹੋਣਾ ਚਾਹੀਦਾ ਹੈ ਸਗੋਂ ਹਰ ਵਾਰ ਇਹ ਬਦਲ-ਬਦਲ ਕੇ ਆਉਣੀਆਂ ਚਾਹੀਦੀਆਂ ਹਨ ਤਾਂ ਕਿ ਵਿਕਾਸ ਦੇ ਕੰਮ ਤੇਜ਼ੀ ਨਾਲ ਹੋ ਸਕਣ ਅਤੇ ਦੇਸ਼ ਤਰੱਕੀ ਕਰੇ।
–ਵਿਜੇ ਕੁਮਾਰ

    ਵਿਰੋਧੀ ਪਾਰਟੀਆਂ,ਏਕਤਾ,Opposition parties,unity
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ