ਤੁਰਕੀ-ਅਮਰੀਕਾ ਵਿਵਾਦ ਦਾ ਦੁਨੀਆ ''ਤੇ ਅਸਰ

08/13/2018 3:57:20 AM

ਕੁਝ ਸਮਾਂ ਪਹਿਲਾਂ ਤਕ ਸ਼ਾਇਦ ਕਿਸੇ ਨੇ ਇਹ ਸੋਚਿਆ ਵੀ ਨਹੀਂ ਹੋਵੇਗਾ ਕਿ ਤੁਰਕੀ ਵੀ ਚੀਨ, ਉੱਤਰੀ ਕੋਰੀਆ, ਈਰਾਨ ਅਤੇ ਰੂਸ ਸਮੇਤ ਉਨ੍ਹਾਂ ਦੇਸ਼ਾਂ ਦੀ ਸੂਚੀ ਵਿਚ ਸ਼ਾਮਿਲ ਹੋ ਜਾਵੇਗਾ, ਜਿਨ੍ਹਾਂ 'ਤੇ ਅਮਰੀਕਾ ਦੀਆਂ ਸਖਤ ਆਰਥਿਕ ਪਾਬੰਦੀਆਂ ਹਨ, ਉਹ ਵੀ ਉਦੋਂ, ਜਦਕਿ ਤੁਰਕੀ ਇਕ ਨਾਟੋ ਸਹਿਯੋਗੀ ਹੈ, ਜੋ ਅਮਰੀਕਾ ਨਾਲ ਰੱਖਿਆ ਸੰਧੀ ਤੋਂ ਇਲਾਵਾ ਅਮਰੀਕੀ ਖੁਫੀਆ ਸੂਚਨਾਵਾਂ ਦਾ ਵੀ ਲਾਭ ਲੈਂਦਾ ਹੈ। ਇੰਨਾ ਹੀ ਨਹੀਂ, ਸੀਰੀਆ ਨਾਲ ਲੱਗਦੀ ਆਪਣੀ ਸਰਹੱਦ ਦੇ ਨੇੜੇ ਇਨਸਿਰਲਿਕ ਏਅਰ ਬੇਸ 'ਤੇ ਤੁਰਕੀ ਨੇ ਅਮਰੀਕਾ ਨੂੰ ਪ੍ਰਮਾਣੂ ਹਥਿਆਰ ਤਾਇਨਾਤ ਕਰਨ ਦੀ ਇਜਾਜ਼ਤ ਦਿੱਤੀ ਹੋਈ ਹੈ। 
1 ਅਗਸਤ ਨੂੰ ਇਸ ਦੀ ਸ਼ੁਰੂਆਤ ਹੋਈ, ਜਦੋਂ ਅਮਰੀਕੀ ਪ੍ਰਸ਼ਾਸਨ ਨੇ ਤੁਰਕੀ 'ਚ ਲੰਮੇ ਸਮੇਂ ਤੋਂ ਬੰਧਕ ਬਣਾਏ ਗਏ ਇਕ ਅਮਰੀਕੀ ਪਾਦਰੀ ਐਂਡ੍ਰਿਊ ਬ੍ਰਨਸਨ ਦੇ ਮਾਮਲੇ ਵਿਚ ਤੁਰਕੀ ਦੇ ਸੀਨੀਅਰ ਮੰਤਰੀਆਂ ਮਨਿਸਟਰ ਆਫ ਜਸਟਿਸ ਅਤੇ ਇੰਟੀਰੀਅਰ ਦੀ ਭੂਮਿਕਾ ਨੂੰ ਲੈ ਕੇ ਦੋਹਾਂ 'ਤੇ ਕਈ ਪਾਬੰਦੀਆਂ ਲਾ ਦਿੱਤੀਆਂ। ਜਵਾਬ ਵਿਚ ਤੁਰਕੀ ਨੇ ਵੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੰਤਰਾਲੇ ਦੇ ਦੋ ਮੈਂਬਰਾਂ ਵਿਰੁੱਧ ਪਾਬੰਦੀਆਂ ਲਾ ਦਿੱਤੀਆਂ। 
10 ਅਗਸਤ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਟਵੀਟ ਕਰ ਕੇ ਐਲਾਨ ਕੀਤਾ ਕਿ ਉਨ੍ਹਾਂ ਨੇ ਤੁਰਕੀ ਵਿਰੁੱਧ  ਸਟੀਲ ਅਤੇ ਐਲੂਮੀਨੀਅਮ 'ਤੇ ਦਰਾਮਦ ਡਿਊਟੀ ਦੁੱਗਣੀ ਕਰਨ ਦਾ ਹੁਕਮ ਦਿੱਤਾ ਹੈ। 
ਸਿਰਫ ਦੋ ਹਫਤੇ ਪਹਿਲਾਂ ਤਕ ਤੁਰਕੀ ਅਤੇ ਅਮਰੀਕਾ ਉਸ ਸਮਝੌਤੇ ਦੇ ਬਹੁਤ ਨੇੜੇ ਸਨ, ਜੋ ਦੋਹਾਂ ਦੇਸ਼ਾਂ ਵਿਚਾਲੇ ਵੱਖ-ਵੱਖ ਗੁੰਝਲਦਾਰ ਮੁੱਦਿਆਂ ਨੂੰ ਸੁਲਝਾ ਸਕਦਾ ਸੀ। ਇਸ ਦੇ ਅਧੀਨ 'ਹਾਸੋਹੀਣੇ' ਅੱਤਵਾਦੀ ਦੋਸ਼ਾਂ ਦੇ ਕਾਰਨ 2016 ਵਿਚ ਬੰਦੀ ਬਣਾਏ ਗਏ ਅਮਰੀਕੀ ਪਾਦਰੀ ਐਂਡ੍ਰਿਊ ਬ੍ਰਨਸਨ ਨੂੰ ਤੁਰਕੀ ਵਲੋਂ ਰਿਹਾਅ ਕਰਨ ਦੇ ਬਦਲੇ ਅਮਰੀਕਾ ਨੇ ਇਸਰਾਈਲ ਵਿਚ ਕੈਦ ਇਕ ਤੁਰਕ ਨਾਗਰਿਕ ਦੀ ਰਿਹਾਈ 'ਚ ਮਦਦ ਕਰਨ ਅਤੇ ਈਰਾਨ 'ਤੇ ਲੱਗੀਆਂ ਪਾਬੰਦੀਆਂ ਦੀ ਉਲੰਘਣਾ ਦੇ ਦੋਸ਼ੀ ਹਾਕਨ ਅਤਿਲਾ ਨਾਂ ਦੇ ਤੁਰਕ ਬੈਂਕਰ ਨੂੰ ਆਪਣੀ ਬਾਕੀ ਸਜ਼ਾ ਘਰ 'ਚ ਕੱਟਣ ਦੀ ਮਨਜ਼ੂਰੀ ਦੇਣ ਦੀ ਹਾਮੀ ਭਰੀ ਸੀ। 
ਹਾਲਾਂਕਿ ਸਮਝੌਤਾ ਉਦੋਂ ਖੱਟੇ 'ਚ ਪੈ ਗਿਆ, ਜਦੋਂ ਤੁਰਕੀ ਦੇ ਵਿਦੇਸ਼ ਮੰਤਰੀ ਨੇ ਆਪਣੇ ਸਰਕਾਰੀ ਬੈਂਕ ਹਾਕ ਬੈਂਕ ਵਿਰੁੱਧ ਹਰ ਤਰ੍ਹਾਂ ਦੀ ਅਮਰੀਕੀ ਜਾਂਚ ਖਤਮ ਕਰਨ ਦੀ ਮੰਗ ਕਰ ਦਿੱਤੀ, ਜਿਸ ਵਿਚ ਕਦੇ ਹਾਕਨ ਕੰਮ ਕਰਦਾ ਸੀ। ਇਸ ਦੇ ਮਗਰੋਂ ਐਂਡ੍ਰਿਊ ਨੂੰ ਰਿਹਾਅ ਕਰਨ ਦੀ ਬਜਾਏ ਨਜ਼ਰਬੰਦ ਕਰ ਦਿੱਤਾ ਗਿਆ।
ਬੇਸ਼ੱਕ ਤੁਰਕੀ ਅਮਰੀਕੀ ਪਾਬੰਦੀਆਂ ਤੋਂ ਉੱਭਰਨ ਦਾ ਦਾਅਵਾ ਕਰ ਰਿਹਾ ਹੋਵੇ, ਹਾਲ ਹੀ ਦੇ ਦਿਨਾਂ ਵਿਚ ਤੁਰਕੀ ਦੀ ਅਰਥ ਵਿਵਸਥਾ ਦੀ ਬਦਹਾਲੀ ਅਤੇ ਲਗਾਤਾਰ ਵਧਦੀ ਮੁਦਰਾਸਫਿਤੀ ਅਤੇ ਉਸ ਦੀ ਮੁਦਰਾ ਲੀਮਾ ਦੀ ਘਟਦੀ ਕੀਮਤ ਨਾਲ ਆਉਣ ਵਾਲੇ ਦਿਨਾਂ 'ਚ ਉਸ ਦੀਆਂ ਆਰਥਿਕ ਮੁਸ਼ਕਿਲਾਂ ਵਧਣੀਆਂ ਤੈਅ ਹਨ। 
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਹੁਦਾ ਸੰਭਾਲਣ ਦੇ ਸਮੇਂ ਤੋਂ ਹੀ ਵਿਵਾਦਾਂ ਵਿਚ ਰਹੇ ਹਨ। ਸੱਤਾ ਵਿਚ ਆਉਣ ਤੋਂ ਬਾਅਦ ਹੀ ਕਈ ਦੇਸ਼ਾਂ ਨਾਲ ਅਮਰੀਕਾ ਦੇ ਸਬੰਧ ਕਾਫੀ ਵਿਗੜ ਚੁੱਕੇ ਹਨ। ਹਾਲਾਂਕਿ ਓਹੀਓ ਦੀਆਂ ਚੋਣਾਂ 'ਚ ਡੈਮੋਕ੍ਰੇਟਾਂ ਦੇ ਜਿੱਤਣ ਦੀ ਆਸ ਦੇ ਬਾਵਜੂਦ ਰਿਪਬਲਿਕਨਾਂ ਦੀ ਜਿੱਤ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਲੋਕਾਂ ਨੂੰ ਟਰੰਪ ਦੀ ਵਿਦੇਸ਼ ਨੀਤੀ ਪਸੰਦ ਆ ਰਹੀ ਹੈ। 
ਇਸ ਦੇ ਦੋ-ਤਿੰਨ ਦਿਨਾਂ ਬਾਅਦ ਹੀ ਟਰੰਪ ਨੇ ਤੁਰਕੀ 'ਤੇ ਆਰਥਿਕ ਪਾਬੰਦੀ ਲਾ ਦਿੱਤੀ, ਜਿਸ ਨਾਲ ਇਕ ਹਫਤੇ ਵਿਚ ਹੀ ਤੁਰਕੀ ਦੀ ਮੁਦਰਾ ਵਿਚ 16 ਫੀਸਦੀ ਦੀ ਗਿਰਾਵਟ ਆ ਗਈ ਹੈ। ਇਸ ਤੋਂ ਪਹਿਲਾਂ ਚੀਨ ਅਤੇ ਈਰਾਨ ਉੱਤੇ ਤਾਂ ਆਰਥਿਕ ਪਾਬੰਦੀਆਂ ਲੱਗੀਆਂ ਹੋਈਆਂ ਸਨ। ਦੂਜੀ ਸੰਸਾਰ ਜੰਗ ਦੇ ਸਮੇਂ ਤੋਂ ਹੀ ਤੁਰਕੀ ਅਤੇ ਅਮਰੀਕਾ ਵਿਚਾਲੇ ਦੋਸਤੀ ਰਹੀ ਹੈ ਪਰ ਹੁਣ ਏਰਦੋਗਨ ਦੀਆਂ ਤਾਨਾਸ਼ਾਹੀ ਨੀਤੀਆਂ ਨੇ ਸਾਰਾ ਮਾਹੌਲ ਬਦਲ ਦਿੱਤਾ ਹੈ। 
ਤੁਰਕੀ ਦੀ ਅਰਥ ਵਿਵਸਥਾ ਦਾ ਅਸਰ ਯੂਰਪੀਅਨ ਯੂਨੀਅਨ ਦੀ ਅਰਥ ਵਿਵਸਥਾ 'ਤੇ ਵੀ ਪੈ ਸਕਦਾ ਹੈ ਕਿਉਂਕਿ ਤੁਰਕੀ ਦੀ ਅਰਥ ਵਿਵਸਥਾ ਯੂਰਪੀਅਨ ਯੂਨੀਅਨ ਦੀ ਅਰਥ ਵਿਵਸਥਾ ਨਾਲ ਮਿਲੀ ਹੋਈ ਹੈ ਅਤੇ ਇਹ ਸਭ ਅਜਿਹੇ ਸਮੇਂ 'ਤੇ ਹੋਇਆ ਹੈ, ਜਦੋਂ ਬ੍ਰੈਗਜ਼ਿਟ ਹੋਣ ਜਾ ਰਿਹਾ ਹੈ ਅਤੇ ਯੂਰਪੀਅਨ ਯੂਨੀਅਨ ਦੀ ਅਰਥ ਵਿਵਸਥਾ ਨੂੰ ਇਕ ਵੱਡਾ ਝਟਕਾ ਲੱਗਣ ਵਾਲਾ ਹੈ। 
ਈਰਾਨ ਦੇ ਨਾਲ ਤਾਂ ਅਮਰੀਕਾ ਦਾ ਟਕਰਾਅ ਪਹਿਲਾਂ ਹੀ ਚੱਲ ਰਿਹਾ ਹੈ। ਹੁਣ ਮੱਧ-ਪੂਰਬ ਵਿਚ ਵੀ ਹਾਲਾਤ ਬਦਲ ਜਾਣਗੇ ਕਿਉਂਕਿ ਤੁਰਕੀ ਅਤੇ ਈਰਾਨ ਦੀ ਅਰਥ ਵਿਵਸਥਾ ਖਰਾਬ ਹੋਣ ਨਾਲ ਸਾਊਦੀ ਅਰਬ ਹੀ ਇਕੋ-ਇਕ ਮਜ਼ਬੂਤ ਦੇਸ਼ ਰਹਿ ਜਾਵੇਗਾ। ਇਸ ਦੀ ਅਰਥ ਵਿਵਸਥਾ ਖੁੱਲ੍ਹ ਰਹੀ ਹੈ ਪਰ ਇਹ ਕਿਸੇ ਵੀ ਰੂਪ ਵਿਚ ਲੋਕਤੰਤਰ ਨਹੀਂ  ਬਣੇਗਾ। ਸਾਊਦੀ ਅਰਬ ਨੂੰ ਅਮਰੀਕਾ ਦਾ ਲੁਕਵੇਂ ਢੰਗ ਨਾਲ ਸਮਰਥਨ ਜਾਰੀ ਰਹੇਗਾ। ਅਜਿਹੀ ਹਾਲਤ 'ਚ ਕਤਰ ਵਰਗੇ ਉਦਾਰਵਾਦੀ ਦੇਸ਼ਾਂ 'ਤੇ ਵੀ ਰੋਕ ਲੱਗੇਗੀ। 
ਤੁਰਕੀ ਆਪਣੀ ਵਿਗੜਦੀ ਆਰਥਿਕ ਹਾਲਤ ਨੂੰ ਸੰਭਾਲਣ ਲਈ ਆਈ. ਐੱਮ. ਐੱਫ. ਦੀ ਕਿਸ਼ਤ ਦੀ ਉਡੀਕ ਕਰ ਰਿਹਾ ਹੈ। ਅਜਿਹੀ ਹਾਲਤ 'ਚ ਜੇਕਰ ਅਮਰੀਕਾ ਇਸ ਨੂੰ ਵੀਟੋ ਕਰ ਦਿੰਦਾ ਹੈ ਤਾਂ ਉਹ ਰੂਸ ਰਾਹੀਂ ਚੀਨ ਦੀ ਸਹਾਇਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਯੂਰਪ ਵਿਚ ਚੀਨ ਦਾ ਗ਼ਲਬਾ ਵਧ ਸਕਦਾ ਹੈ, ਜਿਸ ਤਰ੍ਹਾਂ ਚੀਨ ਨੇ ਯੂਨਾਨ ਅਤੇ ਇਟਲੀ ਵਿਚ ਆਰਥਿਕ ਵਿਵਸਥਾ ਲੜਖੜਾ ਜਾਣ 'ਤੇ ਉਨ੍ਹਾਂ ਦੀ ਸਹਾਇਤਾ ਕੀਤੀ ਸੀ। 
ਅਜਿਹੀ ਹਾਲਤ 'ਚ ਸਵਾਲ ਇਹ ਉੱਠਦਾ ਹੈ ਕਿ ਕੀ ਟਰੰਪ ਆਪਣੀ ਵਿਦੇਸ਼ ਨੀਤੀ 'ਤੇ ਟਿਕੇ ਰਹਿਣਗੇ? ਜੇਕਰ ਉਹ ਟਿਕੇ ਰਹਿਣਗੇ ਤਾਂ ਅਮਰੀਕਾ ਲਈ ਚੰਗਾ ਹੈ, ਨਹੀਂ ਤਾਂ ਚੀਨ ਵਰਗੇ ਸਾਰੇ ਦੇਸ਼ ਜ਼ਿਆਦਾ ਮਜ਼ਬੂਤੀ ਨਾਲ ਉੱਭਰ ਕੇ ਆਉਣਗੇ। ਫਿਲਹਾਲ ਇਸ ਘਟਨਾਚੱਕਰ ਕਾਰਨ ਤੇਲ ਦੀਆਂ ਕੀਮਤਾਂ ਵਧ ਸਕਦੀਆਂ ਹਨ। 
ਇਥੇ ਇਹ ਗੱਲ ਵਰਣਨਯੋਗ ਹੈ ਕਿ ਜਦੋਂ-ਜਦੋਂ ਕਿਸੇ ਲੋਕਤੰਤਰਿਕ ਦੇਸ਼ 'ਚ ਆਰਥਿਕ ਝਟਕਾ ਲੱਗਦਾ ਹੈ ਤਾਂ ਉਥੋਂ ਦੀ ਸਰਕਾਰ ਬਦਲ ਜਾਂਦੀ ਹੈ ਅਤੇ ਜਦੋਂ-ਜਦੋਂ ਕਿਸੇ ਤਾਨਾਸ਼ਾਹੀ ਸ਼ਾਸਨ 'ਚ ਆਰਥਿਕ ਝਟਕਾ ਲੱਗਦਾ ਹੈ ਤਾਂ ਉਥੇ ਤਾਨਾਸ਼ਾਹੀ ਹੋਰ ਮਜ਼ਬੂਤ ਹੋ ਜਾਂਦੀ ਹੈ ਕਿਉਂਕਿ ਉਸ ਸਥਿਤੀ 'ਚ ਤਾਨਾਸ਼ਾਹ ਦੇਸ਼ ਦੀ ਆਰਥਿਕ ਹਾਲਤ ਸੁਧਾਰਨ ਲਈ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕਰਦਾ ਹੈ। ਅਜਿਹੀ ਹਾਲ 'ਚ ਏਰਦੋਗਨ ਦਾ ਸ਼ਾਸਨ ਲੰਮੇ ਸਮੇਂ ਤਕ ਚੱਲੇਗਾ