ਅਸਲਾ ਭੰਡਾਰਾਂ ''ਚ ਅਗਨੀਕਾਂਡਾਂ ਦਾ ਸਿਲਸਿਲਾ ਕਦੋਂ ਰੁਕੇਗਾ

03/28/2017 8:07:28 AM

ਗੋਲਾ-ਬਾਰੂਦ ਦਾ ਸਹੀ ਹਾਲਤ ਵਿਚ ਹੋਣਾ ਕਿਸੇ ਵੀ ਦੇਸ਼ ਦੀ ਸੁਰੱਖਿਆ ਲਈ ਜਿੰਨਾ ਜ਼ਰੂਰੀ ਹੈ, ਓਨੀ ਹੀ ਜ਼ਰੂਰੀ ਇਸ ਗੋਲਾ-ਬਾਰੂਦ ਦੀ ਸੁਰੱਖਿਅਤ ਢੰਗ ਨਾਲ ਸਟੋਰੇਜ ਕਰਨਾ ਵੀ ਹੈ ਤਾਂ ਕਿ ਕਿਸੇ ਵੀ ਗਲਤੀ ਕਾਰਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ।
ਭਾਰਤੀ ਫੌਜ ਦਾ ਵੇਲਾ ਵਿਹਾਅ ਚੁੱਕਾ ਭਾਵ ਪੁਰਾਣਾ ਹੋ ਚੁੱਕਾ ਗੋਲਾ-ਬਾਰੂਦ, ਜਿਸ ਨੂੰ ਯੋਜਨਾਬੱਧ ਢੰਗ ਨਾਲ ਨਸ਼ਟ ਕਰਨਾ ਜ਼ਰੂਰੀ ਹੈ, ਅਸਲਾ ਭੰਡਾਰਾਂ ਵਿਚ ਹੀ ਪਿਆ ਹੈ ਅਤੇ ਵੱਖ-ਵੱਖ ਹਾਦਸਿਆਂ ੰਦੀ ਵਜ੍ਹਾ ਬਣ ਰਿਹਾ ਹੈ। 
ਹਾਲਾਂਕਿ ਸੰਯੁਕਤ ਰਾਸ਼ਟਰ ਨੇ ਵੱਖ-ਵੱਖ ਤਰ੍ਹਾਂ ਦੇ ਗੋਲਾ-ਬਾਰੂਦ ਨੂੰ ਸੁਰੱਖਿਅਤ ਰੱਖਣ ਦੇ ਪੈਮਾਨੇ ਤੈਅ ਕੀਤੇ ਹੋਏ ਹਨ ਅਤੇ 1970 ਤੋਂ ਹੀ ਭਾਰਤ ''ਚ ਵੱਖ-ਵੱਖ ਕਮੇਟੀਆਂ ਵਲੋਂ ਇਸ ਨੂੰ ਸੁਰੱਖਿਅਤ ਰੱਖਣ ਸੰਬੰਧੀ ਸਿਫਾਰਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ, ਫਿਰ ਵੀ ਸਾਡੇ ਅਸਲਾ ਭੰਡਾਰਾਂ ''ਚ ਅਕਸਰ ਅਗਨੀਕਾਂਡ ਅਤੇ ਧਮਾਕੇ ਹੁੰਦੇ ਹੀ ਰਹਿੰਦੇ ਹਨ।
ਸਿਰਫ ਪਿਛਲੇ 3 ਸਾਲਾਂ ਵਿਚ ਹੀ ਦੇਸ਼ ਦੇ ਅਸਲਾ ਭੰਡਾਰਾਂ ''ਚ ਲੱਗਭਗ 2 ਦਰਜਨ ਅਗਨੀਕਾਂਡ ਹੋ ਚੁੱਕੇ ਹਨ, ਜਿਨ੍ਹਾਂ ''ਚ ਹਜ਼ਾਰਾਂ ਕਰੋੜ ਰੁਪਏ ਦਾ ਗੋਲਾ-ਬਾਰੂਦ ਤਬਾਹ ਹੋਣ ਤੋਂ ਇਲਾਵਾ ਕਈ ਕੀਮਤੀ ਜਾਨਾਂ ਵੀ ਗਈਆਂ।
ਅਜੇ ਪਿਛਲੇ ਸਾਲ ਹੀ 31 ਮਈ ਨੂੰ ਮਹਾਰਾਸ਼ਟਰ ਦੇ ਪੁਲਗਾਂਵ ਵਿਚ ਸਥਿਤ ਅਸਲਾ ਭੰਡਾਰ ਦੇ ਦਰਜਨਾਂ ਸ਼ੈੱਡਾਂ ਵਿਚੋਂ ਇਕ ਸ਼ੈੱਡ ''ਚ ਹੋਏ ਭਿਅੰਕਰ ਧਮਾਕੇ ਨਾਲ 130 ਟਨ ਗੋਲਾ-ਬਾਰੂਦ ਸੜ ਕੇ ਤਬਾਹ ਹੋ ਗਿਆ ਅਤੇ 19 ਅਨਮੋਲ ਜਾਨਾਂ ਵੀ ਗਈਆਂ।
ਹੁਣ 25 ਮਾਰਚ ਦੀ ਸ਼ਾਮ ਨੂੰ ਮੱਧ ਪ੍ਰਦੇਸ਼ ਵਿਚ ਜੱਬਲਪੁਰ ਨੇੜੇ ''ਆਰਡਨੈਂਸ ਫੈਕਟਰੀ ਖਮਰੀਆ'' (ਓ. ਐੱਫ. ਕੇ.) ''ਚ ਪਏ ਲੱਗਭਗ 20 ਸਾਲ ਪੁਰਾਣੇ 106 ਐੱਮ. ਐੱਮ. ਦੀਆਂ ਆਰ. ਸੀ. ਐੱਲ. ਬੰਦੂਕਾਂ ਦੇ ਗੋਲਾ-ਬਾਰੂਦ ਦੇ ਢੇਰ ''ਚ ਅੱਗ ਲੱਗਣ ਨਾਲ ਅਚਾਨਕ ਇਕ ਤੋਂ ਬਾਅਦ ਇਕ ਲਗਾਤਾਰ ਹੋਏ ਲੱਗਭਗ 20-25 ਧਮਾਕਿਆਂ ਨਾਲ ਆਸ-ਪਾਸ ਦਾ 4 ਕਿਲੋਮੀਟਰ ਇਲਾਕਾ ਹਿੱਲ ਗਿਆ ਅਤੇ ਇਮਾਰਤ ਵੀ ਸੜ ਕੇ ਸਵਾਹ ਹੋ ਗਈ। ਧਮਾਕਿਆਂ ਨਾਲ ਆਸ-ਪਾਸ ਦੇ ਕਈ ਮਕਾਨਾਂ ਦੀਆਂ ਕੰਧਾਂ ਤੱਕ ਹਿੱਲ ਗਈਆਂ।
ਇਸ ਕਾਰਨ ਲੱਗੀ ਅੱਗ ਨੂੰ ਬੁਝਾਉਣ ਲਈ, ਜਿਸਦੀਆਂ ਲਪਟਾਂ ਕਾਫੀ ਦੂਰ ਤੋਂ ਨਜ਼ਰ ਆ ਰਹੀਆਂ ਸਨ, ਦਿੱਲੀ ਤੋਂ ਫੌਜ ਦੀਆਂ 3 ਟੀਮਾਂ ਪਹੁੰਚੀਆਂ ਅਤੇ 50 ਅੱਗ-ਬੁਝਾਊ ਗੱਡੀਆਂ ਦੀ ਸਹਾਇਤਾਂ ਨਾਲ ਕਈ ਘੰਟਿਆਂ ਦੇ ਸੰਘਰਸ਼ ਤੋਂ ਬਾਅਦ ਇਸ ਨੂੰ ਬੁਝਾਇਆ ਜਾ ਸਕਿਆ। 
ਸ਼ੁਰੂਆਤੀ ਜਾਣਕਾਰੀ ਅਨੁਸਾਰ ਇਹ ਧਮਾਕੇ ਉਦੋਂ ਸ਼ੁਰੂ ਹੋਏ, ਜਦੋਂ ''ਐੱਫ-3'' ਸੈਕਸ਼ਨ ''ਚ ਬੰਬਾਂ ਦੀ ਭਰਾਈ ਕੀਤੀ ਜਾ ਰਹੀ ਸੀ। ''ਓ. ਐੱਫ. ਕੇ.'' ਦੇ ਜਨਰਲ ਮੈਨੇਜਰ ਸ਼੍ਰੀ ਏ. ਕੇ. ਅਗਰਵਾਲ ਦਾ ਕਹਿਣਾ ਹੈ, ''''ਧਮਾਕੇ ਸ਼ਾਇਦ 40 ਡਿਗਰੀ ਸੈਲਸੀਅਸ ਤੱਕ ਪਹੁੰਚੇ ਤਾਪਮਾਨ ਕਾਰਨ ਬਹੁਤ ਜ਼ਿਆਦਾ ਗਰਮੀ ਹੋਣ ''ਤੇ ਗੋਲਾ-ਬਾਰੂਦ ਵਿਚ ਅੱਗ ਲੱਗਣ ਨਾਲ ਹੋਏ ਹੋਣਗੇ ਪਰ ਇਸ ਦੇ ਅਸਲੀ ਕਾਰਨਾਂ ਦਾ ਪਤਾ ਤਾਂ ਘਟਨਾ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਹੀ ਲੱਗੇਗਾ।''''
ਜ਼ਿਕਰਯੋਗ ਹੈ ਕਿ 1942 ''ਚ ਸਥਾਪਿਤ ਇਸ ਅਸਲਾ ਫੈਕਟਰੀ ਵਿਚ ਦਰਮਿਆਨੇ ਤੇ ਉੱਚ ਸਮਰੱਥਾ ਵਾਲੇ ਗੋਲਾ-ਬਾਰੂਦ ਦੀ ਸਮੱਗਰੀ, ਖੋਲਾਂ ਆਦਿ ਦਾ ਨਿਰਮਾਣ ਕੀਤਾ ਜਾਂਦਾ ਹੈ। ਇਥੇ ਦਰਮਿਆਨੀ ਅਤੇ ਉੱਚ ਸਮਰੱਥਾ ਵਾਲੇ ਛੋਟੇ ਹਥਿਆਰਾਂ, ਗੋਲਾ-ਬਾਰੂਦ ਦੀ ਭਰਾਈ ਆਦਿ ਦਾ ਕੰਮ ਵੀ ਕੀਤਾ ਜਾਂਦਾ ਹੈ।
ਇਥੇ ਇਸ ਤੋਂ ਪਹਿਲਾਂ 2002 ਅਤੇ ਫਿਰ 2015 ਵਿਚ ਵੀ ਧਮਾਕੇ ਤੇ ਅਗਨੀਕਾਂਡ ਹੋ ਚੁੱਕੇ ਹਨ, ਜਿਨ੍ਹਾਂ ਦੇ ਸਿੱਟੇ ਵਜੋਂ ਭਾਰੀ ਤਬਾਹੀ ਹੋਣ ਤੋਂ ਇਲਾਵਾ ਕਈ ਲੋਕ ਜ਼ਖ਼ਮੀ ਵੀ ਹੋਏ ਸਨ।
ਸਮੇਂ-ਸਮੇਂ ''ਤੇ ਭਾਰਤੀ ਅਸਲਾ ਭੰਡਾਰਾਂ ਅਤੇ ਕਾਰਖਾਨਿਆਂ ਵਿਚ ਹੋਣ ਵਾਲੇ ਧਮਾਕਿਆਂ ਅਤੇ ਅਗਨੀਕਾਂਡਾਂ ਦੇ ਸਿੱਟੇ ਵਜੋਂ ਇਕ ਵਾਰ ਫਿਰ ਉਕਤ ਘਟਨਾ ਨੇ ਫੌਜ ਦੇ ਗੋਲਾ-ਬਾਰੂਦ ਦੀ ਪ੍ਰਬੰਧਕੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ''ਓਵਰਹਾਲ'' ਕਰਨ ਦੀ ਲੋੜ ਵੱਲ ਅਧਿਕਾਰੀਆਂ ਦਾ ਧਿਆਨ ਦਿਵਾਇਆ ਹੈ।
ਕੁਝ ਸਾਲ ਪਹਿਲਾਂ ਫੌਜ ਦੀ ਇਕ ਟੀਮ ਨੇ ਇਹ ਜਾਣਨ ਲਈ ਯੂਰਪ ਦਾ ਦੌਰਾ ਕੀਤਾ ਸੀ ਕਿ ''ਨਾਟੋ'' ਦੇਸ਼ ਆਪਣਾ ਗੋਲਾ-ਬਾਰੂਦ ਕਿਵੇਂ ਸੁਰੱਖਿਅਤ ਰੱਖਦੇ ਹਨ। ਉਸ ਟੀਮ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ, ''''ਜ਼ਿਆਦਾਤਰ ਦੇਸ਼ਾਂ ਨੇ ਆਪਣੇ ਗੋਲਾ-ਬਾਰੂਦ ਲਈ ਵਿਸ਼ੇਸ਼ ਤੌਰ ''ਤੇ ਅੰਡਰਗਰਾਊਂਡ ''ਇਗਲੂ'' (ਬਰਫ ਨਾਲ ਬਣੇ ਵਿਸ਼ੇਸ਼ ਤਰ੍ਹਾਂ ਦੇ ਘਰ) ਬਣਾਏ ਹੋਏ ਹਨ।''''
ਭਾਰਤੀ ਫੌਜ ਗੋਲਾ-ਬਾਰੂਦ ਅਤੇ ਹਥਿਆਰਾਂ ਦੀ ਘਾਟ ਨਾਲ ਜੂਝ ਰਹੀ ਹੈ, ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਗੋਲਾ-ਬਾਰੂਦ ਸੁਰੱਖਿਅਤ ਰੱਖਣ ਵਾਲੀਆਂ ਵਿਕਸਿਤ ਦੇਸ਼ਾਂ ਦੀਆਂ ਸਰਵਸ੍ਰੇਸ਼ਠ ਤਕਨੀਕਾਂ ਦਾ ਡੂੰਘਾਈ ਨਾਲ ਅਧਿਐਨ ਕਰਕੇ ਅਜਿਹੇ ਉਪਾਅ ਕਰੀਏ, ਜਿਨ੍ਹਾਂ ਨਾਲ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਕਾਰਨ ਜਾਨੀ ਨੁਕਸਾਨ ਤੇ ਰਾਸ਼ਟਰ ਦੀ ਇਸ ਵਡਮੁੱਲੀ ਜਾਇਦਾਦ ਤੇ ਜਨਤਕ ਮਾਲੀਏ ਦਾ ਨੁਕਸਾਨ ਨਾ ਹੋਵੇ।                                                    
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra