ਘਰ ਹੋਣ ਜਾਂ ਬਾਹਰ ਔਰਤਾਂ ਕਿਤੇ ਵੀ ਸਰੱਖਿਅਤ ਨਹੀਂ

08/05/2021 3:20:43 AM

ਸਰਕਾਰਾਂ ਵੱਲੋਂ ਔਰਤਾਂ ਦੇ ਵਿਰੁੱਧ ਅਪਰਾਧਾਂ ’ਚ ਘਾਟ ਦੇ ਦਾਅਵਿਆਂ ਦੇ ਬਾਵਜੂਦ ਮਨੁੱਖਤਾ ਨੂੰ ਸ਼ਰਮਸਾਰ ਅਤੇ ਹੈਵਾਨੀਅਤ ਦੀ ਹੱਦ ਪਾਰ ਕਰਨ ਵਾਲੇ ਅਪਰਾਧ ਲਗਾਤਾਰ ਜਾਰੀ ਹਨ। ਹੱਦ ਇਹ ਹੈ ਕਿ ਘਰ ਹੋਣ ਜਾਂ ਬਾਹਰ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ।

ਇੱਥੋਂ ਤੱਕ ਕਿ ਹਸਪਤਾਲ, ਧਾਰਮਿਕ ਅਸਥਾਨ, ਸਕੂਲ ਅਤੇ ਹੁਣ ਤਾਂ ਸ਼ਮਸ਼ਾਨਘਾਟ ਤੱਕ ’ਚ ਵਾਸਨਾ ਦੇ ਭੁੱਖੇ-ਭੇੜੀਆਂ ਨੇ ਆਪਣੇ ਪੰਜੇ ਫੈਲਾ ਰੱਖੇ ਹਨ, ਜਿਨ੍ਹਾਂ ’ਚ ਕੁਝ ਅਖੌਤੀ ਧਰਮਗੁਰੂ, ਅਧਿਆਪਕ, ਪੁਲਸ ਮੁਲਾਜ਼ਮ ਅਤੇ ਸਿਹਤ ਸੇਵਾਵਾਂ ਨਾਲ ਜੁੜੇ ਲੋਕਾਂ ਦੇ ਇਲਾਵਾ ਪਰਿਵਾਰ ਦੇ ਮੈਂਬਰ ਤੱਕ ਸ਼ਾਮਲ ਪਾਏ ਜਾ ਰਹੇ ਹਨ :

* 30 ਮਈ ਨੂੰ ਦਿੱਲੀ ਦੇ ਹਰਸ਼ ਵਿਹਾਰ ਥਾਣਾ ਇਲਾਕੇ ਦੇ ਅਧੀਨ ਪੈਂਦੀ ਇਕ ਮਸਜਿਦ ਦੇ ਅੰਦਰ ਪਾਣੀ ਲੈਣ ਗਈ 12 ਸਾਲਾ ਨਾਬਾਲਿਗ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਮਸਜਿਦ ਦੇ ਇਮਾਮ ਨੂੰ ਗਾਜ਼ੀਆਬਾਦ ਦੇ ਲੋਨੀ ਤੋਂ ਗ੍ਰਿਫਤਾਰ ਕੀਤਾ ਗਿਆ।

* 19 ਜੂਨ ਨੂੰ ਕੇਰਲ ਦੇ ਪਲਾਨੀ ਮੰਦਰ ਕੰਪਲੈਕਸ ’ਚ ਆਪਣੇ ਪਤੀ ਦੇ ਨਾਲ ਤੀਰਥ ਯਾਤਰਾ ’ਤੇ ਆਈ ਇਕ 40 ਸਾਲਾ ਔਰਤ ਦੇ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ ਅਤੇ ਆਪਣੀ ਪਤਨੀ ਨੂੰ ਬਚਾਉਣ ਆਏ ਉਸ ਦੇ ਪਤੀ ਨੂੰ ਗੁੰਡਿਆਂ ਨੇ ਕੁੱਟਿਆ।

* 22 ਜੁਲਾਈ ਨੂੰ ਅਸਾਮ ਦੇ ਕਰਬੀ ਆਂਗਲਾਂਗ ਜ਼ਿਲੇ ’ਚ ਇਕ ਮੰਦਰ ਦੇ ਪੁਜਾਰੀ ਨੇ ਇਕ 15 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕਰ ਦਿੱਤਾ, ਜੋ ਆਪਣੇ ਪਿੰਡ ’ਚ ਇੰਟਰਨੈੱਟ ਕੁਨੈਕਟੀਵਿਟੀ ਠੀਕ ਨਾ ਹੋਣ ਦੇ ਕਾਰਨ ਆਪਣੇ ਸਕੂਲ ਦੀ ਆਨਲਾਈਨ ਪ੍ਰੀਖਿਆ ਦੀ ਤਿਆਰੀ ਦੇ ਲਈ ਪੁਜਾਰੀ ਦੇ ਘਰ ’ਚ ਰੁਕੀ ਹੋਈ ਸੀ।

* 23 ਜੁਲਾਈ ਨੂੰ ਦੇਹਰਾਦੂਨ ’ਚ ਇਕ ਚੈਰੀਟੇਬਲ ਸਕੂਲ ਦੇ ਸੰਚਾਲਕ ਨੂੰ ਇਕ 12 ਸਾਲਾ ਵਿਦਿਆਰਥਣ ਨਾਲ ਜਬਰ-ਜ਼ਨਾਹ ਦੇ ਦੋਸ਼ ਅਤੇ ਸਕੂਲ ਦੀ ਕੇਅਰਟੇਕਰ ਨੂੰ ਇਸ ਘਟਨਾ ਨੂੰ ਲੁਕਾਉਣ ਦੇ ਦੋਸ਼ ’ਚ ਕਾਬੂ ਕੀਤਾ ਗਿਆ।

* 24 ਜੁਲਾਈ ਨੂੰ ਅਸਾਮ ਦੇ ਹੋਜਈ ’ਚ ਇਕ ਮਸਜਿਦ ਦੇ ਇਮਾਮ ਨੇ ਇਕ 6 ਸਾਲਾ ਬੱਚੀ ਨਾਲ ਉਸ ਸਮੇਂ ਜਬਰ-ਜ਼ਨਾਹ ਕਰ ਦਿੱਤਾ ਜਦੋਂ ਉਹ ਘਰ ’ਚ ਇਕੱਲੀ ਸੀ।

* 27 ਜੁਲਾਈ ਰਾਤ ਨੂੰ ਪੱਛਮੀ ਬੰਗਾਲ ਦੇ ਬਨਗਾਂਵ ’ਚ ਇਕ ਬੰਗਲਾਦੇਸ਼ੀ ਔਰਤ ਕੋਲੋਂ ਪੁੱਛ-ਗਿੱਛ ਦੇ ਬਹਾਨੇ ਆਪਣੇ ਦਫਤਰ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦ ੇ ਦੋਸ਼ ’ਚ ਬੀ.ਐੱਸ.ਐੱਫ. ਦੇ ਇਕ ਸਬ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਗਿਆ।

* 28 ਜੁਲਾਈ ਨੂੰ ਮੱਧ ਪ੍ਰਦੇਸ਼ ’ਚ ਇੰਦੌਰ ਸਥਿਤ ‘ਸਰਕਾਰੀ ਮਹਾਰਾਜਾ ਯਸ਼ਵੰਤ ਰਾਵ ਹਸਪਤਾਲ’ ’ਚ ਡਾਇਲਸਿਸ ਕਰਵਾਉਣ ਆਈ 50 ਸਾਲਾ ਔਰਤ ਰੋਗੀ ਦੇ ਨਾਲ ਹਸਪਤਾਲ ਦੇ ਇਕ ਵਾਰਡ ਬੁਆਏ ਨੇ ਜਬਰ-ਜ਼ਨਾਹ ਕਰ ਦਿੱਤਾ।

* 28 ਜੁਲਾਈ ਨੂੰ ਲੁਧਿਆਣਾ ’ਚ ਤਿੰਨ ਸਕੇ ਭਰਾਵਾਂ ਵੱਲੋਂ ਆਪਣੀ ਭੈਣ ਨਾਲ ਡੇਢ ਸਾਲ ਤੱਕ ਸਮੂਹਿਕ ਜਬਰ-ਜ਼ਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ।

* 31 ਜੁਲਾਈ ਨੂੰ ਰਾਜਸਥਾਨ ’ਚ ਬੂੰਦੀ ਜ਼ਿਲੇ ਦੇ ਕੇਸ਼ੋਰਾਜ ਪੱਤਨ ਇਲਾਕੇ ’ਚ ਇਕ ਔਰਤ ਦੇ ਘਰ ਉਸ ਦੇ ਬੱਚਿਆਂ ਨੂੰ ਸਕੂਲ ’ਚ ਦਾਖਲ ਕਰਵਾਉਣ ਦੇ ਲਈ ਕਹਿਣ ਗਏ ਇਕ ਸਰਕਾਰੀ ਸਕੂਲ ਦੇ ਅਧਿਆਪਕ ਨੇ ਔਰਤ ਨੂੰ ਇਕੱਲੀ ਵੇਖ ਕੇ ਉਸ ਦੀ ਇੱਜ਼ਤ ਲੁੱਟ ਲਈ.

* 01 ਅਗਸਤ ਨੂੰ ਦਿੱਲੀ ਦੇ ਓਲਡ ਨਾਂਗਲ ਪਿੰਡ ਦੇ ਸ਼ਮਸ਼ਾਨਘਾਟ ’ਚ ਵਾਟਰ ਕੂਲਰ ਤੋਂ ਠੰਡਾ ਪਾਣੀ ਲੈਣ ਗਈ 9 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦੇ ਬਾਅਦ ਉਸ ਦੀ ਹੱਤਿਆ ਕਰ ਦੇਣ ਦੇ ਦੋਸ਼ ’ਚ ਪੁਲਸ ਨੇ ਸ਼ਮਸ਼ਾਨਘਾਟ ’ਚ ਕਰਮਕਾਂਡ ਕਰਨ ਵਾਲੇ ਪੁਜਾਰੀ ਰਾਧੇਸ਼ਿਆਮ ਦੇ ਇਲਾਵਾ ਸਲੀਮ, ਲਕਸ਼ਮੀ ਨਾਰਾਇਣ ਤੇ ਕੁਲਦੀਪ ਨੂੰ ਗ੍ਰਿਫਤਾਰ ਕੀਤਾ।

* 4 ਅਗਸਤ ਨੂੰ ਪੀੜਤ ਪਰਿਵਾਰ ਦੇ ਲਈ 10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕਰਨ ਦੇ ਬਾਅਦ ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੀੜਤ ਪਰਿਵਾਰ ਨੂੰ ਮਿਲਣ ਗਏ ਤਾਂ ਉਨ੍ਹਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੇ ਲਈ ਨਿਆਂ ਦੀ ਮੰਗ ਕੀਤੀ।

*02 ਅਗਸਤ ਨੂੰ ਉੱਤਰ ਪ੍ਰਦੇਸ਼ ’ਚ ਬਰੇਲੀ ਦੇ ਬਛਰਾਵਾਂ ਥਾਣਾ ਇਲਾਕੇ ਦੇ ਪਿੰਡ ’ਚ ਇਕ ਨੌਜਵਾਨ ਨੇ ਇਕ ਗੂੰਗੀ ਔਰਤ ਨਾਲ ਜਬਰ-ਜ਼ਨਾਹ ਕਰ ਦਿੱਤਾ।

ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਸਖਤ ਕਾਨੂੰਨੀ ਵਿਵਸਥਾਵਾਂ ਦੇ ਬਾਵਜੂਦ ਅਪਰਾਧੀ ਬਾਜ਼ ਨਹੀਂ ਆ ਰਹੇ। ਇੱਥੋਂ ਤੱਕ ਕਿ ਔਰਤਾਂ ਸਭ ਤੋਂ ਵੱਧ ਸੁਰੱਖਿਅਤ ਸਮਝੇ ਜਾਣ ਵਾਲੇ ਸਥਾਨਾਂ ’ਤੇ ਵੀ ਸੁਰੱਖਿਅਤ ਨਹੀਂ ਹਨ ਅਤੇ ਉਹ ਲੋਕ ਵੀ ਇਨ੍ਹਾਂ ਅਪਰਾਧਾਂ ’ਚ ਸ਼ਾਮਲ ਪਾਏ ਜਾ ਰਹੇ ਹਨ, ਜਿਨ੍ਹਾਂ ਤੋਂ ਉਨ੍ਹਾਂ ਦੀ ਸੁਰੱਖਿਆ ਦੀ ਆਸ ਕੀਤੀ ਜਾਂਦੀ ਹੈ।

ਯਕੀਨਨ ਹੀ ਇਸ ਤਰ੍ਹਾਂ ਦੇ ਘਟਨਾਕਰਮ ਸਮਾਜ ’ਚ ਆ ਰਹੀ ਭਾਰੀ ਗਿਰਾਵਟ ਦੇ ਪ੍ਰਤੀਕ ਹਨ। ਇਸ ਲਈ ਹਰ ਤਰ੍ਹਾਂ ਦੇ ਸੈਕਸ ਅਪਰਾਧਾਂ ’ਚ ਸ਼ਾਮਲ ਪਾਏ ਜਾਣ ਵਾਲੇ ਲੋਕਾਂ ਨੂੰ ਜਲਦੀ, ਸਖਤ ਤੋਂ ਸਖਤ ਅਤੇ ਸਿੱਖਿਆਦਾਇਕ ਸਜ਼ਾ ਦੇਣ ਦੀ ਲੋੜ ਹੈ ਤਾਂ ਕਿ ਦੂਸਰਿਆਂ ਨੂੰ ਵੀ ਨਸੀਹਤ ਮਿਲੇ ਅਤੇ ਔਰਤਾਂ ਸੁਰੱਖਿਅਤ ਵਾਤਾਵਰਣ ’ਚ ਸਾਹ ਲੈ ਸਕਣ।

- ਵਿਜੇ ਕੁਮਾਰ

Bharat Thapa

This news is Content Editor Bharat Thapa