ਦੇਸ਼ ਵਿਚ ‘ਹਿੰਦੂ-ਮੁਸਲਿਮ ਭਾਈਚਾਰੇ’ ਦੀਅਾਂ ਕੁਝ ਮਿਸਾਲਾਂ

ਇਨ੍ਹੀਂ ਦਿਨੀਂ ਜਦੋਂ ਦੇਸ਼ ’ਚ ਸੰਵੇਦਨਸ਼ੀਲ ਮੁੱਦਿਅਾਂ ਨੂੰ ਲੈ ਕੇ ਮਾਹੌਲ ਜ਼ਹਿਰੀਲਾ ਬਣਿਆ ਹੋਇਆ ਹੈ, ਸੁਆਰਥੀ ਅਨਸਰਾਂ ਵਲੋਂ ਫਿਰਕੂ ਮਾਹੌਲ ਵਿਗਾੜਨ ਦੇ ਯਤਨਾਂ ਦੇ ਬਾਵਜੂਦ ਦੇਸ਼ ’ਚ ਹਿੰਦੂਅਾਂ ਤੇ ਮੁਸਲਮਾਨਾਂ ਦਾ...

ਇਨ੍ਹੀਂ ਦਿਨੀਂ ਜਦੋਂ ਦੇਸ਼ ’ਚ ਸੰਵੇਦਨਸ਼ੀਲ ਮੁੱਦਿਅਾਂ ਨੂੰ ਲੈ ਕੇ ਮਾਹੌਲ ਜ਼ਹਿਰੀਲਾ ਬਣਿਆ ਹੋਇਆ ਹੈ, ਸੁਆਰਥੀ ਅਨਸਰਾਂ ਵਲੋਂ ਫਿਰਕੂ ਮਾਹੌਲ ਵਿਗਾੜਨ ਦੇ ਯਤਨਾਂ ਦੇ ਬਾਵਜੂਦ ਦੇਸ਼ ’ਚ ਹਿੰਦੂਅਾਂ ਤੇ ਮੁਸਲਮਾਨਾਂ ਦਾ ਇਕ-ਦੂਜੇ ਪ੍ਰਤੀ ਰਵੱਈਆ ਵਾਰ-ਵਾਰ ਗਵਾਹੀ ਦੇ ਰਿਹਾ ਹੈ ਕਿ ਸਾਡੇ ਭਾਈਚਾਰੇ ਦੇ ਬੰਧਨ ਅਟੁੱਟ ਹਨ :
* ਗਾਜ਼ੀਆਬਾਦ ਦੇ ਮਸੂੂਰੀ ਇਲਾਕੇ ’ਚ ਨਿਰਮਲ ਕੌਰ ਨਾਂ ਦੀ ਇਕ ਬਜ਼ੁਰਗ ਸਿੱਖ ਔਰਤ ਦੀ ਮੌਤ ਹੋ ਗਈ ਤਾਂ ਉਸ ਦੇ ਅੰਤਿਮ ਸੰਸਕਾਰ ’ਚ ਫਿਰਕੂ ਸੁਹਿਰਦਤਾ ਦਾ ਮਿਸਾਲੀ ਦ੍ਰਿਸ਼ ਦੇਖਣ ਨੂੰ ਮਿਲਿਆ।
ਹਿੰਦੂਅਾਂ ਤੇ ਮੁਸਲਮਾਨਾਂ ਨੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਦੇ ਕੇ ਸ਼ਮਸ਼ਾਨਘਾਟ ਪਹੁੰਚਾਇਆ। ਅੰਤਿਮ ਸੰਸਕਾਰ ’ਚ ਸੈਂਕੜੇ ਮੁਸਲਮਾਨ ਸ਼ਾਮਿਲ ਹੋਏ ਅਤੇ ਹਿੰਦੂਅਾਂ-ਮੁਸਲਮਾਨਾਂ ਨੇ ਉਸ ਬਜ਼ੁਰਗ ਦਾ ਪੂਰੇ ਵਿਧੀ-ਵਿਧਾਨ ਨਾਲ ਮਿਲ ਕੇ ਅੰਤਿਮ ਸੰਸਕਾਰ ਕੀਤਾ। 
* ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ ਹਿੰਦੂ ਸੰਗਠਨਾਂ ਦੇ ਨਾਲ-ਨਾਲ ਮੁਸਲਿਮ ਔਰਤਾਂ ਨੇ ਵੀ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਦਿਨੀਂ ਮੇਰਠ ’ਚ ਮੁਸਲਿਮ ਔਰਤਾਂ ਦੇ ਇਕ ਵਰਗ ਨੇ ਕਿਹਾ ਕਿ ਦੇਸ਼ ’ਚ ਹਿੰਦੂ-ਮੁਸਲਿਮ ਭਾਈਚਾਰਾ ਕਾਇਮ ਰੱਖਣ ਲਈ ਰਾਮ ਮੰਦਰ ਦੀ ਉਸਾਰੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਸਨਾਤਨ ਸੱਭਿਅਤਾ ਦਾ ਪ੍ਰਤੀਕ ਹੈ। ਅਸੀਂ ਤਨ-ਮਨ-ਧਨ ਨਾਲ ਮੰਦਰ ਦੀ ਉਸਾਰੀ ’ਚ ਸਹਿਯੋਗ ਕਰਾਂਗੀਅਾਂ। 
* ਤਾਜ ਨਗਰੀ ਆਗਰਾ ’ਚ ਅਜਿਹੀਅਾਂ ਕਈ ਥਾਵਾਂ ਹਨ, ਜਿੱਥੇ ਸਾਰੇ ਧਰਮਾਂ ਦੇ ਲੋਕ ਪਹੁੰਚਦੇ ਹਨ। ਇਕ ਪਾਸੇ ਪੂਜਾ ਤਾਂ ਦੂਜੇ ਪਾਸੇ ਜ਼ਿਆਰਤ। ਸਾਹਮਣੇ ਆਉਣ ’ਤੇ ‘ਰਾਮ-ਰਾਮ’ ਅਤੇ ਸਲਾਮ ਵੀ ਪ੍ਰੇਮ-ਭਾਵਨਾ ਨਾਲ ਹੁੰਦੀ ਹੈ। 
ਆਗਰਾ ਕੈਂਟ ’ਚ ਸਥਿਤ ਰੇਲਵੇ ਕਾਲੋਨੀ ’ਚ ਸ਼੍ਰੀ ਬਗਲਾਮੁਖੀ ਮੰਦਰ ਕੌਮੀ ਏਕਤਾ ਦੀ ਪਛਾਣ ਹੈ। ਇਥੇ ਕਾਬੇ ਦੇ ਨਕਸ਼ੇ ਤੋਂ ਲੈ ਕੇ ਸਾਰੇ ਦੇਵੀ-ਦੇਵਤਿਅਾਂ ਦੀਅਾਂ ਮੂਰਤੀਅਾਂ ਹਨ। ਮੰਦਰ ਦੇ ਇਕ ਕੋਨੇ ’ਚ ਪੂਜਾ ਤੇ ਦੂਜੇ ਕੋਨੇ ’ਚ ਦੁਆ ਹੁੰਦੀ ਹੈ। ਹੁਣੇ ਜਿਹੇ ਇਥੇ ‘ਕੌਮੀ ਏਕਤਾ ਹਫਤਾ’ ਆਯੋਜਿਤ ਕੀਤਾ ਗਿਆ।
ਕੋਨੇ ’ਚ ਕਿਸਮਤ ਅਲੀ ਸ਼ਾਹ ਬਾਬਾ ਦਾ ਆਲ਼ਾ ਹੈ। ਇਥੇ ਦੇਵੀ-ਦੇਵਤਿਅਾਂ ਦੀਅਾਂ ਲੱਗਭਗ 500 ਮੂਰਤੀਅਾਂ ਹਨ। ਮੰਦਰ ਦੇ ਪੁਜਾਰੀ ਪ੍ਰਦੀਪ ਕੁਮਾਰ ਸੇਠੀ ਅਨੁਸਾਰ 70 ਸਾਲ ਪਹਿਲਾਂ ਇਹ ਮੰਦਰ ਬਗਲਾਮੁਖੀ ਦਾ ਹੀ ਸੀ। 
ਹੁਣ ਰਮਜ਼ਾਨ ’ਚ ਵੀ ਅਣਗਿਣਤ ਮੁਸਲਿਮ ਭਗਤ ਇਥੇ ਆਉਂਦੇ ਹਨ। ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਇਥੇ ਭਗਤਾਂ ਦੀ ਭੀੜ ਲੱਗੀ ਰਹਿੰਦੀ ਹੈ ਅਤੇ ਵਿਦੇਸ਼ਾਂ ਤੋਂ ਵੀ ਸ਼ਰਧਾਲੂ ਆਉਂਦੇ ਹਨ। 
ਨਿਊ ਆਗਰਾ ਦੀ ਸਰਤਾਜ ਹਜ਼ਰਤ ਸਯਦਨਾ ਸ਼ਾਹ ਅਮੀਰ ਅਬੁਲਉੱਲ੍ਹਾ ਦੀ ਦਰਗਾਹ ’ਚ ਵੀ ਵਰ੍ਹਿਆਂ ਤੋਂ ਸਾਰੇ ਧਰਮਾਂ ਦੇ ਲੋਕ ਆਪਣੀਅਾਂ ਮੰਨਤਾਂ ਲੈ ਕੇ ਪਹੁੰਚ ਰਹੇ ਹਨ। ਇਥੇ ਉਰਸ ਦੌਰਾਨ ਸਰਵ-ਧਰਮ ਗੁਰੂ ਸੰਮੇਲਨ ਰੱਖਿਆ ਜਾਂਦਾ ਹੈ। ਆਗਰਾ ’ਚ ਹੀ ਦਰਗਾਹ ਮਰਕਜ਼ ਸਾਬਰੀ ਵਿਖੇ ਰੋਜ਼ਾਨਾ ਵੱਡੀ ਗਿਣਤੀ ’ਚ ਸਾਰੇ ਧਰਮਾਂ ਦੇ ਲੋਕ ਪਹੁੰਚਦੇ ਹਨ। 
* ਯੂ. ਪੀ. ’ਚ ਬਾਗਪਤ ਦੇ ਬੜੌਤ ’ਚ ਹਿੰਦੂ-ਮੁਸਲਿਮ ਏਕਤਾ ਦੀ ਅਨੋਖੀ ਮਿਸਾਲ ਦੇਖਣ ਨੂੰ ਮਿਲੀ। ਇਥੇ 2 ਮੁਸਲਮਾਨ ਭਰਾਵਾਂ ਨੇ ਆਪਣੀ ਮੂੰਹ-ਬੋਲੀ ਹਿੰਦੂ ਭੈਣ ਮਨੋਰਮਾ ਦੇ ਬੇਟੇ ਦੇ ਵਿਆਹ ਦੌਰਾਨ ਮਾਮੇ ਦਾ ਫਰਜ਼ ਨਿਭਾਅ ਕੇ ਸੁਹਿਰਦਤਾ ਦੀ ਨਵੀਂ ਮਿਸਾਲ ਪੇਸ਼ ਕੀਤੀ। 
ਮਨੋਰਮਾ 20 ਸਾਲਾਂ ਤੋਂ ਵਕੀਲ ਅਲੀ ਖਾਨ ਦੇ ਘਰ ’ਚ ਰਹਿ ਰਹੀ ਹੈ। ਵਕੀਲ ਅਲੀ ਖਾਨ ਤੇ ਡਾ. ਸ਼ੌਕਤ ਅਲੀ ਰੱਖੜੀ ਦੇ ਤਿਉਹਾਰ ’ਤੇ ਆਪਣੀ ਮੂੰਹ-ਬੋਲੀ ਭੈਣ ਮਨੋਰਮਾ ਤੋਂ ਰੱਖੜੀ ਵੀ ਬੰਨ੍ਹਵਾਉਂਦੇ ਹਨ ਤੇ ਭਾਈ ਦੂਜ ’ਤੇ ਦੋਵੇਂ ਆਪਣੀ ਭੈਣ ਕੋਲ ਜਾ ਕੇ ਸਿੰਧਾਰਾ ਦੇ ਕੇ ਆਪਣਾ ਫਰਜ਼ ਨਿਭਾਉਂਦੇ ਆ ਰਹੇ ਹਨ। 
* ਅਤੇ ਹੁਣ ਯੂ. ਪੀ. ’ਚ ਬੁਲੰਦਸ਼ਹਿਰ ਜ਼ਿਲੇ ਦੇ ਜੈਨਪੁਰ ਪਿੰਡ ’ਚ 2 ਦਸੰਬਰ ਨੂੰ ਜਾਮ ’ਚ ਫਸੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਨਮਾਜ਼ ਪੜ੍ਹਨ ਲਈ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਆਪਣੇ ਸ਼ਿਵ ਮੰਦਰ ਦਾ ਦਰਵਾਜ਼ਾ  ਖੋਲ੍ਹ ਦਿੱਤਾ।
ਮੁਸਲਿਮ ਭਰਾਵਾਂ ਦੇ ‘ਵਜ਼ੂ’ ਕਰਨ ਲਈ ਤੁਰੰਤ ਪਾਣੀ ਦਾ ਪ੍ਰਬੰਧ ਕੀਤਾ ਗਿਆ। ਉਸ ਤੋਂ ਬਾਅਦ ਮੁਸਲਿਮ ਭਰਾਵਾਂ ਨੇ ਸ਼ਿਵ ਮੰਦਰ ’ਚ ਨਮਾਜ਼ ਪੜ੍ਹੀ। ਨਮਾਜ਼ ਦੌਰਾਨ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਗਿਆ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ। ਨਮਾਜ਼ ਤੋਂ ਬਾਅਦ ਸਾਰਿਅਾਂ ਨੂੰ ਜਲ-ਪਾਨ ਕਰਵਾ ਕੇ ਵਿਦਾ ਕੀਤਾ ਗਿਆ। 
ਸਾਡੇ ਦੇਸ਼ ’ਚ ਜੋ ਭਾਈਚਾਰਾ ਹੈ, ਉਹ ਪੂਰੀ ਦੁਨੀਆ ਲਈ ਇਕ ਮਿਸਾਲ ਹੈ ਤੇ ਭਾਈਚਾਰੇ ਦੀਅਾਂ ਉਕਤ ਮਿਸਾਲਾਂ ਇਸ ਗੱਲ ਦਾ ਪੱਕਾ ਸਬੂਤ ਹਨ ਕਿ ਸਮਾਜ ਨੂੰ ਧਰਮ ਦੇ ਆਧਾਰ ’ਤੇ ਵੰਡਣ ਦੀਅਾਂ ਸੁਆਰਥੀ ਅਨਸਰਾਂ ਦੀਅਾਂ ਕੋਸ਼ਿਸ਼ਾਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੀਅਾਂ। ਆਖਿਰ ਭਾਰਤ ਦਾ ‘ਸਰਵ-ਧਰਮ ਸਮਭਾਵ’ ਵਾਲਾ ਸਰੂਪ ਇਸੇ ਤਰ੍ਹਾਂ ਕਾਇਮ ਰਹੇਗਾ।                                    –ਵਿਜੇ ਕੁਮਾਰ

  • community
  • country
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ