ਉਪਯੋਗੀ ਮੋਬਾਇਲ ਫੋਨ ''ਵਰਦਾਨ'' ਅਤੇ ''ਸਰਾਪ'' ਵੀ

06/29/2016 1:17:20 AM

ਮੋਬਾਇਲ ਫੋਨ ਇਸ ਸਦੀ ਦਾ ਬੇਮਿਸਾਲ ਚਮਤਕਾਰ ਹੈ। ਇਹ ਸਾਡੇ ਜੀਵਨ ਦਾ ਅਟੁੱਟ ਅੰਗ ਬਣ ਕੇ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ ਅਤੇ ਅੱਜ ਦੁਨੀਆ ''ਚ ਸਭ ਤੋਂ ਵੱਧ ਇਸਤੇਮਾਲ ਕੀਤਾ ਜਾਣ ਵਾਲਾ ਯੰਤਰ ਬਣ ਗਿਆ ਹੈ। ਇਹੋ ਨਹੀਂ, ਸਾਡੇ ਦੇਸ਼ ਦੀ ਜਿੰਨੀ ਆਬਾਦੀ ਹੈ, ਇਥੇ ਮੋਬਾਇਲ ਫੋਨਾਂ ਦੀ ਗਿਣਤੀ ਉਸ ਨਾਲੋਂ ਜ਼ਿਆਦਾ ਹੋ ਗਈ ਹੈ।
ਬਿਨਾਂ ਸ਼ੱਕ ਮੋਬਾਇਲ ਫੋਨ ਦੇ ਅਣਗਿਣਤ ਲਾਭ ਹਨ—ਐਮਰਜੈਂਸੀ ''ਚ ਡਾਕਟਰ ਅਤੇ ਪੁਲਸ ਬੁਲਾਉਣ, ਘਰੋਂ ਬਾਹਰ ਹੋਣ ''ਤੇ ਪਰਿਵਾਰ ਜਾਂ ਦਫਤਰ ਵਾਲਿਆਂ ਨਾਲ ਸੰਪਰਕ ਰੱਖਣ, ਕਿਸੇ ਨੂੰ ਫੌਰਨ ਅਹਿਮ ਸੰਦੇਸ਼ ਪਹੁੰਚਾਉਣ, ਕਿਸੇ ਦੁਰਘਟਨਾ ਦੀ ਫੋਟੋ ਖਿੱਚਣ ਵਰਗੇ ਅਣਗਿਣਤ ਲਾਭਾਂ ਦੇ ਨਾਲ-ਨਾਲ ਇਸ ਦੇ ਕੁਝ ਨੁਕਸਾਨ ਵੀ ਹਨ।
ਲੋਕਾਂ, ਖਾਸ ਕਰਕੇ ਨਵ-ਵਿਆਹੇ ਜੋੜਿਆਂ ਦੇ ਗ੍ਰਹਿਸਥ ਜੀਵਨ ''ਚ ਸਮੱਸਿਆਵਾਂ ਖੜ੍ਹੀਆਂ ਕਰਨ ''ਚ ਇਸ ਦਾ ਬਹੁਤ ਵੱਡਾ ਯੋਗਦਾਨ ਹੈ। ਜ਼ਰਾ-ਜ਼ਰਾ ਜਿੰਨੀ ਗੱਲ ''ਤੇ ਧੀਆਂ ਆਪਣੀਆਂ ਮਾਵਾਂ ਨੂੰ ਫੋਨ ਲਾ ਕੇ ਆਪਣੇ ਪਤੀ ਜਾਂ ਸਹੁਰਾ ਪਰਿਵਾਰ ਦੇ ਮੈਂਬਰਾਂ ਦੀਆਂ ਸ਼ਿਕਾਇਤਾਂ ਦਾ ਪਿਟਾਰਾ ਖੋਲ੍ਹ ਦਿੰਦੀਆਂ ਹਨ ਤੇ ਕਈ ਮਾਮਲਿਆਂ ''ਚ ਮਾਵਾਂ ਵਲੋਂ ਧੀਆਂ ਨੂੰ ਗਲਤ ਸਲਾਹ ਦੇਣ ਦੇ ਸਿੱਟੇ ਵਜੋਂ ਉਨ੍ਹਾਂ ਦੀ ਗ੍ਰਹਿਸਥੀ ਖਤਰੇ ''ਚ ਪੈ ਜਾਂਦੀ ਹੈ।
ਮੋਬਾਇਲ ਫੋਨ ਦੀ ਵਰਤੋਂ ਨਸ਼ੇ ਦੀ ਹੱਦ ਤਕ ਵਧ ਜਾਣ ਕਰਕੇ ਇਹ ਕਈ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਗੱਡੀ ਚਲਾਉਂਦੇ ਸਮੇਂ ਮੋਬਾਇਲ ਫੋਨ ''ਤੇ ਗੱਲ ਕਰਨ ਨਾਲ ਸੜਕਾਂ ''ਤੇ ਰੋਜ਼ਾਨਾ ਹਾਦਸੇ ਹੋ ਰਹੇ ਹਨ। 
ਮੋਬਾਇਲ ਫੋਨ ''ਤੇ ਆਸਾਨੀ ਨਾਲ ਮੁਹੱਈਆ ਅਸ਼ਲੀਲ ਫੋਟੋਆਂ ਦੇਖ ਕੇ ਅਤੇ ਆਪਸ ''ਚ ਆਦਾਨ-ਪ੍ਰਦਾਨ ਕਰ ਕੇ ਮੁੰਡਿਆਂ-ਕੁੜੀਆਂ ਦੇ ਚਰਿੱਤਰ ਭ੍ਰਿਸ਼ਟ ਹੋ ਰਹੇ ਹਨ। ਦੁਸ਼ਟ ਸੁਭਾਅ ਦੇ ਲੋਕਾਂ ਵਲੋਂ ਧੋਖੇ ਨਾਲ ਕੁੜੀਆਂ ਦੇ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਕਈ ਮਾਮਲਿਆਂ ''ਚ ਮੋਬਾਇਲ ਫੋਨ ਪਤੀ-ਪਤਨੀ ਦੇ ਰਿਸ਼ਤਿਆਂ ''ਚ ਤਣਾਅ, ਟਕਰਾਅ ਅਤੇ ਵੱਖਰੇ ਹੋਣ ਦੀ ਵਜ੍ਹਾ ਵੀ ਬਣ  ਰਹੇ ਹਨ :
* 9 ਮਈ 2016 ਨੂੰ ਮੁੰਬਈ ਦੇ ਗੋਵੰਡੀ ''ਚ ਮੋਬਾਇਲ ''ਤੇ ਮੈਸੇਜ ਪੜ੍ਹਨ ਦੇ ਨਾਲ-ਨਾਲ ਟੈਕਸੀ ਚਲਾ ਰਹੇ ਇਕ ਟੈਕਸੀ ਡਰਾਈਵਰ ਨੇ ਸੜਕ ਕੰਢੇ ਜਾ ਰਹੇ ਵਿਅਕਤੀ ਨੂੰ ਕੁਚਲ ਦਿੱਤਾ, ਜੋ ਪਹਿਲੇ ਹੀ ਦਿਨ ਡਿਊਟੀ ''ਤੇ ਜਾ ਰਿਹਾ ਸੀ।
* 12 ਮਈ ਨੂੰ ਬਿਹਾਰ ਦੇ ਸੀਤਾਮੜ੍ਹੀ ''ਚ ਪੁਲਸ ਨੇ ''ਮੁਹੰਮਦ ਸ਼ਾਦਾਬ'' ਨਾਮੀ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ। ਉਸ ਨੇ ਪਹਿਲਾਂ ਤਾਂ ਇਕ ਲੜਕੀ ਨੂੰ ਆਪਣੇ ਪ੍ਰੇਮਜਾਲ ''ਚ ਫਸਾ ਕੇ ਉਸ ਦਾ ਯੌਨ ਸ਼ੋਸ਼ਣ ਕੀਤਾ ਤੇ ਨਾਲ ਹੀ ਉਸ ਦਾ ਵੀਡੀਓ ਬਣਾ ਕੇ ਉਸ ਦੇ ਪਤੀ ਦੇ ਮੋਬਾਇਲ ਫੋਨ ''ਤੇ ਭੇਜ ਦਿੱਤਾ, ਜਿਸ ਕਾਰਨ ਉਸ ਦਾ ਵਿਆਹ ਟੁੱਟ ਗਿਆ। 
* 13 ਮਈ ਨੂੰ ਰਾਮਪੁਰਾਫੂਲ ਨੇੜੇ ਰੇਲਵੇ ਫਾਟਕ ਲਾਗੇ ਕੰਨਾਂ ''ਚ ਮੋਬਾਇਲ ਦਾ ਹੈੱਡਫੋਨ ਲਾਈ ਰੇਲ ਲਾਈਨ ਪਾਰ ਕਰ ਰਹੀ ਔਰਤ ਗੱਡੀ ਦੀ ਆਵਾਜ਼ ਨਹੀਂ ਸੁਣ ਸਕੀ ਤੇ ਗੱਡੀ ਹੇਠਾਂ ਆਉਣ ਨਾਲ ਉਸ ਦੀ ਮੌਤ ਹੋ ਗਈ। 
* 13 ਜੂਨ ਨੂੰ ਪਟਨਾ ਦੇ ਫੁਲਵਾਰੀ ਸ਼ਰੀਫ ''ਚ ਰਹਿਣ ਵਾਲੀ ਔਰਤ ਨੇ ਪੁਲਸ ਕੋਲ ਰਿਪੋਰਟ ਦਰਜ ਕਰਵਾਈ ਕਿ ਉਸ ਦੇ ਪਤੀ ''ਆਸਿਫ'' ਅਤੇ ਉਸ ਦੇ ਘਰ ਵਾਲਿਆਂ ਨੇ ਉਸ ਦਾ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਗਲਤ ਕੰਮਾਂ ਲਈ ਮਜਬੂਰ ਕੀਤਾ।
* 17 ਜੂਨ ਨੂੰ ਹਿਮਾਚਲ ਦੇ ਚੰਬਾ ਜ਼ਿਲੇ ''ਚ ਇਕ ਬੱਸ ਹਾਦਸੇ ''ਚ 14 ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ''ਚ ਬਚੇ ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਦੇ ਸਮੇਂ ਬੱਸ ਡਰਾਈਵਰ ਮੋਬਾਇਲ ਫੋਨ ''ਤੇ ਗੱਲਾਂ ਕਰ ਰਿਹਾ ਸੀ। 
* 20 ਜੂਨ ਨੂੰ ਮੁੰਬਈ ਦੇ ਕੁਰਲਾ ''ਚ ਕਿਸੇ ਸ਼ਰਾਰਤੀ ਅਨਸਰ ਵਲੋਂ ''ਵਟਸਐਪ'' ਉੱਤੇ ਪ੍ਰੀਖਿਆ ਨਤੀਜੇ ਸੰਬੰਧੀ ਪਾਏ ਗਏ ਮੈਸੇਜ ਨਾਲ ਅਪਰਾਧ-ਬੋਧ ਦੀ ਸ਼ਿਕਾਰ ਹੋ ਕੇ ਗਲੋਰੀਆ ਮੈਂਜੇਸ ਨਾਮੀ 15 ਸਾਲਾ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ।
* 21 ਜੂਨ ਨੂੰ ਝਾਰਖੰਡ ਦੇ ਹਜ਼ਾਰੀਬਾਗ ''ਚ ''ਮੁ. ਆਸ਼ਿਕ'' ਨਾਮੀ ਵਿਅਕਤੀ ਨੂੰ ਆਪਣੀ ਪਤਨੀ ''ਤਰੰਨੁਮ'' ਦਾ ਮੋਬਾਇਲ ਫੋਨ ਖੋਹਣਾ ਬਹੁਤ ਮਹਿੰਗਾ ਪਿਆ। ''ਤਰੰਨੁਮ'' ਉਸ ਰਾਤ ਆਪਣੇ ਕਿਸੇ ਦੋਸਤ ਨਾਲ ਕਾਫੀ ਦੇਰ ਤਕ ਮੋਬਾਇਲ ''ਤੇ ਗੱਲਾਂ ਕਰਦੀ ਰਹੀ ਤਾਂ ''ਮੁ. ਆਸ਼ਿਕ'' ਨੇ ਉਸ ਨੂੰ ਰੋਕਿਆ ਪਰ ਜਦੋਂ ਉਹ ਨਹੀਂ ਮੰਨੀ ਤਾਂ ਉਸ ਨੇ ਉਸ ਤੋਂ ਮੋਬਾਇਲ ਫੋਨ ਖੋਹ ਲਿਆ। ਇਸ ''ਤੇ ''ਤਰੰਨੁਮ'' ਗੁੱਸੇ ''ਚ ਲਾਲ-ਪੀਲੀ ਹੋ ਗਈ ਤੇ ਉਸੇ ਰਾਤ ਉਸ ਨੇ ਬਦਲਾ ਲੈਣ ਲਈ ਆਪਣੇ ਪਤੀ ਦਾ ਪ੍ਰਾਈਵੇਟ ਪਾਰਟ ਹੀ ਵੱਢ ਦਿੱਤਾ।
* 22 ਜੂਨ ਨੂੰ ਯੂ. ਪੀ. ''ਚ ਕਾਨਪੁਰ ਦੇ ਕੋਹਾਨਾ ਇਲਾਕੇ ''ਚ ਗੰਗਾ ਨਦੀ ਵਿਚ ਨਹਾਉਣ ਦੌਰਾਨ ਸੈਲਫੀ ਲੈਂਦੇ ਸਮੇਂ ਡੁੱਬਣ ਨਾਲ 7 ਬੱਚਿਆਂ ਦੀ ਮੌਤ ਹੋ ਗਈ।
* 24 ਜੂਨ ਨੂੰ ਨਵੀਂ ਦਿੱਲੀ ''ਚ ਇਕ ਆਦਮੀ ਨੇ ਆਪਣੀ ਪਤਨੀ ਵਲੋਂ ਮੋਬਾਇਲ''ਤੇ ''ਵਟਸਐਪ'' ਅਤੇ ''ਫੇਸਬੁੱਕ'' ਇਸਤੇਮਾਲ ਕਰਨ ਕਰਕੇ ਉਸ ਦੀ ਹੱਤਿਆ  ਕਰ ਦਿੱਤੀ।
ਮੋਬਾਇਲ ਫੋਨ ਦੇ ਜਿਥੇ ਕਈ ਲਾਭ ਹਨ, ਉਥੇ ਹੀ ਉਕਤ ਘਟਨਾਵਾਂ ਤੋਂ ਸਿੱਧ ਹੁੰਦਾ ਹੈ ਕਿ ਇਸ ਦੇ ਕੁਝ ਨੁਕਸਾਨ ਵੀ ਹਨ। ਦਫਤਰਾਂ ''ਚ ਕੰਮ ਕਰਨ ਵਾਲੇ ਕਈ ਮੁਲਾਜ਼ਮ ਦਫਤਰ ਦੇ ਸਮੇਂ ''ਚ ਹੀ ਕੰਮ ਛੱਡ ਕੇ ਮੋਬਾਇਲ ਫੋਨ ''ਤੇ ਗੇਮਾਂ ਖੇਡਦੇ, ਅਸ਼ਲੀਲ ਵੀਡੀਓ ਆਦਿ ਦੇਖਦੇ ਹਨ, ਜਿਸ ਨਾਲ ਦਫਤਰ ਦੇ ਕੰਮ ਦਾ ਨੁਕਸਾਨ ਹੁੰਦਾ ਹੈ।
ਇਸ ਲਈ ਇਸ ਗੱਲ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਮੋਬਾਇਲ ਫੋਨ ਦੀ ਸਹੀ ਵਰਤੋਂ ਹੀ ਕੀਤੀ ਜਾਵੇ ਤੇ ਇਸ ਨੂੰ ਸਰਾਪ ਨਾ ਬਣਨ ਦੇ ਕੇ ਵਰਦਾਨ ਹੀ ਬਣਿਆ ਰਹਿਣ ਦਿੱਤਾ ਜਾਵੇ।                                                   
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra