‘ਹਿੰਦੂ’ ਸ਼ਬਦ ਤੋਂ ਕੁਝ ਆਗੂਆਂ ਨੂੰ ਚਿੜ ਕਿਉਂ?

11/15/2022 12:41:55 AM

ਮਾਸਟਰ ਮੋਹਨ ਲਾਲ (ਸਾਬਕਾ ਟ੍ਰਾਂਸਪੋਰਟ ਮੰਤਰੀ, ਪੰਜਾਬ)

ਅੱਜ ਕਰਨਾਟਕ ਦੇ ਵੱਡੇ ਨੇਤਾ ਨਾਂ ਸ਼ਾਇਦ ਸਤੀਸ਼ ਜਾਰਕੀ ਹੋਲੀ ਹੈ, ਨੇ ਬੜੀ ਉੱਚੀ ਆਵਾਜ਼ ’ਚ ਕਿਹਾ ਹੈ, ‘ਹਿੰਦੂ’ ਰਾਸ਼ਟਰ ਗੰਦਾ ਹੈ। ਇਹ ਪਰਸ਼ੀਆ ਅਤੇ ਅਰਬ-ਈਰਾਨ ਦਾ ਸ਼ਬਦ ਹੈ। ਇਸ ਦਾ ਅਰਥ ਦੱਸਾਂ ਤਾਂ ਮੈਨੂੰ ਸ਼ਰਮ ਆਵੇਗੀ। ਪਤਾ ਨਹੀਂ ਭਾਰਤ ਦੇ ਲੋਕ ਇਸ ਸ਼ਬਦ ’ਤੇ ਕਿਉਂ ਲੱਟੂ ਹਨ? ਇਕ ਹੋਰ ਨੇਤਾ ਉੱਠੇ ਤਾਂ ਕਹਿਣ ਲੱਗੇ ਕਿ ‘ਗੀਤ’ ਜਹਾਦ ਸਿਖਾਉਂਦਾ ਹੈ, ਸਾਨੂੰ ਅੱਤਵਾਦ ਵੱਲ ਲਿਜਾਂਦਾ ਹੈ। ਨੇਤਾ ਦਾ ਨਾਂ ਨਹੀਂ ਲਵਾਂਗਾ ਕਿਉਂਕਿ ਉਹ ਰਾਜਪਾਲ ਵਰਗੇ ਉੱਚੇ ਅਹੁਦੇ ’ਤੇ ਵੀ ਰਹਿ ਚੁੱਕੇ ਹਨ। ਮੀਰਾ ਸ਼ੰਕਰ ਅਈਅਰ ਨੂੰ ਹਿੰਦੂ ਸ਼ਬਦ ’ਚ ਆਈ. ਐੱਸ. ਆਈ. ਦੀ ਝਲਕ ਨਜ਼ਰ ਆਉਂਦੀ ਹੈ। ਉਹ ਤਾਂ ਹਿੰਦੂ ਸ਼ਬਦ ਦੀ ਤੁਲਨਾ ਅੱਤਵਾਦੀ ਸੰਗਠਨ ‘ਬੋਕੋ-ਹਰਮ’ ਨਾਲ ਕਰਦੇ ਹਨ।

ਸਲਮਾਨ ਖੁਰਸ਼ੀਦ, ਪੀ. ਚਿਦਾਂਬਰਮ ਅਤੇ ਸ਼ਸ਼ੀ ਥਰੂਰ ਵਰਗੇ ਨੇਤਾਵਾਂ ਨੂੰ ਹਿੰਦੂਤਵ ਤੋਂ ਚਿੜ ਹੈ। ਜੀ-20 ਦੇ ਲੋਕਾਂ ਨੂੰ ਸਾਡੇ ‘ਕਮਲ’ ਦੇ ਫੁੱਲ ਤੋਂ ਨਫਰਤ ਹੈ ਜਦੋਂ ਕਿ ਇਹ ਕਮਲ ਸਾਡਾ ‘ਰਾਸ਼ਟਰੀ ਫੁੱਲ’ ਹੈ। ਸਰਸਵਤੀ ਦੇਵੀ ਅਤੇ ਦੁਰਗਾ ਮਾਂ ਦਾ ਇਸ ਨਾਲ ਵਿਸ਼ੇਸ਼ ਸਬੰਧ ਹੈ। ਅਜਿਹੀ ਮੰਦਭਾਵਨਾ ਪਤਾ ਨਹੀਂ ਕਿਉਂ ਸਾਡੇ ਸਤਿਕਾਰਯੋਗ ਆਗੂਆਂ ਨੂੰ ਹਿੰਦੂ ਅਤੇ ਹਿੰਦੂਤਵ ਤੋਂ ਹੋਣ ਲੱਗੀ ਹੈ।

ਅਸਲ ’ਚ ਹਿੰਦੂ ਸ਼ਬਦ ਮਨੁੱਖ ਦੀ ਹੋਂਦ ਤੋਂ ਵੀ ਪਹਿਲਾਂ ਦਾ ਹੈ। ਸਾਡੇ ਇਨ੍ਹਾਂ ਆਗੂਆਂ ਨੂੰ ਧਰਮਨਿਰਪੱਖਤਾ ਦਾ ਅਰਥ ਲੱਗਦਾ ਹੈ ਕਿ ਹਿੰਦੂ ਅਤੇ ਹਿੰਦੂਤਵ ਨੂੰ ਚੰਗਾ-ਮਾੜਾ ਕਹਿੰਦੇ ਰਹਿਣ ’ਚ ਹੈ ਜਦੋਂ ਕਿ ਉਹ ਦੋਵੇਂ ਸ਼ਬਦ ਸਭ ਨੂੰ ਪ੍ਰਵਾਨ ਹੋਣ ਯੋਗ ਅਤੇ ਸਰਵਭੌਮਿਕ ਬਣ ਚੁੱਕੇ ਹਨ। ਇਨ੍ਹਾਂ ਦੋਹਾਂ ਸ਼ਬਦਾਂ ’ਚ ਕਿਤੇ ਵੀ ਨਫਰਤ ਨਹੀਂ। ਦੋਹਾਂ ਸ਼ਬਦਾਂ ’ਚ ਪਿਆਰ ਅਤੇ ਅਪਣਾਪਨ ਹੈ।

ਹਿੰਦੂ ਦਾ ਅਰਥ ਹੈ ਅਜਿਹਾ ਵਿਅਕਤੀ ਜੋ ਕਿਸੇ ਨਾਲ ਨਫਰਤ ਨਹੀਂ ਕਰਦਾ ਅਤੇ ਸਾਰੀ ਧਰਤੀ ਨੂੰ ਆਪਣਾ ਪਰਿਵਾਰ ਮੰਨਦਾ ਹੈ। ਹਿੰਦੂ ਉਹ ਜੋ ਜਿਸ ਧਰਤੀ ’ਤੇ ਰਹਿੰਦਾ ਹੈ ਅਤੇ ਜਿਸ ’ਤੇ ਆਪਣਾ ਪਰਿਵਾਰ ਪਾਲਦਾ ਹੈ, ਉਸ ਧਰਤੀ ਨੂੰ ਆਪਣੀ ਮਾਂ ਸਮਝਦਾ ਹੈ। ਇਹ ਉਸ ਧਰਤੀ ਮਾਂ ਦਾ ਪੁੱਤਰ ਹੈ। ਉਸ ਦਾ ਦਿਲ ਵਿਸ਼ਾਲ ਹੈ। ਸਾਰੀ ਮਨੁੱਖਤਾ ਉਸ ਦਾ ਆਦਰਸ਼ ਹੈ। ਮੇਰੇ-ਤੇਰੇ ਦਾ ਫਰਕ ਉਸ ’ਚ ਹੈ ਹੀ ਨਹੀਂ। ਹਿੰਦੂ ਵਰਗੇ ਸ਼ਬਦ ’ਚ ਨਫਰਤ ਅਤੇ ਸੌੜਾਪਨ ਹੈ ਹੀ ਨਹੀਂ। ਪਤਾ ਨਹੀਂ ਇਹ ਨੇਤਾ ਹਿੰਦੂਤਵ ਪ੍ਰਤੀ ਨਫਰਤ ਫੈਲਾਅ ਕੇ ਕੀ ਹਾਸਲ ਕਰਨਾ ਚਾਹੁੰਦੇ ਹਨ?

‘ਹਿੰਦੂਤਵ’ ਧਰਮ ਦਾ ਦੂਜਾ ਨਾਂ ਹੈ ਜੋ ਪੂਰੇ ਭਾਰਤ ’ਚ ਪ੍ਰਚੱਲਿਤ ਉਨ੍ਹਾਂ ਸਭ ਵਿਚਾਰਾਂ ਅਤੇ ਸਮਾਜ ’ਚ ਆਪਸੀ ਸਮਾਜਿਕ ਬਰਾਬਰੀ, ਸੰਤੁਲਨ ਅਤੇ ਮੋਕਸ ਪ੍ਰਾਪਤੀ ਦੇ ਸਹਾਇਕ ਤੱਤਾਂ ਨੂੰ ਸਪੱਸ਼ਟ ਕਰਦਾ ਹੈ। ਇਹ ਜੀਵਨ ਦਰਸ਼ਨ ਅਤੇ ਜੀਵਨ ਪ੍ਰਣਾਲੀ ਹੈ ਜੋ ਮਨੁੱਖੀ ਸਮਾਜ ’ਚ ਫੈਲੀਆਂ ਸਭ ਸਮੱਸਿਆਵਾਂ ਨੂੰ ਹੱਲ ਕਰਨ ’ਚ ਭਰੋਸਾ ਰੱਖਦਾ ਹੈ। ਇਹ ਮਜ਼੍ਹਬ ਨਹੀਂ ਕਿਉਂਕਿ ਮਜ਼੍ਹਬ ਸਿਰਫ ਪੂਜਾ ਦੀ ਇਕ ਪ੍ਰਣਾਲੀ ਹੈ ਜਦੋਂ ਕਿ ਹਿੰਦੂਤਵ ਇਕ ਦਰਸ਼ਨ ਹੈ, ਇਕ ਫਿਲਾਸਫੀ ਹੈ। ਇਹ ਮਨੁੱਖੀ ਜੀਵਨ ਦੀ ਸਮੱਗਰਤਾ ’ਤੇ ਵਿਚਾਰ ਕਰਦਾ ਹੈ। ਸਮਾਜਵਾਦ ਅਤੇ ਬਸਤੀਵਾਦ ਸਿਰਫ ਭੌਤਿਕਤਾ ’ਤੇ ਆਧਾਰਿਤ ਹਨ ਪਰ ਹਿੰਦੂਤਵ ਭੌਤਿਕ ਲੋੜਾਂ ਦੇ ਨਾਲ-ਨਾਲ ਉਸ ਦੀਆਂ ਮਾਨਸਿਕ-ਬੌਧਿਕ ਅਤੇ ਭਾਵਨਾਤਮਕ ਲੋੜਾਂ ਨੂੰ ਵੀ ਪੂਰਾ ਕਰਦਾ ਹੈ।

ਕੋਈ ਮਨੁੱਖ ਸਿਰਫ ਆਪਣੀਆਂ ਭੌਤਿਕ ਲੋੜਾਂ ਨੂੰ ਪੂਰਾ ਕਰ ਲੈਣ ਨਾਲ ਹੀ ਜ਼ਿੰਦਾ ਨਹੀਂ ਰਹਿ ਸਕਦਾ ਸਗੋਂ ਹਿੰਦੂਤਵ ਇਕ ਅਜਿਹੀ ਜੀਵਨ ਪ੍ਰਣਾਲੀ ਹੈ ਜੋ ਮਨੁੱਖ ਨੂੰ ਸਭ ਜਾਇਜ਼ ਲੋੜਾਂ ਅਤੇ ਅਭੀ ਭਾਸ਼ਾਵਾਂ ਨੂੰ ਸੰਤੁਸ਼ਟ ਕਰਦੀ ਹੈ ਤਾਂ ਜੋ ਮਨੁੱਖ ਸਿਧਾਂਤਾਂ ’ਤੇ ਅੜਿਆ ਰਹੇ। ਕੀ ਹਿੰਦੂਤਵ ਧਰਮ ਹੈ? ਇਸ ਸਵਾਲ ਦਾ ਜਵਾਬ ਸੁਪਰੀਮ ਕੋਰਟ ਨੇ ਸ਼ਾਸਤਰੀ ਯੱਗ ਪੁਰੁਸ਼ ਦਾਸ ਬਨਾਮ ਮੂਲਦਾਸ-ਭੂਰਦਾਸ ਵੈਸ਼ਯ ਦੀ ਪਟੀਸ਼ਨ ’ਚ ਦਿੱਤਾ, ‘‘ਜਦੋਂ ਅਸੀਂ ਹਿੰਦੂ ਧਰਮ ਬਾਰੇ ਸੋਚਦੇ ਹਾਂ ਤਾਂ ਸਾਨੂੰ ਹਿੰਦੂ ਧਰਮ ਨੂੰ ਪਰਿਭਾਸ਼ਤ ਕਰਨ ’ਚ ਮੁਸ਼ਕਲ ਮਹਿਸੂਸ ਹੁੰਦੀ ਹੈ। ਦੁਨੀਆ ਦੇ ਹੋਰਨਾਂ ਮਜ਼੍ਹਬਾਂ ਦੇ ਉਲਟ ਹਿੰਦੂ ਧਰਮ ਕਿਸੇ ਇਕ ਦੂਤ ਨੂੰ ਨਹੀਂ ਮੰਨਦਾ, ਕਿਸੇ ਇਕ ਭਗਵਾਨ ਦੀ ਪੂਜਾ ਨਹੀਂ ਕਰਦਾ। ਕਿਸੇ ਇਕ ਮਤ ਦਾ ਪੈਰੋਕਾਰ ਨਹੀਂ ਹੈ। ਹਿੰਦੂ ਕਿਸੇ ਦਾਰਸ਼ਨਿਕ ਵਿਚਾਰਧਾਰਾ ਨੂੰ ਨਹੀਂ ਮੰਨਦਾ। ਕਿਸੇ ਇਕ ਮਜ਼੍ਹਬੀ ਪੂਜਾ ਪ੍ਰਣਾਲੀ ਜਾਂ ਰੀਤੀ ਰਿਵਾਜ ਨੂੰ ਨਹੀਂ ਮੰਨਦਾ। ਹਿੰਦੂ ਕਿਸੇ ਮਜ਼੍ਹਬ ਜਾਂ ਭਾਈਚਾਰੇ ਦੀ ਸੰਤੁਸ਼ਟੀ ਨਹੀਂ ਕਰਦਾ। ਮੁੱਖ ਰੂਪ ’ਚ ਅਸੀਂ ਇਸ ਨੂੰ ਇਕ ਜੀਵਨ ਪ੍ਰਣਾਲੀ ਵਜੋਂ ਪਰਿਭਾਸ਼ਿਤ ਕਰ ਸਕਦੇ ਹਾਂ। ਇਸ ਤੋਂ ਇਲਾਵਾ ਹੋਰ ਕੁਝ ਨਹੀਂ।’’ ਚੀਫ ਜਸਟਿਸ ਸ਼੍ਰੀ ਗਜੇਂਦਰ ਤਾੜਕਰ।

ਭਾਰਤੀ ਜਨਤਾ ਪਾਰਟੀ ਦੇ ਬਜ਼ੁਰਗ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੇ ਸ਼ਬਦਾਂ ’ਚ ‘‘ਕੱਲ ਸੁਪਰੀਮ ਕੋਰਟ ਵੱਲੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਮੁਰਲੀ ਮਨੋਹਰ ਜੋਸ਼ੀ, ਸੰਸਦ ਮੈਂਬਰ ਪ੍ਰੋ. ਰਾਮ ਕਾਪਸੇ, ਵਿਧਾਇਕਕ ਸ਼੍ਰੀਮਤੀ ਚੰਦਰ ਕਾਂਤਾ ਗੋਇਲ ਅਤੇ ਪ੍ਰਮੋਦ ਮਹਾਜਨ ਵਰਗੇ ਨੇਤਾਵਾਂ ਨੂੰ ਚੋਣਾਂ ’ਚ ਭ੍ਰਿਸ਼ਟ ਆਚਰਨ ਭਾਵ ਹਿੰਦੂਤਵ ਦੇ ਨਾਂ ’ਤੇ ਵੋਟਾਂ ਮੰਗਣ ਦੇ ਦੋਸ਼ਾਂ ਤੋਂ ਮੁਕਤ ਕਰਨਾ ਦਰਸਾਉਂਦਾ ਹੈ ਕਿ ਭਾਰਤ ‘ਇਕ ਦੇਸ਼’ ਹੈ ਅਤੇ ਸਭ ਭਾਰਤੀ ‘ਇਕ ਜਨ’ ਹਨ। ਸਾਡੀ ਮਾਨਤਾ ਹੈ ਕਿ ਸਾਡੀ ਇਕ ਪੁਰਾਤਨ ਸੰਸਕ੍ਰਿਤੀ ਹੈ। ਇਸ ਤਰ੍ਹਾਂ ਸਾਡੇ ਲਈ ਰਾਸ਼ਟਰਵਾਦ ਸਿਰਫ ਇਕ ਭੂਗੋਲਿਕ ਜਾਂ ਸਿਆਸੀ ਧਾਰਨਾ ਨਹੀਂ, ਅਸਲ ’ਚ ਇਕ ਸੰਸਕ੍ਰਿਤਕ ਧਾਰਨਾ ਹੈ।

ਤੁਸੀਂ ਇਸ ਨੂੰ ਹਿੰਦੂਤਵ ਜਾਂ ਭਾਰਤੀਅਤਾ ਜਾਂ ਹਿੰਦੁਸਤਾਨੀਅਤ ਕਿਸੇ ਵੀ ਨਾਂ ਨਾਲ ਬੁਲਾ ਲਓ, ਕੋਈ ਫਰਕ ਨਹੀਂ ਪੈਂਦਾ। ਅੰਦਰੂਨੀ ਤੌਰ ’ਤੇ ਭਾਵ ਸਿਰਫ ਇੰਨਾ ਹੈ ਕਿ ਇਸ ਹਿੰਦੂਤਵ ਦੇ ਹੇਠਾਂ ਅਸੀਂ ਸਭ ਇੰਡੀਅਨ ਇਕ ਹਾਂ ਪਰ ਜਿਵੇਂ-ਜਿਵੇਂ ਕੁਝ ਸਾਲਾਂ ’ਚ ਸਾਡੇ ਵਿਰੋਧੀਆਂ ਨੇ ਇਹ ਭਾਵ ਫੈਲਾਉਣ ’ਚ ਸਫਲਤਾ ਹਾਸਲ ਕੀਤੀ ਹੈ ਕਿ ਜੇ ਕੋਈ ਪਾਰਟੀ ਧਰਮ, ਮੰਦਿਰ, ਹਿੰਦੂਤਵ ਅਤੇ ਹਿੰਦੂਵਾਦ ਦੀ ਗੱਲ ਕਰਦੀ ਹੈ ਤਾਂ ਉਹ ਲੋਕਪ੍ਰਤੀਨਿਧਤਾ ਐਕਟ ਦੀ ਧਾਰਾ 123 ਅਧੀਨ ਭ੍ਰਿਸ਼ਟ ਆਚਰਨ ਦੀ ਦੋਸ਼ੀ ਹੈ ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ।

ਇਹ ਹਿੰਦੂ ਸੰਸਕ੍ਰਿਤੀ ਹੀ ਹੈ ਜਿਸ ਨੇ ਦੇਸ਼ ਦੇ ਲੋਕਾਂ ਨੂੰ ਰਾਸ਼ਟਰ ਦੇ ਬੰਧਨ ’ਚ ਬੰਨ੍ਹ ਕੇ ਰੱਖਿਆ ਹੋਇਆ ਹੈ। ਇਹ ਇਕ ਇਤਿਹਾਸਕ ਸੱਚਾਈ ਹੈ ਕਿ ਭਾਰਤ ਨੂੰ ਸਦੀਆਂ ਤੱਕ ਇਕੋ ਜਿਹੀ ਸੰਸਕ੍ਰਿਤੀ ਕਾਰਨ ਰਾਸ਼ਟਰ ਦੇ ਰੂਪ ’ਚ ਬੰਨ੍ਹ ਕੇ ਰੱਖਿਆ ਹੈ ਨਾ ਕਿ ਭਾਰਤ ਕਿਸੇ ਭਾਸ਼ਾ ਜਾਂ ਖੇਤਰਵਾਦ ਕਾਰਨ ਸਦੀਆਂ ਤੋਂ ਇਕ ਹੈ। ਇਹ ਸੱਭਿਆਚਾਰਕ ਏਕਤਾ ਕਿਸੇ ਹੋਰ ਬੰਧਨ ਦੀ ਬਜਾਏ ਹਿੰਦੂਤਵ ਦੇ ਭਾਵ ਤੋਂ ਵੱਧ ਮੂਲ, ਠੀਕ ਅਤੇ ਪਰਿਪੱਕ ਹੋਈ ਹੈ।

ਇਸ ਹਿੰਦੂਤਵ ਦੇ ਭਾਵ ਨੇ ਸਾਨੂੰ ਜੋੜ ਕੇ ਰੱਖਿਆ ਹੈ, ਇਹੀ ਕਾਰਨ ਹੈ ਕਿ ਭਾਰਤ ਏਕਤਾ ਦੇ ਅਟੁੱਟ ਬੰਧਨ ’ਚ ਬੱਝਾ ਹੋਇਆ ਹੈ। ਮਹਾਤਮਾ ਗਾਂਧੀ ਨੇ ਇਸੇ ਹਿੰਦੂਤਵ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ, ‘‘ਮੇਰੀ ਰਾਏ ’ਚ ਕਿਸੇ ਵੀ ਸੱਭਿਆਚਾਰ ਦਾ ਖਜ਼ਾਨਾ ਇੰਨਾ ਖੁਸ਼ਹਾਲ ਨਹੀਂ ਜਿੰਨਾ ਸਾਡਾ ਹੈ। ਅਸੀਂ ਇਸ ਦਾ ਮੁੱਲ ਨਹੀਂ ਲਾਇਆ ਹੈ। ਜੇ ਅਸੀਂ ਆਪਣੇ ਸੱਭਿਆਚਾਰ ਦਾ ਪਾਲਣ ਨਹੀਂ ਕਰਦੇ ਤਾਂ ਇਕ ਰਾਸ਼ਟਰ ਵਜੋਂ ਅਸੀਂ ਆਤਮਹੱਤਿਆ ਕਰ ਰਹੇ ਹੁੰਦੇ ਹਾਂ।’’

ਹਿੰਦੂਤਵ ਤੋਂ ਚਿੜਣ ਵਾਲੇ ਨੇਤਾਵਾਂ ਨੂੰ ਬੇਨਤੀ ਹੈ ਕਿ ਉਹ ਘੱਟੋ-ਘੱਟ ਇੰਨਾ ਤਾਂ ਮੰਨ ਲੈਣ ਕਿ ਹਿੰਦੂਤਵ ’ਚ ਅਜਿਹਾ ਕੁਝ ਤਾਂ ਜ਼ਰੂਰ ਹੈ ਜਿਸ ਨੇ ਇਸ ਨੂੰ ਅੱਜ ਤੱਕ ਜ਼ਿੰਦਾ ਰੱਖਿਆ ਹੈ। ਹਿੰਦੂਤਵ ਨੇ ਅਜਿਹੇ ਦੇਸ਼ਾਂ ਦੀ ਤਬਾਹੀ ਨੂੰ ਆਪਣੀਆਂ ਅੱਖਾਂ ਸਾਹਮਣੇ ਵੇਖਿਆ ਹੈ ਜਿਨ੍ਹਾਂ ਦੀ ਕਿਸੇ ਸਮੇਂ ਤੂਤੀ ਬੋਲਦੀ ਹੁੰਦੀ ਸੀ। ਇਸ ਨੇ ਬੇਬੀਲੋਨ, ਪਰਸ਼ੀਅਨ, ਰੋਮ, ਮਿਸਰ ਦੀਆਂ ਸੱਭਿਅਤਾਵਾਂ ਦੀ ਤਬਾਹੀ ਵੇਖੀ ਹੈ। ਆਪਣੇ ਚਾਰੇ ਪਾਸੇ ਵੇਖੋ, ਰੋਮ ਕਿੱਥੇ ਹੈ? ਯੂਨਾਨ ਕਿੱਥੇ ਹੈ? ਅੱਜ ਤੁਸੀਂ ਕਿਤੇ ਵੀ ਗਿੱਬਨ ਦਾ ਇਟਲੀ ਜਾਂ ਪ੍ਰਾਚੀਨ ਰੋਮ ਨਹੀਂ ਵੇਖ ਸਕਦੇ। ਗ੍ਰੀਸ ਕਿੱਥੇ ਗਿਆ? ਹਿੰਦੂਤਵ ਅੱਜ ਵੀ ਖੜ੍ਹਾ ਹੈ। ਵਿਦੇਸ਼ੀਆਂ ਦੇ ਲਗਾਤਾਰ ਹਜ਼ਾਰਾਂ ਸਾਲਾਂ ਦੇ ਹਮਲੇ ਪਿੱਛੋਂ ਵੀ ਜੇ ਸਾਨੂੰ ਖੜ੍ਹੇ ਹੋਣ ਦੀ ਹਿੰਮਤ ਮਿਲੀ ਹੈ ਤਾਂ ਇਸ ਦਾ ਕਾਰਨ ਹੈ ਸਾਡੀ ਹਿੰਦੂ ਪੁਰਾਤਨ ਸੰਸਕ੍ਰਿਤੀ। ਸਾਡੀ ਸੱਭਿਅਤਾ ਦਾ ਮੂਲ ਭਾਵ ਹੈ ਨੈਤਿਕਤਾ। ਇਸ ਸਵਰਾਜ ਦੀ ਭਾਵਨਾ ਨੇ ਸਾਨੂੰ ਸੁਰੱਖਿਅਤ ਰੱਖਿਆ ਹੈ। ਇਨ੍ਹਾਂ ਭਾਵਨਾਵਾਂ ਨਾਲ ਹਿੰਦੂਤਵ, ਭਾਰਤੀਅਤਾ, ਰਾਸ਼ਟਰਵਾਦ, ਹਿੰਦੁਸਤਾਨੀਅਤ ਅੱਗੇ ਵਧੇਗੀ। ਹਿੰਦੂ ਵਿਰੋਧੀ ਵਿਚਾਰ ਕਰਨ।

Anuradha

This news is Content Editor Anuradha