ਜੋ ਮਨ ''ਚ ਗੱਲ ਹੁੰਦੀ ਹੈ ਕਹਿ ਦਿੰਦੇ ਹਨ ਗਡਕਰੀ

03/06/2019 7:21:26 AM

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ, ਜਹਾਜ਼ਰਾਨੀ, ਜਲ ਸੋਮੇ, ਨਦੀ ਵਿਕਾਸ ਅਤੇ ਗੰਗਾ ਸੁਰੱਖਿਆ ਮੰਤਰੀ ਸ਼੍ਰੀ ਨਿਤਿਨ ਗਡਕਰੀ ਭਾਜਪਾ ਦੇ ਸਪੱਸ਼ਟਵਾਦੀ ਨੇਤਾਵਾਂ 'ਚੋਂ ਹਨ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਨੇਤਾਵਾਂ ਨਾਲ ਉਨ੍ਹਾਂ ਦੀ ਨੇੜਤਾ ਦਾ ਅਨੁਮਾਨ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਖ਼ੁਦ ਸੰਘ ਦੇ ਨੇਤਾ ਉਨ੍ਹਾਂ ਨੂੰ ਉਪ-ਪ੍ਰਧਾਨ ਮੰਤਰੀ ਬਣਾਉਣ ਦੀ ਮੰਗ ਕਰ ਚੁੱਕੇ ਹਨ। 
ਸ਼੍ਰੀ ਗਡਕਰੀ ਦੇ ਕੰਮ ਦੀ ਸ਼ਲਾਘਾ ਉਨ੍ਹਾਂ ਦੇ ਆਪਣੇ ਸਾਥੀ ਹੀ ਨਹੀਂ, ਸਗੋਂ ਵਿਰੋਧੀ  ਪਾਰਟੀਆਂ ਦੇ ਨੇਤਾ ਵੀ ਕਰਦੇ ਹਨ। ਜਿਥੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਉਨ੍ਹਾਂ ਦੀ ਖੁੱਲ੍ਹੇਆਮ ਸ਼ਲਾਘਾ ਕਰ ਚੁੱਕੇ ਹਨ, ਉਥੇ ਹੀ ਬੀਤੀ 3 ਮਾਰਚ ਨੂੰ ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਨੇ ਐੱਨ. ਡੀ. ਏ. ਸਰਕਾਰ ਦੀ ਸ਼ਲਾਘਾ ਕਰਨ ਦੇ ਬਹਾਨੇ ਉਨ੍ਹਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ  :
''ਐੱਨ. ਡੀ. ਏ. ਸਰਕਾਰ ਦਾ ਨੈਸ਼ਨਲ ਹਾਈਵੇ ਪ੍ਰੋਗਰਾਮ ਉਨ੍ਹਾਂ ਦੀ ਸਫਲਤਾ ਹੈ। ਉਹ ਹਰ ਦਿਨ ਯੂ. ਪੀ. ਏ. ਦੀ ਤੁਲਨਾ 'ਚ ਜ਼ਿਆਦਾ ਤੇਜ਼ੀ ਨਾਲ ਸੜਕਾਂ ਬਣਾ ਰਹੇ ਹਨ। ਜੇਕਰ ਦੇਸ਼ ਦੀ ਸਭ ਤੋਂ ਅਯੋਗ ਸਰਕਾਰ ਨੇ ਵੀ ਕੁਝ ਅਜਿਹੇ ਕੰਮ ਕੀਤੇ ਹਨ, ਜੋ ਦੇਸ਼ ਲਈ ਚੰਗੇ ਹਨ ਤਾਂ ਉਨ੍ਹਾਂ ਨੂੰ ਤੁਸੀਂ ਕਿਵੇਂ ਖਾਰਿਜ ਕਰ ਸਕਦੇ ਹੋ!''
ਜਿਥੇ ਸ਼੍ਰੀ ਗਡਕਰੀ ਨੇ ਵਿਰੋਧੀ ਖੇਮੇ 'ਚ ਵੀ ਆਪਣੇ ਪ੍ਰਸ਼ੰਸਕ ਬਣਾ ਲਏ ਹਨ, ਉਥੇ ਹੀ ਕੁਝ ਸਮੇਂ ਤੋਂ ਉਹ ਲਗਾਤਾਰ ਆਪਣੀ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਉਨ੍ਹਾਂ ਦੀਆਂ ਖਾਮੀਆਂ ਬਾਰੇ ਸੁਚੇਤ ਕਰਦੇ ਅਤੇ ਉਨ੍ਹਾਂ ਨੂੰ ਨਸੀਹਤਾਂ ਦਿੰਦੇ ਰਹੇ ਹਨ। ਇਸੇ ਸਿਲਸਿਲੇ 'ਚ ਉਨ੍ਹਾਂ ਨੇ ਬੀਤੇ ਸਾਲ 19 ਦਸੰਬਰ ਨੂੰ ਕਿਹਾ ਸੀ ਕਿ ''ਭਾਜਪਾ 'ਚ ਕੁਝ ਲੋਕਾਂ ਨੂੰ ਘੱਟ ਬੋਲਣ ਦੀ ਲੋੜ ਹੈ।'' 
ਇਸ ਤੋਂ ਇਲਾਵਾ ਵੀ :
* 10 ਮਾਰਚ, 2018 ਨੂੰ ਭਾਜਪਾ ਦੇ 'ਅੱਛੇ ਦਿਨ' ਵਾਲੇ ਨਾਅਰੇ 'ਤੇ ਸਵਾਲੀਆ ਨਿਸ਼ਾਨ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ''ਅੱਛੇ ਦਿਨ ਹੁੰਦੇ ਹੀ ਨਹੀਂ ਹਨ, ਇਹ ਤਾਂ ਮੰਨਣ ਵਾਲਿਆਂ 'ਤੇ ਨਿਰਭਰ ਕਰਦਾ ਹੈ। ਅੱਛੇ ਦਿਨ ਦਾ ਮਤਲਬ ਹੈ ਰੋਟੀ, ਕੱਪੜਾ ਅਤੇ ਮਕਾਨ।''
* 24 ਦਸੰਬਰ, 2018 ਨੂੰ ਉਹ ਬੋਲੇ, ''ਜਿੱਤ ਦੇ ਕਈ ਬਾਪ ਹੁੰਦੇ ਹਨ ਪਰ ਹਾਰ ਅਨਾਥ ਹੁੰਦੀ ਹੈ। ਸੰਸਥਾ ਪ੍ਰਤੀ ਜੁਆਬਦੇਹੀ ਸਾਬਿਤ ਕਰਨ ਲਈ ਪਾਰਟੀ ਦੀ ਲੀਡਰਸ਼ਿਪ ਨੂੰ ਹਾਰ ਅਤੇ ਅਸਫਲਤਾਵਾਂ ਦੀ ਵੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।''
ਅਪ੍ਰਤੱਖ ਤੌਰ 'ਤੇ ਪਾਰਟੀ ਲੀਡਰਸ਼ਿਪ 'ਤੇ ਸਵਾਲ ਖੜ੍ਹੇ ਕਰਦੇ ਹੋਏ ਉਨ੍ਹਾਂ ਕਿਹਾ ਕਿ ''ਜੇਕਰ ਮੈਂ ਪਾਰਟੀ ਦਾ ਪ੍ਰਧਾਨ ਹਾਂ ਅਤੇ ਮੇਰੇ ਸੰਸਦ ਮੈਂਬਰ ਤੇ ਵਿਧਾਇਕ ਚੰਗਾ ਨਹੀਂ ਕਰਦੇ ਤਾਂ ਕੌਣ ਜ਼ਿੰਮੇਵਾਰ ਹੋਵੇਗਾ?''
* 13 ਜਨਵਰੀ, 2019 ਨੂੰ ਸ਼੍ਰੀ ਗਡਕਰੀ ਨੇ ਕਿਹਾ, ''ਨੇਤਾਵਾਂ ਨੂੰ ਦੂਜਿਆਂ ਦੇ ਮਾਮਲਿਆਂ 'ਚ ਦਖਲ ਨਹੀਂ ਦੇਣਾ ਚਾਹੀਦਾ। ਲੋਕ ਆਪਣੇ-ਆਪਣੇ ਖੇਤਰਾਂ ਦੇ ਮਾਮਲਿਆਂ ਨੂੰ ਖ਼ੁਦ ਨਿਪਟਾਉਣ।''
* 27 ਜਨਵਰੀ, 2019 ਨੂੰ ਸ਼੍ਰੀ ਗਡਕਰੀ ਨੇ ਕਿਹਾ, ''ਸੁਪਨੇ ਦਿਖਾਉਣ ਵਾਲੇ ਨੇਤਾ ਲੋਕਾਂ ਨੂੰ ਚੰਗੇ ਲੱਗਦੇ ਹਨ ਪਰ ਦਿਖਾਏ ਗਏ ਸੁਪਨੇ ਜਦੋਂ ਪੂਰੇ ਨਹੀਂ ਹੁੰਦੇ ਤਾਂ ਜਨਤਾ ਉਨ੍ਹਾਂ ਦੀ ਕੁੱਟ-ਮਾਰ ਵੀ ਕਰਦੀ ਹੈ। ਇਸ ਲਈ ਸੁਪਨੇ ਉਹੀ ਦਿਖਾਓ, ਜੋ ਪੂਰੇ ਹੋ ਸਕਣ।''
* 2 ਫਰਵਰੀ, 2019 ਨੂੰ ਉਨ੍ਹਾਂ ਕਿਹਾ, ''ਜੋ ਆਪਣਾ ਘਰ ਨਹੀਂ ਸੰਭਾਲ ਸਕਦਾ, ਉਹ ਦੇਸ਼ ਨਹੀਂ ਸੰਭਾਲ ਸਕਦਾ। ਅਜਿਹੀ  ਹਾਲਤ 'ਚ ਪਹਿਲਾਂ ਆਪਣਾ ਘਰ ਸੰਭਾਲੋ ਅਤੇ ਆਪਣੇ ਬੱਚੇ, ਜਾਇਦਾਦ ਦੇਖਣ ਤੋਂ ਬਾਅਦ ਪਾਰਟੀ ਅਤੇ ਦੇਸ਼ ਲਈ ਕੰਮ ਕਰੋ।''
* 11 ਫਰਵਰੀ, 2019 ਨੂੰ ਉਨ੍ਹਾਂ ਕਿਹਾ, ''ਜੇਕਰ ਮੇਰੇ ਖੇਤਰ 'ਚ ਕੋਈ ਜਾਤੀਵਾਦ ਦੀ ਗੱਲ ਕਰਦਾ ਹੈ ਤਾਂ ਉਸ ਦੀ ਕੁੱਟ-ਮਾਰ ਹੋ ਜਾਵੇਗੀ। ਮੈਂ ਵਰਕਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਜਾਤੀ ਬਾਰੇ ਗੱਲ ਕਰੇਗਾ ਤਾਂ ਮੈਂ ਉਸ ਦੀ ਪਿਟਾਈ ਕਰਾਂਗਾ।''
* 01 ਮਾਰਚ, 2019 ਨੂੰ ਉਹ ਬੋਲੇ, ''ਮੈਂ  ਖਾਲਸ ਸੰਘ ਵਰਕਰ ਹਾਂ, ਜਿਸ ਦੇ ਲਈ ਦੇਸ਼ ਹੀ ਸਭ ਤੋਂ ਉਪਰ ਹੈ। ਮੈਂ ਪ੍ਰਧਾਨ ਮੰਤਰੀ ਦੀ ਦੌੜ 'ਚ ਨਹੀਂ ਹਾਂ ਅਤੇ ਅਸੀਂ ਸਾਰੇ ਮੋਦੀ ਜੀ ਦੇ ਪਿੱਛੇ ਖੜ੍ਹੇ ਹਾਂ। ਮੇਰੇ ਪ੍ਰਧਾਨ ਮੰਤਰੀ ਬਣਨ ਦਾ ਸਵਾਲ ਹੀ ਕਿੱਥੇ  ਪੈਦਾ ਹੁੰਦਾ ਹੈ।''
* 3 ਮਾਰਚ, 2019 ਨੂੰ ਸ਼੍ਰੀ ਨਿਤਿਨ ਗਡਕਰੀ ਨੇ ਇਕ ਵਾਰ ਫਿਰ ਕਿਹਾ, ''ਮੈਂ ਉਨ੍ਹਾਂ ਲੋਕਾਂ 'ਚੋਂ ਨਹੀਂ ਹਾਂ, ਜੋ ਲੋਕਾਂ ਨੂੰ ਸਿਰਫ ਸੁਪਨੇ ਦਿਖਾਉਂਦੇ ਹਨ। ਮੈਂ ਸੁਪਨੇ ਨਹੀਂ ਦਿਖਾਉਂਦਾ, ਸਗੋਂ ਉਨ੍ਹਾਂ ਨੂੰ ਪੂਰਾ ਕਰਦਾ ਹਾਂ।''
ਵਿਰੋਧੀ ਜੋ ਵੀ ਕਹਿਣ, ਆਪਣੇ ਉਕਤ ਬਿਆਨਾਂ  ਨਾਲ ਸ਼੍ਰੀ ਗਡਕਰੀ ਨੇ ਆਪਣੀ ਵਿਚਾਰਕ ਆਜ਼ਾਦੀ ਤੇ ਖੁੱਲ੍ਹੇਪਣ ਦਾ ਸੰਕੇਤ ਹੀ ਦਿੱਤਾ ਹੈ। ਹੁਣ ਇਹ ਤਾਂ ਸਮਾਂ ਹੀ ਦੱਸੇਗਾ ਕਿ ਭਵਿੱਖ 'ਚ ਹਾਲਾਤ ਕੀ ਕਰਵਟ ਲੈਂਦੇ ਹਨ। ਉਂਝ ਸ਼੍ਰੀ ਨਿਤਿਨ ਗਡਕਰੀ ਦਾ ਆਪਣੇ ਬਿਆਨਾਂ ਬਾਰੇ ਕਹਿਣਾ ਹੈ ਕਿ ''ਜੋ ਮੇਰੇ ਦਿਲ 'ਚ ਹੁੰਦਾ ਹੈ, ਉਹ ਮੈਂ ਕਹਿ ਦਿੰਦਾ ਹਾਂ।''  –ਵਿਜੇ ਕੁਮਾਰ

Bharat Thapa

This news is Content Editor Bharat Thapa