ਉੱਤਰ ਪ੍ਰਦੇਸ਼-ਚੋਣ ਦਿਲਚਸਪੀਆਂ : ''ਲੰਗੂਰ ਬਣੇ ਪਹਿਰੇਦਾਰ'' ''ਡਿੰਪਲ ਦੀ ਡਿਮਾਂਡ'' ਅਤੇ ''ਸੀਖਾਂ ਪਿੱਛੇ ਉਮੀਦਵਾਰ''

02/21/2017 6:31:02 AM

ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੇ ਤੀਜੇ ਪੜਾਅ ਦੀ ਵੋਟਿੰਗ ਤਕ ਕੁਝ ਇਸ ਤਰ੍ਹਾਂ ਦੀਆਂ ਦਿਲਚਸਪ ਗੱਲਾਂ ਦੇਖਣ ਨੂੰ ਮਿਲੀਆਂ ਹਨ :
* ਕੁਝ ਥਾਵਾਂ ''ਤੇ ਖਸਤਾਹਾਲ ਇਮਾਰਤਾਂ ''ਚ ਰੱਖੀਆਂ ਗਈਆਂ ਈ. ਵੀ. ਐੱਮਜ਼ ਦੀ ਸੁਰੱਖਿਆ ਲਈ ਅਧਿਕਾਰੀਆਂ ਨੂੰ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ। ਮੇਰਠ ''ਚ ਈ. ਵੀ. ਐੱਮਜ਼ ਦੀ ਸੁਰੱਖਿਆ ਲਈ ਲੰਗੂਰਾਂ ਤਕ ਨੂੰ ਤਾਇਨਾਤ ਕੀਤਾ ਗਿਆ ਹੈ। 
* ਸੂਬੇ ''ਚ ਵੋਟਰਾਂ ਨੂੰ ਵੰਡਣ ਲਈ ਲਿਜਾਈ ਜਾ ਰਹੀ 110 ਕਰੋੜ ਰੁਪਏ ਦੀ ਨਕਦ ਰਕਮ ਤੋਂ ਇਲਾਵਾ 18.68 ਲੱਖ ਲਿਟਰ ਸ਼ਰਾਬ ਜ਼ਬਤ ਕੀਤੀ ਗਈ। ਨਾਜਾਇਜ਼ ਤੌਰ ''ਤੇ ਲਾਲ ਅਤੇ ਨੀਲੀ ਬੱਤੀ ਦੀ ਵਰਤੋਂ, ਝੰਡੇ ਅਤੇ ਲਾਊਡ ਸਪੀਕਰ ਲਗਾਉਣ ਦੇ ਮਾਮਲਿਆਂ ''ਚ 1693 ਵਿਅਕਤੀਆਂ ਵਿਰੁੱਧ ਐੱਫ. ਆਈ. ਆਰ. ਵੀ ਦਰਜ ਕੀਤੀ ਗਈ।
* ਸੂਬੇ ''ਚ ਤੀਜੇ ਪੜਾਅ ਦੌਰਾਨ ਕਿਸਮਤ ਅਜ਼ਮਾ ਰਹੇ 826 ਉਮੀਦਵਾਰਾਂ ''ਚੋਂ 250 ਉਮੀਦਵਾਰ ਕਰੋੜਪਤੀ ਅਤੇ 110 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ। ਇਨ੍ਹਾਂ ''ਚ ਸਭ ਤੋਂ ਜ਼ਿਆਦਾ 21-21 ਮਾਮਲੇ ਭਾਜਪਾ ਅਤੇ ਬਸਪਾ ਦੇ ਉਮੀਦਵਾਰਾਂ ਵਿਰੁੱਧ ਹਨ।
* ਤੀਜੇ ਪੜਾਅ ਦੀ ਵੋਟਿੰਗ ਦੌਰਾਨ ਐਤਵਾਰ ਨੂੰ ਭੋਜਪੁਰੀ ਫਿਲਮਾਂ ਦੇ ਸੁਪਰਸਟਾਰ ਰਵੀ ਕਿਸ਼ਨ ਨੇ ਕਾਂਗਰਸ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ। ਪੂਰਬੀ ਯੂ. ਪੀ. ''ਚ ਵੱਡੀ ਗਿਣਤੀ ''ਚ ਰਵੀ ਕਿਸ਼ਨ ਦੇ ਪ੍ਰਸ਼ੰਸਕ ਹਨ।
* 1996 ਤੋਂ ਲਗਾਤਾਰ ਚਾਰ ਵਾਰ ਮਊ ਦੇ ਵੋਟਰ ਇਕ ਅਜਿਹੇ ਵਿਅਕਤੀ ਨੂੰ ਵਿਧਾਇਕ ਚੁਣ ਰਹੇ ਹਨ, ਜਿਸ ਨੂੰ ਉਨ੍ਹਾਂ ਨੇ ਸ਼ਾਇਦ ਹੀ ਕਦੇ ਦੇਖਿਆ ਹੋਵੇ। ਇਹ ਹਨ ਜੇਲ ''ਚ ਬੰਦ ਮੁਖਤਾਰ ਅੰਸਾਰੀ, ਜਿਨ੍ਹਾਂ ''ਤੇ ਇਕ ਭਾਜਪਾ ਵਿਧਾਇਕ ਦੀ 2005 ਵਿਚ ਹੱਤਿਆ ''ਚ ਸ਼ਾਮਿਲ ਹੋਣ ਸਮੇਤ ਇਕ ਦਰਜਨ ਤੋਂ ਜ਼ਿਆਦਾ ਅਪਰਾਧਿਕ ਮਾਮਲੇ ਦਰਜ ਹਨ। ਇਸ ਵਾਰ ਉਹ ''ਬਸਪਾ'' ਦੀ ਟਿਕਟ ''ਤੇ ਸਪਾ ਦੇ ਉਮੀਦਵਾਰ ਆਫਤਾਬ ਅੰਸਾਰੀ ਵਿਰੁੱਧ ਚੋਣ ਲੜ ਰਹੇ ਹਨ। 
* ਸੂਤੀ ਸਾੜ੍ਹੀ ਤੇ ਲੰਬੀਆਂ ਬਾਹਾਂ ਵਾਲਾ ਬਲਾਊਜ਼ ਪਹਿਨਣ ਵਾਲੀ ਡਿੰਪਲ ਯਾਦਵ ਇਨ੍ਹਾਂ ਚੋਣਾਂ ''ਚ ਪੂਰੀ ਤਰ੍ਹਾਂ ਸਰਗਰਮ ਹਨ। ਪਤੀ ਅਖਿਲੇਸ਼ ਯਾਦਵ ਤੋਂ ਬਾਅਦ ਚੋਣ ਸਭਾਵਾਂ ਲਈ ਸਭ ਤੋਂ ਜ਼ਿਆਦਾ ਡਿਮਾਂਡ ਉਸੇ ਦੀ ਹੀ ਹੈ। ਹੁਣ ਤਕ 17 ਤੋਂ ਜ਼ਿਆਦਾ ਚੋਣ ਸਭਾਵਾਂ ਨੂੰ ਸੰਬੋਧਨ ਕਰ ਚੁੱਕੀ ਅਤੇ ''ਕ੍ਰਾਊਡ ਪੁੱਲਰ'' ਵਜੋਂ ਉੱਭਰੀ ਡਿੰਪਲ ਨੂੰ ਲੋਕ ਉਸ ਦਾ ਭਾਸ਼ਣ ਖਤਮ ਹੋਣ ਤਕ ਦਿਲਚਸਪੀ ਨਾਲ ਸੁਣਦੇ ਹਨ। 
—ਆਪਣੇ ਭਾਸ਼ਣਾਂ ''ਚ ਉਹ ਆਮ ਤੌਰ ''ਤੇ ਸਥਾਨਕ ਉਮੀਦਵਾਰਾਂ ਦਾ ਨਾਂ ਨਹੀਂ ਲੈਂਦੀ ਤੇ ਵੋਟਰਾਂ ਨੂੰ ਅਖਿਲੇਸ਼ ਯਾਦਵ ਲਈ ਵੋਟ ਕਰਨ ਨੂੰ ਕਹਿੰਦੀ ਹੈ। ਆਪਣੀ ਇਕ ਚੋਣ ਸਭਾ ''ਚ ਡਿੰਪਲ ਨੇ ਕਿਹਾ ਕਿ ''''ਪਰਿਵਾਰ ''ਚ ਕੁਝ ਦਿਨ ਪਹਿਲਾਂ ਜ਼ਰੂਰ ਮਤਭੇਦ ਵਾਲੀ ਸਥਿਤੀ ਸੀ ਪਰ ਹੁਣ ਸਭ ਠੀਕ ਹੋ ਗਿਆ ਹੈ।''''
—ਡਿੰਪਲ ਯਾਦਵ ਨੇ 20 ਫਰਵਰੀ ਨੂੰ ਕਈ ਜਨ- ਸਭਾਵਾਂ ਕੀਤੀਆਂ, ਕਈ ਜਗ੍ਹਾ ਸਪਾ ਦੇ ਵਰਕਰਾਂ ਨੇ ਉਸ ਨੂੰ ਦੇਖਣ, ਉਸ ਨਾਲ ਸੈਲਫੀ ਲੈਣ ਅਤੇ ਉਸ ਦੀ ਵੀਡੀਓ ਬਣਾਉਣ ਦੀ ਧੁਨ ''ਚ ਖੂਬ ਪ੍ਰੇਸ਼ਾਨ ਕੀਤਾ।
—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ਮਸ਼ਾਨ ਬਾਰੇ ਦਿੱਤੇ ਗਏ ਬਿਆਨ ''ਤੇ ਚੱਲ ਰਹੇ ਹੰਗਾਮੇ ਦਰਮਿਆਨ ਅਖਿਲੇਸ਼ ਯਾਦਵ ਨੇ 20 ਫਰਵਰੀ ਨੂੰ ਗੁਜਰਾਤ ਦੇ ਬ੍ਰਾਂਡ ਅੰਬੈਸਡਰ ਅਮਿਤਾਭ ਬੱਚਨ ਦਾ ਨਾਂ ਲੈ ਕੇ ਕਿਹਾ, ''''ਮੈਂ ਸਦੀ ਦੇ ਮਹਾਨਾਇਕ ਨੂੰ ਅਪੀਲ ਕਰਾਂਗਾ ਕਿ ਉਹ ਗੁਜਰਾਤ ਦੇ ਗਧਿਆਂ ਦਾ ਪ੍ਰਚਾਰ ਨਾ ਕਰਨ।'''' ਅਮਿਤਾਭ ਬੱਚਨ ਦੀ ਪਤਨੀ ਅਭਿਨੇਤਰੀ ਜਯਾ ਬੱਚਨ ਸਮਾਜਵਾਦੀ ਪਾਰਟੀ ਤੋਂ ਸੰਸਦ ਮੈਂਬਰ ਹੈ ਅਤੇ ਇਹ ਪਹਿਲਾ ਮੌਕਾ ਹੈ, ਜਦੋਂ ਆਪਣੇ  ਭਾਸ਼ਣਾਂ ''ਚ ਅਖਿਲੇਸ਼ ਨੇ ਅਮਿਤਾਭ ਬੱਚਨ ਦਾ ਨਾਂ ਲਿਆ।
* ਮੁਲਾਇਮ ਸਿੰਘ ਯਾਦਵ ਦੀ ਦੂਜੀ ਪਤਨੀ ਸਾਧਨਾ ਯਾਦਵ ਨੇ ਕਿਹਾ ਹੈ ਕਿ ਉਹ ਆਪਣੇ ਦੋਹਾਂ ਪੁੱਤਰਾਂ ਅਖਿਲੇਸ਼ ਤੇ ਪ੍ਰਤੀਕ ਯਾਦਵ ''ਚ ਕੋਈ ਫਰਕ ਨਹੀਂ ਸਮਝਦੀ ਤੇ ਦੋਵੇਂ ਉਸ ਦੀਆਂ ਅੱਖਾਂ ਵਾਂਗ ਹਨ।
* ਸ਼ਿਵਪਾਲ ਯਾਦਵ ਦੇ ਹਲਕੇ ਜਸਵੰਤ ਨਗਰ ''ਚ ਵੋਟਿੰਗ ਦੌਰਾਨ ਤਿੰਨ ਜਗ੍ਹਾ ਭਾਰੀ ਪਥਰਾਅ ਹੋਇਆ ਅਤੇ ਸ਼ਿਵਪਾਲ ''ਤੇ ਵੀ ਪਥਰਾਅ ਕੀਤਾ ਗਿਆ। ਇਸੇ ਦਿਨ ਮੈਨਪੁਰੀ ''ਚ ਵੋਟਿੰਗ ਦੌਰਾਨ ਹੋਏ ਝਗੜੇ ''ਚ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। 
* ਮਲੀਹਾਬਾਦ ਵਿਧਾਨ ਸਭਾ ਹਲਕੇ ਦੇ ਬਿਰਾਹਿਮਪੁਰ ਪਿੰਡ ਦੇ ਵੋਟਰਾਂ ਨੇ ਆਪਣੇ ਪਿੰਡ ਨਾਲ ਵਗਣ ਵਾਲੇ ਨਾਲੇ ''ਤੇ ਪੁਲ ਨਾ ਬਣਨ ਦੇ ਵਿਰੋਧ ''ਚ ਵੋਟਿੰਗ ਦਾ ਬਾਈਕਾਟ ਕੀਤਾ ਤੇ 710 ''ਚੋਂ ਸਿਰਫ 54 ਵੋਟਰਾਂ ਨੇ ਹੀ ਵੋਟ ਪਾਈ।
ਯੂ. ਪੀ. ਦੀਆਂ ਚੋਣਾਂ ਦੇ ਤੀਜੇ ਪੜਾਅ ਦੇ ਖਤਮ ਹੋਣ ਤਕ ਕੁਝ ਅਜਿਹੀਆਂ ਝਲਕੀਆਂ ਦੇਖਣ ਨੂੰ ਮਿਲੀਆਂ ਹਨ। ਯੂ. ਪੀ. ਦੇ ਬਾਕੀ ਪੜਾਵਾਂ ਅਤੇ ਮਣੀਪੁਰ ''ਚ 8 ਮਾਰਚ ਨੂੰ ਹੋਣ ਵਾਲੀਆਂ ਚੋਣਾਂ ਦੀਆਂ ਵਿਸ਼ੇਸ਼ ਗੱਲਾਂ ਅਸੀਂ ਤੁਹਾਨੂੰ ਅਗਲੇ ਲੇਖ ''ਚ ਦੱਸਾਂਗੇ।                                                              
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra