ਪੰਜਾਬ ਸਰਕਾਰ ਦੀ ਖਿਡਾਰੀਆਂ ਪ੍ਰਤੀ ਬੇਰੁਖੀ ਕਾਰਨ ਦੁਖੀ ਹਾਂ : ਪਦਮ ਸ਼੍ਰੀ ਚਾਂਦ ਡੇਗਰਾ

ਪਦਮ ਸ਼੍ਰੀ ਚਾਂਦ ਡੇਗਰਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਬਾਡੀ ਬਿਲਡਿੰਗ...

ਹਸ਼ਿਆਰਪੁਰ (ਅਮਰੀਕ ਕੁਮਾਰ)— ਪਦਮ ਸ਼੍ਰੀ ਚਾਂਦ ਡੇਗਰਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਬਾਡੀ ਬਿਲਡਿੰਗ 'ਚ ਭਾਰਤ ਨੂੰ 9 ਵਾਰ ਏਸ਼ੀਆ ਅਤੇ 8 ਵਾਰ ਰਾਸ਼ਟਰੀ ਜਿੱਤ ਦਿਵਾਉਣ ਦੇ ਬਾਅਦ 1988 'ਚ ਆਸਟਰੇਲੀਆ 'ਚ ਹੋਈ ਵਰਲਡ ਬਾਡੀ ਬਿਲਡਿੰਗ ਚੈਂਪੀਅਨਸ਼ਿਪ 'ਚ ਮਿਸਟਰ ਯੂਨੀਵਰਸ ਦਾ ਖਿਤਾਬ ਭਾਰਤ ਦੀ ਝੋਲੀ 'ਚ ਪਾਇਆ ਸੀ। ਲਿਮਕਾ ਬੁਕ 'ਚ ਜਿੱਥੇ ਉਨ੍ਹਾਂ ਦਾ ਨਾਂ ਦਰਜ ਹੈ ਉੱਥੇ ਹੀ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਅਰਜੁਨ ਐਵਾਰਡ, ਮਹਾਰਾਜਾ ਰਣਜੀਤ ਸਿੰਘ ਐਵਾਰਡ, ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਹੈ। ਉਹ ਆਈ.ਬੀ.ਬੀ.ਐੱਫ. ਦੇ ਪ੍ਰਧਾਨ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ 'ਚ ਖਿਡਾਰੀਆਂ ਨੂੰ ਜੋ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਉਹ ਸਮੇਂ 'ਤੇ ਨਹੀਂ ਮਿਲਦੀਆਂ ਜਿਸ ਕਾਰਨ ਪੰਜਾਬ ਅੱਜ ਖੇਡਾਂ 'ਚ ਪਿੱਛੇ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਨੌਜਵਾਨ ਫੂਡ ਸਪਲੀਮੈਂਟ ਰਾਹੀਂ ਬਾਡੀ ਬਣਾਉਣ 'ਚ ਲੱਗਾ ਹੈ ਜਦਕਿ ਉਸ ਨੂੰ ਇਸ ਦੀ ਪੂਰੀ ਜਾਣਕਾਰੀ ਨਹੀਂ ਹੈ। ਜਿਸ ਕਾਰਨ ਉਹ ਸਹੀ ਸੇਧ ਨਾ ਮਿਲਣ ਕਾਰਨ ਪਿੱਛੇ ਰਹਿ ਜਾਂਦਾ ਹੈ ਅਤੇ ਗਲਤ ਸਪਲੀਮੈਂਟ ਕਾਰਨ ਬੀਮਾਰੀਆਂ ਦੇ ਚੱਕਰ ਕਾਰਨ ਹਸਪਤਾਲ 'ਚ ਜਾਂਦਾ ਹੈ।  ਉਨ੍ਹਾਂ ਕਿਹਾ ਕਿ ਜੇਕਰ ਖਿਡਾਰੀਆਂ ਨੂੰ ਹੋਰਨਾਂ ਸੂਬਿਆਂ 'ਚ ਵੀ ਬਾਡੀ ਬਿਲਡਿੰਗ ਸਿੱਖਣ ਲਈ ਬੁਲਾਇਆ ਜਾਂਦਾ ਹੈ ਤਾਂ ਉਹ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਖੇਡਾਂ ਅਤੇ ਖਿਡਾਰੀਆਂ ਵੱਲ ਸਹੀ ਧਿਆਨ ਦੇਵੇ ਤਾਂ ਪੰਜਾਬ ਕਿਸੇ ਤੋਂ ਪਿੱਛੇ ਨਹੀਂ ਹੈ। 

ਉਨ੍ਹਾਂ ਪੰਜਾਬ ਦੀ ਸਪੋਰਟਸ ਪਾਲਸੀ ਨੂੰ ਲੈ ਕੇ ਚਿੰਤਾ ਜਤਾਉਂਦੇ ਹੋਏ ਕਿਹਾ ਜੋ ਖਿਡਾਰੀਆਂ ਨੂੰ ਅੱਜ ਮਿਲ ਰਿਹਾ ਹੈ ਉਹ ਬਹੁਤ ਘੱਟ ਹੈ ਅਤੇ ਇਸ ਨਾਲ ਉਨ੍ਹਾਂ ਵੱਲੋਂ ਗੁਜ਼ਾਰਾ ਕਰਨਾ ਵੀ ਔਖਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਜਿਹੇ ਰਾਜ ਅੱਜ ਆਪਣੇ ਖਿਡਾਰੀਆਂ 'ਤੇ ਕਰੋੜਾਂ ਖਰਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅੱਜ ਬਹੁਤ ਸਾਰੇ ਖਿਡਾਰੀ ਅਜਿਹੇ ਹਨ ਕਿ ਜਿਨ੍ਹਾਂ ਦੀ ਡਾਈਟ ਵੀ ਪੂਰੀ ਨਹੀਂ ਹੁੰਦੀ ਕਿਉਂਕਿ ਪੰਜਾਬ ਸਰਕਾਰ ਦਾ ਬਜਟ ਬਹੁਤ ਘੱਟ ਹੈ। ਉੱਥੇ ਹੀ ਉਨ੍ਹਾਂ ਨੇ ਬਹੁਤ ਦੁਖੀ ਮਨ ਨਾਲ ਪੰਜਾਬ ਸਰਕਾਰ ਵੱਲ ਇਸ਼ਾਰਾ ਕਰਦੇ ਹਏ ਕਿਹਾ ਕਿ ਉਨ੍ਹਾਂ ਨੂੰ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨੇ ਪੈਨਸ਼ਨ ਲੱਗੀ ਹੈ ਜੋ ਸਾਲ 'ਚ ਸਿਰਫ ਇਕ ਵਾਰ 60 ਹਜ਼ਾਰ ਰੁਪਏ ਦੇ ਰੂਪ 'ਚ ਮਿਲਦੀ ਹੈ। ਪਰ ਇਸ ਵਾਰ ਤਾਂ ਉਹ ਹੀ 30 ਹਜ਼ਾਰ ਕਰ ਦਿੱਤੀ ਗਈ ਹੈ। ਇਸ ਹਾਲਤ 'ਚ ਜਿਨ੍ਹਾਂ ਖਿਡਾਰੀਆਂ ਨੂੰ ਇਹ ਜਾਣਕਾਰੀ ਮਿਲਦੀ ਹੈ ਤਾਂ ਉਨ੍ਹਾਂ ਦਾ ਮਨੋਬਲ ਟੁੱਟ ਜਾਂਦਾ ਹੈ ਅਤੇ ਉਨ੍ਹਾਂ ਅੰਤ 'ਚ ਭਾਰੀ ਮਨ ਨਾਲ ਕਿਹਾ ਕਿ ਉਹ ਆਪਣੇ ਰਾਸ਼ਟਰ ਲਈ ਕੰਮ ਕਰਨ ਦੀ ਇੱਛਾ ਰਖਦੇ ਹਨ। ਜੇਕਰ ਹਰਿਆਣਾ ਅਤੇ ਹੋਰ ਸੂਬੇ ਉਨ੍ਹਾਂ ਨੂੰ ਚੰਗੇ ਖਿਡਾਰੀ ਤਿਆਰ ਕਰਨ ਲਈ ਸੰਪਰਕ ਕਰਦੇ ਹਨ ਤਾਂ ਉਹ ਆਪਣੇ ਰਾਸ਼ਟਰ ਹਿੱਤ ਲਈ ਦੂਜੇ ਸੂਬਿਆਂ ਦਾ ਰੁਖ ਕਰਨਗੇ।

  • government
  • Punjab
  • Padam Shri Chand Degra
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ