ਉੱਤਰ ਪ੍ਰਦੇਸ਼ ‘ਪੁਲਸ ਹੱਤਿਆਕਾਂਡ’ ਨਾਲ ਸਿਆਸਤਦਾਨਾਂ-ਅਪਰਾਧੀਆਂ ਦਾ ਗੱਠਜੋੜ ਹੋਇਆ ਉਜਾਗਰ

07/07/2020 2:26:18 AM

ਉੱਤਰ ਪ੍ਰਦੇਸ਼ ਦੇ ਇਤਿਹਾਸ ’ਚ 2-3 ਜੁਲਾਈ ਦੀ ਰਾਤ ਨੂੰ ਇਕ ਕਾਲਾ ਅਧਿਆਏ ਜੁੜ ਗਿਆ, ਜਦੋਂ ਕਾਨਪੁਰ ਦੇ ਬਿਕਰੂ ਪਿੰਡ ’ਚ ਗੈਂਗਸਟਰ ‘ਵਿਕਾਸ ਦੁਬੇ’ ਨੂੰ ਫੜਨ ਗਈ ਪੁਲਸ ਦੀ ਟੀਮ ਨੂੰ ਘਾਤ ਲਾ ਕੇ ਬੈਠੇ ਬਦਮਾਸ਼ਾਂ ਨੇ ਚੁਫੇਰਿਓਂ ਘੇਰ ਕੇ ਗੋਲੀਆਂ ਨਾਲ ਭੁੰਨ ਦਿੱਤਾ, ਜਿਸ ਨਾਲ 8 ਪੁਲਸ ਮੁਲਾਜ਼ਮ ਸ਼ਹੀਦ ਹੋ ਗਏ। ਇਸ ਘਟਨਾ ਨਾਲ ਪਏ ਭੜਥੂ ਦੇ ਦਰਮਿਆਨ ਉੱਤਰ ਪ੍ਰਦੇਸ਼ ਪੁਲਸ ਨੇ ਕਾਹਲੀ-ਕਾਹਲੀ ’ਚ ਕਾਰਵਾਈ ਕਰਦੇ ਹੋਏ ਪਿੰਡ ’ਚ 20 ਫੁੱਟ ਉੱਚੀ ਚਾਰਦੀਵਾਰੀ ਨਾਲ ਘਿਰਿਆ ਬੰਕਰ ਵਾਂਗ ਬਣਿਆ ‘ਵਿਕਾਸ ਦੁਬੇ’ ਦਾ ਆਲੀਸ਼ਾਨ ਮਕਾਨ ਢਾਹੁਣ ਦੇ ਨਾਲ ਹੀ ਮੁਖਬਰੀ ਦੇ ਸ਼ੱਕ ’ਚ ਚੌਬੇਪੁਰ ਦੇ ਥਾਣਾ ਇੰਚਾਰਜ ਵਿਨੇ ਤਿਵਾੜੀ ਨੂੰ ਮੁਅੱਤਲ ਅਤੇ ਗ੍ਰਿਫਤਾਰ ਕਰਨ ਅਤੇ ਤਿੰਨ ਹੋਰਨਾਂ ਨੂੰ ਮੁਅੱਤਲ ਕਰਨ ਤੋਂ ਇਲਾਵਾ ਪਿੰਡ ’ਚੋਂ ਲੱਗਭਗ 100 ਵਿਅਕਤੀਆਂ ਨੂੰ ਹਿਰਾਸਤ ’ਚ ਲੈ ਕੇ ਪੁਲਸ ਦੀਆਂ 25 ਟੀਮਾਂ ‘ਵਿਕਾਸ ਦੁਬੇ’ ਨੂੰ ਲੱਭਣ ਲਈ ਵੱਖ-ਵੱਖ ਸੂਬਿਆਂ ਵੱਲ ਰਵਾਨਾ ਕਰ ਦਿੱਤੀਆਂ ਹਨ।

* ‘ਵਿਕਾਸ ਦੁਬੇ’ ਦੇ ਸਿਆਸੀ ਸੰਪਰਕ ਇੰਨੇ ਮਜ਼ਬੂਤ ਸਨ ਕਿ ਉਸ ਦੇ ਵਿਰੁੱਧ 71 ਫੌਜਦਾਰੀ ਮਾਮਲੇ ਪੈਂਡਿੰਗ ਹੋਣ ਦੇ ਬਾਵਜੂਦ ਉਸ ਦਾ ਨਾਂ ਉੱਤਰ ਪ੍ਰਦੇਸ਼ ਦੇ ‘ਮੋਸਟ ਵਾਂਟਿਡ’ ਅਪਰਾਧੀਆਂ ਦੀ ਸੂਚੀ ’ਚ ਸ਼ਾਮਲ ਨਹੀਂ ਸੀ।

ਦੱਸਿਆ ਜਾਂਦਾ ਹੈ ਕਿ ਉਸ ਦੇ ਕੋਲ ਇਕ ਲਾਲ ਰੰਗ ਦੀ ਡਾਇਰੀ ਸੀ, ਜਿਸ ’ਚ ਉਸ ਨੇ ਆਪਣੇ ਖਾਸ ਅਧਿਕਾਰੀਆਂ, ਨੇਤਾਵਾਂ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਦਾ ਵੇਰਵਾ ਲਿਖਿਆ ਕੇ ਰੱਖਿਆ ਹੈ।

* ‘ਵਿਕਾਸ ਦੁਬੇ’ ਨੇ 19 ਸਾਲ ਪਹਿਲਾਂ 2001 ’ਚ ਭਾਜਪਾ ਸ਼ਾਸਨਕਾਲ ’ਚ ਸ਼ਿਵਲੀ ਪੁਲਸ ਥਾਣੇ ’ਚ ਵੜ ਕੇ ਰਾਜ ਮੰਤਰੀ ਦਾ ਦਰਜਾ ਪ੍ਰਾਪਤ ਸੰਤੋਸ਼ ਸ਼ੁਕਲਾ ਦੀ 25 ਸਿਪਾਹੀਆਂ ਦੀ ਮੌਜੂਦਗੀ ’ਚ ਹੱਤਿਆ ਕੀਤੀ ਸੀ ਪਰ ਅਦਾਲਤ ’ਚ ਸਾਰੇ ਗਵਾਹੀ ਦੇਣ ਤੋਂ ਮੁੱਕਰ ਗਏ।

ਜਦੋਂ ਇਸ ਮਾਮਲੇ ’ਚ ਨਾਮਜ਼ਦ ਵਿਕਾਸ ਨੂੰ 2006 ’ਚ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਤਾਂ ਉੱਤਰ ਪ੍ਰਦੇਸ਼ ’ਚ ਉਦੋਂ ਸੱਤਾਧਾਰੀ ਮੁਲਾਇਮ ਸਿੰਘ ਯਾਦਵ ਦੀ ਸਰਕਾਰ ਨੇ ਉਸ ਦੇ ਵਿਰੁੱਧ ਹਾਈਕੋਰਟ ’ਚ ਮੁੜ-ਵਿਚਾਰ ਰਿੱਟ ਹੀ ਦਾਇਰ ਨਹੀਂ ਕੀਤੀ।

ਇਸ ਨਾਲ ਉਸ ਦਾ ਹੌਸਲਾ ਹੋਰ ਵਧ ਗਿਆ ਅਤੇ ਉਸ ਨੇ ਆਪਣੇ ਗਿਰੋਹ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ। ਸਥਾਨਕ ਸਿਆਸਤਦਾਨ ਸੱਤਾ ’ਚ ਬਣੇ ਰਹਿਣ ਅਤੇ ਚੋਣਾਂ ’ਚ ਜਿੱਤਣ ਲਈ ਉਸ ਕੋੋਲੋਂ ਸਹਾਇਤਾ ਮੰਗਣ ਆਉਣ ਲੱਗੇ ਅਤੇ ਉਸ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ।

* ਘਟਨਾ ’ਚ ਜ਼ਖ਼ਮੀ ਬਿਕਰੂ ਪੁਲਸ ਥਾਣੇ ਦੇ ਐੱਸ. ਓ. ਕੌਸ਼ਲੇਂਦਰ ਪ੍ਰਤਾਪ ਸਿੰਘ ਦੇ ਅਨੁਸਾਰ ‘ਵਿਕਾਸ ਦੁਬੇ’ ਨੂੰ ਫੜਨ ਗਈ ਪੁਲਸ ਟੀਮ ਨਾ ਤਾਂ ਹਥਿਆਰਾਂ ਅਤੇ ਨਾ ਹੀ ਗੋਲਾ-ਬਾਰੂਦ ਨਾਲ ਲੈਸ ਸੀ ਅਤੇ ਨਾ ਹੀ ਉਨ੍ਹਾਂ ਨੂੰ ਇਸ ਗੱਲ ਦੀ ਆਸ ਸੀ ਕਿ ਉਨ੍ਹਾਂ ਨੂੰ ‘ਐਨਕਾਊਂਟਰ’ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ। ‘ਵਿਕਾਸ ਦੁਬੇ’ ਦੇ ਹਰੇਕ ਵਿਅਕਤੀ ਕੋਲ ਆਧੁਨਿਕ ਹਥਿਆਰ ਸਨ ਅਤੇ ਘੱਟੋ-ਘੱਟ 15-20 ਵਿਅਕਤੀ ਪੁਲਸ ’ਤੇ ਗੋਲੀਆਂ ਚਲਾ ਰਹੇ ਸਨ।

* 5 ਜੁਲਾਈ ਨੂੰ ਕਲਿਆਣਪੁਰ ’ਚ ਗ੍ਰਿਫਤਾਰ ਕੀਤੇ ਗਏ ‘ਵਿਕਾਸ ਦੁਬੇ’ ਦੇ ਸਾਥੀ ਦਇਆ ਸ਼ੰਕਰ ਅਗਨੀਹੋਤਰੀ ਦੇ ਅਨੁਸਾਰ 2-3 ਜੁਲਾਈ ਦੀ ਰਾਤ ਨੂੰ ਬਿਕਰੂ ਪਿੰਡ ’ਚ ਪੁਲਸ ਕਾਰਵਾਈ ਤੋਂ ਪਹਿਲਾਂ ਹੀ ਚੌਬੇਪੁਰ ਥਾਣੇ ਤੋਂ ਕਿਸੇ ਨੇ ਫੋਨ ਕਰ ਕੇ ‘ਵਿਕਾਸ ਦੁਬੇ’ ਨੂੰ ਪੁਲਸ ਵਲੋਂ ਮਾਰੇ ਜਾਣ ਵਾਲੇ ਛਾਪੇ ਦੀ ਜਾਣਕਾਰੀ ਦੇ ਦਿੱਤੀ ਸੀ, ਜਿਸ ਤੋਂ ਬਾਅਦ ‘ਵਿਕਾਸ ਦੁਬੇ’ ਨੇ ਪੁਲਸ ਨਾਲ ਸਿੱਧੀ ਟੱਕਰ ਲੈਣ ਲਈ ਆਪਣੇ ਸਾਥੀਆਂ ਨੂੰ ਸੱਦ ਲਿਆ।

ਜਾਂਚ ਤੋਂ ਇਹ ਵੀ ਪਤਾ ਲੱਗਾ ਕਿ ਚੌਬੇਪੁਰ ਪੁਲਸ ਥਾਣੇ ’ਚ ਤਾਇਨਾਤ ਕਿਸੇ ਸਿਪਾਹੀ ਨੇ ਮੁਕਾਬਲੇ ਤੋਂ ਪਹਿਲਾਂ ਚੌਬੇਪੁਰ ਸਥਿਤ ਸ਼ਿਵਲੀ ਸਬ-ਸਟੇਸ਼ਨ ’ਤੇ ਫੋਨ ਕਰ ਕੇ ਮੁਰੰਮਤ ਦੇ ਬਹਾਨੇ ਪਿੰਡ ਦੀ ਬਿਜਲੀ ਬੰਦ ਕਰਵਾ ਦਿੱਤੀ ਸੀ। ਪਿੰਡ ’ਚ ਬਿਜਲੀ ਨਾ ਹੋਣ ਕਾਰਣ ਪੁਲਸ ਮੁਲਾਜ਼ਮ ਮੁਕਾਬਲੇ ਦੌਰਾਨ ਬਦਮਾਸ਼ਾਂ ਨੂੰ ਠੀਕ ਢੰਗ ਨਾਲ ਦੇਖ ਹੀ ਨਹੀਂ ਸਕੇ।

ਇਸ ਕਾਂਡ ਨਾਲ ਜਿਥੇ ਖਤਰਨਾਕ ਅਪਰਾਧੀ ਗਿਰੋਹ ਦੇ ਵਿਰੁੱਧ ਸੰਘਰਸ਼ ਕਰ ਰਹੇ ਸਾਡੇ ਪੁਲਸ ਬਲਾਂ ਦੀ ਸਾਧਨਹੀਣਤਾ ਅਤੇ ਲਾਚਾਰਗੀ ਸਿੱਧ ਹੋ ਗਈ ਹੈ, ਉਥੇ ਹੀ ਇਸ ਘਟਨਾ ਨੇ ਅਪਰਾਧੀ ਤੱਤਾਂ ਪ੍ਰਤੀ ਕਾਨੂੰਨ ਵਿਵਸਥਾ ਦੀਆਂ ਕਮਜ਼ੋਰੀਅਾਂ ਅਤੇ ਸਿਆਸਤਦਾਨਾਂ ਅਤੇ ਅਪਰਾਧੀਆਂ ਦੇ ਆਪਸੀ ਰਿਸ਼ਤੇ ਅਤੇ ਨਿੱਜੀ ਸਵਾਰਥਾਂ ਦੇ ਕਾਰਣ ਸਿਆਸਤਦਾਨਾਂ ਵਲੋਂ ਅਪਰਾਧੀ ਤੱਤਾਂ ਨੂੰ ਸਰਪ੍ਰਸਤੀ ਦਿੱਤੇ ਜਾਣ ਦੀ ਭੈੜੀ ਆਦਤ ਵੀ ਉਜਾਗਰ ਕਰ ਦਿੱਤੀ ਹੈ।

-ਵਿਜੇ ਕੁਮਾਰ


Bharat Thapa

Content Editor

Related News