ਇਹ ਕਿਹੋ ਜਿਹੀ ਦੀਵਾਲੀ ਹਰ ਪਾਸੇ ਧੁੰਦ, ਧੂੰਆਂ, ਪ੍ਰਦੂਸ਼ਣ ਅਤੇ ਅੱਗ

11/16/2020 3:18:39 AM

ਬੜੀ ਦੇਰ ਤੋਂ ਇਸ ਸਬੰਧੀ ਖਬਰਾਂ ਆ ਰਹੀਆਂ ਸਨ ਕਿ ਪਹਿਲਾਂ ਤੋਂ ਹੀ ਬੇਕਾਬੂ ਕੋਰੋਨਾ ਮਹਾਮਾਰੀ ਦਾ ਖਤਰਾ ਸਰਦੀਆਂ ਆਉਣ ਦੇ ਨਾਲ ਹੋਰ ਜ਼ਿਆਦਾ ਵਧੇਗਾ, ਜਿਸ ’ਚ ਹਵਾ ਦੀ ਖਰਾਬ ਗੁਣਵੱਤਾ ਅਤੇ ਹਵਾ ਦੇ ਪ੍ਰਦੂਸ਼ਣ ਦੀ ਵੱਡੀ ਭੂਮਿਕਾ ਹੋਵੇਗੀ।

ਇਸੇ ਕਾਰਨ ਮੈਡੀਕਲ ਜਗਤ ਅਤੇ ਸਬੰਧਤ ਵਿਭਾਗਾਂ ਵਲੋਂ ਲੋਕਾਂ ਨੂੰ ਵਿਸ਼ੇਸ਼ ਤੌਰ ’ਤੇ ਤਿਉਹਾਰਾਂ ਦੇ ਮੌਸਮ ’ਚ ਪ੍ਰਦੂਸ਼ਣ ਦਾ ਪੱਧਰ ਘੱਟ ਰੱਖਣ ਲਈ ਜਿੰਨਾ ਸੰਭਵ ਹੋ ਸਕੇ, ਫਸਲਾਂ ਦੀ ਰਹਿੰਦ-ਖੂੰਹਦ ਭਾਵ ਪਰਾਲੀ ਆਦਿ ਨਾ ਸਾੜਨ ਅਤੇ ਦੀਵਾਲੀ ਅਤੇ ਹੋਰ ਤਿਉਹਾਰਾਂ ਅਤੇ ਖੁਸ਼ੀ ਦੇ ਮੌਕੇ ’ਤੇ ਪਟਾਕੇ ਆਦਿ ਨਾ ਚਲਾਉਣ ਲਈ ਸੁਚੇਤ ਕੀਤਾ ਜਾ ਰਿਹਾ ਸੀ। ਇਹ ਚਿਤਾਵਨੀ ਵੀ ਦਿੱਤੀ ਜਾ ਰਹੀ ਸੀ ਕਿ ਪ੍ਰਦੂਸ਼ਣ ਵਧਣ ਦੇ ਨਾਲ-ਨਾਲ ਕੋਵਿਡ-19 ਵੀ ਵਧੇਗਾ।

ਅਤੀਤ ’ਚ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਨਾਲ ਕੰਮ ਕਰ ਚੁੱਕੇ ਇਕ ਇਨਫੈਕਸ਼ਨ ਦੇ ਰੋਗਾਂ ਸਬੰਧੀ ਮਾਹਿਰ ਦਾ ਕਹਿਣਾ ਹੈ ਕਿ ਇਸ ਵਾਇਰਸ ਦਾ ਵਤੀਰਾ ਹੋਰਨਾਂ ਸਾਹ ਵਾਲੇ ਰੋਗਾਂ ਨਾਲੋਂ ਬਹੁਤ ਵੱਖਰਾ ਨਹੀਂ ਹੋਵੇਗਾ ਜੋ ਸਰਦੀਆਂ ਦੌਰਾਨ ਪਰਤ ਆਉਂਦੇ ਹਨ।

2020 ਦੀਆਂ ਸਰਦੀਆਂ ’ਚ ਕੋਰੋਨਾ ਦੇ ਮਾਮਲੇ ਅਤੇ ਉਸਦੇ ਬਾਅਦ ਹੋਣ ਵਾਲੀਆਂ ਮੌਤਾਂ ਸਿਖਰ ’ਤੇ ਪਹੁੰਚ ਸਕਦੀਆਂ ਹਨ ਅਤੇ ਅਕੈਡਮੀ ਆਫ ਮੈਡੀਕਲ ਸਾਇੰਸਿਜ਼, ਯੂ. ਕੇ. ਦੇ ਅਨੁਮਾਨ ਅਨੁਸਾਰ ਇਸ ਸਾਲ ਦੀਆਂ ਸਰਦੀਆਂ ਬਹੁਤ ਚੁਣੌਤੀਪੂਰਨ ਹੋ ਸਕਦੀਆਂ ਹਨ। ਅੰਦਾਜ਼ਾ ਹੈ ਕਿ ਜਨਵਰੀ-ਫਰਵਰੀ 2021 ’ਚ ਹਸਪਤਾਲਾਂ ’ਚ ਹੋਣ ਵਾਲੇ ਕੋਵਿਡ ਪੀੜਤਾਂ ਦੇ ਦਾਖਲੇ ਅਤੇ ਮੌਤਾਂ ਫਰਵਰੀ 2020 ਦੇ ਬਰਾਬਰ ਹੀ ਹੋ ਸਕਦੀਆਂ ਹਨ।

ਇਸੇ ਕਾਰਨ ਪਟਾਕੇ ਚਲਾਉਣ ’ਤੇ ਰੋਕ ਲਗਾਉਂਦੇ ਹੋਏ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਕਿਹਾ ਸੀ ਕਿ, ‘‘ਪਟਾਕੇ ਖੁਸ਼ੀ ਅਤੇ ਉਤਸਵ ਲਈ ਚਲਾਏ ਜਾਂਦੇ ਹਨ, ਮੌਤਾਂ ਅਤੇ ਬੀਮਾਰੀਆਂ ਦਾ ਜਸ਼ਨ ਮਨਾਉਣ ਲਈ ਨਹੀਂ।’’

ਸੁਪਰੀਮ ਕੋਰਟ ਅਤੇ ਐੱਨ. ਜੀ. ਟੀ. ਦੇ ਹੁਕਮ ਦੇ ਬਾਵਜੂਦ ਦੀਵਾਲੀ ਦੀ ਰਾਤ ਦਿੱਲੀ-ਐੱਨ. ਸੀ. ਆਰ. ਦੇ ਨਾਲ-ਨਾਲ ਦੇਸ਼ ਦੇ ਵਧੇਰੇ ਹਿੱਸਿਆਂ ’ਚ ਖੂਬ ਆਤਿਸ਼ਬਾਜ਼ੀ ਹੋਈ ਜਿਸਦੇ ਨਤੀਜੇ ਵਜੋਂ ਪਹਿਲਾਂ ਤੋਂ ਹੀ ਖਰਾਬ ਹਵਾ ਹੋਰ ਵੀ ਪ੍ਰਦੂਸ਼ਿਤ ਹੋ ਕੇ ਗੰਭੀਰ ਸਥਿਤੀ ’ਚ ਜਾ ਪਹੁੰਚੀ। ਦਿੱਲੀ ’ਚ ਆਤਿਸ਼ਬਾਜ਼ੀ ਅਤੇ ਪਟਾਕਿਆਂ ਦੇ ਕਾਰਨ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (ਏ. ਕਿਊ. ਆਈ.) 999 ਦੇ ਖਤਰਨਾਕ ਪੱਧਰ ’ਤੇ ਪਹੁੰਚ ਗਿਆ। ਪੂਰੀ ਦਿੱਲੀ ਅਤੇ ਦੇਸ਼ ਦੇ ਹੋਰ ਕਈ ਹਿੱਸੇ ਰਾਤ ਦੇ ਸਮੇਂ ਅਤੇ ਅਗਲੇ ਦਿਨ ਵੀ ਪਟਾਕਿਆਂ ਦੇ ਪ੍ਰਦੂਸ਼ਣ ਦੀ ਚਾਦਰ ’ਚ ਲਿਪਟੇ ਰਹੇ।

ਹਾਲਾਂਕਿ ਪ੍ਰਦੂਸ਼ਣ ਨਾਲ ਨਜਿੱਠਣ ਲਈ ਉੱਤਰੀ ਦਿੱਲੀ ਨਗਰ ਨਿਗਮ ਨੇ ਅੱਧੀ ਰਾਤ ਨੂੰ ਕੁਝ ਇਲਾਕਿਆਂ ’ਚ ਪਾਣੀ ਦਾ ਛਿੜਕਾਅ ਅਤੇ ਕੁਝ ਹਾਟਸਪਾਟ ਵਾਲੇ ਇਲਾਕਿਆਂ ’ਚ ਫੌਗਿੰਗ ਵੀ ਕੀਤੀ ਪਰ ਦਿੱਲੀ ’ਚ 15 ਨਵੰਬਰ ਨੂੰ ਤੜਕੇ 4 ਵਜੇ ਦਰਜ ਕੀਤਾ ਗਿਆ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ ਆਨੰਦ ਵਿਹਾਰ ’ਚ 572, ਮੰਦਰ ਮਾਰਗ ਇਲਾਕੇ ’ਚ 785, ਪੰਜਾਬੀ ਬਾਗ ’ਚ 544, ਸ਼ਹੀਦ ਸੁਖਦੇਵ ਕਾਲਜ ਆਫ ਬਿਜ਼ਨੈੱਸ ਸਟੱਡੀ ਦੇ ਨੇੜੇ-ਤੇੜੇ 999, ਜਹਾਂਗੀਰ ਪੁਰੀ ’ਚ 777, ਸਤਿਆਵਤੀ ਕਾਲਜ ਇਲਾਕੇ ’ਚ 818 ਅਤੇ ਬਵਾਨਾ ਇਲਾਕੇ ’ਚ 623 ਦਰਜ ਕੀਤਾ ਗਿਆ।

ਸਰਦੀਆਂ ਆਉਣ ਅਤੇ ਮੌਸਮ ਬਦਲਣ ਦੇ ਕਾਰਨ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾਣ ਦੇ ਕਾਰਨ ਪਿਛਲੇ ਹਫਤੇ ਦਿੱਲੀ ਸਰਕਾਰ ਨੇ 30 ਨਵੰਬਰ ਤਕ ਪਟਾਕਿਆਂ ’ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ ਪਰ ਪ੍ਰਦੂਸ਼ਣ ਦਾ ਪੱਧਰ ਵਧਣ ਨਾਲ ਕੋਰੋਨਾ ਰੋਗੀਆਂ ਲਈ ਔਕੜਾਂ ਵਧਣ ਦੇ ਖਤਰੇ ਦੇ ਮੱਦੇਨਜ਼ਰ ਐੱਨ. ਜੀ. ਟੀ. ਵਲੋਂ ਲਗਾਈ ਗਈ ਪਾਬੰਦੀ ਅਤੇ ਦਿੱਲੀ ਸਰਕਾਰ ਦੀ ਅਪੀਲ ਦੇ ਬਾਵਜੂਦ ਅੰਨ੍ਹੇਵਾਹ ਆਤਿਸ਼ਬਾਜ਼ੀ ਹੋਈ ਅਤੇ ਰਾਜਧਾਨੀ ’ਚ ਪ੍ਰਦੂਸ਼ਣ ਦਾ ਪੱਧਰ ਪਿਛਲੇ ਸਾਲਾਂ ਦੀ ਤੁਲਨਾ ’ਚ ਲਗਭਗ 3 ਗੁਣਾ ਵੱਧ ਹੋ ਗਿਆ ਹੈ ਜਦਕਿ ਪਹਿਲਾਂ ਹੀ ਬੇਕਾਬੂ ਹੋ ਰਹੇ ਕੋਰੋਨਾ ਦੇ ਕਾਰਨ ਬੀਮਾਰ ਲੋਕਾਂ ਲਈ ਇਲਾਜ ਦੀ ਸਮੱਸਿਆ ਪੈਦਾ ਹੁੰਦੀ ਦਿਖਾਈ ਦੇ ਰਹੀ ਹੈ।

ਦੀਵਾਲੀ ਦੇ ਦਿਨ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਪਟਾਕੇ ਚਲਾਉਣ ਅਤੇ ਹੋਰਨਾਂ ਕਾਰਨਾਂ ਨਾਲ ਵੱਡੀ ਗਿਣਤੀ ’ਚ ਹੋਏ ਅਗਨੀਕਾਂਡਾਂ ਨਾਲ ਵੀ ਜਿਥੇ ਕਰੋੜਾਂ ਰੁਪਏ ਦੀ ਜਾਇਦਾਦ ਨਸ਼ਟ ਹੋ ਗਈ, ਉਥੇ ਪ੍ਰਦੂਸ਼ਣ ਵਧਣ ਨਾਲ ਲੋਕਾਂ ਦੀ ਸਿਹਤ ਦੇ ਲਈ ਵੀ ਹੋਰ ਖਤਰਾ ਵਧ ਗਿਆ।

* ਰਾਜਧਾਨੀ ਦਿੱਲੀ ਅਤੇ ਐੱਨ. ਸੀ. ਆਰ. ’ਚ ਅੱਗ ਲੱਗਣ ਦੀਆਂ ਘੱਟ ਤੋਂ ਘੱਟ 205 ਘਟਨਾਵਾਂ ਹੋਈਆਂ। ਇਨ੍ਹਾਂ ’ਚੋਂ ਸ਼ਾਮ 6 ਵਜੇ ਤੋਂ ਰਾਤ 12 ਵਜੇ ਤਕ 129 ਘਟਨਾਵਾਂ ਹੋਈਆਂ ਜਦਕਿ ਬਾਕੀ ਘਟਨਾਵਾਂ ਦਿਨ ਦੇ ਸਮੇਂ ਹੋਈਆਂ, ਜਿਨ੍ਹਾਂ ’ਚ ਨਾ ਸਿਰਫ ਲੱਖਾਂ ਰੁਪਏ ਦੀ ਜਾਇਦਾਦ ਸੜ ਕੇ ਸਵਾਹ ਹੋ ਗਈ ਜਦਕਿ ਇਕ ਵਿਅਕਤੀ ਵੀ ਜ਼ਿੰਦਾ ਸੜ ਮਰਿਆ।

* ਬਿਹਾਰ ਦੇ ਪੂਰਨੀਆ, ਮੁੰਗੇਰ, ਪਟਨਾ ਅਤੇ ਮੋਤੀਹਾਰੀ ਸਮੇਤ ਕਈ ਥਾਈਂ ਹੋਏ ਦਰਜਨਾਂ ਅਗਨੀਕਾਂਡਾਂ ’ਚ ਕਰੋੜਾਂ ਰੁਪਏ ਦੀ ਜਾਇਦਾਦ ਸਵਾਹ ਹੋ ਗਈ।

* ਰਾਜਸਥਾਨ ਦੇ ਜੈਪੁਰ ’ਚ ਦੀਵਾਲੀ ਦੇ ਦਿਨ ਅੱਗ ਲੱਗਣ ਦੀਆਂ ਘੱਟ ਤੋਂ ਘੱਟ 80 ਘਟਨਾਵਾਂ ਹੋਈਆਂ।

* ਦੇਹਰਾਦੂਨ ’ਚ 14 ਤੋਂ ਵੱਧ ਅਗਨੀਕਾਂਡ ਹੋਏ।

* ਉੱਤਰ ਪ੍ਰਦੇਸ਼ ਦੇ ਵਾਰਾਨਸੀ, ਨੋਇਡਾ ਅਤੇ ਹੋਰ ਸ਼ਹਿਰਾਂ ’ਚ ਕਈ ਅਗਨੀਕਾਂਡ ਹੋਏ।

* ਮੱਧ ਪ੍ਰਦੇਸ਼ ਦੇ ਦਮੋਹ, ਬੰਗਾਲ ’ਚ ਕੋਲਕਾਤਾ, ਪੰਜਾਬ ’ਚ ਧਾਰੀਵਾਲ (ਗੁਰਦਾਸਪੁਰ), ਜੰਮੂ-ਕਸ਼ਮੀਰ ਦੇ ਊਧਮਪੁਰ ਅਤੇ ਹਰਿਆਣਾ ਅਤੇ ਹੋਰ ਥਾਵਾਂ ’ਤੇ ਵੀ ਹੋਏ ਦਰਜਨਾਂ ਅਗਨੀਕਾਂਡਾਂ ’ਚ ਕਰੋੜਾਂ ਰੁਪਏ ਦੀ ਜਾਇਦਾਦ ਨਸ਼ਟ ਹੋਈ ਹੈ। ਇਸ ਸਾਰੇ ਘਟਨਾਕ੍ਰਮ ਦੇ ਨਤੀਜੇ ਵਜੋਂ ਜਿਥੇ ਪਹਿਲਾਂ ਤੋਂ ਹੀ ਗੰਭੀਰ ਕੋਰੋਨਾ ਦੀ ਸਥਿਤੀ ਬਹੁਤ ਜ਼ਿਆਦਾ ਗੰਭੀਰ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ।

* ਕਈ ਥਾਵਾਂ ’ਤੇ ਜੰਗਲਾਂ ’ਚ ਅੱਗ ਲੱਗਣ ਦੀ ਸੂਚਨਾ ਵੀ ਮਿਲੀ।

ਇਸ ਲਈ ਲੋਕਾਂ ਨੂੰ ਅਜੇ ਵੀ ਸੰਭਲਣ ਦੀ ਲੋੜ ਹੈ ਅਤੇ ਹਾਲਾਤ ਨੂੰ ਹੋਰ ਵਿਗੜਣ ਤੋਂ ਬਚਾਉਣ ਦੇ ਲਈ ਸਾਨੂੰ ਆਪਣੇ ਦੇਸ਼, ਆਪਣੇ ਸਮਾਜ ਅਤੇ ਆਪਣੇ ਪਰਿਵਾਰ ਦੇ ਲਈ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਲਾਪ੍ਰਵਾਹੀ ਛੱਡ ਕੇ ਵੱਧ ਸਾਵਧਾਨੀ ਵਰਤ ਕੇ ਪ੍ਰਦੂਸ਼ਣ ਨੂੰ ਜਿੰਨਾ ਹੋ ਸਕੇ, ਘੱਟ ਕਰਨ ਦੇ ਨਾਲ-ਨਾਲ ਹੋਰ ਬਚਾਅ ਕਰਨ ਸਬੰਧੀ ਸਾਵਧਾਨੀਆਂ ਸਖਤੀ ਨਾਲ ਵਰਤਣੀਆਂ ਹੋਣਗੀਆਂ।

ਹਾਲਾਂਕਿ ਦੇਸ਼ ਦੇ ਕੁਝ ਹਿੱਸਿਆਂ ’ਚ 15 ਨਵੰਬਰ ਨੂੰ ਪਏ ਮੀਂਹ, ਹਨੇਰੀ ਅਤੇ ਗੜੇਮਾਰੀ ਨਾਲ ਹਵਾ ਦਾ ਪ੍ਰਦੂਸ਼ਣ ਕੁਝ ਘੱਟ ਹੋਣ ਦੀ ਸੰਭਾਵਨਾ ਪੈਦਾ ਹੋਈ ਪਰ ਇੰਨਾ ਹੀ ਕਾਫੀ ਨਹੀਂ ਹੈ। ਅੱਜ ਦੇ ਚਿੰਤਾਜਨਕ ਮਾਹੌਲ ’ਚ ਹਰ ਸਾਵਧਾਨੀ ਵਰਤਣ ਦੀ ਲੋੜ ਹੈ। ਅਜਿਹਾ ਨਾ ਕਰਨ ’ਤੇ ਅਸੀਂ ਆਪਣੇ ਦੇਸ਼ ਅਤੇ ਸਮਾਜ ਪ੍ਰਤੀ ਅਪਰਾਧ ਪੂਰਨ ਆਚਰਨ ਕਰਨ ਦੇ ਦੋਸ਼ੀ ਕਰਾਰ ਦਿੱਤੇ ਜਾਵਾਂਗੇ।

Bharat Thapa

This news is Content Editor Bharat Thapa