ਛੋਟੇ-ਛੋਟੇ ਰੇਲ ਹਾਦਸੇ ਦੇ ਰਹੇ ਵੱਡੇ ਖਤਰੇ ਦੀ ਚਿਤਾਵਨੀ

05/14/2019 6:49:09 AM

ਭਾਰਤੀ ਰੇਲਵੇ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ। ਹਾਲਾਂਕਿ ਕੁਝ ਸਮੇਂ ਤੋਂ ਕੋਈ ਵੱਡਾ ਰੇਲ ਹਾਦਸਾ ਨਹੀਂ ਹੋਇਆ ਹੈ ਪਰ ਸਮੇਂ-ਸਮੇਂ ’ਤੇ ਹੋ ਰਹੇ ਛੋਟੇ-ਮੋਟੇ ਹਾਦਸੇ ਚੌਕਸ ਕਰ ਰਹੇ ਹਨ ਕਿ ਭਾਰਤੀ ਰੇਲ ’ਚ ਸਭ ਕੁਝ ਠੀਕ ਨਹੀਂ ਹੈ :

* 20 ਅਪ੍ਰੈਲ ਨੂੰ ਹਾਵੜਾ ਤੋਂ ਦਿੱਲੀ ਜਾ ਰਹੀ ਪੂਰਵਾ ਐਕਸਪ੍ਰੈੱਸ ਕਾਨਪੁਰ ਨੇੜੇ ਹਾਦਸੇ ਦਾ ਸ਼ਿਕਾਰ ਹੋ ਕੇ 2 ਹਿੱਸਿਆਂ ’ਚ ਵੰਡੀ ਗਈ ਅਤੇ 10 ਡੱਬੇ ਲੀਹੋਂ ਲੱਥ ਗਏ।

* 30 ਅਪ੍ਰੈਲ ਨੂੰ ਅਗਰਤਲਾ ਤੋਂ ਬੈਂਗਲੁਰੂ ਜਾ ਰਹੀ ਹਮਸਫਰ ਐਕਸਪ੍ਰੈੱਸ ਦਾ ਇਕ ਡੱਬਾ ਕਰੀਮਗੰਜ ਨੇੜੇ ਪਟੜੀ ਤੋਂ ਉਤਰ ਗਿਆ।

* 30 ਅਪ੍ਰੈਲ ਨੂੰ ਹੀ ਅੰਮ੍ਰਿਤਸਰ ਤੋਂ ਸਹਰਸਾ ਜਾ ਰਹੀ ਜਨਸੇਵਾ ਐਕਸਪ੍ਰੈੱਸ ਦੀ ਕਪਲਿੰਗ ਗੱਡੀ ਦੇ ਅੰਮ੍ਰਿਤਸਰ ਤੋਂ ਚੱਲਣ ਮਗਰੋਂ ਜਲੰਧਰ ਪਹੁੰਚਣ ਤਕ 2 ਵਾਰ ਟੁੱਟੀ।

* 2 ਮਈ ਨੂੰ ਅਜਮੇਰ ਰੇਲਵੇ ਸਟੇਸ਼ਨ ਨੇੜੇ ਦੋਰਾਈ ਰੇਲਵੇ ਸਟੇਸ਼ਨ ’ਤੇ ਮੁੰਦੜਾ ਪੋਰਟ ਜਾ ਰਹੀ ਮਾਲ ਗੱਡੀ ਦੇ 2 ਡੱਬੇ ਲੀਹੋਂ ਲੱਥ ਗਏ।

* 9 ਮਈ ਨੂੰ ਧੂਰੀ ਰੇਲਵੇ ਸਟੇਸ਼ਨ ਨੇੜੇ ਇਕ ਮਾਲ ਗੱਡੀ ਦੇ 2 ਡੱਬੇ ਪਟੜੀ ਤੋਂ ਉਤਰ ਜਾਣ ਨਾਲ ਕਈ ਘੰਟੇ ਰੇਲ ਆਵਾਜਾਈ ਰੁਕੀ ਰਹੀ।

* 9 ਮਈ ਨੂੰ ਹੀ ਮਿਰਜ਼ਾਪੁਰ ਜ਼ਿਲੇ ’ਚ ਕੈਲਹਟ ਰੇਲਵੇ ਸਟੇਸ਼ਨ ’ਤੇ ਨਾਰਥ-ਈਸਟ ਐਕਸਪ੍ਰੈੱਸ ਦੇ ਜਨਰੇਟਰ ਵਾਲੇ ਡੱਬੇ ’ਚ ਅਚਾਨਕ ਭਿਆਨਕ ਅੱਗ ਲੱਗ ਗਈ।

* 10 ਮਈ ਨੂੰ ਮਦੁਰਈ ’ਚ ਇਕ ਹੀ ਟ੍ਰੈਕ ’ਤੇ 2 ਗੱਡੀਆਂ ਆ ਗਈਆਂ ਪਰ ਦੋਹਾਂ ਗੱਡੀਆਂ ਦੇ ਡਰਾਈਵਰਾਂ ਨੇ ਉਨ੍ਹਾਂ ਨੂੰ ਰੋਕ ਲਿਆ, ਜਿਸ ਨਾਲ ਹਾਦਸਾ ਟਲ ਗਿਆ।

* 11 ਮਈ ਨੂੰ ਭੁਵਨੇਸ਼ਵਰ ਜਾ ਰਹੀ ਰਾਜਧਾਨੀ ਐਕਸਪ੍ਰੈੱਸ ਦੇ ਪਾਵਰ ਕੋਚ ’ਚ ਬਾਲਾਸੋਰ ਅਤੇ ਸੋਰੋ ਰੇਲਵੇ ਸਟੇਸ਼ਨਾਂ ਦਰਮਿਆਨ ਅੱਗ ਲੱਗ ਗਈ।

* 12 ਮਈ ਨੂੰ ਸਵੇਰ ਦੇ ਸਮੇਂ ਲੁਧਿਆਣਾ ਤੋਂ ਧੂਰੀ ਆ ਰਹੀ ਮਾਲ ਗੱਡੀ ਧੂਰੀ ਸ਼ਹਿਰ ਦੇ ਮੁੱਖ ਫਾਟਕ ਨੇੜੇ ਲੀਹੋਂ ਲੱਥ ਗਈ।

ਸਵਾਲੀਆ ਨਿਸ਼ਾਨ ਲਾਉਂਦੇ ਉਕਤ ਹਾਦਸੇ ਇਸ ਗੱਲ ਦਾ ਸਪੱਸ਼ਟ ਸਬੂਤ ਹਨ ਕਿ ਭਾਰਤੀ ਰੇਲ ਕਿਸ ਤਰ੍ਹਾਂ ਵੱਡੇ ਹਾਦਸਿਆਂ ਦੇ ਕੰਢੇ ਪੁੱਜੀ ਹੋਈ ਹੈ। ਅਜਿਹੀ ਅਣਸੁਖਾਵੀਂ ਸਥਿਤੀ ਪੈਦਾ ਨਾ ਹੋਵੇ, ਇਸ ਦੇ ਲਈ ਭਾਰਤੀ ਰੇਲ ਦੇ ਕਾਇਆ-ਕਲਪ ਅਤੇ ਰੱਖ-ਰਖਾਅ ’ਚ ਤੁਰੰਤ ਬਹੁ-ਆਯਾਮੀ ਸੁਧਾਰ ਲਿਆਉਣ ਦੀ ਲੋੜ ਹੈ।

–ਵਿਜੇ ਕੁਮਾਰ
 

Bharat Thapa

This news is Content Editor Bharat Thapa