ਦੇਸ਼ ’ਚ ਜਬਰ-ਜ਼ਨਾਹਾਂ ਦੀ ਹਨੇਰੀ, ਫਾਸਟ ਟ੍ਰੈਕ ਅਦਾਲਤਾਂ ਰਾਹਤ ਦਿਵਾ ਸਕਦੀਆਂ ਹਨ

08/04/2023 4:21:42 AM

‘ਪ੍ਰੋਟੈਕਸ਼ਨ ਆਫ ਚਿਲਡ੍ਰਨ ਫਰਾਮ ਸੈਕਸੁਅਲ ਆਫੈਂਸ’ (ਪੋਕਸੋ) ਕਾਨੂੰਨ ’ਚ ਸੋਧ ਕਰ ਕੇ 12 ਸਾਲ ਤੱਕ ਦੀਆਂ ਬੱਚੀਆਂ ਦੇ ਮਾਮਲੇ ’ਚ ਜਬਰ-ਜ਼ਨਾਹੀ ਨੂੰ ਮੌਤ ਦੀ ਸਜ਼ਾ ਦੇ ਹੁਕਮ ਨੂੰ ਮਨਜ਼ੂਰੀ ਦੇ ਬਾਵਜੂਦ ਛੋਟੀਆਂ-ਛੋਟੀਆਂ ਬੱਚੀਆਂ ਅਤੇ ਔਰਤਾਂ ਹਵਸ ਦੇ ਦਰਿੰਦਿਆਂ ਦਾ ਸ਼ਿਕਾਰ ਹੋ ਰਹੀਆਂ ਹਨ। ਸਥਿਤੀ ਕਿੰਨੀ ਚਿੰਤਾਜਨਕ ਹੋ ਚੁੱਕੀ ਹੈ, ਇਹ ਸਿਰਫ 6 ਦਿਨਾਂ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :

* 3 ਅਗਸਤ ਨੂੰ ਨਵੀ ਮੁੰਬਈ (ਮਹਾਰਾਸ਼ਟਰ) ’ਚ ਇਕ ਨਾਬਾਲਗ ਲੜਕੀ ਨਾਲ ਵਾਰ-ਵਾਰ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ੀ ਨੌਜਵਾਨ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਪੋਕਸੋ ਕਾਨੂੰਨ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ।

* 3 ਅਗਸਤ ਨੂੰ ਹੀ ਗੋਰਖਪੁਰ (ਉੱਤਰ ਪ੍ਰਦੇਸ਼) ਜ਼ਿਲੇ ਦੇ ਗੀਡਾ ਇਲਾਕੇ ’ਚ ਸ਼ਾਮ ਵੇਲੇ ਘਰ ਪਰਤ ਰਹੀ ਇਕ ਔਰਤ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

* 2 ਅਗਸਤ ਨੂੰ ਡੂੰਗਰਪੁਰ (ਰਾਜਸਥਾਨ) ਜ਼ਿਲੇ ਦੇ ਦੋਵੜਾ ਥਾਣਾ ਇਲਾਕੇ ’ਚ ਇਕ ਨਾਬਾਲਗ ਨੂੰ ਅਗਵਾ ਕਰ ਕੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ 3 ਨੌਜਵਾਨਾਂ ਵਿਰੁੱਧ ਕੇਸ ਦਰਜ ਕੀਤਾ ਗਿਆ।

* 2 ਅਗਸਤ ਨੂੰ ਹੀ ਵਿੱਟਲ (ਕਰਨਾਟਕ) ਪੁਲਸ ਨੇ ਇਕ ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਲਗਾਤਾਰ 4 ਸਾਲਾਂ ਤੱਕ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।

* 2 ਅਗਸਤ ਨੂੰ ਹੀ ਸੂਰਤ (ਗੁਜਰਾਤ) ਸ਼ਹਿਰ ਦੀ ਇਕ ਅਦਾਲਤ ਨੇ 2 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਅਤੇ ਹੱਤਿਆ ਦੇ ਮਾਮਲੇ ’ਚ ਇਕ 23 ਸਾਲਾ ਨੌਜਵਾਨ ਨੂੰ ਮੌਤ ਦੀ ਸਜ਼ਾ ਅਤੇ ਮ੍ਰਿਤਕਾ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਸੁਣਾਇਆ।

* 2 ਅਗਸਤ ਨੂੰ ਦਸੂਹਾ (ਪੰਜਾਬ) ਦੇ ਪਿੰਡ ਘੋਗਰਾ ’ਚ 11ਵੀਂ ਜਮਾਤ ਦੇ ਇਕ ਵਿਦਿਆਰਥੀ ਨੇ 8 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰ ਦਿੱਤਾ।

* 2 ਅਗਸਤ ਨੂੰ ਹੀ ਚੱਬੇਵਾਲ (ਪੰਜਾਬ) ’ਚ ਆਪਣੀ 7 ਸਾਲਾ ਬੇਟੀ ਨੂੰ ਹਵਸ ਦਾ ਸ਼ਿਕਾਰ ਬਣਾ ਰਹੇ ਕਲਯੁਗੀ ਵਿਅਕਤੀ ਨੂੰ ਫੜ ਕੇ ਪੇਂਡੂਆਂ ਨੇ ਜੁੱਤੀਆਂ ਨਾਲ ਕੁੱਟਣ ਪਿੱਛੋਂ ਪੁਲਸ ਦੇ ਹਵਾਲੇ ਕਰ ਦਿੱਤਾ।

* 1 ਅਗਸਤ ਨੂੰ ਚਿੱਤਰਕੂਟ (ਉੱਤਰ ਪ੍ਰਦੇਸ਼) ਜ਼ਿਲੇ ’ਚ ਪੁਲਸ ਨੇ 10ਵੀਂ ਜਮਾਤ ’ਚ ਪੜ੍ਹਣ ਵਾਲੀ ਵਿਦਿਆਰਥਣ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਪੀੜਤ ਵਿਦਿਆਰਥਣ ਦੇ ਇਕ ਰਿਸ਼ਤੇਦਾਰ ਸਮੇਤ 3 ਅਧਿਆਪਕਾਂ ਨੂੰ ਗ੍ਰਿਫਤਾਰ ਕੀਤਾ।

* 1 ਅਗਸਤ ਨੂੰ ਹੀ ਜੀਂਦ (ਹਰਿਆਣਾ) ਵਿਚ ਥ੍ਰੋ ਬਾਲ ਦੀ 14 ਸਾਲਾ ਨਾਬਾਲਗ ਖਿਡਾਰਣ ਨੇ ਕੋਚ ਅਤੇ ਉਸ ਦੇ ਸਾਥੀ ’ਤੇ ਮੁਕਾਬਲੇ ’ਚ ਲਿਜਾਣ ਦਾ ਝਾਂਸਾ ਦੇ ਕੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਇਆ।

* 31 ਜੁਲਾਈ ਨੂੰ ਕੋਵਲਮ (ਕੇਰਲ) ਵਿਚ ਇਕ ਅਮਰੀਕੀ ਮਹਿਲਾ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

* 31 ਜੁਲਾਈ ਨੂੰ ਹੀ ਬਟਾਲਾ (ਪੰਜਾਬ) ਦੇ ਇਕ ਨਾਮਵਰ ਸਕੂਲ ਦੇ ਹੋਸਟਲ ’ਚ 12 ਸਾਲਾ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਸਕੂਲ ਦੇ ਸੁਪਰਡੈਂਟ ਨੂੰ ਗ੍ਰਿਫਤਾਰ ਕੀਤਾ ਗਿਆ।

* 31 ਜੁਲਾਈ ਨੂੰ ਹੀ ਅਲਵਰ (ਰਾਜਸਥਾਨ) ਜ਼ਿਲੇ ਦੇ ਮਾਲਖੇੜਾ ਵਿਚ 17 ਸਾਲਾ ਇਕ ਨਾਬਾਲਗਾ ਨਾਲ 4 ਨੌਜਵਾਨਾਂ ਨੇ ਜਬਰ-ਜ਼ਨਾਹ ਕਰ ਦਿੱਤਾ।

* 31 ਜੁਲਾਈ ਨੂੰ ਹੀ ਬੈਤੂਲ (ਮੱਧ ਪ੍ਰਦੇਸ਼) ਦੇ ‘ਮੋਹਦਾ’ ਥਾਣਾ ਇਲਾਕੇ ’ਚ ਇਕ ਆਦਿਵਾਸੀ ਲੜਕੀ ਨਾਲ ਜਬਰ-ਜ਼ਨਾਹ ਪਿੱਛੋਂ ਸੋਸ਼ਲ ਮੀਡੀਆ ’ਤੇ ਉਸ ਦੀ ਅਸ਼ਲੀਲ ਵੀਡੀਓ ਪਾਉਣ ਦਾ ਮਾਮਲਾ ਸਾਹਮਣੇ ਆਇਆ।

* 31 ਜੁਲਾਈ ਨੂੰ ਹੀ ਅੰਬਿਕਾਪੁਰ (ਛੱਤੀਸਗੜ੍ਹ) ਦੇ ਮਣੀਪੁਰ ਥਾਣਾ ਇਲਾਕੇ ’ਚ ਇਕ ਉਸਾਰੀ ਅਧੀਨ ਮਕਾਨ ’ਚ ਰਹਿਣ ਵਾਲੀ ਔਰਤ ਦੇ ਪਤੀ ਦੀ ਹੱਤਿਆ ਪਿੱਛੋਂ ਉਸ ਦੀ ਪਤਨੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।

* 29 ਜੁਲਾਈ ਨੂੰ ਕੋਚੀ (ਕੇਰਲ) ’ਚ ਇਕ ਦਰਿੰਦੇ ਨੇ 5 ਸਾਲਾ ਮਾਸੂਮ ਬੱਚੀ ਨੂੰ ਅਗਵਾ ਅਤੇ ਜਬਰ-ਜ਼ਨਾਹ ਕਰਨ ਪਿੱਛੋਂ ਗਲ ਘੁੱਟ ਕੇ ਹੱਤਿਆ ਕਰਨ ਪਿੱਛੋਂ ਉਸ ਦੀ ਲਾਸ਼ ਇਕ ਬੋਰੇ ’ਚ ਭਰ ਕੇ ਦਲਦਲ ਵਾਲੇ ਇਲਾਕੇ ’ਚ ਸੁੱਟ ਦਿੱਤੀ।

ਰੋਜ਼ ਹੋ ਰਹੇ ਜਬਰ-ਜ਼ਨਾਹਾਂ ਨੇ ਦੇਸ਼ ’ਚ ਨਾਰੀ ਜਾਤੀ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਲਈ ਜੇ ਇਸ ਤਰ੍ਹਾਂ ਦੇ ਅਪਰਾਧ ਕਰਨ ਵਾਲਿਆਂ ਵਿਰੁੱਧ ਫਾਸਟ ਟ੍ਰੈਕ ਅਦਾਲਤਾਂ ’ਚ ਤੇਜ਼ੀ ਨਾਲ ਨਿਪਟਾਰਾ ਕਰ ਕੇ ਅਪਰਾਧੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣ ਲੱਗੇ ਤਾਂ ਔਰਤਾਂ ਵਿਰੁੱਧ ਅਪਰਾਧਾਂ ’ਚ ਕੁਝ ਕਮੀ ਜ਼ਰੂਰ ਆ ਸਕਦੀ ਹੈ।

- ਵਿਜੇ ਕੁਮਾਰ

Manoj

This news is Content Editor Manoj