ਲੁੱਟ ਤੋਂ ਬਚਣ ਲਈ ਦੱਖਣੀ ਕਸ਼ਮੀਰ ਦੇ ਦੋ ਜ਼ਿਲਿਆਂ ''ਚ ਬੈਂਕ ''ਬੰਦ'' ਰੱਖਣ ਦਾ ਹੁਕਮ

05/07/2017 2:58:45 AM

ਜਿੱਥੇ ਪਾਕਿਸਤਾਨ ਨੇ ਆਪਣੇ ਜਨਮ ਦੇ ਸਮੇਂ ਤੋਂ ਹੀ ਭਾਰਤ ਵਿਰੁੱਧ ਅਸਿੱਧੀ ਜੰਗ ਛੇੜੀ ਹੋਈ ਹੈ, ਉਥੇ ਹੀ ਇਸ ਦੇ ਪਾਲੇ ਹੋਏ ਅੱਤਵਾਦੀਆਂ ਨੇ ਵੀ ਜੰਮੂ-ਕਸ਼ਮੀਰ ''ਚ ਹਿੰਸਕ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਹਨ।
ਹੁਣ ਤਾਂ ਇਨ੍ਹਾਂ ਅੱਤਵਾਦੀਆਂ ਨੇ ਆਪਣੀਆਂ ਆਰਥਿਕ ਲੋੜਾਂ ਪੂਰੀਆਂ ਕਰਨ ਲਈ ਜੰਮੂ-ਕਸ਼ਮੀਰ ''ਚ ਬੈਂਕ ਲੁੱਟਣ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਨੋਟਬੰਦੀ  ਲਾਗੂ ਹੋਣ ਤੋਂ ਬਾਅਦ 6 ਮਹੀਨਿਆਂ ''ਚ ਦੱਖਣੀ ਕਸ਼ਮੀਰ ਵਿਚ ਲਗਭਗ ਇਕ ਦਰਜਨ ਬੈਂਕ ਲੁੱਟ ਚੁੱਕੇ ਹਨ :
* 21 ਨਵੰਬਰ 2016 ਨੂੰ ਬੜਗਾਮ ਦੇ ਮਾਲਪੁਰਾ ''ਚ 13 ਲੱਖ ਰੁਪਏ ਲੁੱਟੇ।
* 08 ਦਸੰਬਰ ਨੂੰ ਪੁਲਵਾਮਾ ''ਚ 13 ਲੱਖ ਰੁਪਏ ਲੁੱਟੇ।
* 08 ਦਸੰਬਰ ਨੂੰ ਹੀ ਬੜਗਾਮ ਦੇ ਖਾਗ ''ਚ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ।
* 15 ਦਸੰਬਰ ਨੂੰ ਰੰਤੀਪੁਰਾ ''ਚ ਸਥਿਤ ਬੈਂਕ ''ਚੋਂ 9.84 ਲੱਖ ਰੁਪਏ ਲੁੱਟ ਲਏ।
* 19 ਜਨਵਰੀ 2017 ਨੂੰ ਮੋਮਿਨਾਬਾਦ ''ਚ 14.56 ਲੱਖ ਰੁਪਏ ਲੁੱਟੇ।
* 16 ਫਰਵਰੀ ਨੂੰ ਤੁਰਕਵੰਗਮ ਕਸਬੇ ''ਚ 2 ਲੱਖ ਰੁਪਏ ਲੁੱਟੇ। 
* 28 ਅਪ੍ਰੈਲ ਨੂੰ ਅਨੰਤਨਾਗ ਜ਼ਿਲੇ ''ਚ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ।
* 01 ਮਈ ਨੂੰ ਕੁਲਗਾਮ ਜ਼ਿਲੇ ਦੇ ਪੋਮਬਾਈ ਇਲਾਕੇ ''ਚ ਜੰਮੂ-ਕਸ਼ਮੀਰ ਬੈਂਕ ਦੀ ਕੈਸ਼ ਵੈਨ ਨੂੰ ਰੋਕ ਕੇ 5 ਪੁਲਸ ਮੁਲਾਜ਼ਮਾਂ ਅਤੇ ਦੋ ਬੈਂਕ ਮੁਲਾਜ਼ਮਾਂ ਦੀ ਹੱਤਿਆ ਕਰ ਕੇ ਵੈਨ ''ਚ ਪਏ 50 ਲੱਖ ਰੁਪਏ ਅਤੇ 5 ਐੱਸ. ਐੱਲ. ਆਰ. ਰਾਈਫਲਾਂ ਲੁੱਟ ਲਈਆਂ।
* 02 ਮਈ ਨੂੰ ਕੰਡਰ ਕਸਬੇ ਦੇ ਦਿਹਾਤੀ ਬੈਂਕ ''ਚੋਂ 65 ਹਜ਼ਾਰ ਰੁਪਏ ਲੁੱਟੇ।
* 03 ਮਈ ਨੂੰ ਪੁਲਵਾਮਾ ਦੇ ''ਬਹਿਬੁਗ'' ਪਿੰਡ ''ਚ ਇਲਾਕਾਈ ਦਿਹਾਤੀ ਬੈਂਕ ''ਚੋਂ 5 ਲੱਖ ਰੁਪਏ ਅਤੇ ਜੰਮੂ-ਕਸ਼ਮੀਰ ਬੈਂਕ ''ਚੋਂ 1.33 ਲੱਖ ਰੁਪਏ ਲੁੱਟੇ ਗਏ। 
ਇਸ ਸਮੇਂ ਸਮੁੱਚੀ ਕਸ਼ਮੀਰ ਵਾਦੀ ਅਸ਼ਾਂਤੀ ਦੀ ਲਪੇਟ ''ਚ ਹੈ ਅਤੇ ਉਥੋਂ ਦੇ ਬੈਂਕਾਂ ''ਚ ਸੁਰੱਖਿਆ ਪ੍ਰਬੰਧ ਨਾਮਾਤਰ ਹਨ। ਸੂਬੇ ਦੇ ਜ਼ਿਆਦਾਤਰ ਬੈਂਕਾਂ ''ਚ ਨਾ ਤਾਂ ਸਕਿਓਰਿਟੀ ਗਾਰਡ ਤਾਇਨਾਤ ਹਨ ਤੇ ਨਾ ਹੀ ਉਨ੍ਹਾਂ ''ਚ ਸੀ. ਸੀ. ਟੀ. ਵੀ. ਕੈਮਰੇ ਹੀ ਲੱਗੇ ਹੋਏ ਹਨ।
ਇਸ ਬਾਰੇ ਖੁਫੀਆ ਏਜੰਸੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਵੱਡੇ ਨੋਟ ਰੱਦ ਕਰਨ ਨਾਲ ਅੱਤਵਾਦੀ ਗਿਰੋਹਾਂ ਨੂੰ ਮਾਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਹੁਣ ਬੈਂਕ ਲੁੱਟਣੇ ਸ਼ੁਰੂ ਕੀਤੇ ਹੋਏ ਹਨ ਅਤੇ ਇਲਾਕਾਈ ਦਿਹਾਤੀ ਬੈਂਕਾਂ ਦੀਆਂ ਬ੍ਰਾਂਚਾਂ ਦੂਰ-ਦੁਰਾਡੇ ਦੇ ਪੇਂਡੂ ਖੇਤਰਾਂ ''ਚ ਹੋਣ ਕਾਰਨ ਇਹ ਆਸਾਨੀ ਨਾਲ ਨਿਸ਼ਾਨਾ ਬਣ ਰਹੀਆਂ ਹਨ।
ਇਨ੍ਹਾਂ ਕਾਰਨਾਂ ਕਰ ਕੇ ਹੀ ਪੁਲਸ ਨੇ ਹੁਣ ਦੱਖਣੀ ਕਸ਼ਮੀਰ ''ਚ ਸਥਿਤ ਬੈਂਕਾਂ ਦੀਆਂ ਇਨ੍ਹਾਂ ਬ੍ਰਾਂਚਾਂ ਨੂੰ ''ਹਾਈਪਰ ਸੈਂਸੇਟਿਵ'' ਦੀ ਸ਼੍ਰੇਣੀ ''ਚ ਪਾ ਦਿੱਤਾ ਹੈ ਅਤੇ ਬੈਂਕ ਲੁੱਟਣ ਦੀਆਂ ਘਟਨਾਵਾਂ ਨੂੰ ਰੋਕਣ ''ਚ ਅਸਫਲ ਰਹਿਣ ਤੋਂ ਬਾਅਦ ਕਸ਼ਮੀਰ ਦੇ ਸ਼ੋਪੀਆਂ ਅਤੇ ਪੁਲਵਾਮਾ ਜ਼ਿਲਿਆਂ ''ਚ ਕੁਝ ਸਮੇਂ ਲਈ ਬੈਂਕ ''ਬੰਦ '' ਰੱਖਣ ਦੇ ਹੁਕਮ ਜਾਰੀ ਕਰਨ ਦੇ ਨਾਲ-ਨਾਲ ਲੁੱਟ ''ਚ ਸ਼ਾਮਿਲ ਅੱਤਵਾਦੀ ਸੰਗਠਨਾਂ ਦੇ ਮੈਂਬਰਾਂ ਬਾਰੇ ਸੂਚਨਾ ਦੇਣ ਵਾਲਿਆਂ ਨੂੰ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ।
ਪੁਲਸ ਨੇ ਜੰਮੂ-ਕਸ਼ਮੀਰ ਬੈਂਕ ਨੂੰ ਆਪਣੀਆਂ 40 ਸੰਵੇਦਨਸ਼ੀਲ ਬ੍ਰਾਂਚਾਂ ''ਚ ਨਕਦ ਲੈਣ-ਦੇਣ ਬੰਦ ਕਰ ਕੇ ਇਸ ਨੂੰ ਸੁਰੱਖਿਅਤ ਥਾਵਾਂ ''ਤੇ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਬੈਂਕ ਮੈਨੇਜਮੈਂਟ ਨੇ ਵੀ ਹੁਕਮ ਦਿੱਤਾ ਹੈ ਕਿ ਨਕਦੀ ਰੱਖਣ ਦੀ ਹੱਦ ਜਿੰਨੀ ਵੀ ਹੋਵੇ, ਬ੍ਰਾਂਚ ਮੈਨੇਜਰ ਕਾਊਂਟਰ ''ਤੇ ਘੱਟ ਤੋਂ ਘੱਟ ਨਕਦੀ ਰੱਖਣ ਤੇ ਨਕਦੀ ਲੈ ਕੇ ਆਉਣ ਵਾਲੀਆਂ ਗੱਡੀਆਂ ਨੂੰ ਨਕਦੀ ਡਲਿਵਰ ਕਰਨ ਲਈ ਜ਼ਰਾ ਵੀ ਉਡੀਕ ਨਾ ਕਰਨੀ ਪਵੇ। 
ਬੈਂਕ ਸਟਾਫ ਨੂੰ ਪੁਲਸ ਦੇ ਸੰਪਰਕ ''ਚ ਰਹਿਣ ਤੇ ਪੂਰੀ ਤਰ੍ਹਾਂ ਸੁਰੱਖਿਆ ਦੇ ਉਦੇਸ਼ਾਂ ਨਾਲ ਹੀ ਬੈਂਕ ਗਾਰਡ ਭਰਤੀ ਕਰਨ ਦੀ ਹਦਾਇਤ ਦਿੰਦਿਆਂ ਕਿਹਾ ਗਿਆ ਹੈ ਕਿ ਉਨ੍ਹਾਂ ਤੋਂ ਕੋਈ ਹੋਰ ਕੰਮ ਨਾ ਲਿਆ ਜਾਵੇ। 
ਵਾਦੀ ''ਚ ਬੈਂਕਾਂ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਹੀ ਅਸੀਂ 3 ਮਈ ਦੇ ਸੰਪਾਦਕੀ ''ਜੰਮੂ-ਕਸ਼ਮੀਰ ''ਚ ਅੱਤਵਾਦੀਆਂ ਵਲੋਂ ਬੈਂਕਾਂ ''ਤੇ ਲਗਾਤਾਰ ਹਮਲੇ'' ਵਿਚ ਲਿਖਿਆ ਸੀ :
''''ਸਰਕਾਰ ਜੰਮੂ-ਕਸ਼ਮੀਰ ''ਚ ਹਾਲਾਤ ਆਮ ਵਰਗੇ ਹੋਣ ਤਕ ਬੈਂਕਾਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਪ੍ਰਦਾਨ ਕਰੇ, ਕਿਤੇ ਅਜਿਹਾ ਨਾ ਹੋਵੇ ਕਿ ਬੈਂਕ ਕਸ਼ਮੀਰ ਵਾਦੀ ''ਚ ਆਪਣੀਆਂ ਬ੍ਰਾਂਚਾਂ ਹੀ ਬੰਦ ਕਰਨ ਲਈ ਮਜਬੂਰ ਹੋ ਜਾਣ। ਜਦ ਇਥੇ ਫੌਜੀ ਤੇ ਨੀਮ ਫੌਜੀ ਬਲਾਂ ਦੇ ਕੈਂਪ ਤੇ ਚੌਕੀਆਂ ਹੀ ਅੱਤਵਾਦੀਆਂ ਤੋਂ ਸੁਰੱਖਿਅਤ ਨਹੀਂ ਹਨ ਤਾਂ ਫਿਰ ਸੁਰੱਖਿਆ ਬਲਾਂ ਤੋਂ ਬਿਨਾਂ ਬੈਂਕ ਭਲਾ ਆਪਣੀ ਹਿਫਾਜ਼ਤ ਕਿਵੇਂ ਕਰ ਸਕਦੇ ਹਨ।''''
ਸੂਬਾ ਸਰਕਾਰ ਵਲੋਂ ਦੋ ਜ਼ਿਲਿਆਂ ''ਚ ਬੈਂਕਾਂ ਦੀਆਂ 40 ਬ੍ਰਾਂਚਾਂ ਨੂੰ ਅਸਥਾਈ ਤੌਰ ''ਤੇ ''ਬੰਦ'' ਰੱਖਣ ਦੇ ਹੁਕਮ ਨੇ ਸਾਡੇ ਉਕਤ ਖਦਸ਼ੇ ਦੀ ਪੁਸ਼ਟੀ ਕਰ ਦਿੱਤੀ ਹੈ। 
ਇਸ ਦੇ ਨਾਲ ਹੀ ਸਥਾਨਕ ਲੋਕਾਂ ਨੂੰ ਵੀ ਮਹਿਸੂਸ ਕਰਨਾ ਚਾਹੀਦਾ ਹੈ ਕਿ ਅੱਤਵਾਦੀ ਅਨਸਰਾਂ ਅਤੇ ਪੱਥਰਬਾਜ਼ਾਂ ਦੀ ਸਹਾਇਤਾ ਕਰ ਕੇ ਉਹ ਆਪਣੇ ਹੀ ਭੈਣਾਂ-ਭਰਾਵਾਂ ਲਈ ਪ੍ਰੇਸ਼ਾਨੀ ਵਧਾ ਰਹੇ ਹਨ, ਜੋ ਕਿ ਕੁਝ ਸਮੇਂ ਲਈ 40 ਬੈਂਕਾਂ ਦੀਆਂ ਬ੍ਰਾਂਚਾਂ ''ਬੰਦ'' ਰੱਖਣ ਦੇ ਸਰਕਾਰ ਦੇ ਹੁਕਮ ਤੋਂ ਸਪਸ਼ਟ ਹੈ।                             
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra