ਅਮਰੀਕਾ ਅਤੇ ਹੋਰਨਾਂ ਦੇਸ਼ਾਂ ਵਿਚ ਭਾਰਤੀਆਂ ''ਤੇ ਹਮਲਿਆਂ ''ਚ ਲਗਾਤਾਰ ਹੋ ਰਿਹਾ ਵਾਧਾ

03/08/2017 6:28:35 AM

2015 ਦੇ ਅੰਕੜਿਆਂ ਮੁਤਾਬਕ ਲੱਗਭਗ 1.56 ਕਰੋੜ ਭਾਰਤੀ ਪੜ੍ਹਾਈ, ਰੋਜ਼ਗਾਰ ਤੇ ਹੋਰਨਾਂ ਕਾਰਨਾਂ ਕਰਕੇ ਖਾੜੀ ਦੇ ਦੇਸ਼ਾਂ ਤੋਂ ਇਲਾਵਾ ਅਮਰੀਕਾ, ਇੰਗਲੈਂਡ, ਕੈਨੇਡਾ, ਜਰਮਨੀ, ਆਸਟ੍ਰੇਲੀਆ, ਨਿਊਜ਼ੀਲੈਂਡ, ਫਿਲਪੀਨਜ਼ ਆਦਿ ਦੇਸ਼ਾਂ ''ਚ ਰਹਿ ਰਹੇ ਹਨ।
ਕਾਰੋਬਾਰ ਦੇ ਲਿਹਾਜ਼ ਨਾਲ ਹੀ ਨਹੀਂ ਸਗੋਂ ਸਿੱਖਿਆ ਦੇ ਲਿਹਾਜ਼ ਨਾਲ ਵੀ ਅਮਰੀਕਾ ਭਾਰਤੀਆਂ ਦਾ ਪਸੰਦੀਦਾ ਦੇਸ਼ ਬਣ ਚੁੱਕਾ ਹੈ। ਪੜ੍ਹਾਈ ਤੇ ਰੋਜ਼ਗਾਰ ਦੇ ਸਿਲਸਿਲੇ ''ਚ ਉਥੇ ਜਾਣ ਵਾਲੇ ਭਾਰਤੀਆਂ ਦੀ ਗਿਣਤੀ ''ਚ ਲਗਾਤਾਰ ਵਾਧਾ ਹੋ ਰਿਹਾ ਹੈ।
ਹਾਲਾਂਕਿ ਵਿਦੇਸ਼ਾਂ ''ਚ ਰਹਿਣ ਵਾਲੇ ਭਾਰਤੀਆਂ ਦਾ ਰਿਕਾਰਡ ਕਾਫੀ ਚੰਗਾ ਹੈ ਪਰ ਇਸ ਦੇ ਬਾਵਜੂਦ ਸਮੇਂ-ਸਮੇਂ ''ਤੇ ਭਾਰਤੀ ਉਥੇ ਉਨ੍ਹਾਂ ਦੇਸ਼ਾਂ ''ਚ ਨਸਲੀ ਹਮਲਿਆਂ ਦਾ ਸ਼ਿਕਾਰ ਹੁੰਦੇ ਆ ਰਹੇ ਹਨ, ਜਿਸ ਦੀਆਂ ਕੁਝ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :
* 28 ਅਕਤੂਬਰ 2016 ਨੂੰ ਆਸਟ੍ਰੇਲੀਆ ਦੇ ਬ੍ਰਿਸਬੇਨ ''ਚ ਭਾਰਤੀ ਮੂਲ ਦੇ ਇਕ ਬੱਸ ਡਰਾਈਵਰ ਮਨਮੀਤ ਅਲੀਸ਼ੇਰ ਨੂੰ ਜ਼ਿੰਦਾ ਸਾੜ ਦਿੱਤਾ ਗਿਆ। 
* 12 ਫਰਵਰੀ ਦੀ ਰਾਤ ਨੂੰ ਅਮਰੀਕਾ ਦੇ ਕੈਲੀਫੋਰਨੀਆ ''ਚ ਵਾਮਸ਼ੀ ਚੰਦਰ ਰੈੱਡੀ ਨਾਮੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
* ਫਰਵਰੀ 2017 ਦੇ ਪਹਿਲੇ ਹਫਤੇ ''ਚ ਜਮਾਇਕਾ ਦੇ ਕਿੰਗਸਟਨ ''ਚ ਲੁਟੇਰਿਆਂ ਨੇ ਰਾਕੇਸ਼ ਤਲਰੇਜਾ ਦੀ ਹੱਤਿਆ ਕਰ ਦਿੱਤੀ ਤੇ ਉਸ ਦੇ ਘਰ ''ਚੋਂ ਸਭ ਕੁਝ ਲੁੱਟ ਲਿਆ। 
* 22 ਫਰਵਰੀ ਨੂੰ ਅਮਰੀਕਾ ਦੇ ਕੰਸਾਸ ''ਚ ਸ਼੍ਰੀਨਿਵਾਸ ਕੁਚੀਭੋਟਲਾ ਦਾ ਕਤਲ ਤੇ ਇਕ ਹੋਰ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ।
* 23 ਫਰਵਰੀ ਨੂੰ ਨਿਊਯਾਰਕ ''ਚ ਏਕਤਾ ਦੇਸਾਈ ਨਾਮੀ ਭਾਰਤੀ ਮੁਟਿਆਰ ਨਾਲ ਟ੍ਰੇਨ ''ਚ ਅਫਰੀਕੀ-ਅਮਰੀਕੀ ਵਿਅਕਤੀ ਨੇ ਨਸਲੀ ਦੁਰਵਿਵਹਾਰ ਕੀਤਾ ਤੇ ਉਸ ਨੂੰ ਅਸ਼ੋਭਨੀਕ ਨਾਵਾਂ ਨਾਲ ਬੁਲਾਉਣ ਤੋਂ ਇਲਾਵਾ ਚਿੱਲਾ ਕੇ ਕਿਹਾ ''ਇਥੋਂ ਨਿਕਲ ਜਾਓ''।
* 4 ਮਾਰਚ ਨੂੰ ਦੱਖਣੀ ਅਮਰੀਕਾ ਦੀ ਲੈਂਕੇਸਟਰ ਕਾਊਂਟੀ ''ਚ ਇਕ ਸਟੋਰ ਦੇ ਮਾਲਕ ਹਰਨੀਸ਼ ਪਟੇਲ ਦੀ ਉਸ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
* 5 ਮਾਰਚ ਨੂੰ ਨਿਊਯਾਰਕ ''ਚ ਇਕ ਨਕਾਬਪੋਸ਼ ਨੇ ਦੀਪ ਰਾਏ ਸਿੰਘ ਨੂੰ ''ਆਪਣੇ ਵਤਨ ਵਾਪਸ ਜਾਓ'' ਕਹਿੰਦਿਆਂ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ।
* ਇਸੇ ਦਿਨ ਨਿਊਜ਼ੀਲੈਂਡ ''ਚ ਵੀ ਇਕ ਭਾਰਤੀ ਨਰਿੰਦਰਵੀਰ ਸਿੰਘ ਦੇ ਨਸਲੀ ਨਫਰਤ ਦਾ ਸ਼ਿਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ। ਉਸ ਨੂੰ ਗਾਲ੍ਹਾਂ ਕੱਢੀਆਂ ਗਈਆਂ, ਧਮਕਾਇਆ ਗਿਆ ਤੇ ਪੰਜਾਬੀ ਲੋਕਾਂ ਬਾਰੇ ਅਪਮਾਨਜਨਕ ਟਿੱਪਣੀ ਕੀਤੀ ਗਈ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਡੋਨਾਲਡ ਟਰੰਪ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਥੇ ਪ੍ਰਵਾਸੀਆਂ ''ਤੇ ਹਮਲਿਆਂ ਦੇ ਰੁਝਾਨ ''ਚ ਖਤਰਨਾਕ ਹੱਦ ਤਕ ਵਾਧਾ ਹੋ ਰਿਹਾ ਹੈ, ਜਿਸ ਦਾ ਪਹਿਲਾਂ ਹੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ।
ਹਾਲਾਂਕਿ ਟਰੰਪ ਨੇ ਸ਼੍ਰੀਨਿਵਾਸ ਦੀ ਹੱਤਿਆ ਦੀ ਨਿੰਦਾ ਕੀਤੀ ਹੈ ਪਰ ਇਸ ਤੋਂ ਬਾਅਦ ਵੀ ਉਥੇ ਭਾਰਤੀਆਂ ''ਤੇ ਹੋਏ ਹਮਲਿਆਂ ਤੋਂ ਸਪੱਸ਼ਟ ਹੈ ਕਿ ਇਹ ਰਸਮ ਮਾਤਰ ਹੀ ਹੈ ਕਿਉਂਕਿ ਉਨ੍ਹਾਂ ਨੇ ਅਪਰਾਧੀਆਂ ਨਾਲ ਸਖਤੀ ਨਾਲ ਨਜਿੱਠਣ ਵਰਗੀ ਕੋਈ ਗੱਲ ਨਹੀਂ ਕਹੀ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਾਰਤੀਆਂ ''ਤੇ ਹੋਏ ਹਮਲਿਆਂ ਦੀ ਨਿੰਦਾ ਕਰਦਿਆਂ ਅਮਰੀਕੀ ਪ੍ਰਸ਼ਾਸਨ ਤੋਂ ਇਸ ਮੁੱਦੇ ''ਤੇ ਗੰਭੀਰ ਕਦਮ ਚੁੱਕਣ ਦੀ ਮੰਗ ਕੀਤੀ ਹੈ। 
ਹਾਲਾਂਕਿ ਭਾਰਤ ਦੇ ਵਿਦੇਸ਼ ਸਕੱਤਰ ਜੈਸ਼ੰਕਰ ਨੇ ਕੰਸਾਸ ਕਾਂਡ ਨੂੰ ਆਪਣੀ ਕਿਸਮ ਦੀ ਇਕੱਲੀ ਘਟਨਾ ਵਜੋਂ ਦੇਖਣ ਦੀ ਗੱਲ ਕਹੀ ਹੈ ਪਰ ਲਗਾਤਾਰ ਅਜਿਹੀਆਂ ਘਟਨਾਵਾਂ ਹੋਣ ਕਾਰਨ ਇਹ ਮਾਮਲਾ ਕੂਟਨੀਤਕ ਪੱਧਰ ''ਤੇ ਉਠਾਉਣ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਬਾਰੇ ਸਿੱਧੇ-ਸਿੱਧੇ ਡੋਨਾਲਡ ਟਰੰਪ ਤੇ ਹੋਰਨਾਂ ਦੇਸ਼ਾਂ ਦੇ ਸ਼ਾਸਨ ਮੁਖੀਆਂ ਨਾਲ ਗੱਲ ਕਰਨੀ ਚਾਹੀਦੀ ਹੈ।
ਅਮਰੀਕਾ ਦੀ ''ਮਾਈਗ੍ਰੈਂਟ ਵਰਕਰਜ਼ ਐਸੋਸੀਏਸ਼ਨ'' ਦੇ ਮੈਂਬਰ ਅਨੂ ਕਾਲੋਟੀ ਅਨੁਸਾਰ, ''''ਹੁਣ ਅਜਿਹੀਆਂ ਨਸਲਵਾਦੀ ਘਟਨਾਵਾਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੋ ਰਹੀਆਂ ਹਨ। ਇਹ ਭਾਰਤੀਆਂ ਲਈ ਚਿੰਤਾ ਦਾ ਵਿਸ਼ਾ ਹੈ ਤੇ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਸਮਾਜ ਜ਼ਿਆਦਾ ਅਸਹਿਣਸ਼ੀਲ ਹੋ ਗਿਆ ਹੈ।''''
ਭਾਰਤੀਆਂ ਦੇ ਉਸ ਦੇਸ਼ ''ਚ ਸਭ ਤੋਂ ਵੱਧ ਅਮੀਰ ਅਤੇ ਪ੍ਰਵਾਸੀ ਸਿੱਖਿਅਤ ਭਾਈਚਾਰਾ ਹੋਣ ਦੇ ਬਾਵਜੂਦ  ਉਥੋਂ ਦੇ ਤੌਰ-ਤਰੀਕਿਆਂ ਤੇ ਜੀਵਨਸ਼ੈਲੀ ਅਨੁਸਾਰ ਖੁਦ ਨੂੰ ਨਾ ਢਾਲਣ ਦੇ ਸਿੱਟੇ ਵਜੋਂ ਉਨ੍ਹਾਂ ਪ੍ਰਤੀ ਸਥਾਨਕ ਲੋਕਾਂ ਦੇ ਮਨ ''ਚ ਈਰਖਾ ਤੇ ਨਫਰਤ ਦੀ ਭਾਵਨਾ ਵੀ ਅਜਿਹੇ ''ਨਫਰਤ ਭਰੇ ਹਮਲਿਆਂ'' ਦੀ ਇਕ ਵਜ੍ਹਾ ਹੋ ਸਕਦੀ ਹੈ।
ਲਿਹਾਜ਼ਾ ਪ੍ਰਵਾਸੀ ਭਾਰਤੀਆਂ ਨੂੰ ਆਪਣੀ ਸੁਰੱਖਿਆ ਪ੍ਰਤੀ ਜ਼ਿਆਦਾ ਚੌਕਸ ਹੋਣਾ ਪਵੇਗਾ। ਭਾਰਤ ''ਚ ਸਿੱਖਿਆ ਅਤੇ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਤੇ ਸਾਡੀਆਂ ਯੂਨੀਵਰਸਿਟੀਆਂ ਦਾ ਪੱਧਰ ਪੱਛਮੀ ਵਿੱਦਿਅਕ ਅਦਾਰਿਆਂ ਦੇ ਬਰਾਬਰ ਦਾ ਕਰਨ ਦੀ ਲੋੜ ਹੈ ਤਾਂ ਕਿ ਸਿੱਖਿਆ ਤੇ ਰੋਜ਼ਗਾਰ ਲਈ ਵਿਦੇਸ਼ਾਂ ''ਤੇ ਸਾਡੀ ਨਿਰਭਰਤਾ ਘੱਟ ਹੋਵੇ।      
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra