ਈਰਾਨ ’ਤੇ ਨੀਤੀ ਸਪੱਸ਼ਟ ਕਰੇ ਅਮਰੀਕਾ

06/24/2019 7:09:15 AM

ਦੁਨੀਆ ਪਹਿਲਾਂ ਵੀ ਇਸ ਸਭ ’ਚੋਂ ਲੰਘ ਚੁੱਕੀ ਹੈ, ਜਦੋਂ 28 ਸਾਲ ਪਹਿਲਾਂ ਈਰਾਨ ਅਤੇ ਅਮਰੀਕਾ ’ਚ ਇਨ੍ਹਾਂ ਹੀ ਪਾਣੀਆਂ ’ਚ ਟਕਰਾਅ ਹੋਇਆ ਸੀ। ਉਦੋਂ ਹੋਰਮੁਜ ਖਾੜੀ ’ਚ ਪੈਦਾ ਹੋਏ ਸੰਕਟ ’ਚ ਇਕ ਪਾਸੇ ਸਹਿਯੋਗੀਆਂ ਸਮੇਤ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਤਾਂ ਦੂਜੇ ਪਾਸੇ ਅਯਾਤੁੱਲਾ ਖਮੀਨੀ ਦਾ ਈਰਾਨ ਸੀ। ਉਦੋਂ 290 ਯਾਤਰੀਆਂ ਨੂੰ ਲਿਜਾ ਰਹੇ ਈਰਾਨੀ ਜਹਾਜ਼ ਨੂੰ ਗਲਤੀ ਨਾਲ ਈਰਾਨੀ ਹਵਾਈ ਫੌਜ ਦਾ ਜਹਾਜ਼ ਸਮਝ ਕੇ ਅਮਰੀਕਾ ਨੇ ਡੇਗ ਦਿੱਤਾ ਸੀ, ਜਿਸ ਵਿਚ ਸਵਾਰ ਸਾਰੇ ਲੋਕ ਮਾਰੇ ਗਏ ਸਨ। ਇਸ ਵਾਰ ਅਮਰੀਕੀ ਸਮੁੰਦਰੀ ਫੌਜ ਦੇ ਟੋਹੀ ਡ੍ਰੋਨ ਨੂੰ ਈਰਾਨੀ ਮਿਜ਼ਾਈਲਾਂ ਨੇ ਡੇਗ ਲਿਆ ਹੈ। ਰਾਸ਼ਟਰਪਤੀ ਟਰੰਪ ਨੇ ਬਦਲੇ ਦੀ ਕਾਰਵਾਈ ਦਾ ਹੁਕਮ ਤਾਂ ਦਿੱਤਾ ਪਰ ਹਮਲੇ ਤੋਂ 10 ਮਿੰਟ ਪਹਿਲਾਂ ਉਸ ਨੂੰ ਰੋਕ ਦਿੱਤਾ। ਇਸ ਸੰਕਟ ’ਚ ਤੇਜ਼ੀ ਆਉਣ ਪਿੱਛੇ ਟਰੰਪ ਦਾ ਇਕ ਸਾਲ ਪਹਿਲਾਂ ਈਰਾਨੀ ਨਿਊਕਲੀਅਰ ਡੀਲ ਤੋਂ ਪਿੱਛੇ ਹਟ ਜਾਣਾ ਹੈ। ਈਰਾਨੀ ਪ੍ਰਸ਼ਾਸਨ ’ਤੇ ਪਹਿਲਾਂ ਵੀ ਸਖਤ ਪਾਬੰਦੀਆਂ ਤੋਂ ਇਲਾਵਾ ਕਿਸੇ ‘ਪਲਾਨ-ਬੀ’ ਦੇ ਬਿਨਾਂ ਹੀ ਉਨ੍ਹਾਂ ਨੇ ਉਹ ਕਦਮ ਚੁੱਕਿਆ ਸੀ ਪਰ ਖਾੜੀ ’ਚ ਹਾਲਾਤ ਕਿਤੇ ਜ਼ਿਆਦਾ ਗੁੰਝਲਦਾਰ ਹਨ। ਪਹਿਲਾਂ ਤਾਂ ਟਰੰਪ ਨੇ ਅਮਰੀਕਾ ਵਲੋਂ ਈਰਾਨੀ ਨੀਤੀ ਦੇ ਸਬੰਧ ’ਚ ਕੋਈ ਸਾਫ ਸੰਕੇਤ ਨਹੀਂ ਦਿੱਤੇ ਹਨ। ਰੱਖਿਆ ਸਲਾਹਕਾਰ ਜਾਨ ਬੋਲਟਨ ਦੀ ਹਮੇਸ਼ਾ ਤੋਂ ਰਾਇ ਰਹੀ ਹੈ ਕਿ ਅਮਰੀਕਾ ਨੂੰ ਖਾੜੀ ’ਚ ਸਰਗਰਮ ਭੂਮਿਕਾ ਅਦਾ ਕਰਨੀ ਚਾਹੀਦੀ ਹੈ। ਅਜਿਹੀ ਹਾਲਤ ’ਚ ਟਰੰਪ ਦੀ ਈਰਾਨੀ ਨੀਤੀ ਦਾ ਜ਼ੋਰ ਉਸ ਦੀ ਅਰਥ ਵਿਵਸਥਾ ਬਰਬਾਦ ਕਰਨਾ ਹੈ, ਤਾਂ ਕਿ ਉਥੇ ਲੋਕ ਸੱਤਾ ਵਿਰੁੱਧ ਆਵਾਜ਼ ਉਠਾਉਣ, ਪ੍ਰਦਰਸ਼ਨ ਹੋਣ ਅਤੇ ਸੱਤਾ ਤਬਦੀਲ ਹੋ ਜਾਵੇ। ਲੰਮੇ ਸਮੇਂ ਤੋਂ ਅਮਰੀਕਾ ਦਾ ਇਹੀ ਟੀਚਾ ਹੈ, ਜੋ ਕੁਝ ਜ਼ਿਆਦਾ ਹੀ ਖਾਹਿਸ਼ੀ ਹੈ। ਕੁਝ ਅਜਿਹਾ, ਜਿਸ ਦਾ ਪੂਰਾ ਹੋਣਾ ਬਹੁਤ ਮੁਸ਼ਕਿਲ ਹੈ।

ਟਰੰਪ ਨੇ ਆਪਣਾ ਚੋਣ ਪ੍ਰਚਾਰ ਮੱਧ ਪੂਰਬ ’ਚ ਫੌਜੀ ਮੁਹਿੰਮਾਂ ’ਤੇ ਰੋਕ ਲਾਉਣ ’ਤੇ ਚਲਾਇਆ ਸੀ ਪਰ ਈਰਾਨ ’ਤੇ ਦੁਬਾਰਾ ਪਾਬੰਦੀ ਲਾਏ ਜਾਣ ਕਾਰਣ ਖਾੜੀ ’ਚ ਟਕਰਾਅ ਲਗਾਤਾਰ ਵਧਦਾ ਜਾ ਰਿਹਾ ਹੈ। ਦੂਜੀ ਵਿਸ਼ਵ ਜੰਗ ਤੋਂ ਹੀ ਅਮਰੀਕਾ ਖਾੜੀ ਦੇ ਸਮੁੰਦਰੀ ਮਾਰਗਾਂ ਦੀ ਨਿਗਰਾਨੀ ਕਰ ਰਿਹਾ ਹੈ ਕਿਉਂਕਿ ਵਿਸ਼ਵ ਦੇ ਕੁਲ ਤੇਲ ਦਾ 5ਵਾਂ ਹਿੱਸਾ ਇਥੋਂ ਹੀ ਲੰਘਦਾ ਹੈ। ਹੋਰ ਜੋਖ਼ਮ ਹੈ ਕਿ ਇਹ ਰੁਝੇਵਿਆਂ ਭਰਿਆ ਹਵਾਈ ਮਾਰਗ ਹੈ। ਅਜਿਹੀ ਹਾਲਤ ’ਚ ਜੰਗ ਵਰਗੀ ਸਥਿਤੀ ਇਲਾਕੇ ’ਚ ਸ਼ਾਂਤੀ ਦੇ ਨਾਲ ਹੀ ਵਿਸ਼ਵ ਅਰਥ ਵਿਵਸਥਾ ਨੂੰ ਵੀ ਪ੍ਰਭਾਵਿਤ ਕਰੇਗੀ। ਵਿਸ਼ਵ ਭਰ ’ਚ ਸ਼ੇਅਰ ਬਾਜ਼ਾਰ (ਤੇਲ ਦੀਆਂ ਕੀਮਤਾਂ ਵਧਣ ਦੇ ਡਰ ਨਾਲ) ਡਿਗ ਰਹੇ ਹਨ।

ਅਮਰੀਕੀ ਜਹਾਜ਼ਵਾਹਕ ਜੰਗੀ ਬੇੜਾ, ਬੀ-52 ਬੰਬਰ ਅਤੇ ਵਾਧੂ ਅਮਰੀਕੀ ਫੌਜੀ ਪਹਿਲਾਂ ਹੀ ਉਥੇ ਭੇਜੇ ਜਾ ਚੁੱਕੇ ਹਨ ਪਰ ਈਰਾਨ ਨੂੰ ਪਿੱਛੇ ਹਟਣ ਲਈ ਮਜਬੂਰ ਕਰਨ ਦੀ ਬਜਾਏ ਉਸ ਦੀ ਦਿੱਖ ਇਕ ਮਜ਼ਬੂਤ ਫੌਜੀ ਦੇਸ਼ ਦੀ ਬਣ ਰਹੀ ਹੈ। ਆਰ. ਕਿਊ-4 ਏਅਰਕ੍ਰਾਫਟ ਨਾਂ ਦੇ ਟੋਹੀ ਡ੍ਰੋਨ ਨੂੰ ਆਮ ਜਹਾਜ਼ਾਂ ਤੋਂ ਦੁੱਗਣੀ 18300 ਮੀਟਰ ਦੀ ਉਚਾਈ ’ਤੇ ਉਡਾਣ ਭਰਨ ਲਈ ਬਣਾਇਆ ਗਿਆ ਹੈ। ਈਰਾਨ ਦਾ ਉਸ ਨੂੰ ਡੇਗ ਲੈਣਾ ਦਰਸਾਉਂਦਾ ਹੈ ਕਿ ਉਸ ਦਾ ਏਅਰ ਡਿਫੈਂਸ ਸਿਸਟਮ ਅਮਰੀਕਾ ਦੀ ਸੋਚ ਨਾਲੋਂ ਕਿਤੇ ਬਿਹਤਰ ਹੈ।

ਯੂ. ਐੱਸ. ਸੈਂਟਰ ਕਮਾਂਡ ਅਨੁਸਾਰ ਈਰਾਨੀ ਫੌਜ ਨੇ ਹੋਰਮੁਜ ਖਾੜੀ ’ਚ ਦੋ ਤੇਲ ਟੈਂਕਰਾਂ ’ਤੇ ਹਮਲਾ ਕੀਤਾ। ਇਸ ਨਾਲ ਹੋਰਨਾਂ ਦੇਸ਼ਾਂ ਦੇ ਤੇਲ ਟੈਂਕਰਾਂ ਦਾ ਇਲਾਕੇ ’ਚੋਂ ਲੰਘਣਾ ਬੇਹੱਦ ਖਤਰਨਾਕ ਹੋ ਗਿਆ ਹੈ। ਯਮਨ ਦੇ ਹੁਤੀ ਬਾਗ਼ੀਆਂ ਦੀ ਵੀ ਈਰਾਨ ਮਦਦ ਕਰ ਰਿਹਾ ਹੈ, ਜੋ ਸਾਊਦੀ ਟੀਚਿਆਂ ’ਤੇ ਮਿਜ਼ਾਈਲ ਅਤੇ ਡ੍ਰੋਨ ਹਮਲੇ ਕਰਦਾ ਹੈ। ਕਮਜ਼ੋਰ ਹੋ ਚੁੱਕੀ ਈਰਾਨ ਦੀ ਮੌਜੂਦਾ ਸਰਕਾਰ ਨੂੰ ਇਸ ਸੰਘਰਸ਼ ਨਾਲ ਨਵਾਂ ਜੀਵਨਦਾਨ ਮਿਲ ਗਿਆ ਹੈ। ਉਸ ਨੇ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਅੱਗੇ ਵਧਾਉਣ ਦੀ ਗੱਲ ਕਹੀ ਹੈ। ਦੂਜੇ ਪਾਸੇ ਸੋਚੀ-ਸਮਝੀ ਰਣਨੀਤੀ ਦੇ ਅਧੀਨ ਈਰਾਨ ਵਿਸ਼ਵ ਭਰ ’ਚ ਦਹਿਸ਼ਤ ਫੈਲਾਉਣ ’ਚ ਲੱਗਾ ਹੈ ਤਾਂ ਕਿ ਅਮਰੀਕਾ ਉਸ ਨਾਲ ਉਲਝੇ ਅਤੇ ਖਾੜੀ ਵਿਚ ਜੰਗ ਸ਼ੁਰੂ ਹੋਵੇ।
 

Bharat Thapa

This news is Content Editor Bharat Thapa