ਜੇਲਾਂ ’ਚੋਂ ਕੈਦੀਆਂ ਨੇ ਭੇਜੇ ਵੀਡੀਓਜ਼ ’ਚ ਅਧਿਕਾਰੀਆਂ ’ਤੇ ਲਾਏ ਤਸ਼ੱਦਦ ਦੇ ਦੋਸ਼

01/26/2020 1:27:19 AM

ਅਸੀਂ ਅਕਸਰ ਲਿਖਦੇ ਰਹਿੰਦੇ ਹਾਂ ਕਿ ਘੋਰ ਮਾੜੇ ਪ੍ਰਬੰਧਾਂ ਦੀਆਂ ਸ਼ਿਕਾਰ ਸਾਡੀਆਂ ਜੇਲਾਂ ਅਪਰਾਧੀਆਂ ਵਲੋਂ ਆਪਣੀਆਂ ਨਾਜਾਇਜ਼ ਸਰਗਰਮੀਆਂ ਚਲਾਉਣ ਦੇ ‘ਸਰਕਾਰੀ ਹੈੱਡਕੁਆਰਟਰ’ ਬਣ ਗਈਆਂ ਹਨ, ਜਿਨ੍ਹਾਂ ’ਚ ਕੁਝ ਅਧਿਕਾਰੀ ਵੀ ਸ਼ਾਮਿਲ ਪਾਏ ਜਾ ਰਹੇ ਹਨ ਅਤੇ ਉਨ੍ਹਾਂ ਦੀ ਕਥਿਤ ਮਿਲੀਭੁਗਤ ਨਾਲ ਹੀ ਜੇਲਾਂ ਅੰਦਰ ਨਸ਼ੇ ਅਤੇ ਮੋਬਾਇਲ ਆਦਿ ਪਹੁੰਚ ਰਹੇ ਹਨ।

ਅਨੇਕ ਜੇਲਾਂ ਵਿਚ ਲੱਗੇ ਜੈਮਰ ਖਰਾਬ ਹੋਣ ਨਾਲ ਜਿਥੇ ਜੇਲਾਂ ’ਚ ਬੰਦ ਕੈਦੀ ਧੜੱਲੇ ਨਾਲ ਮੋਬਾਇਲ ਫੋਨਾਂ ਦੀ ਵਰਤੋਂ ਕਰ ਰਹੇ ਹਨ, ਉਥੇ ਹੀ ਸਮੇਂ-ਸਮੇਂ ਉੱਤੇ ਕੈਦੀ ਜੇਲ ਅਧਿਕਾਰੀਆਂ ਵਲੋਂ ਉਨ੍ਹਾਂ ’ਤੇ ਤਸ਼ੱਦਦ ਕਰਨ ਦੇ ਵੀਡੀਓ ਵਾਇਰਲ ਕਰ ਕੇ ਜੇਲ ਅਧਿਕਾਰੀਆਂ ’ਤੇ ਗੰਭੀਰ ਦੋਸ਼ ਲਾ ਰਹੇ ਹਨ।

* 05 ਜਨਵਰੀ ਨੂੰ ਰੋਪੜ ਜ਼ਿਲਾ ਜੇਲ ’ਚੋਂ ਇਕ ਕੈਦੀ ਨੇ ਇਕ ਵੀਡੀਓ ਵਾਇਰਲ ਕਰ ਕੇ ਜੇਲ ਪ੍ਰਸ਼ਾਸਨ ਵਲੋਂ ਉਸ ’ਤੇ ਨਸ਼ਾ ਵੇਚਣ ਲਈ ਦਬਾਅ ਪਾਉਣ ਅਤੇ ਤੰਗ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਕ ਅਧਿਕਾਰੀ ਉਸ ਨੂੰ ਕਹਿ ਰਿਹਾ ਹੈ ਕਿ ਜਾਂ ਤਾਂ ਉਹ ਇਕ ਲੱਖ ਰੁਪਿਆ ਦੇ ਦੇਵੇ ਜਾਂ ਫਿਰ ਜੇਲ ਵਿਚ ਉਸ ਦਾ ਸਾਮਾਨ (ਨਸ਼ਾ) ਵੇਚੇ।

* 05 ਜਨਵਰੀ ਨੂੰ ਹੀ ਕੇਂਦਰੀ ਜੇਲ ਅੰਮ੍ਰਿਤਸਰ ਦਾ ਇਕ ਮਾਮਲਾ ਸਾਹਮਣੇ ਆਇਆ, ਜਿਸ ਵਿਚ ਜੇਲ ’ਚ ਬੰਦ ਕੁਝ ਅਪਰਾਧੀਆਂ ਨੇ ਪੁਰਾਣੀ ਰੰਜਿਸ਼ ਕਾਰਣ ਇਕ ਕੈਦੀ ਨੂੰ ਬੁਰੀ ਤਰ੍ਹਾਂ ਕੁੱਟ ਕੇ ਅਤੇ ਨੰਗਾ ਕਰ ਕੇ ਮੋਬਾਇਲ ’ਤੇ ਉਸ ਦੀ ਵੀਡੀਓ ਬਣਾ ਲਈ ਅਤੇ ਕਿਸੇ ਨੂੰ ਦੱਸਣ ’ਤੇ ਉਸ ਨੂੰ ਵਾਇਰਲ ਕਰਨ ਦੀ ਧਮਕੀ ਦਿੱਤੀ।

* 11 ਜਨਵਰੀ ਨੂੰ ਸੰਗਰੂਰ ਜੇਲ ’ਚ ਬੰਦ ਕੈਦੀਆਂ ਨੇ 4 ਜਨਵਰੀ ਨੂੰ ਸ਼ੂਟ ਕੀਤਾ ਇਕ ਵੀਡੀਓ ਵਾਇਰਲ ਕਰ ਕੇ ਇਕ ਜੇਲ ਅਧਿਕਾਰੀ ’ਤੇ ਗੰਭੀਰ ਦੋਸ਼ ਲਾਏ ਅਤੇ ਕਿਹਾ ਕਿ ਉਨ੍ਹਾਂ ਨੂੰ ਜੇਲ ਦੀ ਚੱਕੀ ਵਿਚ ਬੰਦ ਕਰ ਕੇ ਉਨ੍ਹਾਂ ਦੇ ਨਾਲ ਨਾ ਸਿਰਫ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਸਗੋਂ 1 ਲੱਖ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰਨ ਤੋਂ ਇਲਾਵਾ ਉਨ੍ਹਾਂ ’ਤੇ ਜੇਲ ਵਿਚ ਨਸ਼ਾ ਵੇਚਣ ਲਈ ਦਬਾਅ ਪਾਇਆ ਜਾ ਰਿਹਾ ਹੈ।

* 23 ਜਨਵਰੀ ਨੂੰ ਫ਼ਰੀਦਕੋਟ ਮਾਡਰਨ ਜੇਲ ’ਚ ਨਸ਼ਾ ਸਮੱਗਲਿੰਗ ਦੇ ਦੋਸ਼ ਵਿਚ ਨਵੰਬਰ 2017 ਤੋਂ ਬੰਦ ਕੈਦੀ ਦਾ 6.25 ਮਿੰਟ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿਚ ਉਸ ਨੇ ਬੈਰਕ ਵਿਚ ਤਿੰਨ ਸਾਧਾਰਨ (ਬੇਸਿਕ) ਫੋਨ, ਸਮਾਰਟਫੋਨ, ਬਲੂਟੁੱਥ, ਹੈੱਡਫੋਨ ਅਤੇ ਚਾਰਜਰ ਦਿਖਾ ਕੇ ਜੇਲ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਚੱਲ ਰਹੇ ਗੋਰਖਧੰਦੇ ਦਾ ਪ੍ਰਮਾਣ ਦਿੱਤਾ।

ਕੈਦੀ ਅਨੁਸਾਰ ਅਧਿਕਾਰੀਆਂ ਵਲੋਂ ਜੇਲਾਂ ਵਿਚ ਬੰਦ ਗੈਂਗਸਟਰਾਂ ਅਤੇ ਨਸ਼ੇ ਵਾਲੇ ਪਦਾਰਥਾਂ ਦੇ ਸਮੱਗਲਰਾਂ ਨੂੰ ਉੱਚੀਆਂ ਕੀਮਤਾਂ ’ਤੇ ਮੋਬਾਇਲ ਫੋਨ ਵੇਚੇ ਜਾਂਦੇ ਹਨ ਅਤੇ ਜੇਕਰ ਕੋਈ ਕੈਦੀ ਇਸ ਧੰਦੇ ਨੂੰ ਬੇਨਕਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ।

ਇਹੀ ਨਹੀਂ, ਜਿਥੇ ਉਸ ਨੇ ਜੇਲ ਵਿਚ ਵੱਖ-ਵੱਖ ਸਹੂਲਤਾਂ ਲਈ ਰੇਟ ਫਿਕਸ ਹੋਣ ਦੀ ਗੱਲ ਕਹੀ, ਉਥੇ ਹੀ ਉਸ ਨੇ ਜੇਲ ਮੈਨੇਜਮੈਂਟ ਉੱਤੇ ਉਸ ਨਾਲ ਕੁੱਟਮਾਰ ਕਰ ਕੇ ਫਿਰੌਤੀ ਮੰਗਣ ਅਤੇ ਤਸ਼ੱਦਦ ਕਰ ਕੇ ਉਸ ਦੀ ਪਤਨੀ ਤੋਂ 60 ਹਜ਼ਾਰ ਰੁਪਏ ਵਸੂਲ ਕਰਨ ਤੋਂ ਇਲਾਵਾ ਹੋਰ ਅਨੇਕ ਗੰਭੀਰ ਦੋਸ਼ ਲਾਏ ਹਨ।

ਜੇਲਾਂ ਦੇ ਸਬੰਧ ਵਿਚ ਸਮੇਂ-ਸਮੇਂ ਉੱਤੇ ਅਜਿਹੇ ਵੀਡੀਓਜ਼ ਵੀ ਸਾਹਮਣੇ ਆਉਂਦੇ ਰਹਿੰਦੇ, ਜਿਨ੍ਹਾਂ ’ਚ ਕੈਦੀ ਜੇਲ ਅਧਿਕਾਰੀਆਂ ਵਲੋਂ ਤਸ਼ੱਦਦ ਅਤੇ ਯੌਨ ਸ਼ੋਸ਼ਣ ਦੇ ਦੋਸ਼ ਵੀ ਅਕਸਰ ਲਾਉਂਦੇ ਰਹਿੰਦੇ ਹਨ।

ਜੇਲਾਂ ’ਚ ਬੰਦ ਕੈਦੀਆਂ ਵਲੋਂ ਵਾਇਰਲ ਕੀਤੇ ਗਏ ਵੀਡੀਓ ਵਿਚ ਲਾਏ ਗਏ ਨਸ਼ਾ ਵੇਚਣ ਲਈ ਦਬਾਅ ਪਾਉਣ, ਰਿਸ਼ਵਤ ਮੰਗਣ, ਮੋਬਾਇਲ ਫੋਨ ਵੇਚਣ ਅਤੇ ਕੁੱਟਮਾਰ ਕਰਕੇ ਫਿਰੋਤੀ ਮੰਗਣ ਆਦਿ ਦੋਸ਼ਾਂ ਦੇ ਸਬੰਧ ਵਿਚ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਜੇਲ ਮੈਨੇਜਮੈਂਟ ਵਿਚ ਘਰ ਕਰ ਗਈਆਂ ਬੇਨਿਯਮੀਆਂ ਨੂੰ ਦੂਰ ਕੀਤਾ ਜਾ ਸਕੇ।

–ਵਿਜੇ ਕੁਮਾਰ


Bharat Thapa

Content Editor

Related News