‘ਰੱਖੜੀ ’ਤੇ ਕਈ ਭੈਣਾਂ ਦੀ ਦੁਖਦਾਈ ਮੌਤ’ ‘ਸੁੰਨੇ ਰਹਿ ਗਏ ਕਈ ਭਰਾਵਾਂ ਦੇ ਗੁੱਟ’

09/01/2023 4:48:03 AM

ਭਰਾ-ਭੈਣ ਦੇ ਪਿਆਰ ਦਾ ਪੁਰਬ ਰੱਖੜੀ ਖੁਸ਼ੀ ਦਾ ਪੁਰਬ ਹੈ ਪਰ ਇਸੇ ਦਿਨ ਕੁਝ ਅਜਿਹੀਆਂ ਦੁਖਦਾਈ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਸਬੰਧਤ ਪਰਿਵਾਰਾਂ ’ਚ ਸੋਗ ਦੀ ਲਹਿਰ ਦੌੜਾ ਦਿੱਤੀ ਅਤੇ ਕਈ ਭੈਣਾਂ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹੇ ਬਿਨਾਂ ਹੀ ਦੁਨੀਆ ਤੋਂ ਵਿਦਾ ਹੋ ਗਈਆਂ।

* 30 ਅਗਸਤ ਨੂੰ ਨੋਇਡਾ ਤੋਂ ਆਪਣੀ ਭੈਣ, ਜੀਜਾ ਤੇ ਉਨ੍ਹਾਂ ਦੇ 2 ਬੱਚਿਆਂ ਨਾਲ ਲੁਧਿਆਣਾ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਬੇਬੀ (20) ਨਾਂ ਦੀ ਕੁੜੀ ਉਲਟੀ ਆ ਜਾਣ ’ਤੇ ਜਦੋਂ ਬੱਸ ਦੀ ਖਿੜਕੀ ’ਚੋਂ ਸਿਰ ਬਾਹਰ ਕੱਢ ਕੇ ਉਲਟੀ ਕਰਨ ਲੱਗੀ ਤਾਂ ਅਚਾਨਕ ਪਿੱਛੋਂ ਆ ਰਿਹਾ ਇਕ ਟੈਂਪੂ ਉਸ ਦੇ ਚਿਹਰੇ ਨੂੰ ਰਗੜਦਾ ਹੋਇਆ ਨਿਕਲ ਗਿਆ ਜਿਸ ਦੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ।

* 30 ਅਗਸਤ ਨੂੰ ਹੀ ਲੁਧਿਆਣਾ ’ਚ ਭਰਾ ਦੇ ਘਰ ਰੱਖੜੀ ਬੰਨ੍ਹਣ ਜਾ ਰਹੀ ਔਰਤ ਨੂੰ ਲਿੰਕ ਰੋਡ ’ਤੇ ਟੱਕਰ ਮਾਰ ਕੇ ਇਕ ਟਰੱਕ ਉਸ ਦੀ ਲੱਤ ਦੇ ਉਪਰੋਂ ਲੰਘ ਗਿਆ, ਜਿਸ ਨਾਲ ਉਹ ਗੰਭੀਰ ਤੌਰ ’ਤੇ ਜ਼ਖਮੀ ਹੋ ਗਈ।

* 30 ਅਗਸਤ ਨੂੰ ਹੀ ਕਾਨਪੁਰ (ਉੱਤਰ ਪ੍ਰਦੇਸ਼) ’ਚ 4 ਭਰਾਵਾਂ ਦੀ ਇਕੱਲੀ ਭੈਣ ਆਰਤੀ ਨੂੰ ਉਸ ਦਾ ਵੱਡਾ ਭਰਾ ਰੱਖੜੀ ਬੰਨ੍ਹਵਾਉਣ ਲਈ ਉਸ ਦੇ ਸਹੁਰਿਓਂ ਆਪਣੇ ਪਿੰਡ ਲੈ ਕੇ ਜਾ ਰਿਹਾ ਸੀ ਕਿ ਰਸਤੇ ’ਚ ਉਨ੍ਹਾਂ ਦਾ ਮੋਟਰਸਾਈਕਲ ਸਪੀਡ ਬ੍ਰੇਕਰ ਨਾਲ ਟਕਰਾ ਕੇ ਉਛਲ ਗਿਆ ਅਤੇ ਆਰਤੀ ਸਿਰ ਦੇ ਭਾਰ ਸੜਕ ’ਤੇ ਜਾ ਡਿੱਗੀ ਅਤੇ ਜ਼ਖਮਾਂ ਦੀ ਤਾਬ ਨਾ ਸਹਿਣ ਕਾਰਨ ਉਸ ਦੀ ਮੌਤ ਹੋ ਗਈ।

* 30 ਅਗਸਤ ਨੂੰ ਹੀ ਪੂਰਨੀਆ (ਬਿਹਾਰ) ’ਚ ਆਪਣੇ ਜਵਾਈ ਨਾਲ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਮੋਟਰਸਾਈਕਲ ’ਤੇ ਦੂਜੇ ਪਿੰਡ ਜਾ ਰਹੀ ਮਹਿਲਾ ਸ਼ਾਂਤੀ ਦੇਵੀ ਨੂੰ ਤੇਜ਼ ਰਫਤਾਰ ਟਰੱਕ ਨੇ ਪਿੱਛਿਓਂ ਟੱਕਰ ਮਾਰ ਿਦੱਤੀ ਜਿਸ ਨਾਲ ਉਸ ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ।

* 30 ਅਗਸਤ ਨੂੰ ਹੀ ਅਯੁੱਧਿਆ (ਉੱਤਰ ਪ੍ਰਦੇਸ਼) ’ਚ ਸ਼ੋਭਾ ਮੌਰਿਆ ਨਾਂ ਦੀ ਮਹਿਲਾ ਮੋਟਰਸਾਈਕਲ ’ਤੇ ਆਪਣੇ ਪਤੀ, ਬੇਟੀ ਅਤੇ ਭਾਣਜੇ ਨਾਲ ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਸੀ ਕਿ ਪਿੱਛਿਓਂ ਇਕ ਟਰੱਕ ਨੇ ਆ ਕੇ ਉਨ੍ਹਾਂ ਨੂੰ ਟੱਕਰ ਮਾਰ ਿਦੱਤੀ, ਜਿਸ ਦੇ ਨਤੀਜੇ ਵਜੋਂ ਸ਼ੋਭਾ ਅਤੇ ਉਸ ਦੇ ਭਾਣਜੇ ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ।

* 30 ਅਗਸਤ ਨੂੰ ਹੀ ਕਾਨਪੁਰ (ਉੱਤਰ ਪ੍ਰਦੇਸ਼) ਦੇ ਹਸਵਾ ਪਿੰਡ ’ਚ ਪੇਕੇ ਜਾਣ ਤੋਂ ਰੋਕਣ ’ਤੇ ਪਤੀ-ਪਤਨੀ ’ਚ ਝਗੜਾ ਹੋ ਗਿਆ, ਜਿਸ ਤੋਂ ਅਸ਼ਾਂਤ ਹੋ ਕੇ ਔਰਤ ਨੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ।

* 30 ਅਗਸਤ ਨੂੰ ਹੀ ਬਾਨਸੁਰ (ਰਾਜਸਥਾਨ) ’ਚ ਆਪਣੇ ਪਤੀ ਨਾਲ ਮੋਟਰਸਾਈਕਲ ’ਤੇ ਆਪਣੇ ਭਰਾ ਨੂੰ ਪੇਕੇ ਰੱਖੜੀ ਬੰਨ੍ਹਣ ਜਾ ਰਹੀ ਔਰਤ ਲੀਲਾਦੇਵੀ ਨੂੰ ਸਾਹਮਣਿਓਂ ਆ ਰਹੇ ਤੇਜ਼ ਰਫਤਾਰ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦੀ ਜਾਨ ਚਲੀ ਗਈ।

* 30 ਅਗਸਤ ਨੂੰ ਹੀ ਮੁੰਗੇਰ (ਬਿਹਾਰ) ’ਚ ਨੇਹਾ ਰਾਣੀ ਨਾਂ ਦੀ ਲੜਕੀ ਆਪਣੇ ਚਚੇਰੇ ਭਰਾ ਨਾਲ ਮੋਟਰਸਾਈਕਲ ’ਤੇ ਰੱਖੜੀ ਖਰੀਦਣ ਬਾਜ਼ਾਰ ਗਈ ਅਤੇ ਰਸਤੇ ’ਚ ਇਕ ਟਰੱਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਪਿੱਛਿਓਂ ਜ਼ੋਰਦਾਰ ਟੱਕਰ ਮਾਰ ਿਦੱਤੀ ਜਿਸ ਨਾਲ ਨੇਹਾ ਰਾਣੀ ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਭਰਾ ਨੂੰ ਗੰਭੀਰ ਜ਼ਖਮੀ ਹਾਲਤ ’ਚ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ।

* 31 ਅਗਸਤ ਨੂੰ ਸੰਭਲ (ਉੱਤਰ ਪ੍ਰਦੇਸ਼) ਦੇ ਕਾਦਰਾਬਾਦ ’ਚ ਪਤੀ ਤੇ ਇਕ ਸਾਲ ਦੇ ਬੇਟੇ ਨਾਲ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹਣ ਜਾ ਰਹੀ ਔਰਤ ਨਾਲ ਉਸ ਸਮੇਂ ਦਰਦਨਾਕ ਹਾਦਸਾ ਹੋ ਗਿਆ, ਜਦ ਪਿੱਛਿਓਂ ਆ ਰਹੇ ਇਕ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਨਾਲ ਔਰਤ ਤੇ ਉਸ ਦੇ ਬੇਟੇ ਦੀ ਮੌਤ ਹੋ ਗਈ ਅਤੇ ਪਤੀ ਗੰਭੀਰ ਜ਼ਖਮੀ ਹੋ ਗਿਆ।

* 31 ਅਗਸਤ ਨੂੰ ਹੀ ਮੈਨਪੁਰੀ (ਉੱਤਰ ਪ੍ਰਦੇਸ਼) ’ਚ ਪਤੀ ਨਾਲ ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਔਰਤ ਮੋਟਰਸਾਈਕਲ ਬੇਕਾਬੂ ਹੋ ਜਾਣ ਕਾਰਨ ਖੱਡੇ ’ਚ ਜਾ ਡਿੱਗੀ, ਜਿਸ ਨਾਲ ਉਸ ਦੀ ਮੌਤ ਹੋ ਗਈ ਜਦਕਿ ਉਸ ਦਾ ਪਤੀ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ।

* 31 ਅਗਸਤ ਨੂੰ ਹੀ ਫਤਿਹਪੁਰ (ਉੱਤਰ ਪ੍ਰਦੇਸ਼) ’ਚ ਰੱਖੜੀ ’ਤੇ ਆਪਣੇ ਬੇਟੇ ਨਾਲ ਮੋਟਰਸਾਈਕਲ ’ਤੇ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ 60 ਸਾਲਾ ਸ਼ਿਵਕਲੀ ਦੀ ਦੂਜੇ ਮੋਟਰਸਾਈਕਲ ਨਾਲ ਟੱਕਰ ਦੇ ਸਿੱਟੇ ਵਜੋਂ ਦਰਦਨਾਕ ਮੌਤ ਹੋ ਗਈ, ਜਦਕਿ ਉਸ ਦਾ ਬੇਟਾ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ।

* 31 ਅਗਸਤ ਨੂੰ ਹੀ ਸ਼ਾਹਜਹਾਂਪੁਰ ਦੇ ਜਲਾਲਾਬਾਦ ਖੇਤਰ ’ਚ ਪਿੰਡ ਮਾਲੂਪੁਰ ਦੇ ਨੇੜੇ ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਔਰਤ ਜਯੋਤੀ ਸ਼ਰਮਾ ਸੜਕ ’ਤੇ ਅਚਾਨਕ ਖੱਡਾ ਆ ਜਾਣ ’ਤੇ ਮੋਟਰਸਾਈਕਲ ਤੋਂ ਉੱਛਲ ਕੇ ਸੜਕ ’ਤੇ ਜਾ ਡਿੱਗੀ ਅਤੇ ਘਟਨਾ ਵਾਲੀ ਥਾਂ ’ਤੇ ਹੀ ਉਸ ਦੀ ਮੌਤ ਹੋ ਗਈ।

ਇਹ ਘਟਨਾਵਾਂ ਦੁਖਦਾਈ ਹਨ, ਜਿਨ੍ਹਾਂ ਦੀ ਸੱਟ ਤੋਂ ਉਭਰਨ ’ਚ ਸਬੰਧਤ ਪਰਿਵਾਰਾਂ ਨੂੰ ਸਮਾਂ ਲੱਗੇਗਾ। ਇਨ੍ਹਾਂ ਦੇ ਪਿੱਛੇ ਕੁਝ ਲੋਕਾਂ ਦੀਆਂ ਗਲਤੀਆਂ ਵੀ ਹੋਣਗੀਆਂ ਪਰ ਇਨ੍ਹਾਂ ਨੂੰ ਵਿਧੀ ਦਾ ਵਿਧਾਨ ਕਹਿ ਕੇ ਹੀ ਕਿਸਮਤ ਨੂੰ ਸਵੀਕਾਰ ਕਰਨਾ ਪਵੇਗਾ।

ਅਸੀਂ ਪ੍ਰਭੂ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਅਗਲੇ ਸਾਲ ਆਉਣ ਵਾਲੇ ਰੱਖੜੀ ਦੇ ਪੁਰਬ ’ਤੇ ਅਜਿਹਾ ਕੁਝ ਨਾ ਹੋਵੇ ਅਤੇ ਸਾਡੀਆਂ ਭੈਣਾਂ ਅਤੇ ਭਰਾ ਸਾਰੇ ਸੁਰੱਖਿਅਤ ਰਹਿਣ।

- ਵਿਜੇ ਕੁਮਾਰ

Anmol Tagra

This news is Content Editor Anmol Tagra