‘ਇਹ ਹਨ ਸਾਡੇ ਅੱਜ ਦੇ ਨੇਤਾ’ ‘... ਅਤੇ ਪੜ੍ਹੋ ਇਨ੍ਹਾਂ ਦੇ ਬਿਆਨ’

01/13/2021 3:11:44 AM

ਪਿਛਲਾ ਸਾਲ 2020 ਕੋਰੋਨਾ ਤੋਂ ਇਲਾਵਾ ਨੇਤਾਵਾਂ ਦੇ ਉਲਟੇ-ਪੁਲਟੇ ਬਿਆਨਾਂ ਦਾ ਸਾਲ ਵੀ ਰਿਹਾ। ਨਵਾਂ ਸਾਲ ਸ਼ੁਰੂ ਹੋਣ ’ਤੇ ਉਮੀਦ ਸੀ ਕਿ ਨੇਤਾ ਹੁਣ ਅਜਿਹੇ ਬਿਆਨਾਂ ਤੋਂ ਬਚਣਗੇ ਪਰ ਸਾਲ ਦੇ ਪਹਿਲੇ ਦੋ ਹਫਤਿਆਂ ’ਚ ਹੀ ਨੇਤਾਵਾਂ ਨੇ ਆਪਣੇ ਬਿਆਨਾਂ ਦੀਆਂ ਸਭ ਹੱਦਾਂ ਤੋੜ ਦਿੱਤੀਆਂ ਹਨ, ਜਿਨ੍ਹਾਂ ਦਾ ਜ਼ਿਕਰ ਅਸੀਂ ਹੇਠਾਂ ਕਰ ਰਹੇ ਹਾਂ :

* 4 ਜਨਵਰੀ ਨੂੰ ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਮੀਨ (ਏ.ਆਈ.ਐੱਮ.ਆਈ.ਐੱਮ.) ਦੇ ਮੁਖੀ ਅਸਦੂਦੀਨ ਓਵੈਸੀ ਨੇ ਆਪਣੀ ਪਾਰਟੀ ’ਤੇ ਭਾਜਪਾ ਦੀ ‘ਬੀ ਟੀਮ’ ਹੋਣ ਸਬੰਧੀ ਦੋਸ਼ਾਂ ’ਤੇ ਕਿਹਾ,‘‘ਭਾਰਤ ਦੀ ਸਿਆਸਤ ਦਾ ਮੈਂ ‘ਲੈਲਾ’ ਹਾਂ ਅਤੇ ਮੇਰੇ ਮਜ਼ਨੂੰ ਬਹੁਤ ਹਨ।’’

* 4 ਜਨਵਰੀ ਨੂੰ ਹੀ ਭਾਜਪਾ ਦੇ ਬੁਲਾਰੇੇ ਸੰਵਿਤ ਪਾਤਰਾ ਕੋਰੋਨਾ ਵਾਇਰਸ ਨਾਲ ਕਾਂਗਰਸ ਦੀ ਤੁਲਨਾ ਕਰਦੇ ਹੋਏ ਬੋਲੇ,‘‘ਕੋਰੋਨਾ ਵੈਕਸੀਨ ਦੇ ਆਉਣ ਕਾਰਨ ਸਿਰਫ ਵਾਇਰਸ ਅਤੇ ਕਾਂਗਰਸ ਪ੍ਰੇਸ਼ਾਨ ਹੈ। ਪਿਛਲੇ ਕੁਝ ਸਾਲਾਂ ’ਚ ਲੋਕਾਂ ਨੇ ਕਾਂਗਰਸ ’ਚ (ਕੋਰੋਨਾ ਦੇ ਵਾਇਰਸ ਵਾਂਗ) ਕਈ ਨਿਊਟੇਸ਼ਨ (ਤਬਦੀਲੀਆਂ) ਹੁੰਦੀਆਂ ਵੇਖੀਆਂ ਹਨ।’’

* 6 ਜਨਵਰੀ ਨੂੰ ਉੱਤਰਾਖੰਡ ਵਿਧਾਨ ਸਭਾ ’ਚ ਸਭ ਤੋਂ ਸੀਨੀਅਰ ਅਤੇ ਵਿਰੋਧੀ ਧਿਰ ਦੇ ਨੇਤਾ ਇੰਦਰਾ ਹਰਦਯੇਸ਼ (ਕਾਂਗਰਸ) ਸਬੰਧੀ ਭਾਜਪਾ ਦੇ ਸੂਬਾਈ ਪ੍ਰਧਾਨ ਬੰਸ਼ੀਧਰ ਭਗਤ ਨੇ ਭਾਜਪਾ ਵਰਕਰਾਂ ਦੇ ਸੰਮੇਲਨ ’ਚ ਬਿਆਨ ਦਿੰਦੇ ਹੋਏ ਉਨ੍ਹਾਂ ਨੂੰ ‘ਬੁੱਢੀ ਅਤੇ ਡੁੱਬਦਾ ਜਹਾਜ਼’ ਕਰਾਰ ਦਿੰਦੇ ਹੋਏ ਕਿਹਾ :

‘ਇੰਦਰਾ ਹਰਦਯੇਸ਼ ਕਹਿੰਦੀ ਹੈ ਕਿ ਉਨ੍ਹਾਂ ਦੇ ਸੰਪਰਕ ’ਚ ਕਈ ਭਾਜਪਾ ਵਿਧਾਇਕ ਹਨ...ਭਲਾ ਬੁੱਢੀ ਨਾਲ ਕੌਣ ਸੰਪਰਕ ਕਰੇਗਾ?’ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਇੰਦਰਾ ਨੇ ਕਿਹਾ ਸੀ ਕਿ ਜਲਦੀ ਹੀ ਕਈ ਭਾਜਪਾ ਵਿਧਾਇਕ ਕਾਂਗਰਸ ’ਚ ਸ਼ਾਮਲ ਹੋ ਸਕਦੇ ਹਨ।

* 9 ਜਨਵਰੀ ਨੂੰ ਉੇੱਤਰ ਪ੍ਰਦੇਸ਼ ’ਚ ਅਮੇਠੀ ਦੇ ਜਗਦੀਸ਼ਪੁਰ ਵਿਖੇ ‘ਆਪ’ ਦੇ ਵਿਧਾਇਕ ਸੋਮਨਾਥ ਭਾਰਤੀ ਬੋਲੇ ‘‘ਭਾਜਪਾ ਸਰਕਾਰ ’ਚ ਗੁੰਡਿਆਂ ਦਾ ਰਾਜ ਹੈ। ਉੱਤਰ ਪ੍ਰਦੇਸ਼ ਦੇ ਹਸਪਤਾਲਾਂ ’ਚ ਬੱਚੇ ਤਾਂ ਪੈਦਾ ਹੋ ਰਹੇ ਹਨ ਪਰ ਕੁੱਤਿਆਂ ਦੇ ਬੱਚੇ ਪੈਦਾ ਹੋ ਰਹੇ ਹਨ।’’

ਉਕਤ ਬਿਆਨ ਲਈ ਸੋਮਨਾਥ ਭਾਰਤੀ ਵਿਰੁੱਧ ਸ਼ਿਕਾਇਤ ਮਿਲਣ ’ਤੇ ਅਮੇਠੀ ਦੀ ਅਦਾਲਤ ਨੇ ਉਨ੍ਹਾਂ ਨੂੰ 14 ਦਿਨ ਦੀ ਹਿਰਾਸਤ ’ਚ ਭੇਜ ਦਿੱਤਾ ਹੈ ਅਤੇ ਜਦੋਂ ਉਹ ਜੇਲ ਜਾ ਰਹੇ ਸਨ ਤਾਂ ਇਕ ਨੌਜਵਾਨ ਨੇ ਉਨ੍ਹਾਂ ’ਤੇ ਸਿਆਹੀ ਸੁੱਟ ਦਿੱਤੀ।

* 10 ਜਨਵਰੀ ਨੂੰ ਰਾਜਸਥਾਨ ਦੇ ਕੋਟਾ ਤੋਂ ਭਾਜਪਾ ਦੇ ਵਿਧਾਇਕ ਮਦਨ ਲਾਲ ਦਿਲਾਵਰ ਨੇ ਅੰਦੋਲਨਕਾਰੀ ਕਿਸਾਨਾਂ ਵਿਰੁੱਧ ਬਿਆਨ ਦਿੰਦੇ ਹੋਏ ਕਿਹਾ, ‘‘ਕਿਸਾਨ ਅੰਦੋਲਨ ’ਚ ਅੱਤਵਾਦੀ ਅਤੇ ਲੁਟੇਰੇ ਸ਼ਾਮਲ ਹੋ ਕੇ ਪਿਕਨਿਕ ਮਨਾ ਰਹੇ ਹਨ।’’

‘‘ਉਹ ਅੰਦੋਲਨ ਨਹੀਂ ਕਰ ਰਹੇ, ਮੁਰਗੇ-ਮੁਰਗੀਆਂ ਦਾ ਮਾਸ ਅਤੇ ਬਰਿਆਨੀ ਤੇ ਕਾਜੂ-ਬਾਦਾਮ ਖਾ ਕੇ ਐਸ਼ ਕਰਨ ਤੋਂ ਇਲਾਵ ਹੋਰ ਵਿਲਾਸਤਾਵਾਂ ਦਾ ਅਨੰਦ ਲੈ ਰਹੇ ਹਨ।’’

‘‘ਇਹ ਬਰਡ ਫਲੂ ਫੈਲਾਉਣ ਦੀ ਸਾਜ਼ਿਸ਼ ਹੈ। ਜੇ ਕਿਸਾਨਾਂ ਨੂੰ ਅੰਦੋਲਨ ਵਾਲੀ ਥਾਂ ਤੋਂ ਨਹੀਂ ਹਟਾਇਆ ਗਿਆ ਤਾਂ ਪੂਰੇ ਦੇਸ਼ ’ਚ ਵੱਡੇ ਪੱਧਰ ’ਤੇ ਬਰਡ ਫਲੂ ਦਾ ਪ੍ਰਕੋਪ ਫੈਲ ਸਕਦਾ ਹੈ। ਅੰਦੋਲਨ ਦੇ ਨਾਂ ’ਤੇ ਪਿਕਨਿਕ ਮਨਾਉਣ ਵਾਲਿਆਂ ਨੂੰ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ।’’

‘‘ਜੇ ਉਹ ਪਾਕਿਸਤਾਨ ਨਾਲ ਪਿਆਰ ਕਰਦੇ ਹਨ ਤਾਂ ਉੱਥੇ ਚਲੇ ਜਾਣ ਅਤੇ ਬੰਗਲਾਦੇਸ਼ ਨਾਲ ਪਿਆਰ ਕਰਦੇ ਹਨ ਤਾਂ ਉੱਥੇ ਚਲੇ ਜਾਣ। ਜੇ ਦੋਵੇਂ ਦੇਸ਼ ਉਨ੍ਹਾਂ ਨੂੰ ਨਹੀਂ ਰੱਖਣਾ ਚਾਹੁੰਦੇ ਤਾਂ ਉਹ ਹਿੰਦ ਮਹਾਸਾਗਰ ’ਚ ਡੁੱਬ ਸਕਦੇ ਹਨ।’’

* 11 ਜਨਵਰੀ ਨੂੰ ਹੀ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਦੇਵੀ ਸੀਤਾ ਨੂੰ ਲੈ ਕੇ ਟਿੱਪਣੀ ਕਰਦੇ ਹੋਏ ਕਿਹਾ,‘‘ਚੰਗਾ ਹੋਇਆ ਮੇਰਾ ਹਰਨ ਰਾਵਨ ਵੱਲੋਂ ਕੀਤਾ ਗਿਆ ਸੀ ਨਾ ਕਿ ਉਸ ਦੇ ਪੈਰੋਕਾਰਾਂ ਵੱਲੋਂ। ਨਹੀਂ ਤਾਂ ਮੇਰਾ ਹਸ਼ਰ ਵੀ ਹਾਥਰਸ ਵਰਗਾ ਹੁੰਦਾ।’’

ਇਸੇ ਦਿਨ ਇਕ ਹੋਰ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੁਖੇਂਦੂ ਸ਼ੇਖਰ ਰਾਏ ਨੇ ਬਿਆਨ ਦਿੰਦੇ ਹੋਏ ਕਿਹਾ, ‘‘ਬੰਗਾਲ ’ਚ ਜੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ,‘‘ਬਾਹਰੀਆਂ ਵਿਰੁੱਧ ਲੜਨਨ ਲਈ ਬੰਗਾਲੀ ਵੀ ਹਥਿਆਰ ਚੁੱਕ ਲੈਣਗੇ। ਸਾਡੀ ਪਾਰਟੀ ਹੁਣ ਤੱਕ ਅਜਿਹੇ ਲੋਕਾਂ ਨੂੰ ਬੇਧਿਆਨ ਕਰ ਰਹੀ ਹੈ ਪਰ ਲੋੜ ਪੈਣ ’ਤੇ ਸਬਕ ਸਿਖਾਵੇਗੀ।’’

* 11 ਜਨਵਰੀ ਨੂੰ ਹੀ ਮੱਧ ਪ੍ਰਦੇਸ਼ ਦੇ ਪ੍ਰੋਟੈਮ ਸਪੀਕਰ ਰਾਮੇਸ਼ਵਰ ਸ਼ਰਮਾ ਬੋਲੇ,‘‘ਦਿੱਗਵਿਜੇ ਸਿੰਘ ਕੰਮ ਅਤੇ ਵਤੀਰੇ ਕਾਰਨ ਮੁਹੰਮਦ ਅਲੀ ਜਿੱਨਾਹ ਤੋਂ ਵੀ ਵਧੇਰੇ ਖਤਰਨਾਕ ਹਨ। ਪਹਿਲਾਂ ਜਿੱਨਾਹ ਨੇ ਦੇਸ਼ ਦੀ ਵੰਡ ਕੀਤੀ। 1947 ’ਚ ਬਾਪੂ ਕੋਲੋਂ ਭੁੱਲ ਹੋਈ ਅਤੇ ਦੇਸ਼ ਦੇ 2 ਟੁੱਕੜੇ ਹੋ ਗਏ। ਉਹੋ ਜਿਹੀ ਹੀ ਵੰਡ ਦਿੱਗਵਿਜੇ ਸਿੰਘ ਕਰਵਾਉਣਾ ਚਾਹੁੰਦੇ ਹਨ।’’

ਆਪਣੇ ਦੇਸ਼ ਦੇ ਚੰਦ ਨੇਤਾਵਾਂ ਦੇ ਉਕਤ ਬਿਆਨ ਅਸੀਂ ਪਾਠਕਾਂ ਦੇ ਸਾਹਮਣੇ ਰੱਖੇ ਹਨ। ਇਨ੍ਹਾਂ ਨੂੰ ਪੜ੍ਹ ਕੇ ਤੁਸੀਂ ਖੁਦ ਹੀ ਫੈਸਲਾ ਕਰੋ ਕਿ ਇਨ੍ਹਾਂ ਨੂੰ ਪੜ੍ਹ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ? ਸਿਆਸੀ ਪਾਰਟੀਆਂ ਇਸ ਵੱਲ ਧਿਆਨ ਦੇਣ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਾਹਮਣੇ ਰੱਖ ਕੇ ਉਨ੍ਹਾਂ ਦੇ ਵਤੀਰੇ ’ਚ ਲੋੜੀਂਦੀ ਤਬਦੀਲੀ ਲਿਆਉਣ।

- ਵਿਜੇ ਕੁਮਾਰ

Bharat Thapa

This news is Content Editor Bharat Thapa