ਆਖਿਰ ਕੀ ਮਿਲ ਰਿਹੈ ਨੇਤਾਵਾਂ ਨੂੰ ਅਜਿਹੇ ਬਿਆਨਾਂ ਤੋਂ

03/13/2019 4:51:07 AM

ਅੱਜ ਜਦੋਂ ਇਕ ਪਾਸੇ ਸਰਹੱਦ 'ਤੇ ਜੰਗ ਦਾ ਖਤਰਾ ਮੰਡਰਾ ਰਿਹਾ ਹੈ ਅਤੇ ਦੂਜੇ ਪਾਸੇ ਦੇਸ਼ 'ਚ ਹੋਣ ਜਾ ਰਹੀਆਂ ਚੋਣਾਂ ਕਾਰਨ ਸਿਆਸੀ ਤਾਪਮਾਨ ਚੜ੍ਹਿਆ ਹੋਇਆ ਹੈ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਇਨ੍ਹਾਂ ਦੋਹਾਂ ਮੁੱਦਿਆਂ 'ਤੇ ਧਿਆਨ ਦੇਣ ਦੀ ਬਜਾਏ ਇਨ੍ਹਾਂ ਉੱਤੇ ਇਤਰਾਜ਼ਯੋਗ ਬਿਆਨ ਦਿੱਤੇ ਜਾ ਰਹੇ ਹਨ। ਇਹ ਸਮਝਣਾ ਪਵੇਗਾ ਕਿ ਅਜਿਹੇ ਬਿਆਨ ਦੇ ਕੇ ਨੇਤਾ ਸਿੱਧ ਕੀ ਕਰਨਾ ਚਾਹੁੰਦੇ ਹਨ ਅਤੇ ਦੇਸ਼ ਨੂੰ ਕੀ ਦੇ ਰਹੇ ਹਨ? 
ਇਥੇ ਪੇਸ਼ ਹਨ ਸਿਰਫ 5 ਦਿਨਾਂ ਅੰਦਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਦੇ ਵਿਵਾਦਪੂਰਨ ਭਾਸ਼ਣਾਂ ਦੇ ਕੁਝ ਨਮੂਨੇ :
* ਸੀਨੀਅਰ ਕਾਂਗਰਸੀ ਆਗੂ ਬੀ. ਕੇ. ਹਰੀਪ੍ਰਸਾਦ ਨੇ ਕਿਹਾ ਕਿ ''ਪੁਲਵਾਮਾ ਅਟੈਕ ਨਰਿੰਦਰ ਮੋਦੀ ਅਤੇ ਇਮਰਾਨ ਖਾਨ ਵਿਚਾਲੇ ਮੈਚ ਫਿਕਸਿੰਗ ਸੀ।'' 
* ਤੇਲੰਗਾਨਾ 'ਚ ਕਾਂਗਰਸ ਦੀ ਸਟਾਰ ਪ੍ਰਚਾਰਕ ਵਿਜਯਾ ਸ਼ਾਂਤੀ ਨੇ ਰਾਹੁਲ ਗਾਂਧੀ ਦੀ ਮੌਜੂਦਗੀ 'ਚ ਕਿਹਾ, ''ਲੋਕਾਂ ਨਾਲ ਪਿਆਰ ਕਰਨ ਦੀ ਬਜਾਏ ਹੁਣ ਨਰਿੰਦਰ ਮੋਦੀ ਇਕ ਅੱਤਵਾਦੀ ਵਰਗੇ ਦਿਸਦੇ ਹਨ।''
* ਭਾਜਪਾ ਵਿਧਾਇਕ ਆਕਾਸ਼ ਵਿਜੇਵਰਗੀਯ ਬੋਲੇ, ''ਪਹਿਲਾਂ ਰਾਹੁਲ ਗਾਂਧੀ ਨੂੰ 'ਪੱਪੂ' ਕਿਹਾ ਜਾਂਦਾ ਸੀ। ਇਹ ਇਕ ਹਾਨੀ-ਰਹਿਤ ਅਤੇ ਪਿਆਰਾ ਨਾਂ ਹੈ ਪਰ ਉਹ ਹੁਣ ਰਾਸ਼ਟਰ ਵਿਰੋਧੀ ਵਾਂਗ ਕੰਮ ਕਰਨ ਲੱਗ ਪਏ ਹਨ, ਇਸ ਲਈ ਅਸੀਂ ਉਨ੍ਹਾਂ ਦਾ ਨਾਂ 'ਪੱਪੂ' ਤੋਂ ਬਦਲ ਕੇ 'ਗਧਿਆਂ ਦਾ ਸਰਤਾਜ' ਰੱਖ ਦਿੱਤਾ ਹੈ।''
* ਭਾਕਪਾ ਦੇ ਕੌਮੀ ਸਕੱਤਰ ਅਤੁਲ ਕੁਮਾਰ ਅੰਜਾਨ ਨੇ ਕਿਹਾ, ''ਨਰਿੰਦਰ ਮੋਦੀ ਤਾਂ ਪ੍ਰਿਯੰਕਾ ਚੋਪੜਾ ਨਾਲੋਂ ਵੀ ਜ਼ਿਆਦਾ ਕੱਪੜੇ ਬਦਲਦੇ ਹਨ ਅਤੇ ਸਭ ਤੋਂ ਜ਼ਿਆਦਾ ਕੱਪੜੇ ਬਦਲਣ ਵਾਲੇ ਪ੍ਰਧਾਨ ਮੰਤਰੀ ਹਨ।'' ਉਨ੍ਹਾਂ ਨੇ ਕੇਂਦਰ ਸਰਕਾਰ 'ਤੇ 45 ਜਵਾਨਾਂ ਦੀ ਸ਼ਹਾਦਤ ਨੂੰ ਅਭਿਨੰਦਨ ਅੱਗੇ ਖਤਮ ਕਰਨ ਦਾ ਦੋਸ਼ ਵੀ ਲਾਇਆ।
* ਰਾਹੁਲ ਗਾਂਧੀ ਵਲੋਂ ਜੈਸ਼-ਏ-ਮੁਹੰਮਦ ਦੇ ਸਰਗਣੇ ਅੱਤਵਾਦੀ ਮਸੂਦ ਅਜ਼ਹਰ ਦੇ ਨਾਂ ਨਾਲ 'ਜੀ' ਲਾ ਕੇ ਸੰਬੋਧਿਤ ਕਰਨ 'ਤੇ ਹੋਏ ਹੰਗਾਮੇ ਦਰਮਿਆਨ ਕਾਂਗਰਸ ਨੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ, ਜਿਸ 'ਚ ਉਹ ਲਸ਼ਕਰੇ-ਤੋਇਬਾ ਦੇ ਬਾਨੀ ਹਾਫਿਜ਼ ਸਈਦ ਨੂੰ 'ਜੀ' ਕਹਿ ਰਹੇ ਹਨ। 
ਜ਼ਿਕਰਯੋਗ ਹੈ ਕਿ ਪਹਿਲਾਂ ਦਿੱਗਵਿਜੇ ਸਿੰਘ ਓਸਾਮਾ ਨੂੰ 'ਓਸਾਮਾ ਜੀ' ਅਤੇ ਹਾਫਿਜ਼ ਸਈਦ ਨੂੰ 'ਹਾਫਿਜ਼ ਸਾਹਿਬ' ਕਹਿ ਕੇ ਕਾਂਗਰਸ ਦੀ ਥੂ-ਥੂ ਕਰਵਾ ਚੁੱਕੇ ਹਨ। 
* ਰਾਹੁਲ ਗਾਂਧੀ ਨੇ ਭਾਜਪਾ ਅਤੇ ਸੰਘ 'ਤੇ ਹੱਲਾ ਬੋਲਦਿਆਂ ਕਿਹਾ, ''ਲੋਕਾਂ ਨੇ ਤੈਅ ਕਰਨਾ ਹੈ ਕਿ ਉਨ੍ਹਾਂ ਨੂੰ ਗਾਂਧੀ ਦਾ ਹਿੰਦੋਸਤਾਨ ਚਾਹੀਦਾ ਹੈ ਜਾਂ ਗੌਡਸੇ ਦਾ।'' 
ਰਾਹੁਲ ਨੇ ਇਹ ਵੀ ਕਿਹਾ ਕਿ ਜਿਸ ਅੱਤਵਾਦੀ ਮਸੂਦ ਅਜ਼ਹਰ ਨੂੰ ਕਾਂਗਰਸ ਦੀ ਸਰਕਾਰ ਨੇ ਫੜਿਆ ਸੀ, ਉਸ ਨੂੰ ਵਾਜਪਾਈ ਸਰਕਾਰ ਨੇ ਛੱਡ ਦਿੱਤਾ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਦੋਭਾਲ 'ਐਸਕਾਰਟ' ਬਣ ਕੇ ਉਸ ਨੂੰ ਕੰਧਾਰ ਲੈ ਗਏ ਸਨ।
* ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਇਸ ਦਾ ਜਵਾਬ ਦਿੱਤਾ, ''ਦੇਸ਼ ਨੇ ਫੈਸਲਾ ਕਰਨਾ ਹੈ ਕਿ ਉਹ ਮੋਦੀ ਨੂੰ ਚੁਣੇ ਜਾਂ ਹਫੜਾ-ਦਫੜੀ (ਘੜਮੱਸ) ਨੂੰ।'' ਉਨ੍ਹਾਂ ਨੇ ਵਿਰੋਧੀ ਧਿਰ ਦੇ ਮਹਾਗੱਠਜੋੜ ਨੂੰ ਆਪਸੀ-ਵਿਰੋਧੀਆਂ ਦਾ 'ਸਵੈ-ਵਿਨਾਸ਼ਕਾਰੀ' ਗੱਠਜੋੜ ਦੱਸਿਆ।
* ਨੈਕਾ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਫਾਰੂਕ ਅਬਦੁੱਲਾ ਨੇ ਹਵਾਈ ਫੌਜ ਦੀ ਕਾਰਵਾਈ ਨੂੰ ਚੋਣ ਸਟੰਟ ਦੱਸਦਿਆਂ ਕੇਂਦਰ ਸਰਕਾਰ 'ਤੇ ਦੋਸ਼ ਲਾਇਆ ਕਿ ''ਇਸ ਨੇ ਲੋਕ ਸਭਾ ਚੋਣਾਂ ਜਿੱਤਣ ਦੇ ਉਦੇਸ਼ ਨਾਲ ਹੀ ਪਾਕਿਸਤਾਨ ਦੇ ਬਾਲਾਕੋਟ 'ਚ ਹਵਾਈ ਹਮਲੇ ਦੇ ਹੁਕਮ ਦਿੱਤੇ।''
ਸੂਬੇ 'ਚ ਵਿਧਾਨ ਸਭਾ ਚੋਣਾਂ 'ਚ ਦੇਰੀ ਬਾਰੇ ਉਨ੍ਹਾਂ ਕਿਹਾ, ''ਕੇਂਦਰ ਦੀ ਭਾਜਪਾ ਸਰਕਾਰ ਨੇ ਕੋਈ ਸ਼ੈਤਾਨੀ ਕਰਨ ਦੀ ਸੋਚੀ ਹੋਵੇਗੀ, ਇਸ ਲਈ ਚੋਣਾਂ ਟਲ ਗਈਆਂ।''
* ਸਪਾ ਆਗੂ ਆਜ਼ਮ ਖਾਨ ਬੋਲੇ, ''ਮੁਸਲਮਾਨਾਂ ਨੂੰ ਹੁਣ ਮੌਜੂਦਾ ਭਾਰਤ 'ਚ ਕਿਰਾਏਦਾਰ ਸਮਝਿਆ ਜਾਂਦਾ ਹੈ। ਸਰਕਾਰ ਨੂੰ ਫੌਜ ਦੇ ਜਵਾਨਾਂ ਦੇ ਖੂਨ ਦਾ ਸੌਦਾ ਨਹੀਂ ਕਰਨਾ ਚਾਹੀਦਾ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਵਰਦੀ, ਸਿਰ ਅਤੇ ਖੂਨ ਦਾ ਸੌਦਾ ਹੋ ਗਿਆ। ਸਰਜੀਕਲ ਸਟ੍ਰਾਈਕ ਦੇ ਨਾਂ 'ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ, ਜਵਾਨਾਂ ਦੀ ਜ਼ਿੰਦਗੀ 'ਤੇ ਵੋਟਾਂ ਗਿਣੀਆਂ ਜਾ ਰਹੀਆਂ ਹਨ ਅਤੇ ਬਕਸੇ ਭਰੇ ਜਾ ਰਹੇ ਹਨ।''
* ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਨੇ ਰਾਹੁਲ ਗਾਂਧੀ ਨੂੰ 'ਹਾਈਬ੍ਰਿਡ ਨਮੂਨਾ' ਦੱਸਦਿਆਂ ਉਨ੍ਹਾਂ ਵਲੋਂ ਖ਼ੁਦ ਨੂੰ ਹਿੰਦੂ ਦੱਸਣ 'ਤੇ ਸਵਾਲ ਉਠਾਉਂਦਿਆਂ ਕਿਹਾ, ''ਉਨ੍ਹਾਂ ਦੇ ਪਿਤਾ ਮੁਸਲਮਾਨ ਸਨ ਅਤੇ ਮਾਂ ਈਸਾਈ  ਹੈ ਤਾਂ ਉਹ ਹਿੰਦੂ ਕਿਵੇਂ ਬਣ ਗਏ?''
''ਉਹ ਖ਼ੁਦ ਨੂੰ ਜਨੇਊਧਾਰੀ ਹਿੰਦੂ ਦੱਸਦੇ ਹਨ ਪਰ ਕੀ ਉਨ੍ਹਾਂ ਕੋਲ ਇਕ ਵੀ ਸਬੂਤ ਹੈ ਕਿ ਉਹ ਹਿੰਦੂ ਹਨ? ਕੀ ਉਹ ਆਪਣੇ ਬ੍ਰਾਹਮਣ ਹੋਣ ਦਾ ਡੀ. ਐੱਨ. ਏ. ਸਬੂਤ ਦੇਣਗੇ? ਇਹ ਮਿਲੀ-ਜੁਲੀ ਨਸਲ ਦਾ ਇਨਸਾਨ (ਬਾਲਾਕੋਟ ਏਅਰ ਸਟ੍ਰਾਈਕ ਦਾ) ਸਬੂਤ ਮੰਗ ਰਿਹਾ ਹੈ।''
* ਮਹਾਰਾਸ਼ਟਰ ਤੋਂ ਕਾਂਗਰਸ ਦੇ ਸਾਬਕਾ ਐੱਮ. ਪੀ. ਹਰੀਭਾਊ ਰਾਠੌੜ ਨੇ ਕਿਹਾ ਕਿ ''ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਪਾਕਿਸਤਾਨ 'ਤੇ ਹਮਲਾ ਕਰ ਦਿੱਤਾ ਅਤੇ 350 ਵਿਅਕਤੀਆਂ ਨੂੰ ਮਾਰ ਦਿੱਤਾ ਪਰ ਉਨ੍ਹਾਂ ਨੇ ਇਕ ਕੀੜੀ ਤਕ ਨਹੀਂ ਮਾਰੀ।''
ਇਹ ਗੱਲ ਸਮਝ ਤੋਂ ਬਾਹਰ ਹੈ ਕਿ ਅਜਿਹੇ ਬਿਆਨ ਦੇ ਕੇ ਸਾਡੇ ਨੇਤਾ ਦੇਸ਼ ਦਾ ਕਿਹੜਾ ਭਲਾ ਕਰ ਰਹੇ ਹਨ? ਉਹ ਘੱਟੋ-ਘੱਟ ਹੁਣ ਤਾਂ ਠੀਕ ਬੋਲਣ ਅਤੇ ਅਜਿਹੀ ਬਿਆਨਬਾਜ਼ੀ ਤੋਂ ਸੰਕੋਚ ਕਰਨ ਤਾਂ ਕਿ ਦੇਸ਼ ਦੇ ਹਿੱਤ ਪ੍ਰਭਾਵਿਤ ਨਾ  ਹੋਣ, ਦੇਸ਼ ਦੀ ਸੁਰੱਖਿਆ ਨੂੰ ਵੀ ਠੇਸ ਨਾ ਲੱਗੇ ਅਤੇ ਚੋਣਾਂ ਵੀ ਸਦਭਾਵਨਾ ਭਰੇ ਮਾਹੌਲ 'ਚ ਸੰਪੰਨ ਹੋਣ।        –ਵਿਜੇ ਕੁਮਾਰ

Bharat Thapa

This news is Content Editor Bharat Thapa