ਸ਼੍ਰੀਨਗਰ ਸੈਂਟਰਲ ਜੇਲ ''ਚੋਂ ਅੱਤਵਾਦੀਆਂ ਦੇ ਤਬਾਦਲੇ ''ਵੱਖਵਾਦੀਆਂ ਦੇ ਪੇਟ ਵਿਚ ਮਰੋੜ''

03/02/2018 6:21:08 AM

ਦੇਸ਼ ਦੀਆਂ ਕੁਝ ਜੇਲਾਂ ਅਪਰਾਧੀਆਂ ਲਈ 'ਸੁਧਾਰ ਘਰ' ਦੀ ਬਜਾਏ 'ਵਿਗਾੜ ਘਰ' ਬਣ ਕੇ ਰਹਿ ਗਈਆਂ ਹਨ। ਇਨ੍ਹਾਂ ਵਿਚ ਨਿਯਮਾਂ, ਕਾਨੂੰਨਾਂ ਦੀ ਉਲੰਘਣਾ ਕਰਦਿਆਂ ਅਪਰਾਧੀਆਂ ਨੂੰ ਇਕ ਨਿਸ਼ਚਿਤ ਰਕਮ ਬਦਲੇ ਜੇਲਾਂ ਦੇ ਮੁਲਾਜ਼ਮਾਂ ਵਲੋਂ ਵੱਖ-ਵੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕੁਝ ਜੇਲਾਂ ਤਾਂ ਅੱਤਵਾਦੀਆਂ ਤੇ ਹੋਰ ਅਪਰਾਧੀ ਅਨਸਰਾਂ ਵਲੋਂ ਆਪਣੀਆਂ ਨਾਜਾਇਜ਼ ਸਰਗਰਮੀਆਂ ਚਲਾਉਣ ਦਾ ਅੱਡਾ ਬਣ ਕੇ ਰਹਿ ਗਈਆਂ ਹਨ।
ਇਨ੍ਹੀਂ ਦਿਨੀਂ ਸ਼੍ਰੀਨਗਰ ਦੀ ਸੈਂਟਰਲ ਜੇਲ ਚਰਚਾ ਵਿਚ ਹੈ, ਜਿਥੇ ਬੰਦ ਕਈ ਹਾਈ-ਪ੍ਰੋਫਾਈਲ ਅੱਤਵਾਦੀਆਂ ਨੇ ਸਥਾਨਕ ਲੋਕਾਂ ਦੇ ਸੰਪਰਕ ਨਾਲ ਇਕ ਸਾਮਾਨਾਂਤਰ ਪ੍ਰਸ਼ਾਸਨਿਕ ਢਾਂਚਾ ਖੜ੍ਹਾ ਕੀਤਾ ਹੋਇਆ ਹੈ। ਇਸ ਬਾਰੇ ਸੂਬਾਈ ਪੁਲਸ ਦੀ ਸੀ. ਆਈ. ਡੀ. ਬ੍ਰਾਂਚ ਦੀ ਇਕ ਰਿਪੋਰਟ ਪਿਛਲੇ ਸਾਲ ਚੀਫ ਸੈਕਟਰੀ (ਗ੍ਰਹਿ) ਰਾਜ ਕੁਮਾਰ ਗੋਇਲ ਨੂੰ ਭੇਜੀ ਗਈ ਸੀ, ਜਿਸ ਵਿਚ ਜੇਲ ਅੰਦਰ ਸਖਤ ਚੌਕਸੀ ਰੱਖਣ ਦੀ ਮੰਗ ਕੀਤੀ ਗਈ ਸੀ।
ਰਿਪੋਰਟ ਅਨੁਸਾਰ, ''ਸ਼੍ਰੀਨਗਰ ਸੈਂਟਰਲ ਜੇਲ ਕਸ਼ਮੀਰ ਵਿਚ ਸਰਗਰਮ ਅੱਤਵਾਦੀਆਂ ਦੇ ਨਾਲ-ਨਾਲ ਸਰਹੱਦ ਪਾਰ ਬੈਠੇ ਅੱਤਵਾਦੀਆਂ ਲਈ ਵੀ ਬਹੁਤ ਅਹਿਮ ਹੈ ਅਤੇ ਜੇਲ ਵਿਚ ਬੰਦ ਅੱਤਵਾਦੀਆਂ ਦੀ ਸਹਿਮਤੀ ਤੋਂ ਬਾਅਦ ਹੀ ਕਸ਼ਮੀਰ ਵਿਚ ਕਿਸੇ ਨੌਜਵਾਨ ਨੂੰ ਅੱਤਵਾਦੀ ਗਿਰੋਹ ਵਿਚ ਭਰਤੀ ਕੀਤਾ ਜਾਂਦਾ ਹੈ।''
''ਇਥੇ ਜੇਹਾਦ ਬਾਰੇ ਲੈਕਚਰ ਦਿੱਤੇ ਜਾਂਦੇ ਹਨ ਅਤੇ ਧਰਮ ਦੇ ਮੂਲ ਸਿਧਾਂਤਾਂ ਨੂੰ ਇਕ ਪਾਸੇ ਰੱਖ ਕੇ ਕੱਟੜਵਾਦ ਦੇ ਪਹਿਲੂਆਂ 'ਤੇ ਜ਼ੋਰ ਦਿੱਤਾ ਜਾਂਦਾ ਹੈ, ਜਿਨ੍ਹਾਂ ਦਾ ਖਾਸ ਤੌਰ 'ਤੇ ਨੌਜਵਾਨਾਂ 'ਤੇ ਮਨੋਵਿਗਿਆਨਕ ਅਸਰ ਪੈਂਦਾ ਹੈ। ਅੱਤਵਾਦ ਜਾਂ ਵੱਖਵਾਦ ਦੇ ਦੋਸ਼ ਹੇਠ ਗ੍ਰਿਫਤਾਰ ਲੋਕਾਂ ਨਾਲ ਕੈਦੀ ਬਹੁਤ ਸਨਮਾਨ ਨਾਲ ਪੇਸ਼ ਆਉਂਦੇ ਹਨ।''
ਇਸ ਸਾਲ 6 ਫਰਵਰੀ ਨੂੰ ਸ਼੍ਰੀਨਗਰ ਜੇਲ ਵਿਚ ਬੰਦ ਲਸ਼ਕਰ ਅੱਤਵਾਦੀ 'ਨਾਵੀਦ ਜੱਟ' ਨੂੰ ਸ਼੍ਰੀਨਗਰ ਦੇ ਹਸਪਤਾਲ ਵਿਚੋਂ ਅੱਤਵਾਦੀਆਂ ਵਲੋਂ ਛੁਡਾ ਕੇ ਲਿਜਾਣ ਤੋਂ ਬਾਅਦ ਹਟਾਏ ਗਏ ਸਾਬਕਾ ਜੇਲ ਮਹਾਨਿਰਦੇਸ਼ਕ ਐੱਸ. ਕੇ. ਮਿਸ਼ਰਾ ਨੇ ਕਿਹਾ ਸੀ ਕਿ ਉਹ ਇਸ ਮੁੱਦੇ 'ਤੇ ਲੰਮੇ ਸਮੇਂ ਤੋਂ ਚਾਨਣਾ ਪਾ ਰਹੇ ਸਨ। ਉਨ੍ਹਾਂ ਨੇ ਸੂਬੇ ਦੇ ਗ੍ਰਹਿ ਵਿਭਾਗ ਅਤੇ ਪੁਲਸ ਦੇ ਸਾਬਕਾ ਮਹਾਨਿਰਦੇਸ਼ਕ (ਕਸ਼ਮੀਰ) ਮੁਨੀਰ ਖਾਨ ਨੂੰ ਕਈ ਚਿੱਠੀਆਂ ਵਿਚ ਜੇਲ ਦੀ ਪੂਰੀ ਤਲਾਸ਼ੀ ਲੈਣ ਲਈ ਕਿਹਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ।
ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਨੇ ਜੇਲ ਦੀ ਖਰਾਬ ਬਨਾਵਟ ਦਾ ਮੁੱਦਾ ਵੀ ਉਠਾਇਆ ਸੀ, ਜਿਸ ਕਾਰਨ ਕੈਦੀਆਂ ਦੇ ਸਹੀ ਵਰਗੀਕਰਨ ਵਿਚ ਮੁਸ਼ਕਲ ਆਉਂਦੀ ਹੈ ਅਤੇ ਹਾਈ-ਪ੍ਰੋਫਾਈਲ ਕੈਦੀਆਂ ਨੂੰ ਵੱਖ ਰੱਖਣਾ ਅਸੰਭਵ ਜਿਹਾ ਹੈ। ਜੇਲ ਵਿਚ ਲਗਭਗ 300 ਅਣ-ਅਧਿਕਾਰਤ ਮੋਬਾਈਲ ਫੋਨਾਂ ਦੀ ਵਰਤੋਂ ਖਤਰੇ ਨੂੰ ਹੋਰ ਵਧਾ ਰਹੀ ਹੈ। ਮੋਬਾਈਲ ਜੈਮਰ ਕੰਮ ਨਹੀਂ ਕਰ ਰਹੇ ਹਨ ਅਤੇ ਸਿਗਨਲ ਜਾਂ ਮੋਬਾਈਲ ਫੋਨਾਂ ਨੂੰ ਰੋਕਣ ਵਿਚ ਸਫਲ ਨਹੀਂ ਹੋ ਰਹੇ।
ਫਿਲਹਾਲ 6 ਫਰਵਰੀ ਨੂੰ ਸ਼੍ਰੀਨਗਰ ਦੇ ਹਸਪਤਾਲ 'ਚੋਂ ਅੱਤਵਾਦੀ 'ਨਾਵੀਦ' ਦੇ ਫਰਾਰ ਹੋਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬਾ ਸਰਕਾਰ ਨੂੰ ਜੇਲਾਂ ਦੇ ਸੁਰੱਖਿਆ ਪ੍ਰਬੰਧਾਂ ਦੀ ਪੂਰੀ ਤਰ੍ਹਾਂ ਸਮੀਖਿਆ ਕਰਨ ਅਤੇ ਕੈਦੀਆਂ ਨੂੰ ਦੂਜੀਆਂ ਜੇਲਾਂ ਵਿਚ ਭੇਜਣ ਲਈ ਕਿਹਾ।
ਇਸ ਨੇ ਸ਼੍ਰੀਨਗਰ ਦੀ ਜੇਲ ਲਈ 6 ਚਿਰਸਥਾਈ ਤੇ 23 ਥੋੜ੍ਹਚਿਰੇ ਕਦਮਾਂ ਦਾ ਵੇਰਵਾ ਵੀ ਤਿਆਰ ਕੀਤਾ, ਜਿਨ੍ਹਾਂ ਵਿਚ ਵੱਖਵਾਦੀਆਂ, ਪਾਕਿਸਤਾਨੀ ਤੇ ਕਸ਼ਮੀਰੀ ਅੱਤਵਾਦੀ ਨੂੰ ਹੋਰਨਾਂ ਕੈਦੀਆਂ ਨਾਲੋਂ ਅੱਡ ਰੱਖਣਾ ਵੀ ਸ਼ਾਮਲ ਹੈ।
ਇਸੇ ਕੜੀ ਵਿਚ 'ਨਾਵੀਦ' ਦੇ ਫਰਾਰ ਹੋਣ ਤੋਂ ਬਾਅਦ ਸ਼੍ਰੀਨਗਰ ਸੈਂਟਰਲ ਜੇਲ ਵਿਚ ਬੰਦ 40 ਖੂੰਖਾਰ ਅੱਤਵਾਦੀਆਂ ਤੇ ਉਨ੍ਹਾਂ ਨਾਲ ਹਮਦਰਦੀ ਰੱਖਣ ਵਾਲਿਆਂ ਨੂੰ 27 ਫਰਵਰੀ ਨੂੰ ਵਾਦੀ ਤੋਂ ਬਾਹਰ ਦੂਜੀਆਂ ਜੇਲਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚ 2003 'ਚ ਨਦੀਮਰਗ ਵਿਖੇ 24 ਕਸ਼ਮੀਰੀ ਪੰਡਿਤਾਂ ਦੀ ਹੱਤਿਆ ਵਿਚ ਸ਼ਾਮਲ ਇਕ ਪਾਕਿਸਤਾਨੀ ਨਾਗਰਿਕ 'ਜ਼ਿਆ ਮੁਸਤਫਾ' ਵੀ ਸ਼ਾਮਲ ਹੈ।
ਵੱਖਵਾਦੀਆਂ ਨੇ ਇਨ੍ਹਾਂ ਦੇ ਤਬਾਦਲੇ ਵਿਰੁੱਧ ਰੋਸ ਪ੍ਰਗਟਾਇਆ ਹੈ। 27 ਫਰਵਰੀ ਨੂੰ ਹੀ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇ. ਕੇ. ਐੱਲ. ਐੱਫ.) ਦੇ ਚੇਅਰਮੈਨ ਯਾਸੀਨ ਮਲਿਕ ਦੀ ਅਗਵਾਈ ਹੇਠ ਦਰਜਨਾਂ ਲੋਕਾਂ ਨੇ ਸੂਬੇ ਦੇ ਅੰਦਰ ਅਤੇ ਬਾਹਰ ਜੇਲਾਂ ਵਿਚ ਬੰਦ ਕਸ਼ਮੀਰੀ 'ਸਿਆਸੀ ਕੈਦੀਆਂ' ਦੀ ਦਸ਼ਾ ਵੱਲ ਧਿਆਨ ਦਿਵਾਉਣ ਲਈ ਜਾਮਾ ਮਸਜਿਦ ਦੇ ਬਾਹਰ ਧਰਨਾ ਦਿੱਤਾ ਜਦਕਿ ਸਈਦ ਅਲੀ ਗਿਲਾਨੀ ਅਤੇ ਮੀਰਵਾਇਜ਼ ਉਮਰ ਫਾਰੂਕ ਨੇ ਟੈਲੀਫੋਨ ਦੇ ਜ਼ਰੀਏ ਲੋਕਾਂ ਨੂੰ ਸੰਬੋਧਨ ਕੀਤਾ।
ਅੱਤਵਾਦੀਆਂ ਨੂੰ ਸ਼੍ਰੀਨਗਰ ਜੇਲ ਤੋਂ ਦੂਜੀ ਸੁਰੱਖਿਅਤ ਜੇਲ ਵਿਚ ਤਬਦੀਲ ਕਰਨ 'ਤੇ ਉਨ੍ਹਾਂ ਨਾਲ ਹਮਦਰਦੀ ਰੱਖਣ ਵਾਲੇ ਵੱਖਵਾਦੀਆਂ ਵਲੋਂ ਇਸ 'ਤੇ ਰੋਸ ਪ੍ਰਗਟਾਉਣਾ ਬਿਲਕੁਲ ਸਹੀ ਹੀ ਹੈ ਕਿਉਂਕਿ ਹੁਣ ਇਹ ਅੱਤਵਾਦੀ ਜੇਲ ਵਿਚੋਂ ਭੱਜ ਨਹੀਂ ਸਕਣਗੇ।
ਮਾੜੇ ਪ੍ਰਬੰਧਾਂ ਦੀ ਸ਼ਿਕਾਰ ਸ਼੍ਰੀਨਗਰ ਜੇਲ 'ਚ ਬੰਦ ਅੱਤਵਾਦੀਆਂ ਨੂੰ ਸੁਰੱਖਿਅਤ ਜੇਲਾਂ ਵਿਚ ਤਬਦੀਲ ਕਰਨ ਦਾ ਕੇਂਦਰੀ ਗ੍ਰਹਿ ਮੰਤਰਾਲੇ ਦਾ ਫੈਸਲਾ ਸ਼ਲਾਘਾਯੋਗ ਹੈ ਜੋ ਬਹੁਤ ਪਹਿਲਾਂ ਲਿਆ ਜਾਣਾ ਚਾਹੀਦਾ ਸੀ।
ਇਸ ਸਮੇਂ ਜਦੋਂ ਫੌਜ ਤੇ ਕੇਂਦਰ ਸਰਕਾਰ ਸਰਹੱਦ ਪਾਰੋਂ ਅੱਤਵਾਦ ਵਿਰੁੱਧ ਸਖਤ ਸਟੈਂਡ ਲੈ ਰਹੀ ਹੈ, ਐੱਨ. ਆਈ. ਏ. ਵਲੋਂ ਕਾਰਵਾਈ ਤੋਂ ਬਾਅਦ ਵੱਖਵਾਦੀਆਂ ਨੂੰ ਵਿਦੇਸ਼ਾਂ ਤੋਂ ਪੈਸਾ ਆਉਣ 'ਤੇ ਵੀ ਕੁਝ ਰੋਕ ਲੱਗੀ ਹੈ, ਜਿਸ ਨਾਲ ਪੱਥਰਬਾਜ਼ੀ 'ਚ ਵੀ ਕਮੀ ਆਈ ਹੈ, ਲਿਹਾਜ਼ਾ ਦੂਜੀਆਂ ਜੇਲਾਂ ਵਿਚ ਵੀ ਹਾਲਾਤ ਅਜਿਹੇ ਹੋਰ ਕਦਮ ਚੁੱਕਣ ਦੀ ਮੰਗ ਕਰਦੇ ਹਨ।                                                  
-ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra