ਅਮਰੀਕਾ ਨੇ ਨਾਗਰਿਕਾਂ ਨੂੰ ਕਿਹਾ ''ਪਾਕਿਸਤਾਨ ਦੀ ਯਾਤਰਾ ''ਤੇ ਜਾਣ ਤੋਂ ਪਹਿਲਾਂ ਸੋਚੋ''

01/19/2018 4:24:52 AM

ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਪਾਕਿਸਤਾਨੀ ਸ਼ਾਸਕਾਂ ਨੇ ਭਾਰਤ ਵਿਰੋਧੀ ਸਰਗਰਮੀਆਂ ਲਈ ਆਪਣੀ ਫੌਜ ਦੀ ਸਹਾਇਤਾ ਨਾਲ ਅੱਤਵਾਦੀਆਂ ਨੂੰ ਪਨਾਹ, ਹੱਲਾਸ਼ੇਰੀ ਅਤੇ ਸਿਖਲਾਈ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਹੋਇਆ ਹੈ। 
ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਜਿੱਥੇ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀ ਲਗਾਤਾਰ ਭਾਰਤ ਵਿਰੋਧੀ ਸਰਗਰਮੀਆਂ ਵਿਚ ਜੁਟੇ ਹੋਏ ਹਨ, ਉਥੇ ਹੀ ਉਨ੍ਹਾਂ ਨੇ ਪਾਕਿਸਤਾਨ 'ਚ ਵੀ ਖੂਨ-ਖਰਾਬੇ ਤੇ ਹਿੰਸਾ ਦੀ ਖੇਡ ਨੂੰ ਇਸ ਹੱਦ ਤਕ ਤੇਜ਼ ਕਰ ਦਿੱਤਾ ਹੈ ਕਿ ਹੁਣ ਖ਼ੁਦ ਪਾਕਿ ਸਰਕਾਰ ਵੀ ਉਨ੍ਹਾਂ ਸਾਹਮਣੇ ਬੇਵੱਸ ਹੋ ਰਹੀ ਹੈ। 
ਪਿਛਲੇ 6 ਮਹੀਨਿਆਂ ਦੌਰਾਨ ਉਥੇ ਘੱਟੋ-ਘੱਟ 40 ਵੱਡੇ ਅੱਤਵਾਦੀ ਹਮਲੇ ਹੋ ਚੁੱਕੇ ਹਨ, ਜਿਨ੍ਹਾਂ ਵਿਚ 225 ਵਿਅਕਤੀਆਂ ਦੀ ਮੌਤ ਹੋਈ ਤੇ 475 ਲੋਕ ਜ਼ਖ਼ਮੀ ਹੋਏ ਹਨ, ਜਿਸ ਦੇ ਮੱਦੇਨਜ਼ਰ ਉਥੇ ਜਾਰੀ ਅੱਤਵਾਦ ਦਾ ਹਵਾਲਾ ਦਿੰਦਿਆਂ ਅਮਰੀਕਾ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਜਾਣ ਬਾਰੇ ਮੁੜ ਵਿਚਾਰ ਕਰਨ ਅਤੇ ਖ਼ਬਰਦਾਰ ਹੋਣ ਲਈ ਕਿਹਾ ਹੈ। 
ਅਮਰੀਕੀ ਵਿਦੇਸ਼ ਮੰਤਰਾਲੇ ਦੇ ਟ੍ਰੈਵਲ ਐਡਵਾਈਜ਼ਰੀ ਵਿਭਾਗ ਨੇ ਅੱਤਵਾਦ ਕਾਰਨ ਅਮਰੀਕੀ ਨਾਗਰਿਕਾਂ ਨੂੰ ਪਾਕਿਸਤਾਨ ਦੇ ਬਲੋਚਿਸਤਾਨ, ਖੈਬਰ ਪਖਤੂਨਖਵਾ ਸੂਬਿਆਂ ਅਤੇ ਸੰਘੀ ਸ਼ਾਸਿਤ ਕਬਾਇਲੀ ਇਲਾਕਿਆਂ ਦੀ ਯਾਤਰਾ 'ਤੇ ਨਾ ਜਾਣ ਦੀ ਸਲਾਹ ਵੀ ਦਿੱਤੀ ਹੈ। ਐਡਵਾਈਜ਼ਰੀ ਵਿਚ ਅੱਤਵਾਦ ਅਤੇ ਸੰਭਾਵੀ ਹਥਿਆਰਬੰਦ ਸੰਘਰਸ਼ ਨੂੰ ਦੇਖਦਿਆਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਲੈ ਕੇ ਵੀ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਹੈ। 
ਟ੍ਰੈਵਲ ਐਡਵਾਈਜ਼ਰੀ ਵਿਚ ਕਿਹਾ ਗਿਆ ਹੈ, ''ਅੱਤਵਾਦੀ ਸਮੂਹ ਪਾਕਿਸਤਾਨ ਵਿਚ ਸੰਭਾਵੀ ਹਮਲਿਆਂ ਦੀ ਯੋਜਨਾ ਬਣਾਉਂਦੇ ਰਹਿੰਦੇ ਹਨ ਅਤੇ ਉਹ ਸੈਰ-ਸਪਾਟੇ ਵਾਲੀਆਂ ਥਾਵਾਂ, ਆਵਾਜਾਈ ਕੇਂਦਰਾਂ, ਬਾਜ਼ਾਰਾਂ/ਸ਼ਾਪਿੰਗ ਮਾਲਜ਼, ਫੌਜੀ ਤੇ ਹੋਰ ਸਰਕਾਰੀ ਅਦਾਰਿਆਂ, ਹਵਾਈ ਅੱਡਿਆਂ, ਯੂਨੀਵਰਸਿਟੀਆਂ, ਸਕੂਲਾਂ, ਹਸਪਤਾਲਾਂ, ਧਾਰਮਿਕ ਅਸਥਾਨਾਂ ਤੇ ਸਥਾਨਕ ਸਰਕਾਰੀ ਸਹੂਲਤਾਂ ਦੇਣ ਵਾਲੇ ਕੇਂਦਰਾਂ ਨੂੰ ਚਿਤਾਵਨੀ ਦੇ ਕੇ ਜਾਂ ਬਿਨਾਂ ਚਿਤਾਵਨੀ ਦਿੱਤਿਆਂ ਵੀ ਨਿਸ਼ਾਨਾ ਬਣਾ ਸਕਦੇ ਹਨ।''
ਅੱਤਵਾਦ ਨੂੰ ਵਿਆਪਕ ਸਮਰਥਨ ਦੇਣ ਕਰਕੇ ਹੀ ਪਾਕਿਸਤਾਨ ਨੂੰ ਦੁਨੀਆ ਵਿਚ 'ਸਨੇਕ ਕੰਟਰੀ' ਕਿਹਾ ਜਾਣ ਲੱਗਾ ਹੈ ਤੇ ਅਮਰੀਕਾ ਵਲੋਂ ਕੁਝ ਸਮਾਂ ਪਹਿਲਾਂ ਉਸ ਨੂੰ ਦਿੱਤੀ ਜਾਣ ਵਾਲੀ ਸਹਾਇਤਾ 'ਤੇ ਰੋਕ ਲਾਉਣ ਤੇ ਹੁਣ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਦੇ ਸੰਬੰਧ ਵਿਚ ਐਡਵਾਈਜ਼ਰੀ ਜਾਰੀ ਕਰਨ ਤੋਂ ਸਪੱਸ਼ਟ ਹੈ ਕਿ ਪਾਕਿਸਤਾਨ ਵਿਚ ਅੱਤਵਾਦ ਦਾ ਖਤਰਾ ਕਿੰਨਾ ਵਧ ਚੁੱਕਾ ਹੈ।   
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra