‘ਟਰੰਪ ਨੇ ਦੁਨੀਆ ਭਰ ’ਚ ਅਮਰੀਕੀ ਲੋਕਤੰਤਰ’ ‘ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ’

01/08/2021 2:40:56 AM

ਅਮਰੀਕਾ ਦੇ ਅਹੁਦਾ-ਮੁਕਤ ਹੋਣ ਜਾ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਬਿਆਨਾਂ ਨੂੰ ਲੈ ਕੇ ਸਦਾ ਵਿਵਾਦਾਂ ’ਚ ਰਹੇ ਅਤੇ 20 ਜਨਵਰੀ, 2017 ਨੂੰ ਸਹੁੰ ਚੁੱਕਣ ਦੇ ਬਾਅਦ ਤੋਂ ਹੀ ਉਨ੍ਹਾਂ ’ਤੇ ਗਲਤ ਤੇ ਭਰਮਾਊ ਬਿਆਨਬਾਜ਼ੀ ਦੇ ਦੋਸ਼ ਲੱਗਦੇ ਰਹੇ। ਅਮਰੀਕਾ ਦੀ ਸੱਤਾ ’ਤੇ ਆਪਣੀ ਪਕੜ ਬਣਾਈ ਰੱਖਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਡੋਨਾਲਡ ਟਰੰਪ 1991 ਅਤੇ 2009 ਦੇ ਦਰਮਿਆਨ ਆਪਣੇ ‘ਹੋਟਲ ਅਤੇ ਕੈਸੀਨੋ ਕਾਰੋਬਾਰ’ ਨੂੰ 6 ਵਾਰ ਦੀਵਾਲੀਆ ਐਲਾਨਣ ਦੇ ਬਾਵਜੂਦ ਇਨ੍ਹਾਂ ’ਤੇ ਆਪਣਾ ਕਬਜ਼ਾ ਕਾਇਮ ਰੱਖਣ ’ਚ ਸਫਲ ਹੋ ਚੁੱਕੇ ਹਨ। ਟਰੰਪ ਦਾ ਕਹਿਣਾ ਸੀ ਕਿ ‘‘ਮੈਂ ਚੋਣਾਂ ’ਚ ਵੀ ਇਸੇ ਤਰ੍ਹਾਂ ਟੋਟਲ ਵਿਕਟਰੀ ਪ੍ਰਾਪਤ ਕਰਾਂਗਾ।’’ ਟਰੰਪ ਦੀ ਸੱਤਾ ਨਾਲ ਚਿੰਬੜੇ ਰਹਿਣ ਦੀ ਲਾਲਸਾ ਇਸੇ ਤੋਂ ਸਪੱਸ਼ਟ ਹੈ ਕਿ ਉਹ 3 ਨਵੰਬਰ 2020 ਨੂੰ ਐਲਾਨੇ ਨਤੀਜਿਆਂ ਦੇ ਬਾਅਦ ਤੋਂ ਹੀ ਆਪਣੀ ਹਾਰ ਪ੍ਰਵਾਨ ਕਰਨ ਤੋਂ ਲਗਾਤਾਰ ਨਾਂਹ ਕਰਦੇ ਰਹੇ। ਇਨ੍ਹਾਂ ਦੇ ਵਿਰੁੱਧ ਉਨ੍ਹਾਂ ਨੇ ਕਈ ਮੁਕੱਦਮੇ ਵੀ ਦਾਇਰ ਕੀਤੇ ਅਤੇ ਇਨ੍ਹਾਂ ’ਚ ਹਾਰਨ ਦੇ ਬਾਵਜੂਦ ਦਾਅਵਾ ਕਰਦੇ ਰਹੇ ਕਿ ਚੋਣਾਂ ’ਚ ਵੱਡੇ ਪੱਧਰ ’ਤੇ ਧੋਖਾਦੇਹੀ ਕੀਤੀ ਗਈ ਹੈ।

ਇਹੀ ਨਹੀਂ, ਬੀਤੀ 4 ਜਨਵਰੀ ਨੂੰ ਉਨ੍ਹਾਂ ਦਾ ਇਕ ਆਡੀਓ ਵੀ ਵਾਇਰਲ ਹੋਇਆ, ਜਿਸ ’ਚ ਉਨ੍ਹਾਂ ਨੇ ਜਾਰਜੀਆ ਦੇ ਚੋਟੀ ਦੇ ਚੋਣ ਅਧਿਕਾਰੀ ਨੂੰ ਫੋਨ ਕਰ ਕੇ ਨਤੀਜਾ ਬਦਲਣ ਲਈ ਦਬਾਅ ਪਾਉਂਦੇ ਹੋਏ ਕਿਹਾ ਕਿ ‘‘ਮੇਰੀ ਹਾਰ ਨੂੰ ਜਿੱਤ ’ਚ ਬਦਲਣ ਲਈ ਲੋੜੀਂਦੀਆਂ ਵੋਟਾਂ ਦੀ ਤਲਾਸ਼ ਕਰੋ।’’ ਟਰੰਪ ਵੱਲੋਂ ਉਕਸਾਉਣ ’ਤੇ 6 ਜਨਵਰੀ ਨੂੰ ਚੋਣਾਂ ਵਿਚ ਕਥਿਤ ਧਾਂਦਲੀ ਦੇ ਵਿਰੁੱਧ ਹਜ਼ਾਰਾਂ ਟਰੰਪ ਸਮਰਥਕਾਂ ਨੇ ਵਾਸ਼ਿੰਗਟਨ ਡੀ. ਸੀ. ਵਿਚ ‘ਸੇਵ ਅਮਰੀਕਾ’ ਰੈਲੀ ਕੱਢੀ, ਜਿਸ ’ਚ ਟਰੰਪ ਨੇ ਕਿਹਾ, ‘‘ਡੈਮੋਕ੍ਰੇਟਸ ਸਾਡੇ ਵ੍ਹਾਈਟ ਹਾਊਸ ਨੂੰ ਨਹੀਂ ਖੋਹ ਸਕਦੇ।’’

6 ਜਨਵਰੀ ਨੂੰ ਹੀ ਜਦੋਂ ਕਾਂਗਰਸ ਦੇ ਮੈਂਬਰ ‘ਇਲੈਕਟੋਰਲ ਕਾਲੇਜ’ ਵੋਟਾਂ ਦੀ ਗਿਣਤੀ ਕਰ ਰਹੇ ਸਨ, ਆਪਣੇ ਸਮਰਥਕਾਂ ਦੀ ਰੈਲੀ ’ਚ ਟਰੰਪ ਨੇ ਕਿਹਾ, ‘‘ਬੁੱਧਵਾਰ ਦਾ ਦਿਨ ਹਫੜਾ-ਦਫੜੀ ਫੈਲਾਉਣ ਵਾਲਾ ਹੋਵੇਗਾ।’’ (ਟਰੰਪ ਦੇ ਭੜਕਾਊ ਬਿਆਨ ਦੇ ਕਾਰਨ ਹੀ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ‘ਨਾਗਰਿਕ ਅਖੰਡਤਾ’ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੇ ਅਕਾਊਂਟ ਬਲਾਕ ਕਰ ਦਿੱਤੇ।)

ਇਕ ਪਾਸੇ ਟਰੰਪ ਭਾਸ਼ਣ ਦੇ ਰਹੇ ਸਨ ਅਤੇ ਦੂਜੇ ਪਾਸੇ ਵੱਡੀ ਗਿਣਤੀ ’ਚ ‘ਟਰੰਪ-ਟਰੰਪ’ ਦੇ ਨਾਅਰੇ ਲਗਾਉਂਦੀ ਹੋਈ ਉਨ੍ਹਾਂ ਦੇ ਸਮਰਥਕਾਂ ਦੀ ਭੀੜ ਨੇ ਸੁਰੱਖਿਆ ਵਿਵਸਥਾ ਢਹਿ-ਢੇਰੀ ਕਰਦੇ ਹੋਏ ਅਮਰੀਕਾ ਦੀ ਸੰਸਦ ‘ਕੈਪੀਟੋਲ ਹਿਲ’ ਦੀ ਇਮਾਰਤ ’ਚ ਦਾਖਲ ਹੋ ਕੇ ਸੰਸਦ ਕੰਪਲੈਕਸ ਨੂੰ ਜੰਗ ਦੇ ਮੈਦਾਨ ’ਚ ਬਦਲ ਦਿੱਤਾ। ਦੰਗਾਕਾਰੀਆਂ ਨੇ ਉਪ-ਰਾਸ਼ਟਰਪਤੀ ਤੋਂ ਇਲਾਵਾ ‘ਹਾਊਸ ਸਪੀਕਰ’ ਦੀ ਕੁਰਸੀ ’ਤੇ ਵੀ ਕਬਜ਼ਾ ਕਰ ਲਿਆ। ਉਹ ਸੰਸਦ ਭਵਨ ਦੇ ਗੁੰਬਦ ’ਤੇ ਵੀ ਚੜ੍ਹ ਗਏ ਅਤੇ ਸੰਸਦ ਦੇ ਸ਼ੀਸ਼ੇ ਤੇ ਦਰਵਾਜ਼ੇ ਤੋੜ ਦਿੱਤੇ। ਬੇਕਾਬੂ ਭੀੜ ਨੂੰ ਕਾਬੂ ਕਰਨ ਲਈ ਪੁਲਸ ਨੂੰ ਹੰਝੂ ਗੈਸ ਦੀ ਵਰਤੋਂ ਕਰਨ ਤੋਂ ਇਲਾਵਾ ਗੋਲੀ ਵੀ ਚਲਾਉਣੀ ਪਈ, ਜਿਸ ’ਚ ਇਕ ਔਰਤ ਸਮੇਤ 4 ਲੋਕਾਂ ਦੀ ਮੌਤ ਹੋ ਗਈ, ਜਦਕਿ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਕਈ ਦੰਗਾਕਾਰੀਆਂ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ। ਇਸ ਦੌਰਾਨ ਸੰਸਦ ਮੈਂਬਰਾਂ ਨੂੰ ਹੰਝੂ ਗੈਸ ਤੋਂ ਬਚਾਉਣ ਲਈ ਗੈਸ ਮਾਸਕ ਪਹਿਨਾਏ ਗਏ ਅਤੇ ਉਪ-ਰਾਸ਼ਟਰਪਤੀ ‘ਮਾਈਕ ਪੈਂਸ’ ਅਤੇ ਸੰਸਦ ਮੈਂਬਰਾਂ ਨੂੰ ਉਥੋਂ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਟਰੰਪ ਸਮਰਥਕਾਂ ਤੋਂ ਹਥਿਆਰ ਮਿਲਣ ਤੋਂ ਬਾਅਦ ਵਾਸ਼ਿੰਗਟਨ ’ਚ ਕਰਫਿਊ ਲਗਾ ਦਿੱਤਾ ਗਿਆ। ਇਸ ਦੇ ਬਾਵਜੂਦ ਵੱਡੀ ਗਿਣਤੀ ’ਚ ਟਰੰਪ ਸਮਰਥਕ ਕਰਫਿਊ ਤੋੜ ਕੇ ਸੜਕਾਂ ’ਤੇ ਨਿਕਲ ਆਏ, ਜਿਸ ਕਾਰਨ ਵਾਸ਼ਿੰਗਟਨ ’ਚ 15 ਦਿਨਾਂ ਦੇ ਲਈ ਐਮਰਜੈਂਸੀ ਲਗਾ ਦਿੱਤੀ ਗਈ ਹੈ। ਨਵੇਂ ਚੁਣੇ ਗਏ ਰਾਸ਼ਟਰਪਤੀ ‘ਜੋਅ ਬਾਈਡੇਨ’ ਨੂੰ ਚੋਣਾਂ ’ਚ 306 ਸੀਟਾਂ ਮਿਲੀਆਂ ਹਨ, ਜੋ ਬਹੁਮਤ ਲਈ ਜ਼ਰੂਰੀ 270 ਸੀਟਾਂ ਤੋਂ 36 ਸੀਟਾਂ ਵੱਧ ਹਨ ਅਤੇ ਉਹ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਰੂਪ ’ਚ ਸਹੁੰ ਚੁੱਕਣਗੇ।

ਕਾਰਜਕਾਲ ਦੇ ਆਖਰੀ ਦਿਨਾਂ ’ਚ ਟਰੰਪ ਵੱਲੋਂ ਕੀਤੀ ਗਈ ਲੋਕਤੰਤਰਿਕ ਕਦਰਾਂ-ਕੀਮਤਾਂ ਦੀ ਹੱਤਿਆ ਨੂੰ ਦੇਖ ਕੇ ਉਸ ਦੀ ਆਪਣੀ ਕੈਬਨਿਟ ਦੇ ਮੈਂਬਰ ਵੀ ਹੈਰਾਨ ਹਨ। ਇਹ ਮੈਂਬਰ ਹੁਣ ਟਰੰਪ ਨੂੰ ਸੰਵਿਧਾਨ ਦੀ 25ਵੀਂ ਸੋਧ ਦੇ ਤਹਿਤ ਅਯੋਗ ਠਹਿਰਾਅ ਕੇ ਉਨ੍ਹਾਂ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ‘ਟਰੰਪ ਨੂੰ’ ਅਹੁਦੇ ਤੋਂ ਹਟਾਉਣ ਦੀ ਚਰਚਾ ਕਰ ਰਹੇ ਹਨ। ਇਸ ਸੋਧ ਦੀਆਂ ਵਿਵਸਥਾਵਾਂ ਦੇ ਤਹਿਤ ਰਾਸ਼ਟਰਪਤੀ ਦੇ ਅਹੁਦੇ ਦੇ ਫਰਜ਼ਾਂ ਨੂੰ ਨਿਭਾਉਣ ’ਚ ਅਸਮਰੱਥ ਪਾਏ ਜਾਣ ’ਤੇ ਕੈਬਨਿਟ ਨੂੰ ਉੱਪ-ਰਾਸ਼ਟਰਪਤੀ ਅਤੇ ਰਾਸ਼ਟਰਪਤੀ ਨੂੰ ਹਟਾਉਣ ਦਾ ਅਧਿਕਾਰ ਦਿੱਤਾ ਗਿਆ ਹੈ।

ਦੁਨੀਆ ਭਰ ਦੇ ਨੇਤਾਵਾਂ ਨੇ ਟਰੰਪ ਦੇ ਇਸ ਆਚਰਨ ਨੂੰ ਸ਼ਰਮਨਾਕ ਅਤੇ ਨਿਰਾਸ਼ਾਜਨਕ ਕਰਾਰ ਦਿੱਤਾ ਹੈ ਅਤੇ ਡੋਨਾਲਡ ਟਰੰਪ ਆਪਣੇ ਪਿੱਛੇ ਸਿਆਸੀ ਗੁੰਡਾਗਰਦੀ ਦੀ ਇਕ ਖਤਰਨਾਕ ਵਿਰਾਸਤ ਛੱਡ ਕੇ ਜਾ ਰਹੇ ਹਨ। ਜਿਥੋਂ ਤਕ ਭਾਰਤ ਦਾ ਸਬੰਧ ਹੈ ਤਾਂ ਟਰੰਪ ਦੀ ਕਹਿਣੀ ਅਤੇ ਕਰਨੀ ’ਚ ਜ਼ਮੀਨ ਆਸਮਾਨ ਦਾ ਫਰਕ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਰਾਸ਼ਟਰਪਤੀ ਬਣਦੇ ਸਮੇਂ ਭਾਰਤੀ ਪੇਸ਼ੇਵਰਾਂ ਦੇ ਅਮਰੀਕਾ ਆਉਣ ਉੱਤੇ ਕੋਈ ਪਾਬੰਦੀ ਨਾ ਲਗਾਉਣ ਦੀ ਗੱਲ ਕਹੀ ਸੀ ਪਰ ਬਾਅਦ ’ਚ ਆਪਣੇ ਚੋਣਾਵੀ ਫਾਇਦੇ ਲਈ ਸਥਾਨਕ ਵੋਟਰਾਂ ਨੂੰ ਭਰਮਾਉਣ ਲਈ ਟਰੰਪ ਨੇ ਐੱਚ-1ਬੀ ਵੀਜ਼ਾ ਦੇ ਤਹਿਤ ਭਾਰਤੀ ਪ੍ਰੋਫੈਸ਼ਨਲਜ਼ ਦੇ ਅਮਰੀਕਾ ਆਉਣ ਉੱਤੇ ਰੋਕ ਲਗਾ ਦਿੱਤੀ , ਜੋ ਅਜੇ ਤੱਕ ਜਾਰੀ ਹੈ।

ਸਿਆਸੀ ਆਬਜ਼ਰਵਰਾਂ ਦੇ ਅਨੁਸਾਰ 6 ਜਨਵਰੀ ਦਾ ਦਿਨ ਅਮਰੀਕਾ ਦੇ ਇਤਿਹਾਸ ’ਚ ‘ਇਕ ਕਾਲੇ’ ਦਿਨ ਦੇ ਰੂਪ ’ਚ ਲਿਖਿਆ ਜਾਵੇਗਾ ਅਤੇ ਡੋਨਾਲਡ ਟਰੰਪ ਦੇ ਇਸ ਆਚਰਨ ਨੂੰ ‘ਲੋਕਤੰਤਰ ਦੀ ਹੱਤਿਆ’ ਦੇ ਬਰਾਬਰ ਦੱਸਿਆ ਜਾਵੇਗਾ।

–ਵਿਜੇ ਕੁਮਾਰ

Bharat Thapa

This news is Content Editor Bharat Thapa