ਭਾਰਤ ਦੇ ਨਜ਼ਦੀਕੀ ਦੇਸ਼ਾਂ ’ਚ ਅਸ਼ਾਂਤੀ, ਸਾਰੇ ਦੇਸ਼ ਅੰਦੋਲਨਾਂ ਦੇ ਘੇਰੇ ’ਚ

03/23/2021 3:49:43 AM

ਇਸ ਸਮੇਂ ਭਾਰਤ ਦੇ 4 ਗੁਆਂਢੀ ਅਤੇ ਨਜ਼ਦੀਕੀ ਦੇਸ਼ ਪਾਕਿਸਤਾਨ, ਮਿਆਂਮਾਰ, ਨੇਪਾਲ ਅਤੇ ਥਾਈਲੈਂਡ ਅਸ਼ਾਂਤੀ ਦੀ ਲਪੇਟ ਵਿਚ ਹਨ। ਜਿਵੇਂ-ਜਿਵੇਂ ਇਨ੍ਹਾਂ ਦੇਸ਼ਾਂ ਵਿਚ ਸੱਤਾਧਾਰੀ ਧੜਿਆਂ ਵਿਚ ਤਾਨਾਸ਼ਾਹੀ ਅਤੇ ਮਤਲਬਪ੍ਰਸਤੀ ਵਧ ਰਹੀ ਹੈ, ਉਸੇ ਅਨੁਪਾਤ ਵਿਚ ਲੋਕਾਂ ਵਿਚ ਅਸੰਤੋਸ਼ ਪੈਦਾ ਹੋ ਰਿਹਾ ਹੈ ਅਤੇ ਉਹ ਅੰਦੋਲਨ ਦੀ ਰਾਹ ’ਤੇ ਚੱਲ ਪਏ ਹਨ।

ਪਾਕਿਸਤਾਨ ਵਿਚ ਮਹਿੰਗਾਈ, ਭ੍ਰਿਸ਼ਟਾਚਾਰ, ਲਾਕਾਨੂੰਨੀ, ਘੱਟ ਗਿਣਤੀਆਂ ’ਤੇ ਜ਼ੁਲਮ ਆਦਿ ਦੇ ਵਿਰੁੱਧ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਪੀ. ਐੱਮ. ਐੱਲ. (ਐੱਨ) ਅਤੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਪਾਰਟੀ (ਪੀ. ਪੀ. ਪੀ.) ਸਮੇਤ ਦੇਸ਼ ਦੀਆਂ 11 ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਰੁੱਧ ਜ਼ੋਰਦਾਰ ਮੁਹਿੰਮ ਛੇੜੀ ਹੋਈ ਹੈ ਅਤੇ ਸੜਕਾਂ ’ਤੇ ਉਤਰੇ ਹੋਏ ਹਨ।

ਇਥੋਂ ਤੱਕ ਕਿ ਉਤੇਜਿਤ ਭੀੜ ਨੇ ਕੁਝ ਸਮਾਂ ਪਹਿਲਾਂ ਫੌਜ ਮੁਖੀ ਜਨਰਲ ਬਾਜਵਾ ਦੇ ਰਿਸ਼ਤੇਦਾਰ ਦੇ ਕਰਾਚੀ ਸਥਿਤ ਸ਼ਾਪਿੰਗ ਮਾਲ ਨੂੰ ਲੁੱਟ ਕੇ ਅੱਗ ਵੀ ਲਗਾ ਦਿੱਤੀ ਸੀ। ਹਾਲਾਂਕਿ ਇਮਰਾਨ ਖਾਨ ਨੇ ਪਿਛਲੇ ਦਿਨੀਂ ਆਪਣੇ ਵਿਰੁੱਧ ਵਿਰੋਧੀ ਪਾਰਟੀਆਂ ਵੱਲੋਂ ਲਿਆਂਦੇ ਗਏ ਬੇਭਰੋਸਗੀ ਮਤੇ ਵਿਚ ਜਿੱਤ ਹਾਸਲ ਕਰ ਲਈ ਹੈ ਪਰ ਇਹ ਕਹਿਣਾ ਔਖਾ ਹੈ ਕਿ ਉਨ੍ਹਾਂ ਦੀ ਸਰਕਾਰ ਕਦੋਂ ਤੱਕ ਟਿਕੇਗੀ।

ਇਸੇ ਤਰ੍ਹਾਂ ਗੁਆਂਢੀ ਮਿਆਂਮਾਰ ਵਿਚ ਫੌਜ ਦੀ ਤਾਨਾਸ਼ਾਹੀ ਤੋਂ ਆਜ਼ਾਦੀ ਲਈ ਅੰਦੋਲਨ ਇਨ੍ਹੀਂ ਦਿਨੀਂ ਜ਼ੋਰਾਂ ’ਤੇ ਹੈ, ਉਥੇ ਫੌਜ ਵੱਲੋਂ 1 ਫਰਵਰੀ ਦੇ ਤਖਤਾ ਪਲਟ ਦੇ ਬਾਅਦ ਲੋਕਤੰਤਰਿਕ ਢੰਗ ਨਾਲ ਚੁਣੇ ਨੇਤਾ ‘ਆਂਗ-ਸਾਨ-ਸੂ-ਕੀ’ ਸਮੇਤ ਹੋਰਨਾਂ ਨੇਤਾਵਾਂ ਨੂੰ ਜੇਲ ਵਿਚ ਸੁੱਟਣ ਦੇ ਵਿਰੁੱਧ ਅੰਦੋਲਨ ਵਿਚ 240 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸੜਕਾਂ ਜੰਗ ਦਾ ਮੈਦਾਨ ਬਣ ਗਈਆਂ ਹਨ। ਹਰ ਪਾਸੇ ਹੰਝੂ ਗੈਸ ਤੇ ਧੂੰਏਂ ਦੇ ਬੱਦਲ ਛਾਏ ਹੋਏ ਹਨ।

1948 ਵਿਚ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋਣ ਦੇ ਬਾਅਦ ਵੀ ਉਥੋਂ ਦੇ ਲੋਕਾਂ ਨੂੰ ਆਜ਼ਾਦੀ ਨਹੀਂ ਮਿਲੀ ਅਤੇ ਉਹ ਉਦੋਂ ਤੋਂ ਹੁਣ ਤੱਕ ਜ਼ਿਆਦਾਤਰ ਸਮੇਂ ਤੱਕ ਫੌਜੀ ਜੁੰਡਲੀ ਦੇ ਗੁਲਾਮ ਹੀ ਰਹੇ ਹਨ।

ਵਰਣਨਯੋਗ ਹੈ ਕਿ 1962 ਵਿਚ ਜਨਰਲ ‘ਰੇ-ਵਿਨ’ ਨੇ ‘ਵਿਨ ਮੋਂਗ’ ਦੀ ਸਰਕਾਰ ਦਾ ਤਖਤਾ ਪਲਟ ਕੇ ਸੱਤਾ ’ਤੇ ਕਬਜ਼ਾ ਕਰ ਿਲਆ ਸੀ ਅਤੇ ਉਸ ਦੇ ਸਨਕੀ ਫੈਸਲਿਆਂ ਦੇ ਕਾਰਣ ਮਿਆਂਮਾਰ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਵਿਚ ਸ਼ਾਮਲ ਹੋ ਗਿਆ।

1988 ਵਿਚ ਨੇ-ਵਿਨ ਦੀ ਸਰਕਾਰ ਦੇ ਵਿਰੁੱਧ ਵਿਦਿਆਰਥੀਆਂ ਨੇ ਬਗਾਵਤ ਕਰ ਦਿੱਤੀ। ਉਸੇ ਅੰਦੋਲਨ ਵਿਚ ‘ਆਂਗ-ਸਾਨ-ਸੂ-ਕੀ’ ਵਿਰੋਧੀ ਧਿਰ ਦੀ ਨੇਤਾ ਬਣ ਕੇ ਉਭਰੀ। ਜਨਰਲ ਨੇ-ਵਿਨ ਦੇ ਬਾਅਦ ਜਨਰਲ ‘ਸੀਨ ਲਿਵਨ’, ਜਿਸ ਨੂੰ ਅੰਦੋਲਨਕਾਰੀਆਂ ਦੇ ਜ਼ੁਲਮਪੂਰਵਕ ਘਾਣ ਲਈ ‘ਰੰਗੂਨ ਦਾ ਕਸਾਈ’ ਕਿਹਾ ਜਾਂਦਾ ਸੀ, ਨੇ ਸੱਤਾ ਸੰਭਾਲੀ ਪਰ 70 ਦਿਨਾਂ ਦੇ ਬਾਅਦ ਹੀ ਨੇ-ਵਿਨ ਨੇ ਉਸਦਾ ਤਖਤਾ ਪਲਟ ਕੇ ਮੁੜ ਸੱਤਾ ਹਥਿਆ ਲਈ ਅਤੇ ਫਿਰ 20 ਸਾਲਾਂ ਤੱਕ ਸੱਤਾਧਾਰੀ ਰਿਹਾ।

ਮਿਆਂਮਾਰ ਵਿਚ 2015 ਵਿਚ ਚੋਣਾਂ ਹੋਈਆਂ ਅਤੇ 2016 ਵਿਚ ‘ਆਂਗ-ਸਾਨ-ਸੂ-ਕੀ’ ਨੂੰ ਰਾਸ਼ਟਰਪਤੀ ‘ਹਤੀ ਕਵਾ’ ਦੀ ਸਰਕਾਰ ਵਿਚ ‘ਸਿੱਖਿਆ ਅਤੇ ਬਿਜਲੀ ਊਰਜਾ ਮਾਮਲਿਆਂ’ ਦੀ ਵਿਦੇਸ਼ ਮੰਤਰੀ ਅਤੇ ‘ਸਟੇਟ ਕਾਊਂਸਲਰ’ ਬਣਾਇਆ ਗਿਆ ਅਤੇ ਹੁਣ 1 ਫਰਵਰੀ ਨੂੰ ਉਨ੍ਹਾਂ ਦੀ ਸਰਕਾਰ ਦਾ ਤਖਤਾ ਪਲਟ ਦੇਣ ਦੇ ਸਮੇਂ ਉਹ ਮਿਆਂਮਾਰ ਦੀ ਸਰਵਉੱਚ ਚੁਣੀ ਹੋਈ ਨੇਤਾ ‘ਸਟੇਟ ਕਾਊਂਸਲਰ’ ਦੇ ਅਹੁਦੇ ’ਤੇ ਸੀ।

ਫੌਜੀ ਘਾਣ ਦੇ ਵਿਰੁੱਧ ਮਿਆਂਮਾਰ ਦੇ ਨਾਲ ਲੱਗਦੇ ਦੇਸ਼ਾਂ ਵਿਚ ਰਹਿਣ ਵਾਲੇ ਲੋਕਾਂ ਵੱਲੋਂ ਵੀ ਰੋਸ ਵਿਖਾਵੇ ਸ਼ੁਰੂ ਕਰ ਦਿੱਤੇ ਗਏ ਹਨ। 21 ਮਾਰਚ ਨੂੰ ਤਾਈਵਾਨ ਦੇ ‘ਤਾਈਪੇ’ ਵਿਚ ‘ਆਜ਼ਾਦੀ ਚੌਕ’ ’ਤੇ ਮਿਆਂਮਾਰ ਮੂਲ ਦੇ ਸੈਂਕੜੇ ਲੋਕਾਂ ਨੇ ਫੌਜ ਦੇ ਵਿਰੁੱਧ ਰੋਸ ਵਿਖਾਵਾ ਕੀਤਾ।

ਮਿਆਂਮਾਰ ਦੇ ਨਾਲ ਹੀ ਗੁਆਂਢੀ ਨੇਪਾਲ ਵਿਚ ਲੋਕਤੰਤਰਿਕ ਢੰਗ ਨਾਲ ਚੁਣੀ ਹੋਈ ਕਮਿਊਨਿਸਟ ਸਰਕਾਰ ਦੇ ਵਿਰੁੱਧ ਲੋਕਾਂ ਦਾ ਗੁੱਸਾ ਭੜਕਿਆ ਹੋਇਆ ਹੈ ਅਤੇ ਜਨਤਾ ਰਾਜਤੰਤਰ ’ਤੇ ਹਿੰਦੂ ਰਾਜ ਦੀ ਬਹਾਲੀ ਲਈ ਅੰਦੋਲਨ ਕਰ ਰਹੀ ਹੈ। ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ‘ਓਲੀ’ ਦੀ ਸਰਕਾਰ ਦੀਆਂ ਅਸਫਲਤਾਵਾਂ ਤੋਂ ਦੇਸ਼ ਦਾ ਨੌਜਵਾਨ ਵਰਗ ਨਿਰਾਸ਼ ਹੈ ਕਿਉਂਕਿ ਦੇਸ਼ ਵਿਚ ਰਾਜਤੰਤਰ ਦੀ ਸਮਾਪਤੀ ਦੇ ਬਾਅਦ ਵੀ ਕੋਈ ਵਿਕਾਸ ਨਹੀਂ ਹੋਇਆ।

ਨੇਪਾਲ ਨੇ 2015 ਵਿਚ ਨਵਾਂ ਸੰਵਿਧਾਨ ਅਪਣਾਇਆ ਅਤੇ ਉਸ ਦੇ ਬਾਅਦ ਨੇਪਾਲੀ ਕਮਿਊਨਿਸਟ ਪਾਰਟੀ ਦੇ ਕੇ. ਪੀ. ਸ਼ਰਮਾ ‘ਓਲੀ’ ਪ੍ਰਧਾਨ ਮੰਤਰੀ ਬਣੇ। 2017 ਦੀਆਂ ਚੋਣਾਂ ਵਿਚ ਉਥੇ ਫਿਰ ਕਮਿਊਨਿਸਟ ਪਾਰਟੀ ਸੱਤਾ ਵਿਚ ਆਈ ਪਰ ‘ਓਲੀ’ ਦੀਆਂ ਤਾਨਾਸ਼ਾਹੀਪੂਰਨ ਨੀਤੀਆਂ ਅਤੇ ਮਨਮਾਨੀਆਂ ਦੇ ਵਿਰੁੱਧ ਲੋਕ ਸੜਕਾਂ ’ਤੇ ਉਤਰ ਆਏ ਅਤੇ ਉਨ੍ਹਾਂ ਦਾ ਕਹਿਣਾ ਹੈ :

‘‘ਹੁਣ ਕਮਿਊਨਿਸਟ ਪਾਰਟੀ ਦੇ ਨੇਤਾ ਨਵੇਂ ਰਾਜਾ ਬਣ ਗਏ ਹਨ। ਉਹ ਉਹੀ ਕੰਮ ਕਰ ਰਹੇ ਹਨ, ਜੋ ਉਨ੍ਹਾਂ ਨੂੰ ਲਾਭ ਪਹੁੰਚਾ ਰਿਹਾ ਹੈ। ਨਿਆਂਪਾਲਿਕਾ, ਜਿਸ ਨੂੰ ਸ਼ਕਤੀਸ਼ਾਲੀ ਹੋਣਾ ਚਾਹੀਦਾ ਸੀ, ਹੁਣ ਨੇਤਾਵਾਂ ਦੀ ਜੇਬ ਵਿਚ ਹੈ। ਸੱਤਾਧਾਰੀ ਤੇ ਵਿਰੋਧੀ ਧੜਾ ਦੋਵੇਂ ਹੀ ਅਪਾਹਜ ਹਨ।’’

ਗੁਆਂਢੀ ਪਾਕਿਸਤਾਨ, ਮਿਆਂਮਾਰ ਅਤੇ ਨੇਪਾਲ ਦੇ ਬਾਅਦ ਹੁਣ ਇਕ ਹੋਰ ਏਸ਼ੀਆਈ ਦੇਸ਼ ਥਾਈਲੈਂਡ ਵਿਚ ਵੀ ਰਾਜਸ਼ਾਹੀ ਦੇ ਵਿਰੁੱਧ ਅਤੇ ਦੇਸ਼ ਵਿਚ ਲੋਕਤੰਤਰ ਦੀ ਬਹਾਲੀ ਲਈ ਮੰਗ ਲਈ ਹਜ਼ਾਰਾਂ ਲੋਕ ਸੜਕਾਂ ’ਤੇ ਉਤਰ ਆਏ ਹਨ। ਬੀਤੇ ਸ਼ਨੀਵਾਰ ਨੂੰ ਦੇਰ ਰਾਤ ਲੋਕਾਂ ਨੇ ਬੈਂਕਾਕ ਸਥਿਤ ‘ਗ੍ਰੈਂਡ ਪੈਲੇਸ’ ਦੇ ਬਾਹਰ ਅੱਗ ਲਗਾ ਦਿੱਤੀ ਅਤੇ ਰੋਸ ਵਿਖਾਵਾ ਕੀਤਾ, ਜੋ ਅੱਧੀ ਰਾਤ ਤੱਕ ਜਾਰੀ ਰਿਹਾ।

ਦੇਸ਼ ਵਿਚ ਰਾਜਸ਼ਾਹੀ ਖਤਮ ਕਰਨ ਦੀ ਮੰਗ ਕਰ ਰਹੇ ਲੋਕਤੰਤਰ ਸਮਰਥਕਾਂ ਨੂੰ ਤਿਤਰ-ਬਿਤਰ ਕਰਨ ਲਈ ਪੁਲਸ ਨੇ ਹੰਝੂ ਗੈਸ ਦੇ ਗੋਲੇ ਦਾਗੇ, ਉਨ੍ਹਾਂ ’ਤੇ ਪਾਣੀ ਦੀਆਂ ਵਾਛੜਾਂ ਛੱਡੀਆਂ ਅਤੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ, ਜਿਸ ਨਾਲ ਦਰਜਨਾਂ ਲੋਕ ਜ਼ਖ਼ਮੀ ਹੋ ਗਏ।

ਉਪਰੋਕਤ ਹਾਲਾਤ ਤੋਂ ਸਪੱਸ਼ਟ ਹੈ ਕਿ ਇਸ ਸਮੇਂ ਭਾਰਤ ਦੇ ਗੁਆਂਢੀ ਤੇ ਨਜ਼ਦੀਕੀ ਦੇਸ਼ ਅਸ਼ਾਂਤੀ ਦੀ ਲਪੇਟ ਵਿਚ ਹਨ, ਜਿਸ ਨੂੰ ਦੇਖਦੇ ਹੋਏ ਸਰਕਾਰ ਨੂੰ ਇਕ-ਇਕ ਕਦਮ ਸੋਚ-ਸਮਝ ਕੇ ਚੁੱਕਣ ਅਤੇ ਸੁਰੱਖਿਆ ਪ੍ਰਬੰਧ ਤੇ ਆਪਣੀ ਖੁਫੀਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਅਤੇ ਪੂਰੀ ਤਰ੍ਹਾਂ ਮੁਸਤੈਦ ਰੱਖਣ ਦੀ ਲੋੜ ਹੈ।

-ਵਿਜੇ ਕੁਮਾਰ

Bharat Thapa

This news is Content Editor Bharat Thapa