ਕਾਨੂੰਨ-ਵਿਵਸਥਾ ਦੀ ''ਖਸਤਾ'' ਹਾਲਤ ਨਾਲ ''ਉੱਤਰ ਪ੍ਰਦੇਸ਼ ਵਿਚ ਮਚੀ ਤਰਥੱਲੀ''

05/18/2017 1:02:32 AM

19 ਮਾਰਚ ਨੂੰ ਸੱਤਾ ਗ੍ਰਹਿਣ ਕਰਨ ਤੋਂ ਬਾਅਦ ਕੁਝ ਹੀ ਦਿਨਾਂ ਅੰਦਰ ਉੱਤਰ ਪ੍ਰਦੇਸ਼ (ਯੂ. ਪੀ.) ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਪਣਾ ਜਨ-ਹਿਤੈਸ਼ੀ ਏਜੰਡਾ ਤੇਜ਼ੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਥੋੜ੍ਹੇ ਦਿਨਾਂ ਅੰਦਰ ਹੀ ਕਈ ਅਹਿਮ ਹੁਕਮ ਜਾਰੀ ਕੀਤੇ, ਜਿਸ ਦੇ ਲਈ ਉਨ੍ਹਾਂ ਦੀ ਬਹੁਤ ਤਾਰੀਫ ਹੋਈ।
ਉਮੀਦ ਕੀਤੀ ਜਾਂਦੀ ਸੀ ਕਿ ਉਨ੍ਹਾਂ ਦੀ ਸੁਧਾਰਵਾਦੀ ਮੁਹਿੰਮ ਜਾਰੀ ਰਹੇਗੀ ਅਤੇ ਅਪਰਾਧਾਂ ''ਚ ਕਮੀ ਆਏਗੀ ਪਰ ਅਜਿਹਾ ਨਹੀਂ ਹੋਇਆ ਅਤੇ ਸੂਬੇ ''ਚ ਚੋਰੀ, ਡਕੈਤੀ, ਕਤਲ, ਬਲਾਤਕਾਰ ਤੇ ਫਿਰਕੂ ਤਣਾਅ ਪਹਿਲਾਂ ਵਾਂਗ ਹੀ ਜਾਰੀ ਹਨ :
* 20 ਅਪ੍ਰੈਲ ਨੂੰ ਸਹਾਰਨਪੁਰ ਦੇ ਦੂਧਲੀ ਪਿੰਡ ''ਚ ਇਕ ਜਲੂਸ ਕੱਢਣ ਨੂੰ ਲੈ ਕੇ ਦੋ ਵਰਗਾਂ ਵਲੋਂ ਇਕ-ਦੂਜੇ ''ਤੇ ਭਾਰੀ ਪਥਰਾਅ ਕੀਤਾ ਗਿਆ।
* 22 ਅਪ੍ਰੈਲ ਨੂੰ ਆਗਰਾ ''ਚ ਤਾਜ ਮਹੱਲ ਦੇਖਣ ਆਈਆਂ ਕੁਝ ਕੌਮਾਂਤਰੀ ਮਾਡਲਾਂ ਨੂੰ ਤਾਜ ਮਹੱਲ ਕੰਪਲੈਕਸ ''ਚ ਦਾਖਲ ਹੋਣ ਤੋਂ ਪਹਿਲਾਂ ਆਪਣਾ ਭਗਵਾ ''ਸਟੋਲ'' ਉਤਾਰਨ ਲਈ ਕਹਿਣ ''ਤੇ ਵਿਵਾਦ ਤੋਂ ਬਾਅਦ ਕੁਝ ਸੰਗਠਨਾਂ ਵਲੋਂ ਭਾਰੀ ਹੰਗਾਮਾ ਅਤੇ ਤਣਾਅ।
* ਇਸੇ ਦਿਨ ਫਤਿਹਪੁਰ ਸੀਕਰੀ ''ਚ ਇਕ ਸਰਕਲ ਅਫਸਰ ''ਤੇ ਹਮਲਾ, ਬਾਅਦ ''ਚ ਸਦਰ ਪੁਲਸ ਥਾਣੇ ''ਤੇ ਹਮਲਾ ਅਤੇ ਪ੍ਰਤਾਪਪੁਰਾ ''ਚ ਦੋ ਭਾਈਚਾਰਿਆਂ ਵਿਚਾਲੇ ਹੋਈਆਂ ਝੜਪਾਂ ਦੌਰਾਨ ਇਕ ਸਬ-ਇੰਸਪੈਕਟਰ ਦੇ ਮੋਟਰਸਾਈਕਲ ਨੂੰ ਅੱਗ ਲਾ ਦਿੱਤੀ ਗਈ।
* 05 ਮਈ ਨੂੰ ਸਹਾਰਨਪੁਰ ਦੇ ਇਕ ਪਿੰਡ ''ਚ ਬਿਨਾਂ ਇਜਾਜ਼ਤ ਦੇ ਜਲੂਸ ਕੱਢਣ ਕਾਰਨ ਦੋ ਵਰਗਾਂ ਦਰਮਿਆਨ ਹੋਈ ਹਿੰਸਾ ''ਚ ਇਕ ਵਿਅਕਤੀ ਦੀ ਮੌਤ, ਕਈ ਜ਼ਖ਼ਮੀ ਤੇ ਇਕ ਵਰਗ ਦੇ ਮੈਂਬਰਾਂ ਦੇ 50 ਮਕਾਨ ਸਾੜ ਦਿੱਤੇ ਗਏ।
* 09 ਮਈ ਨੂੰ ਸਹਾਰਨਪੁਰ ਦੇ ਸ਼ੱਬੀਰਪੁਰ ਪਿੰਡ ''ਚ ਇਕ ਵਰਗ ਦੇ ਲੋਕਾਂ ਵਲੋਂ ਪੁਲਸ ਵਿਰੁੱਧ ਜ਼ਬਰਦਸਤ ਹਿੰਸਕ ਮੁਜ਼ਾਹਰਾ।
* 09 ਮਈ ਨੂੰ ਹੀ ਲਖਨਊ ''ਚ ਦਿਨ-ਦਿਹਾੜੇ ਦੋ ਭੈਣਾਂ ਅਤੇ ਇਕ ਵਪਾਰੀ ਦੀ ਹੱਤਿਆ।
* 11 ਮਈ ਨੂੰ ਇਟਾਵਾ ਜ਼ਿਲੇ ''ਚ ਓਰੈਆ ਦੇ ਕੋਤਵਾਲੀ ਇਲਾਕੇ ''ਚ ਐੱਲ. ਐੱਲ. ਬੀ. ਦੀ ਇਕ ਵਿਦਿਆਰਥਣ ਨੂੰ ਚੱਲਦੀ ਕਾਰ ''ਚ ਧੂਹ ਕੇ ਤਿੰਨ ਵਿਅਕਤੀਆਂ ਵਲੋਂ ਗੈਂਗਰੇਪ।
* 11 ਮਈ ਨੂੰ ਹੀ ਸੰਭਲ ''ਚ ਫਿਰਕੂ ਤਣਾਅ।
* 12 ਮਈ ਨੂੰ ਅਲੀਗੜ੍ਹ ''ਚ ਮੱਝ ਵੱਢਣ ਦੇ ਦੋਸ਼ ਹੇਠ 6 ਵਿਅਕਤੀਆਂ ਨਾਲ ਮਾਰ-ਕੁਟਾਈ।
* 13 ਮਈ ਨੂੰ ਕੌਸ਼ਾਂਬੀ ''ਚ ਨਵ-ਵਿਆਹੁਤਾ ਨਾਲ ਬਲਾਤਕਾਰ ਕਰ ਕੇ ਉਸ ਦੀ ਲਾਸ਼ ਸਾੜੀ।
* 14 ਮਈ ਨੂੰ ਬਰੇਲੀ ''ਚ ਪ੍ਰੇਮੀ ਜੋੜੇ ਦੀ ਹੱਤਿਆ।
* 15 ਮਈ ਦੀ ਰਾਤ ਨੂੰ ਮਥੁਰਾ ''ਚ 8 ਬਦਮਾਸ਼ਾਂ ਦਾ ਗਿਰੋਹ ਇਕ ਜੌਹਰੀ ਦੀ ਦੁਕਾਨ ''ਤੇ ਹੱਲਾ ਬੋਲ ਕੇ 2 ਵਿਅਕਤੀਆਂ ਦੀ ਹੱਤਿਆ ਅਤੇ 3 ਹੋਰਨਾਂ ਨੂੰ ਗੰਭੀਰ ਜ਼ਖ਼ਮੀ ਕਰਨ ਪਿੱਛੋਂ ਲੱਗਭਗ 4 ਕਰੋੜ ਰੁਪਏ ਦੇ ਗਹਿਣੇ ਲੁੱਟ ਕੇ ਜ਼ਖ਼ਮੀਆਂ ਨੂੰ ਆਪਣੇ ਪੈਰਾਂ ਹੇਠ ਕੁਚਲਦਿਆਂ ਫਰਾਰ ਹੋ ਗਿਆ।
* 16 ਮਈ ਨੂੰ ਲਖਨਊ ਦੇ ਗਾਜ਼ੀਪੁਰ ਥਾਣਾ ਖੇਤਰ ਦੇ ਇੰਦਰਾ ਨਗਰ ਇਲਾਕੇ ''ਚ 8ਵੀਂ ਜਮਾਤ ਦੀ ਵਿਦਿਆਰਥਣ ਨਾਲ ਚੱਲਦੀ ਕਾਰ ''ਚ ਤਿੰਨ ਵਿਅਕਤੀਆਂ ਵਲੋਂ ਰਾਤ ਭਰ ਗੈਂਗਰੇਪ।
* 17 ਮਈ ਨੂੰ ਬਸਤੀ ''ਚ ਬਲਾਤਕਾਰ ਦੀ ਸ਼ਿਕਾਰ ਇਕ 7 ਸਾਲਾ ਬੱਚੀ ਦੀ ਮੌਤ ਤੋਂ ਬਾਅਦ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਭਾਰੀ ਮੁਜ਼ਾਹਰਾ।
ਯੂ. ਪੀ. ''ਚ ਸੱਤਾ ਸੰਭਾਲਣ ਤੋਂ ਬਾਅਦ ਯੋਗੀ ਆਦਿੱਤਿਆਨਾਥ ਨੇ ਪੁਲਸ ਫੋਰਸਾਂ ''ਚ ਭਾਰੀ ਫੇਰਬਦਲ ਕੀਤਾ ਹੈ। ਨਵੇਂ ਡੀ. ਜੀ. ਪੀ. ਦੀ ਨਿਯੁਕਤੀ ਕੀਤੀ ਗਈ ਹੈ ਤੇ ਪੁਲਸ ਮਹਿਕਮੇ ਨੂੰ ਚੁਸਤੀ ਨਾਲ ਕੰਮ ਕਰਨ ਦੀ ਹਦਾਇਤ ਵੀ ਦਿੱਤੀ ਗਈ ਹੈ।
ਉਹ ਇਕ ਤੋਂ ਜ਼ਿਆਦਾ ਵਾਰ ਅਪਰਾਧੀਆਂ ਨਾਲ ਸਖਤੀ ਨਾਲ ਨਜਿੱਠਣ, ਅਪਰਾਧੀਆਂ ਨੂੰ ਸਿਆਸੀ ਸ਼ਹਿ ਨਾ ਦੇਣ ਤੇ ਅਪਰਾਧ ਕਰਨ ਵਾਲਿਆਂ ਨੂੰ ਸਖਤ ਸਜ਼ਾ ਦੇਣ ਦੀ ਚਿਤਾਵਨੀ ਦੇ ਚੁੱਕੇ ਹਨ ਪਰ ਇਸ ਦਾ ਕੋਈ ਅਸਰ ਨਾ ਹੋਣ ਕਾਰਨ ਸ਼ੱਕ ਹੁੰਦਾ ਹੈ ਕਿ ਅਫਸਰਸ਼ਾਹੀ ਯੋਗੀ ਆਦਿੱਤਿਆਨਾਥ ਨਾਲ ਸਹਿਯੋਗ ਨਹੀਂ ਕਰ ਰਹੀ।
ਸਪਾ ਦੇ ਸ਼ਾਸਨਕਾਲ ਦੌਰਾਨ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਕਾਨੂੰਨ-ਵਿਵਸਥਾ ਦੇ ਮੁੱਦੇ ''ਤੇ ਜਿਸ ਤਰ੍ਹਾਂ ਅਖਿਲੇਸ਼ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਸਨ, ਉਸੇ ਤਰ੍ਹਾਂ ਹੁਣ ਯੋਗੀ ਆਦਿੱਤਿਆਨਾਥ ਵਿਰੋਧੀ ਧਿਰ ਦੇ ਨਿਸ਼ਾਨੇ ''ਤੇ ਆਏ ਹੋਏ ਹਨ।
ਇਸ ਦਰਮਿਆਨ ਯੋਗੀ ਆਦਿੱਤਿਆਨਾਥ ਨੇ ਕਿਹਾ ਹੈ ਕਿ ''''ਕਾਨੂੰਨ-ਵਿਵਸਥਾ ਸਾਡੀ ਪਹਿਲ ਹੈ ਕਿਉਂਕਿ ਅਪਰਾਧੀ ਅਨਸਰ ਸਮਾਜ ਲਈ ਇਕ ਖਤਰਾ ਹਨ। ਮੈਨੂੰ ਪੂਰਾ ਭਰੋਸਾ ਹੈ ਕਿ ਜਦੋਂ (26 ਜੂਨ ਨੂੰ) ਮੇਰੀ ਸਰਕਾਰ ਆਪਣੇ ਪਹਿਲੇ 100 ਦਿਨਾਂ ਦੀ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਪੇਸ਼ ਕਰੇਗੀ, ਉਦੋਂ ਤਕ ਇਥੋਂ ਦੇ ਹਰੇਕ ਰਹਿਣ ਵਾਲੇ ਲਈ ਸੂਬਾ ਸੁਰੱਖਿਅਤ ਬਣ ਚੁੱਕਾ ਹੋਵੇਗਾ।'''' ਉਕਤ ਬਿਆਨ ਪੜ੍ਹਨ ''ਚ ਤਾਂ ਬਹੁਤ ਚੰਗਾ ਹੈ ਪਰ ਅਸਲੀਅਤ ਦੀ ਕਸੌਟੀ ''ਤੇ ਇਹ ਕਿੰਨਾ ਖਰਾ ਉਤਰਦਾ ਹੈ, ਇਸ ਦਾ ਪਤਾ ਤਾਂ ਬਾਅਦ ''ਚ ਹੀ ਲੱਗੇਗਾ। ਇਸ ਸਮੇਂ ਤਾਂ ਸੂਬੇ ''ਚ ਕਾਨੂੰਨ-ਵਿਵਸਥਾ ਨੂੰ ਲੈ ਕੇ ਵਿਧਾਨ ਸਭਾ ਤੋਂ ਸੜਕ ਤਕ ਤਰਥੱਲੀ ਮਚੀ ਹੋਈ ਹੈ, ਜਿਸ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਯੋਗੀ ਸਰਕਾਰ ਨੂੰ ਫੌਰਨ ਸਖਤ ਕਦਮ ਚੁੱਕਣ ਦੀ ਲੋੜ ਹੈ।                                    
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra