ਤੁਹਾਡੇ ਸਹਿਯੋਗ ਨਾਲ ‘ਜਗ ਬਾਣੀ’ 44ਵੇਂ ਵਰ੍ਹੇ ’ਚ ਦਾਖਲ

07/21/2021 3:01:26 AM

ਅੱਜ 21 ਜੁਲਾਈ ਦਾ ਦਿਨ ‘ਪੰਜਾਬ ਕੇਸਰੀ ਪੱਤਰ ਸਮੂਹ’ ਦੇ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ 43 ਸਾਲ ਪਹਿਲਾਂ ਅੱਜ ਦੇ ਹੀ ਦਿਨ ਤੁਹਾਡੇ ਪਿਆਰੇ ਪੰਜਾਬੀ ਰੋਜ਼ਾਨਾ ‘ਜਗ ਬਾਣੀ’ ਦੇ ਪ੍ਰਕਾਸ਼ਨ ਦਾ ਸ਼੍ਰੀਗਣੇਸ਼ ਜਲੰਧਰ ਤੋਂ ਹੋਇਆ ਸੀ ਅਤੇ ਹੁਣ ਇਹ ਆਪਣੇ 44ਵੇਂ ਵਰ੍ਹੇ ’ਚ ਦਾਖਲ ਹੋ ਰਿਹਾ ਹੈ।

‘ਹਿੰਦ ਸਮਾਚਾਰ’ (ਉਰਦੂ) ਅਤੇ ‘ਪੰਜਾਬ ਕੇਸਰੀ’ (ਹਿੰਦੀ) ਦੇ ਬਾਅਦ ‘ਪੰਜਾਬ ਕੇਸਰੀ ਪੱਤਰ ਸਮੂਹ’ ਵੱਲੋਂ ਪੰਜਾਬੀ ਭਾਸ਼ਾ ’ਚ ਪ੍ਰਕਾਸ਼ਿਤ ਕੀਤਾ ਜਾਣ ਵਾਲਾ ‘ਜਗ ਬਾਣੀ’ ਸਾਡੇ ਪੱਤਰ ਸਮੂਹ ਦਾ ਤੀਸਰਾ ਅਖਬਾਰ ਸੀ । ‘ਪੰਜਾਬ ਕੇਸਰੀ ਪੱਤਰ ਸਮੂਹ’ ਨੂੰ ਇਹ ਸਿਹਰਾ ਜਾਂਦਾ ਹੈ ਕਿ ਅਸੀਂ ਤਿੰਨਾਂ ਭਾਸ਼ਾਵਾਂ ’ਚ ਅਖਬਾਰ ਪ੍ਰਕਾਸ਼ਿਤ ਕਰ ਰਹੇ ਹਾਂ।

ਜਿਸ ਸਮੇਂ ‘ਜਗ ਬਾਣੀ’ ਦਾ ਪ੍ਰਕਾਸ਼ਨ ਆਰੰਭ ਹੋਇਆ, ਉਸ ਸਮੇਂ ਪੰਜਾਬੀ ਦੇ 5-6 ਅਖਬਾਰ ਪਹਿਲਾਂ ਹੀ ਪ੍ਰਕਾਸ਼ਿਤ ਹੋ ਰਹੇ ਸਨ। ਪਰ ‘ਜਗ ਬਾਣੀ’ ਕਿਸੇ ਪਾਰਟੀ ਅਤੇ ਵਿਚਾਰਧਾਰਾ ਨਾਲ ਜੁੜੇ ਬਗੈਰ ਮੁਕੰਮਲ ਤੌਰ ’ਤੇ ਆਜ਼ਾਦ ਅਤੇ ਨਿਰਪੱਖ ਅਖਬਾਰ ਦੇ ਰੂਪ ’ਚ ਸ਼ੁਰੂ ਕੀਤਾ ਗਿਆ ਜੋ ਅੱਜ ਵੀ ਜਾਰੀ ਹੈ।

ਉਰਦੂ ਪੜ੍ਹਨ ਵਾਲੇ ‘ਹਿੰਦ ਸਮਾਚਾਰ’ ਦੇ ਪਾਠਕ, ਜਿਨ੍ਹਾਂ ਨੇ 1948 ’ਚ ਇਸ ਨੂੰ ਪੜ੍ਹਨਾ ਸ਼ੁਰੂ ਕੀਤਾ ਸੀ, ਅੱਜ ਉਹ ਇਕ-ਇਕ ਕਰ ਕੇ ਸਾਡੇ ਕੋਲੋਂ ਵਿਛੜਦੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਗਿਣਤੀ ਵੀ ਘੱਟ ਹੋ ਰਹੀ ਹੈ ਪਰ ਜਦੋਂ ‘ਪੰਜਾਬ ਕੇਸਰੀ’ ਅਤੇ ‘ਜਗ ਬਾਣੀ’ ਪੜ੍ਹਨ ਵਾਲੇ ਸਾਡੇ ਉਨ੍ਹਾਂ ਬਜ਼ੁਰਗ ਪਾਠਕਾਂ ਦੇ ਬੱਚੇ ਸਾਨੂੰ ਮਿਲਦੇ ਹਨ ਤਾਂ ਮਾਣ ਨਾਲ ਦੱਸਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ‘ਹਿੰਦ ਸਮਾਚਾਰ’ ਪੜ੍ਹਦੇ ਹੁੰਦੇ ਸਨ।

ਸੀਨੀਅਰ ਅਕਾਲੀ ਨੇਤਾ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਸਵ. ਗੁਰਦਾਸ ਸਿੰਘ ਬਾਦਲ ਦੇ ਸਪੁੱਤਰ ਮਨਪ੍ਰੀਤ ਸਿੰਘ ਬਾਦਲ, ਜੋ ਪੰਜਾਬ ਸਰਕਾਰ ’ਚ ਅੱਜਕਲ ਵਿੱਤ ਮੰਤਰੀ ਹਨ, ਨੇ ਇਕ ਵਾਰ ਦੱਸਿਆ ਸੀ ਕਿ ਉਹ ਆਪਣੇ ਪਿਤਾ ਜੀ ਨੂੰ ਹਰ ਰੋਜ਼ ‘ਹਿੰਦ ਸਮਾਚਾਰ’ ਲਿਆ ਕੇ ਦਿੰਦੇ ਹੁੰਦੇ ਸਨ।

ਸਤਿਕਾਰਯੋਗ ਪਿਤਾ ਲਾਲਾ ਜਗਤ ਨਾਰਾਇਣ ਜੀ ਨੇ 1978 ’ਚ ਜਦੋਂ ਪੰਜਾਬੀ ਰੋਜ਼ਾਨਾ ‘ਜਗ ਬਾਣੀ’ ਦਾ ਪ੍ਰਕਾਸ਼ਨ ਸ਼ੁਰੂ ਕਰਨ ਦੀ ਗੱਲ ਕੀਤੀ ਤਾਂ ਅਸੀਂ ਦੋਵਾਂ ਭਰਾਵਾਂ, ਸ਼੍ਰੀ ਰਮੇਸ਼ ਜੀ ਅਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਇਸ ਨੂੰ ਚਲਾਉਣਾ ਔਖਾ ਹੋਵੇਗਾ।

ਅਸੀਂ ਥਾਂ ਦੀ ਘਾਟ, ਸਟਾਫ ਅਤੇ ਛਪਾਈ ਦੀ ਸਮੱਸਿਆ ਆਦਿ ਦਾ ਵਰਨਣ ਕੀਤਾ ਕਿਉਂਕਿ ਉਨ੍ਹੀਂ ਦਿਨੀਂ ‘ਹਿੰਦ ਸਮਾਚਾਰ’ ਅਤੇ ‘ਪੰਜਾਬ ਕੇਸਰੀ’ ਲਗਾਤਾਰ ਸਿਖਰ ਵੱਲ ਵਧ ਰਹੇ ਸਨ।

‘ਹਿੰਦ ਸਮਾਚਾਰ’ ਭਾਰਤ ’ਚ ਨੰਬਰ ਇਕ ਉਰਦੂ ਰੋਜ਼ਾਨਾ ਬਣ ਚੁੱਕਾ ਸੀ ਅਤੇ ‘ਪੰਜਾਬ ਕੇਸਰੀ’ ਦੀ ਪ੍ਰਸਾਰ ਗਿਣਤੀ ਵੀ ਖੇਤਰ ਦੇ ਹੋਰਨਾਂ ਹਿੰਦੀ ਰੋਜ਼ਾਨਾ ਦੀ ਤੁਲਨਾ ’ਚ ਕਈ ਗੁਣਾ ਵਧ ਰਹੀ ਸੀ।

ਸਾਡੇ ਖਦਸ਼ਿਆਂ ਦਾ ਹੱਲ ਕਰ ਕੇ ਪਿਤਾ ਜੀ ਨੇ ਸਾਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ, ‘‘ਸਭ ਕੁਝ ਹੋ ਜਾਏਗਾ।’’ ਪਿਤਾ ਜੀ ਦਾ ਕਹਿਣਾ ਸੱਚ ਸਿੱਧ ਹੋਇਆ ਅਤੇ ਉਨ੍ਹਾਂ ਦੀ ਦੂਰਦ੍ਰਿਸ਼ਟੀ ਅਤੇ ਦ੍ਰਿੜ੍ਹ ਇਰਾਦੇ ਦੀ ਬਦੌਲਤ ਹੀ ਤਦ ‘ਜਗ ਬਾਣੀ’ ਦਾ ਪ੍ਰਕਾਸ਼ਨ ਸੰਭਵ ਹੋ ਸਕਿਆ।

‘ਹਿੰਦ ਸਮਾਚਾਰ’ ਦਾ ਪ੍ਰਕਾਸ਼ਨ 4 ਮਈ, 1948 ਨੂੰ 1800 ਕਾਪੀਆਂ ਅਤੇ ‘ਪੰਜਾਬ ਕੇਸਰੀ’ ਦਾ 13 ਜੂਨ, 1965 ਨੂੰ 3500 ਕਾਪੀਆਂ ਨਾਲ ਸ਼ੁਰੂ ਹੋਇਆ ਸੀ ਜਦਕਿ ‘ਜਗ ਬਾਣੀ’ ਦਾ ਪ੍ਰਕਾਸ਼ਨ 21 ਜੁਲਾਈ, 1978 ਨੂੰ 8000 ਕਾਪੀਆਂ ਦੇ ਨਾਲ ਸ਼ੁਰੂ ਹੋਇਆ ਅਤੇ ਇਸ ਦੀ ਪ੍ਰਸਾਰ ਗਿਣਤੀ ਅੱਜ ਸਿਖਰ ’ਤੇ ਹੈ।

ਅੱਜ ‘ਜਗ ਬਾਣੀ’ ਜਲੰਧਰ ਦੇ ਇਲਾਵਾ ਤਿੰਨ ਹੋਰ ਕੇਂਦਰਾਂ ਲੁਧਿਆਣਾ, ਚੰਡੀਗੜ੍ਹ ਅਤੇ ਬਠਿੰਡਾ ਤੋਂ ਵੀ ਪ੍ਰਕਾਸ਼ਿਤ ਹੋ ਰਿਹਾ ਹੈ ਅਤੇ ਆਈ. ਆਰ. ਐੱਸ. 2019 ਦੇ ਅਨੁਸਾਰ ਇਸ ਦੀ ਪਾਠਕ ਗਿਣਤੀ 39.77 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ।

‘ਜਗ ਬਾਣੀ’ ਦੀ ਸਫਾ ਗਿਣਤੀ 6-8 ਹੋਇਆ ਕਰਦੀ ਸੀ। ਵੱਖ-ਵੱਖ ਵਿਸ਼ੇਸ਼ ਐਡੀਸ਼ਨਾਂ ਦਾ ਮੁੱਖ ਸਫਾ ਨੀਲਾ ਪ੍ਰਕਾਸ਼ਿਤ ਹੁੰਦਾ ਸੀ। ਇਸ ਦੇ ਆਮ ਐਡੀਸ਼ਨ ਦਾ ਮੁੱਲ 30 ਪੈਸੇ ਅਤੇ ਐਤਵਾਰੀ ਐਡੀਸ਼ਨ ਦਾ ਮੁੱਲ 35 ਪੈਸੇ ਹੁੰਦਾ ਸੀ। ਹੁਣ ਇਸ ਦੀ ਰੋਜ਼ਾਨਾ ਸਫਿਆਂ ਦੀ ਗਿਣਤੀ 16 ਤੋਂ 18 ਤੱਕ ਹੋ ਗਈ ਹੈ ਅਤੇ ਹਰ ਸਫਾ ਚਾਰ ਰੰਗਾਂ ਦਾ ਹੁੰਦਾ ਹੈ। ਹਰੇਕ ਜ਼ਿਲੇ ਦੇ ਲਈ ਵੱਖਰਾ ‘ਪੁਲ ਆਊਟ’ ਪ੍ਰਕਾਸ਼ਿਤ ਕੀਤਾ ਜਾਂਦਾ ਹੈ।

ਕੁਲ ਮਿਲਾ ਕੇ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਦੇ ਆਸ਼ੀਰਵਾਦ, ਸ਼੍ਰੀ ਰਮੇਸ਼ ਜੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਚਿਰੰਜੀਵ ਅਵਿਨਾਸ਼ ਚੋਪੜਾ ਅਤੇ ਅਮਿਤ ਦੀ ਮਿਹਨਤ, ਬਿਹਤਰੀਨ ਛਪਾਈ ਅਤੇ ਸਜਾਵਟ, ਚੰਗੇ ਲੇਖਕਾਂ ਦੇ ਯੋਗਦਾਨ ਅਤੇ ਇਸ਼ਤਿਹਾਰਦਾਤਿਆਂ ਦੇ ਸਹਿਯੋਗ ਨਾਲ ਹੀ ‘ਜਗ ਬਾਣੀ’ ਦਾ ਸਫਲਤਾ ਦੇ ਸਿਖਰ ਤੱਕ ਪਹੁੰਚਣਾ ਸੰਭਵ ਹੋ ਸਕਿਆ ਹੈ।

ਪ੍ਰੈੱਸ ਲੋਕਤੰਤਰ ਦਾ ਚੌਥਾ ਥੰਮ੍ਹ ਹੈ ਅਤੇ ਲੋਕਤੰਤਰ ਪ੍ਰੈੱਸ ਅਤੇ ਨਿਆਪਾਲਿਕਾ ਦੇ ਦਮ ’ਤੇ ਹੀ ਟਿਕਿਆ ਹੋਇਆ ਹੈ। ਲੋਕਤੰਤਰ ਦੇ ਹੋਰਨਾਂ ਥੰਮ੍ਹਾਂ ਦੇ ਬਾਰੇ ’ਚ ਤਾਂ ਲੋਕ ਸਭ ਕੁਝ ਜਾਣਦੇ ਹੀ ਹਨ। ਇਸ ਲਈ ਸਾਡੀ ਪਰਮਾਤਮਾ ਨੂੰ ਇਹੀ ਪ੍ਰਾਰਥਨਾ ਹੈ ਕਿ ਸਾਨੂੰ ਆਪਣੇ ਆਦਰਸ਼ਾਂ ’ਤੇ ਅਡੋਲ ਰਹਿਣ ਦੀ ਸ਼ਕਤੀ ਦੇਣ।

ਅਸੀਂ ਆਸ ਕਰਦੇ ਹਾਂ ਕਿ ਭਵਿੱਖ ’ਚ ਵੀ ਸਾਰਿਆਂ ਦਾ ਸਹਿਯੋਗ ਇਸੇ ਤਰ੍ਹਾਂ ਮਿਲਦਾ ਰਹੇਗਾ ਜਿਸ ਨਾਲ ਅਸੀਂ ‘ਜਗ ਬਾਣੀ’ ਨੂੰ ਹੋਰ ਬੁਲੰਦੀਆਂ ਤੱਕ ਲੈ ਜਾਣ ’ਚ ਸਫਲ ਹੋਵਾਂਗੇ। ਅਸੀਂ ਅੱਗੇ ਵੀ ਨਿਰਪੱਖ ਰਹਿੰਦੇ ਹੋਏ ਤੁਹਾਡੇ ਪਿਆਰੇ ਅਖਬਾਰ ਨੂੰ ਪਹਿਲਾਂ ਤੋਂ ਬਿਹਤਰ ਬਣਾਉਣ ਦੇ ਲਈ ਸਮੁੱਚੇ ਯਤਨਸ਼ੀਲ ਰਹਿਣ ਦਾ ਸੰਕਲਪ ਦੁਹਰਾਉਂਦੇ ਹਾਂ।

-ਵਿਜੇ ਕੁਮਾਰ

Bharat Thapa

This news is Content Editor Bharat Thapa