‘ਸਿੱਖੀ’ ਨੂੰ ਉਤਸ਼ਾਹ ਦੇਣ ਲਈ ‘ਪੰਜਾਬੀ ਭਾਸ਼ਾ ਦਾ ਵਿਕਾਸ ਜ਼ਰੂਰੀ’

06/26/2019 6:32:52 AM

ਅੱਜ ਦੇ ਨੌਜਵਾਨਾਂ ’ਚ ਵਿਦੇਸ਼ ਜਾਣ ਦਾ ਕ੍ਰੇਜ਼ ਬਹੁਤ ਵਧ ਗਿਆ ਹੈ। ਮਾਂ-ਬਾਪ ਦੀ ਵੀ ਇਹੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਅੰਗਰੇਜ਼ੀ ਪੜ੍ਹ-ਲਿਖ ਕੇ ਯੋਗ ਬਣਨ ਅਤੇ ਵਿਦੇਸ਼ ਜਾ ਸਕਣ। ਇਸੇ ਲਈ ਜ਼ਿਆਦਾਤਰ ਲੋਕਾਂ ਦਾ ਰੁਝਾਨ ਆਪਣੇ ਬੱਚਿਆਂ ਨੂੰ ਅੰਗਰੇਜ਼ੀ ’ਚ ਨਿਪੁੰਨ ਕਰਨ ਵੱਲ ਹੋ ਗਿਆ ਹੈ।

ਇਸੇ ਕਾਰਣ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੀ ਬਜਾਏ ਅੰਗਰੇਜ਼ੀ ਮਾਧਿਅਮ ਦੇ ਸਕੂਲਾਂ ’ਚ ਹੀ ਪੜ੍ਹਾਉਣਾ ਅਤੇ ਅੰਗਰੇਜ਼ੀ ਵਿਚ ਨਿਪੁੰਨ ਬਣਾਉਣ ਨੂੰ ਪਹਿਲ ਦੇਣ ਲੱਗੇ ਹਨ।

ਅੱਜ ਦੇ ਨੌਜਵਾਨ ਇਸੇ ਕਾਰਣ ਆਪਣੀ ਮਾਤ-ਭਾਸ਼ਾ ਤੋਂ ਦੂਰ ਹੋ ਰਹੇ ਹਨ। ਇਸੇ ਲਈ ਅੱਜ ਜ਼ਿਆਦਾਤਰ ਸਥਾਨਕ ਭਾਸ਼ਾਵਾਂ ਦੀਆਂ ਕਿਤਾਬਾਂ-ਰਸਾਲਿਆਂ ਆਦਿ ਦੀ ਵਿਕਰੀ ਘੱਟ ਹੁੰਦੀ ਜਾ ਰਹੀ ਹੈ ਅਤੇ ਜੇਕਰ ਭਾਸ਼ਾਈ ਲੇਖਕ ਆਪਣੀ ਕਿਤਾਬ ਛਪਵਾਉਣਾ ਚਾਹੁਣ ਤਾਂ ਉਨ੍ਹਾਂ ਨੂੰ ਆਪਣੇ ਪੱਲਿਓਂ ਹੀ ਪੈਸੇ ਖਰਚ ਕਰਨੇ ਪੈਂਦੇ ਹਨ।

ਮਾਤ-ਭਾਸ਼ਾ ਪ੍ਰਤੀ ਵਧ ਰਹੀ ਉਦਾਸੀਨਤਾ ਅਤੇ ਅਣਜਾਣਤਾ ਕਾਰਣ ਬੱਚੇ ਆਪਣੇ ਧਰਮ ਤੋਂ ਵੀ ਬੇਮੁੱਖ ਹੋ ਰਹੇ ਹਨ, ਜਿਸ ’ਚ ਪੰਜਾਬੀ ਵੀ ਸ਼ਾਮਿਲ ਹੈ। ਇਸੇ ਨੂੰ ਦੇਖਦੇ ਹੋਏ ‘ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਨਾਲ ਹੀ ‘ਸਿੱਖੀ’ ਨੂੰ ਉਤਸ਼ਾਹ ਦਿੱਤਾ ਜਾ ਸਕਦਾ ਹੈ।

ਨਵੀਂ ਦਿੱਲੀ ’ਚ ਕਰੋਲ ਬਾਗ ਦੇ ਗੁਰਦੁਆਰਾ ਸਿੰਘ ਸਭਾ ’ਚ ਆਯੋਜਿਤ ਇਕ ਸਮਾਰੋਹ ’ਚ ਬੋਲਦੇ ਹੋਏ ਉਨ੍ਹਾਂ ਨੇ ਕਿਹਾ, ‘‘ਅੱਜ ਜਦੋਂ ਨਵੀਂ ਪੀੜ੍ਹੀ ਪੰਜਾਬੀ ਭਾਸ਼ਾ ਤੋਂ ਦੂਰ ਹੁੰਦੀ ਜਾ ਰਹੀ ਹੈ ਤਾਂ ਇਸ ਹਾਲਤ ’ਚ ਪੰਜਾਬੀ ਭਾਸ਼ਾ ਦਾ ਵਿਕਾਸ ਕਰ ਕੇ ਹੀ ‘ਸਿੱਖੀ’ ਨੂੰ ਉਤਸ਼ਾਹ ਦਿੱਤਾ ਜਾ ਸਕਦਾ ਹੈ ਅਤੇ ਨਵੀਂ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਿਆ ਜਾ ਸਕਦਾ ਹੈ।’’

ਉਨ੍ਹਾਂ ਨੇ ਇਹ ਵੀ ਕਿਹਾ, ‘‘ਜੇਕਰ ਸਾਡੇ ਬੱਚੇ ਗੁਰਮੁਖੀ ਨੂੰ ਭੁੱਲ ਜਾਣਗੇ ਤਾਂ ਉਹ ਆਪਣੇ ਇਤਿਹਾਸ ਨੂੰ ਭੁੱਲ ਜਾਣਗੇ ਅਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਇਲਾਹੀ ਬਾਣੀ ਨੂੰ ਪੜ੍ਹਨ ਅਤੇ ਸਮਝਣ ਦੇ ਸਮਰੱਥ ਨਹੀਂ ਹੋਣਗੇ। ਇਸ ਲਈ ਸਾਡਾ ਫਰਜ਼ ਹੈ ਕਿ ਪੰਜਾਬੀ ਭਾਸ਼ਾ ਦਾ ਵੱਧ ਤੋਂ ਵੱਧ ਪ੍ਰਚਾਰ-ਪ੍ਰਸਾਰ ਕੀਤਾ ਜਾਵੇ।’’

‘ਸਿੱਖੀ’ ਦੇ ਪ੍ਰਚਾਰ ਲਈ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਲੋੜ ਦੇ ਸਬੰਧ ’ਚ ਸ਼੍ਰੀ ਸਿਰਸਾ ਵਲੋਂ ਪ੍ਰਗਟ ਵਿਚਾਰ ਬਿਲਕੁਲ ਸਹੀ ਹਨ। ਇਸ ਲਈ ਸਾਡੀ ਸਾਰੇ ਬੱਚਿਆਂ ਦੇ ਸਰਪ੍ਰਸਤਾਂ ਨੂੰ ਇਹ ਸਲਾਹ ਹੈ ਕਿ ਬੇਸ਼ੱਕ ਉਹ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਣ ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਤੋਂ ਦੂਰ ਨਾ ਹੋਣ ਦੇਣ ਕਿਉਂਕਿ ਜੇਕਰ ਉਹ ਆਪਣੀ ਮਾਤ-ਭਾਸ਼ਾ ਤੋਂ ਬੇਮੁੱਖ ਹੋ ਜਾਣਗੇ ਤਾਂ ਫਿਰ ਉਨ੍ਹਾਂ ਨੂੰ ਧਰਮ ਤੋਂ ਵੀ ਬੇਮੁੱਖ ਹੋਣ ’ਚ ਦੇਰ ਨਹੀਂ ਲੱਗੇਗੀ।

–ਵਿਜੇ ਕੁਮਾਰ
 


Bharat Thapa

Content Editor

Related News