ਯੋਗੀ ਵੱਲੋਂ ਯੂ. ਪੀ. ਫਿਲਮ ਸਿਟੀ ਬਣਾਉਣਾ ਚੰਗੀ ਕੋਸ਼ਿਸ਼’

12/03/2020 3:23:48 AM

ਮੁੰਬਈ ਸ਼ੁਰੂ ਤੋਂ ਹੀ ਦੇਸ਼ ਦੀ ਵਿੱਤੀ ਰਾਜਧਾਨੀ ਹੋਣ ਦੇ ਨਾਲ-ਨਾਲ ਸਮੁੰਦਰ ਦੇ ਕੰਢੇ ਵਸਿਆ ਹੋਣ ਕਾਰਨ ਦੂਜੇ ਦੇਸ਼ਾਂ ਦੇ ਨਾਲ ਹੋਣ ਵਾਲੀਆਂ ਸਮੂਹ ਸਰਗਰਮੀਆਂ ਦਾ ਲਾਂਘਾ ਵੀ ਹੈ। ਇਸ ਨਾਤੇ ਦੁਨੀਆ ਦੀਆਂ ਸਭ ਬੇਹਤਰੀਨ ਵਸਤਾਂ, ਫੈਸ਼ਨ, ਸਮੱਗਰੀ, ਕਾਰਾਂ, ਦਵਾਈਆਂ ਅਤੇ ਸਭ ਵਸਤਾਂ ਸਭ ਤੋਂ ਪਹਿਲਾਂ ਮੁੰਬਈ ਹੀ ਪਹੁੰਚਦੀਆਂ ਹਨ।

ਮੁੰਬਈ ’ਚ ਹੀ ਭਾਰਤ ਦੀ ਪਹਿਲੀ ਪੂਰੀ ਮਿਆਦ ਦੀ ਖਾਮੋਸ਼ ਫਿਲਮ ‘ਰਾਜਾ ਹਰੀਸ਼ ਚੰਦਰ’ (ਮਰਾਠੀ) ਦਾ ਨਿਰਮਾਣ 107 ਸਾਲ ਪਹਿਲਾਂ 1913 ’ਚ ਭਾਰਤੀ ਸਿਨੇਮਾ ਦੇ ਪਿਤਾਮਾ ਹ ‘ਦਾਦਾ ਸਾਹਿਬ ਫਾਲਕੇ’ ਨੇ ਕੀਤਾ ਸੀ।

ਹਾਲਾਂਕਿ ਉਸ ਤੋਂ ਬਾਅਦ ਮਦਰਾਸ, ਕੋਲਕਾਤਾ ਅਤੇ ਅਣਵੰਡੇ ਭਾਰਤ ਦੇ ਲਾਹੌਰ ਵੀ ਫਿਲਮ ਨਿਰਮਾਣ ਦੇ ਕੇਂਦਰ ਬਣੇ ਪਰ ਇਹ ਮੁੱਖ ਰੂਪ ਨਾਲ ਪੰਜਾਬੀ, ਬੰਗਾਲੀ ਅਤੇ ਦੱਖਣੀ ਭਾਰਤੀ ਫਿਲਮਾਂ ਦੇ ਨਿਰਮਾਣ ਤੱਕ ਹੀ ਸੀਮਤ ਰਹੇ ਅਤੇ ਮੁੰਬਈ ਦੇ ‘ਬਾਲੀਵੁੱਡ’ ਦਾ ਫਿਲਮ ਨਿਰਮਾਣ ਦੇ ਖੇਤਰ ’ਚ ਅਗਾਂਹਵਧੂ ਸਥਾਨ ਬਣਿਆ ਰਿਹਾ।

ਅਣਵੰਡੇ ਭਾਰਤ ਦੇ ਪੰਜਾਬੀ ਫਿਲਮਕਾਰਾਂ ’ਚ ਰਾਮਾਨੰਦ ਸਾਗਰ, ਬੀ.ਆਰ. ਚੋਪੜਾ, ਯਸ਼ ਚੋਪੜਾ, ਮੁਹੰਮਦ ਰਫੀ, ਸੁਰਿੰਦਰ, ਨੂਰ ਜਹਾਂ, ਮੁਨੱਵਰ ਸੁਲਤਾਨਾ, ਬਲਰਾਜ ਸਾਹਨੀ, ਪੰਡਤ ਕੇਦਾਰ ਸ਼ਰਮਾ, ਸ਼ਿਆਮਾ, ਪ੍ਰਿਥਵੀ ਰਾਜ ਕਪੂਰ, ਦਲਸੁਖ ਪਾਂਚੋਲੀ, ਸੁਰੱਈਆ, ਓ.ਪੀ. ਨਈਅਰ, ਸ਼ਮਸ਼ਾਦ ਬੇਗਮ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਗੁਲਾਮ ਹੈਦਰ, ਰਾਮ ਦਿਆਲ, ਗੌਹਰ, ਜਾਨਕੀ ਦਾਸ, ਪ੍ਰਾਣ ਅਤੇ ਓਮ ਪ੍ਰਕਾਸ਼ ਵਰਗੀਆਂ ਹਸਤੀਆਂ ਮੁੰਬਈ ਦੀ ਫਿਲਮ ਨਗਰੀ ਦਾ ਹਿੱਸਾ ਜਾ ਬਣੀਆਂ।

ਇਸੇ ਤਰ੍ਹਾਂ ਕਲਕੱਤਾ ਨਾਲ ਸਬੰਧ ਰੱਖਣ ਵਾਲਿਆਂ ’ਚ ਕੁੰਦਨ ਲਾਲ ਸਹਿਗਲ ਅਤੇ ਬਿਮਲ ਰਾਏ ਆਦਿ ਸ਼ਾਮਲ ਹਨ। ਜਿਨ੍ਹਾਂ ’ਚੋਂ ਵਧੇਰੇ ਆਜ਼ਾਦੀ ਦੇ ਦੌਰ ’ਚ ਮੁੰਬਈ ਸ਼ਿਫਟ ਹੋ ਗਏ। ਪੰਜਾਬ, ਦੱਖਣੀ ਭਾਰਤ ਅਤੇ ਪੱਛਮੀ ਬੰਗਾਲ ਨਾਲ ਸਬੰਧਤ ਹੋਰਨਾਂ ਫਿਲਮਕਾਰਾਂ ਨੇ ਮੁੰਬਈ ਨੂੰ ਇਕ ਵੱਖਰੀ ਪਛਾਣ ਦਿੱਤੀ ਅਤੇ ਆਲੀਸ਼ਾਨ ਬੰਗਲੇ, ਵੱਡੇ-ਵੱਡੇ ਫਿਲਮ ਸਟੂਡੀਓਜ਼ ਅਤੇ ਫਿਲਮਾਂ ਬਣਾਉਣ ਦੇ ਨਾਲ-ਨਾਲ ਅਦਾਕਾਰੀ ’ਚ ਨਾਂ ਕਮਾਇਆ।

ਇਨ੍ਹਾਂ ’ਚ ਚੇਤਨ ਅਾਨੰਦ, ਦੇਵ ਆਨੰਦ, ਵਿਜੇ ਆਨੰਦ, ਰਾਜ ਕਪੂਰ, ਸ਼ੰਮੀ ਕਪੂਰ, ਸ਼ਸ਼ੀ ਕਪੂਰ, ਮਨੋਜ ਕੁਮਾਰ, ਰਾਜ ਕੁਮਾਰ, ਰਾਜਿੰਦਰ ਕੁਮਾਰ ਅਤੇ ਓ.ਪੀ. ਰਲਹਨ ਆਦਿ ਪ੍ਰਮੁੱਖ ਹਨ। ਦੇਸ਼ ਦਾ ਅਗਾਂਹ-ਵਧੂ ਸ਼ਹਿਰ ਹੋਣ ਕਾਰਨ ਵੱਖ-ਵੱਖ ਹਿੱਸਿਆਂ ਤੋਂ ਆ ਕੇ ਵੱਡੇ-ਵੱਡੇ ਵਪਾਰੀਆਂ ਅਤੇ ਉਦਯੋਗਪਤੀਆਂ ਨੇ ਮੁੰਬਈ ਨੂੰ ਆਪਣਾ ਕੇਂਦਰ ਬਣਾਇਆ ਤਾਂ ਜੋ ਉਹ ਇੱਥੇ ਆਪਣੇ ਵਪਾਰ ਅਤੇ ਉਦਯੋਗਾਂ ਨੂੰ ਹੱਲਾਸ਼ੇਰੀ ਦੇ ਸਕਣ।

ਹੁਣ ਉੱਤਰ ਪ੍ਰਦੇਸ਼ ਦੇ ਨੋਇਡਾ ’ਚ ਫਿਲਮ ਸਿਟੀ ਬਣਾਉਣ ਲਈ ਯੋਗੀ ਅਾਦਿਤਿਆਨਾਥ ਸਰਗਰਮ ਹੋਏ ਹਨ ਅਤੇ ਉਹ ਮੁੰਬਈ ਦੇ ਆਪਣੇ 2 ਦਿਨਾਂ ਦੌਰੇ ਦੌਰਾਨ ਫਿਲਮ ਸਿਟੀ ਨਾਲ ਜੁੜੇ ਕਲਾਕਾਰਾਂ, ਧੰਨਾ ਸੇਠਾਂ, ਬਰੋਕਰਾਂ, ਫਿਲਮ ਨਿਰਮਾਤਾਵਾਂ, ਕਲਾਕਾਰਾਂ ਅਤੇ ਉਦਯੋਗਪਤੀਆਂ ਆਦਿ ਨੂੰ ਮਿਲੇ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਮੁੰਬਈ ਦੀ ਫਿਲਮ ਸਿਟੀ ਨੂੰ ਉੱਤਰ ਪ੍ਰਦੇਸ਼ ’ਚ ਸ਼ਿਫਟ ਨਹੀਂ ਕਰ ਰਹੇ ਸਗੋਂ ਉਥੇ ਇਕ ਨਵੀਂ ਦੁਨੀਆ ਵਸਾਉਣ ਜਾ ਰਹੇ ਹਾਂ।

ਭਾਜਪਾ ਦੀ ਸਾਬਕਾ ਸਹਿਯੋਗੀ ‘ਸ਼ਿਵ ਸੈਨਾ’ ਦੇ ਨੇਤਾ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਇਸ ’ਤੇ ਕਿਹਾ, ‘‘ਮੁੰਬਈ ’ਚ ਇਕ ਚੁੰਬਕੀ ਸ਼ਕਤੀ ਹੈ ਅਤੇ ਅਸੀਂ ਸੂਬੇ ’ਚੋਂ ਕਿਸੇ ਨੂੰ ਵੀ ਜ਼ਬਰਦਸਤੀ ਕਾਰੋਬਾਰ ਬਾਹਰ ਨਹੀਂ ਲਿਜਾਣ ਦਿਆਂਗੇ। ਅਸੀਂ ਇਸ ਲਈ ਖੂਨ ਪਸੀਨਾ ਵਹਾਇਆ ਹੈ।’’

ਮਹਾਰਾਸ਼ਟਰ ਸਰਕਾਰ ’ਚ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ, ‘‘ਮੁੰਬਈ ਤੋਂ ਬਾਹਰ ਅਜਿਹਾ ਮਾਹੌਲ ਮਿਲਣਾ ਔਖਾ ਹੈ ਅਤੇ ਅਸੀਂ ਇਸ ਨੂੰ ਮੁੰਬਈ ਤੋਂ ਬਾਹਰ ਨਹੀਂ ਜਾਣ ਦਿਆਂਗੇ।’’ ਅਤੇ ‘ਸ਼ਿਵ ਸੈਨਾ ਦੇ ਸੰਸਦ ਮੈਂਬਰ’ ਸੰਜੇ ਰਾਊਤ ਨੇ ਵੀ ਕਿਹਾ ਹੈ ਕਿ ‘ਮੁੰਬਈ ਦੀ ਫਿਲਮ ਸਿਟੀ ਨੂੰ ਕਿਤੇ ਹੋਰ ਸ਼ਿਫਟ ਕਰਨਾ ਸੌਖਾ ਨਹੀਂ ਹੈ।’

ਜਿੱਥੇ ‘ਮਹਾਰਾਸ਼ਟਰ ਨਵ-ਨਿਰਮਾਣ ਸੇਨਾ’ ਨੇ ਯੋਗੀ ਅਾਦਿਤਿਆਨਾਥ ਦੀ ਇਸ ਕਵਾਇਦ ਨੂੰ ‘ਮੁੰਗੇਰੀ ਲਾਲ ਕੇ ਹਸੀਨ ਸਪਨੇ’ ਦੱਸਿਆ ਹੈ, ਉਥੇ ਜਿਸ ਹੋਟਲ ’ਚ ਯੋਗੀ ਅਾਦਿਤਿਆਨਾਥ ਠਹਿਰੇ, ਦੇ ਬਾਹਰ ਐੱਨ.ਸੀ.ਪੀ ਨੇ ਹੰਗਾਮਾ ਵੀ ਕੀਤਾ।

‘ਐੱਨ.ਸੀ.ਪੀ.’ ਦੇ ਨੇਤਾ ਨਵਾਬ ਮਲਿਕ ਮੁਤਾਬਕ ‘ਯੋਗੀ ਅਾਦਿਤਿਆਨਾਥ ਉੱਤਰ ਪ੍ਰਦੇਸ਼ ’ਚ ਬਾਲੀਵੁੱਡ ਵਰਗੀ ਫਿਲਮ ਸਿਟੀ ਬਣਾਉਣ ਦੀ ਗੱਲ ਕਰ ਰਹੇ ਹਨ। ਇਹ ਚੰਗੀ ਗੱਲ ਹੈ ਪਰ ਇਹ ਸਮਝ ਲੈਣਾ ਕਿ 100 ਸਾਲ ਤੋਂ ਮੁੰਬਈ ਨੂੰ ਮਿਲਿਆ ਬਾਲੀਵੁੱਡ ਦਾ ਦਰਜਾ ਖਤਮ ਹੋ ਜਾਵੇਗਾ ਅਤੇ ਲੋਕ ਪੁਰੀ ਤਰ੍ਹਾਂ ਹੋਰਨਾਂ ਸੂਬਿਆਂ ’ਚ ਚਲੇ ਜਾਣਗੇ, ਗਲਤ ਹੋਵੇਗਾ... ਬਾਲੀਵੁੱਡ ਦੇ ਦਰਜੇ ਨੂੰ ਕੋਈ ਖਤਮ ਨਹੀਂ ਕਰ ਸਕਦਾ।’

ਬੇਸ਼ੱਕ ਯੋਗੀ ਅਾਦਿਤਿਆਨਾਥ ਨੇ ਯੂ.ਪੀ ਦੇ ਵਿਕਾਸ ਲਈ ਅਣਥੱਕ ਯਤਨ ਕੀਤੇ ਹਨ ਅਤੇ ‘ਫਿਲਮ ਸਿਟੀ ਕਾਇਮ ਕਰਨ ਦਾ ਉਨ੍ਹਾਂ ਦਾ ਪ੍ਰਸਤਾਵ ਚੰਗਾ ਹੋ ਸਕਦਾ ਹੈ ਪਰ ਉਹ ਫਿਲਮ ਨਿਰਮਾਣ ਲਈ ਮੁੰਬਈ ਦੀ ਮਾਇਆਨਗਰੀ ਵਰਗਾ ਵਿਸ਼ਾਲ ਬੁਨਿਆਦੀ ਢਾਂਚਾ ਖੜ੍ਹਾ ਕਰ ਸਕਣਗੇ, ਇਸ ’ਚ ਕਈ ਲੋਕਾਂ ਨੂੰ ਸ਼ੱਕ ਹੈ।

- ਵਿਜੇ ਕੁਮਾਰ

Bharat Thapa

This news is Content Editor Bharat Thapa