ਔਰਤਾਂ ਵਿਰੁੱਧ ਨਹੀਂ ਰੁਕ ਰਹੀ ''ਬਲਾਤਕਾਰਾਂ ਦੀ ਹਨੇਰੀ''

02/16/2019 6:15:01 AM

ਸਰਕਾਰ ਵਲੋਂ ਔਰਤਾਂ ਵਿਰੁੱਧ ਅਪਰਾਧਾਂ 'ਚ ਕਮੀ ਆਉਣ ਦੇ ਦਾਅਵਿਆਂ ਦੇ ਬਾਵਜੂਦ ਇਹ ਲਗਾਤਾਰ ਜਾਰੀ ਹਨ। ਅਪਰਾਧੀ ਇੰਨੇ ਬੇਖ਼ੌਫ਼ ਹੋ ਚੁੱਕੇ ਹਨ ਕਿ ਹੁਣ ਤਾਂ ਦੁੱਧ ਪੀਂਦੀਆਂ ਬੱਚੀਆਂ ਵੀ ਵੱਡੀ ਗਿਣਤੀ 'ਚ ਇਨ੍ਹਾਂ ਦਾ ਸ਼ਿਕਾਰ ਹੋ ਰਹੀਆਂ ਹਨ। ਸਥਿਤੀ ਕਿੰਨੀ ਚਿੰਤਾਜਨਕ ਹੋ ਚੁੱਕੀ ਹੈ, ਇਹ ਸਿਰਫ ਇਕ ਹਫਤੇ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 07 ਫਰਵਰੀ ਨੂੰ ਫਿਰੋਜ਼ਪੁਰ 'ਚ ਇਕ ਔਰਤ ਨਾਲ ਹੋਇਆ ਸਮੂਹਿਕ ਬਲਾਤਕਾਰ, ਜੋ ਹੁਣ ਇਲਾਜ ਲਈ ਹਸਪਤਾਲ 'ਚ ਦਾਖ਼ਲ ਹੈ। 
* 07 ਫਰਵਰੀ ਨੂੰ ਹੀ ਬਿਹਾਰ 'ਚ ਕਿਸ਼ਨਗੰਜ ਦੇ ਪੱਥਰਘਾਟੀ ਪਿੰਡ 'ਚ 6 ਵਿਅਕਤੀਆਂ ਨੇ 19 ਸਾਲਾ ਲੜਕੀ ਨੂੰ ਬੰਧਕ ਬਣਾ ਕੇ ਉਸ ਨਾਲ ਗੈਂਗਰੇਪ ਕੀਤਾ।
* 07 ਫਰਵਰੀ ਨੂੰ ਹੀ ਹਿਸਾਰ 'ਚ ਇਕ ਲੜਕੀ ਨਾਲ ਲਗਾਤਾਰ 4 ਸਾਲਾਂ ਤੋਂ ਬਲਾਤਕਾਰ ਕਰਦੇ ਆ ਰਹੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ।
* 08 ਫਰਵਰੀ ਨੂੰ ਮੁੰਬਈ 'ਚ ਸੜਕ ਕੰਢੇ ਝੌਂਪੜੀ 'ਚ ਸੌਂ ਰਹੀ ਇਕ 4 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ।
* 08 ਫਰਵਰੀ ਨੂੰ ਹੀ ਹਿਸਾਰ ਪੁਲਸ ਨੇ ਇਕ ਵਿਅਕਤੀ ਵਲੋਂ ਆਪਣੀ 13 ਸਾਲਾ ਭਾਣਜੀ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਉਸ ਵਿਰੁੱਧ ਕੇਸ ਦਰਜ ਕੀਤਾ। 
* 09 ਫਰਵਰੀ ਨੂੰ ਭਿਵਾਨੀ ਦੇ ਇਕ ਪਿੰਡ 'ਚ ਬਲਾਤਕਾਰ ਦੀ ਸ਼ਿਕਾਰ ਨਾਬਾਲਗਾ  ਨੇ ਖੂਹ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
* 09 ਫਰਵਰੀ ਨੂੰ ਹੀ ਤਲਵੰਡੀ ਚੌਧਰੀਆਂ ਥਾਣੇ 'ਚ ਇਕ ਨਾਬਾਲਗਾ ਨਾਲ ਬਲਾਤਕਾਰ ਅਤੇ ਅੱਗ ਲਾ ਕੇ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ 'ਚ ਇਕ ਔਰਤ ਸਮੇਤ 6 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ।
* 09 ਫਰਵਰੀ ਨੂੰ ਹੀ ਹਿਸਾਰ ਦੇ ਬਰਵਾਲਾ 'ਚ 3 ਸਾਲਾ ਬੱਚੀ ਨਾਲ ਬਲਾਤਕਾਰ। 
* 9-10 ਫਰਵਰੀ ਦੀ ਅੱਧੀ ਰਾਤ ਨੂੰ ਲੁਧਿਆਣਾ ਦੇ ਈਸੇਵਾਲ ਪਿੰਡ ਨੇੜੇ ਆਪਣੇ ਦੋਸਤ ਨਾਲ ਕਾਰ 'ਚ ਜਾ ਰਹੀ ਕਾਲਜ ਦੀ ਵਿਦਿਆਰਥਣ ਨਾਲ ਗੈਂਗਰੇਪ।
* 10 ਫਰਵਰੀ ਨੂੰ ਮੋਹਾਲੀ 'ਚ ਇਕ ਔਰਤ ਨੇ ਆਪਣੇ ਪਤੀ ਨੂੰ ਆਪਣੀ ਹੀ ਸਕੀ ਧੀ ਨਾਲ ਬਲਾਤਕਾਰ ਕਰਦਿਆਂ ਫੜਿਆ। 
* 10 ਫਰਵਰੀ ਨੂੰ ਹੀ ਨੋਇਡਾ ਦੇ ਪਿੰਡ ਏਛਰ 'ਚ 3 ਸਾਲਾ ਬੱਚੀ ਨਾਲ ਬਲਾਤਕਾਰ।
* 10 ਫਰਵਰੀ ਨੂੰ ਹੀ ਬੈਂਗਲੁਰੂ 'ਚ ਇਕ ਮੁਟਿਆਰ ਦੇ ਜਨਮ ਦਿਨ ਦੀ ਪਾਰਟੀ 'ਚ ਸੱਦੇ ਮਹਿਮਾਨ ਨੇ ਪਾਰਟੀ ਖਤਮ ਹੋਣ ਤੋਂ ਬਾਅਦ ਮੁਟਿਆਰ ਨਾਲ ਬਲਾਤਕਾਰ ਕੀਤਾ।
* 11 ਫਰਵਰੀ ਨੂੰ ਹਿਮਾਚਲ ਦੇ ਮੰਡੀ 'ਚ 15 ਸਾਲਾ ਲੜਕੇ ਨੇ ਆਪਣੀ ਹਮ-ਉਮਰ ਲੜਕੀ ਨੂੰ ਇਕ ਮਕਾਨ ਦੇ ਟਾਇਲਟ 'ਚ ਲਿਜਾ ਕੇ ਉਸ ਦੀ ਇੱਜ਼ਤ ਲੁੱਟ ਲਈ।
* 11 ਫਰਵਰੀ ਨੂੰ ਹੀ ਸਵੇਰੇ ਨੋਇਡਾ 'ਚ ਇਕ 48 ਸਾਲਾ ਔਰਤ ਆਪਣੇ ਘਰ ਨੇੜੇ ਬੇਹੋਸ਼ੀ ਦੀ ਹਾਲਤ 'ਚ ਪਈ ਮਿਲੀ। ਡਾਕਟਰਾਂ ਮੁਤਾਬਿਕ ਨਸ਼ੇ ਵਾਲਾ ਪਦਾਰਥ ਖੁਆ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ। 
* 11 ਫਰਵਰੀ ਦੀ ਰਾਤ ਨੂੰ ਫਿਲੌਰ 'ਚ ਆਪਣੇ ਦੋਸਤ ਨਾਲ ਸੈਰ ਕਰ ਰਹੀ ਨਾਬਾਲਗਾ ਦੇ ਅਗਵਾ ਤੋਂ ਬਾਅਦ 2 ਨੌਜਵਾਨਾਂ ਨੇ ਉਸ ਨਾਲ ਬਲਾਤਕਾਰ ਕੀਤਾ।
* 11 ਫਰਵਰੀ ਨੂੰ ਹੀ ਮਹਾਰਾਸ਼ਟਰ ਦੇ ਪਾਲਘਰ 'ਚ ਇਕ ਔਰਤ ਨੂੰ ਬੰਧਕ ਬਣਾ ਕੇ ਉਸ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।
* 12 ਫਰਵਰੀ ਨੂੰ ਮੁਕਤਸਰ ਪੁਲਸ ਨੇ ਇਕ ਨਾਬਾਲਗਾ ਦੇ ਅਗਵਾ ਅਤੇ ਉਸ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ 5 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ। 
* 12 ਫਰਵਰੀ ਨੂੰ ਹੀ ਬਲਾਤਕਾਰ ਦੀ ਸ਼ਿਕਾਰ ਮੁਟਿਆਰ ਨੇ ਬਠਿੰਡਾ ਦੇ ਇਕ  ਪ੍ਰਾਈਵੇਟ ਹਸਪਤਾਲ 'ਚ ਬੇਟੇ ਨੂੰ ਜਨਮ ਦਿੱਤਾ। 
* 12 ਫਰਵਰੀ ਨੂੰ ਹੀ ਯੂ. ਪੀ. 'ਚ ਮਹੋਬਾ ਜ਼ਿਲੇ ਦੇ ਪਨਵਾੜੀ ਪਿੰਡ 'ਚ 4 ਨੌਜਵਾਨਾਂ ਵਲੋਂ ਖੇਤ ਤੋਂ ਪਰਤ ਰਹੀ ਇਕ ਨਾਬਾਲਗਾ ਦਾ ਅਗਵਾ ਅਤੇ ਬਲਾਤਕਾਰ। 
* 13 ਫਰਵਰੀ ਨੂੰ ਮਾਨਸਾ 'ਚ ਆਪਣੇ ਮਕਾਨ ਮਾਲਕ ਦੀ 8 ਸਾਲਾ ਧੀ ਨਾਲ ਬਲਾਤਕਾਰ ਕਰ ਕੇ ਫਰਾਰ ਹੋਏ ਕਿਰਾਏਦਾਰ ਨੌਜਵਾਨ ਵਿਰੁੱਧ ਕੇਸ ਦਰਜ।
* 14 ਫਰਵਰੀ ਨੂੰ ਕਾਲਜ ਦੀ ਵਿਦਿਆਰਥਣ ਨਾਲ ਬਲਾਤਕਾਰ ਕਰਨ ਦੇ ਮਾਮਲੇ 'ਚ ਚੰਡੀਗੜ੍ਹ ਦੀ ਜ਼ਿਲਾ ਅਦਾਲਤ ਵਲੋਂ ਇਕ ਨੌਜਵਾਨ ਨੂੰ ਉਮਰਕੈਦ ਦੀ ਸਜ਼ਾ।
ਰੋਜ਼ਾਨਾ ਵੱਡੀ ਗਿਣਤੀ 'ਚ ਸਾਹਮਣੇ ਆ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਨੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਨਾਰੀ ਜਾਤੀ ਦੀ ਸੁਰੱਖਿਆ ਦੇ ਸਬੰਧ 'ਚ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਦੇਸ਼ 'ਚ ਔਰਤਾਂ ਕਿਸ ਤਰ੍ਹਾਂ ਖਤਰੇ 'ਚ ਹਨ, ਇਹ ਇਸੇ ਤੋਂ ਸਪੱਸ਼ਟ ਹੈ ਕਿ ਵੱਡੀ ਗਿਣਤੀ 'ਚ ਔਰਤਾਂ ਵਿਰੁੱਧ ਅਪਰਾਧ ਹੋਣ ਦੇ ਬਾਵਜੂਦ ਨਾ ਤਾਂ ਸਮੁੱਚੀ ਗਸ਼ਤ ਦਾ ਪ੍ਰਬੰਧ ਹੈ ਤੇ ਨਾ ਹੀ ਬਹੁਤੇ ਮਾਮਲਿਆਂ 'ਚ ਪੁਲਸ ਕੇਸ ਦਰਜ ਕਰਨ 'ਚ ਦਿਲਚਸਪੀ ਲੈਂਦੀ ਹੈ। 
ਜੇ ਕੇਸ ਦਰਜ  ਹੋ ਵੀ ਜਾਵੇ ਤਾਂ ਮੁਕੱਦਮੇ ਦੀ ਪ੍ਰਕਿਰਿਆ ਹੀ ਵਰ੍ਹਿਆਂ ਤਕ ਚੱਲਦੀ ਰਹਿਣ ਕਰਕੇ ਇਨਸਾਫ ਦਾ ਉਦੇਸ਼ ਹੀ ਖਤਮ ਹੋ ਜਾਂਦਾ ਹੈ। ਇਸ ਲਈ ਦੋਸ਼ੀਆਂ ਨੂੰ ਸਜ਼ਾ ਦੇਣ ਵਾਸਤੇ ਫਾਸਟ ਟਰੈਕ ਅਦਾਲਤਾਂ ਬਣਾ ਕੇ ਛੇਤੀ ਤੋਂ ਛੇਤੀ ਸਖ਼ਤ ਸਜ਼ਾ ਦੇਣ ਦੀ ਲੋੜ ਹੈ। 
ਇਸ ਬਾਰੇ ਸੀਕਰ ਜ਼ਿਲੇ ਦੀ ਅਦਾਲਤ ਨੇ ਇਕ 4 ਸਾਲਾ ਬੱਚੀ ਨਾਲ 30 ਜਨਵਰੀ ਨੂੰ ਹੋਈ ਬਲਾਤਕਾਰ ਦੀ ਘਟਨਾ ਦੇ 12 ਦਿਨਾਂ ਅੰਦਰ ਹੀ ਦੋਸ਼ੀ ਨੂੰ ਉਮਰਕੈਦ ਦੀ ਸਜ਼ਾ ਸੁਣਾ ਕੇ ਇਕ ਮਿਸਾਲ ਪੇਸ਼ ਕੀਤੀ ਹੈ, ਜਿਸ ਦੀ ਚਾਰਜਸ਼ੀਟ ਪੁਲਸ ਨੇ 5ਵੇਂ ਦਿਨ ਹੀ ਪੇਸ਼ ਕਰ ਦਿੱਤੀ ਸੀ। ਜੇ ਇਸੇ ਤਰ੍ਹਾਂ ਤੇਜ਼ੀ ਨਾਲ ਸਾਰੇ ਮਾਮਲਿਆਂ ਦਾ ਨਿਪਟਾਰਾ ਕਰ ਕੇ ਅਪਰਾਧੀਆਂ ਨੂੰ ਸਜ਼ਾ ਦਿੱਤੀ ਜਾਣ ਲੱਗੇ ਤਾਂ ਔਰਤਾਂ ਵਿਰੁੱਧ ਅਪਰਾਧਾਂ 'ਚ ਕੁਝ ਕਮੀ ਜ਼ਰੂਰ ਆ ਸਕਦੀ ਹੈ।                                            –ਵਿਜੇ ਕੁਮਾਰ

Bharat Thapa

This news is Content Editor Bharat Thapa