ਅੱਤਵਾਦ ਵਿਰੁੱਧ ਅਮਰੀਕਾ ਦਾ ਦੂਜਾ ਵੱਡਾ ਹਮਲਾ

04/16/2017 7:25:12 AM

ਇਨ੍ਹੀਂ ਦਿਨੀਂ ਦੁਨੀਆ ''ਚ ਅੱਤਵਾਦ ਨੇ ਪੂਰੇ ਜ਼ੋਰ-ਸ਼ੋਰ ਨਾਲ ਆਪਣੇ ਪੈਰ ਪਸਾਰੇ ਹੋਏ ਹਨ ਅਤੇ ਆਈ. ਐੱਸ. ਤੇ ਹੋਰ ਅੱਤਵਾਦੀ ਸੰਗਠਨਾਂ ਵਲੋਂ ''ਦੁਸ਼ਮਣਾਂ ਦੇ ਟਿਕਾਣਿਆਂ'' ਉਤੇ ਹਮਲਿਆਂ ਦੌਰਾਨ ਰਵਾਇਤੀ ਹਥਿਆਰਾਂ ਤੋਂ ਇਲਾਵਾ ਜ਼ਹਿਰੀਲੀਆਂ ਗੈਸਾਂ ਤਕ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸਲਾਮਿਕ ਸਟੇਟ (ਆਈ. ਐੱਸ.) ਨੇ ਕਈ ਦੇਸ਼ਾਂ ''ਚ ਆਪਣੇ ਅੱਡੇ ਬਣਾ ਲਏ ਹਨ, ਜਿਥੇ ਇਸ ਦੇ ਮੈਂਬਰ ਲਗਾਤਾਰ ਭਾਰੀ ਕਤਲੇਆਮ ਕਰ ਰਹੇ ਹਨ।
ਅਜਿਹੇ ਦੇਸ਼ਾਂ ''ਚ ਅਫਗਾਨਿਸਤਾਨ ਵੀ ਸ਼ਾਮਲ ਹੈ, ਜਿਥੇ 12 ਅਪ੍ਰੈਲ ਨੂੰ ਰਾਜਧਾਨੀ ਕਾਬੁਲ ''ਚ ਆਈ. ਐੱਸ. ਦੇ ਧਮਾਕੇ ''ਚ ਇਕ ਅਮਰੀਕੀ ਸਿਪਾਹੀ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ ਤੇ ਦਰਜਨਾਂ ਲੋਕ ਗੰਭੀਰ ਜ਼ਖ਼ਮੀ ਹੋ ਗਏ।
ਆਈ. ਐੱਸ. ਅਤੇ ਅਲਕਾਇਦਾ ਵਰਗੇ ਅੱਤਵਾਦੀ ਗਿਰੋਹਾਂ ਦੀਆਂ ਅਜਿਹੀਆਂ ਹੀ ਸਰਗਰਮੀਆਂ ਨੂੰ ਦੇਖਦਿਆਂ 12 ਅਪ੍ਰੈਲ ਨੂੰ ਅਮਰੀਕੀ ਅਗਵਾਈ ਵਾਲੀਆਂ ਗੱਠਜੋੜ ਫੌਜਾਂ ਨੇ ਸੀਰੀਆ ''ਚ ''ਪੂਰਬੀ ਡੀਰ-ਅਲ-ਜ਼ੋਰ'' ਪ੍ਰਾਂਤ ''ਚ ਆਈ. ਐੱਸ. ਦੇ ਜ਼ਹਿਰੀਲੀ ਗੈਸ ਵਾਲੇ ਡਿਪੂ ''ਤੇ ਹਮਲਾ ਕਰ ਦਿੱਤਾ।
ਇਸ ਤੋਂ ਅਗਲੇ ਹੀ ਦਿਨ 13 ਅਪ੍ਰੈਲ ਨੂੰ ਅਮਰੀਕਾ ਨੇ ਅਫਗਾਨਿਸਤਾਨ ''ਚ ਪੂਰਬੀ ਨਾਂਗਰਹਾਰ ਸੂਬੇ ਦੇ ਅਚਿਨ ਜ਼ਿਲੇ ਦੇ ਮੋਮਾਂਦ ਡਾਰਾ ਇਲਾਕੇ ''ਚ ਆਈ. ਐੱਸ. ਦੇ ਟਿਕਾਣੇ ''ਤੇ ਹੁਣ ਤਕ ਦਾ ਸਭ ਤੋਂ ਵੱਡਾ ਗ਼ੈਰ-ਪ੍ਰਮਾਣੂ ਬੰਬ ਹਮਲਾ ਕੀਤਾ, ਜਿਸ ਵਿਚ 94 ਅੱਤਵਾਦੀ ਮਾਰੇ ਗਏ ਤੇ ਆਈ. ਐੱਸ. ਦਾ ਇਕ ਡੂੰਘੀ ਸੁਰੰਗ ''ਚ ਬਣਾਇਆ ਹੋਇਆ ਅੱਡਾ ਤਬਾਹ ਹੋ ਗਿਆ। 
ਇਸ ਹਮਲੇ ''ਚ ਇਸਤੇਮਾਲ ਕੀਤੇ ਗਏ ਜੀ. ਬੀ. ਯੂ-43/ਬੀ. ਐੱਮ. ਓ. ਏ. ਬੀ. ਬੰਬ ਨੂੰ ''ਮਦਰ ਆਫ ਆਲ ਬੰਬਜ਼'' ਕਿਹਾ ਜਾਂਦਾ ਹੈ। ਅਮਰੀਕੀ ਹਵਾਈ ਫੌਜ ਦੇ ਬੁਲਾਰੇ ਅਨੁਸਾਰ :
''''1000 ਕਿਲੋ ਭਾਰਾ ਇਹ ਬੰਬ ਹੁਣ ਤਕ ਦੇ ਸਭ ਤੋਂ ਵੱਡੇ ਰਵਾਇਤੀ ਬੰਬਾਂ ''ਚੋਂ ਇਕ ਸੀ। ਇਸ ਦੀ ਵਰਤੋਂ ਖਾਲਸ ਤੌਰ ''ਤੇ ਅਫਗਾਨਿਸਤਾਨ ''ਚ ਆਈ. ਐੱਸ. ਦੇ ਅੱਤਵਾਦੀਆਂ ਵਿਰੁੱਧ ਅਫਗਾਨ ਫੌਜ ਦੇ ਸਹਿਯੋਗ ਨਾਲ ਬੀਤੇ ਮਾਰਚ ''ਚ ਸ਼ੁਰੂ ਕੀਤੀ ਗਈ ਮੁਹਿੰਮ ਦੇ ਸਿਲਸਿਲੇ ''ਚ ਰਣਨੀਤਕ ਫੈਸਲੇ ਦੇ ਤਹਿਤ ਕੀਤੀ ਗਈ ਅਤੇ ਇਹ ਸਹੀ ਨਿਸ਼ਾਨੇ ''ਤੇ ਹਮਲਾ ਕਰਨ ਦਾ ਸਹੀ ਮੌਕਾ ਸੀ।''''
ਹਾਲਾਂਕਿ ਖਬਰ ਆਉਣ ਤਕ ਇਸ ਹਮਲੇ ''ਚ ਕਿਸੇ ਸ਼ਹਿਰੀ ਆਬਾਦੀ ਨੂੰ ਨੁਕਸਾਨ ਨਹੀਂ ਪੁੱਜਾ ਪਰ ਇਸ ਕਾਰਵਾਈ ਨੂੰ ਲੈ ਕੇ ਬੇਲੋੜਾ ਵਿਵਾਦ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਅਮਰੀਕਾ ਵਲੋਂ ਆਈ. ਐੱਸ. ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਇਸ ਮੁਹਿੰਮ ''ਤੇ ਅਫਗਾਨਿਸਤਾਨ ''ਚ ਹੀ ਆਪਾ-ਵਿਰੋਧੀ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ।
ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਦਫਤਰ ਅਨੁਸਾਰ, ''''ਅਫਗਾਨੀ ਤੇ ਵਿਦੇਸ਼ੀ ਫੌਜਾਂ ਨੇ ਆਪਸ ''ਚ ਮਿਲ ਕੇ ਪੂਰੀ ਸਾਵਧਾਨੀ ਨਾਲ ਇਹ ਮੁਹਿੰਮ ਚਲਾਈ ਤਾਂ ਕਿ ਕੋਈ ਵੀ ਬੇਕਸੂਰ ਨਾ ਮਾਰਿਆ ਜਾਵੇ।''''
ਇਸ ਦੇ ਉਲਟ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਇਸ ਕਾਰਵਾਈ ਨੂੰ ਅਣਮਨੁੱਖੀ ਕਰਾਰ ਦਿੰਦਿਆਂ ਅਮਰੀਕਾ ''ਤੇ ਨਵੇਂ ਅਤੇ ਖਤਰਨਾਕ ਹਥਿਆਰਾਂ ਦੇ ਪ੍ਰੀਖਣ ਲਈ ਅਫਗਾਨਿਸਤਾਨ ਦੀ ਧਰਤੀ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਹੈ।
ਇਹੋ ਨਹੀਂ, ਤਾਲਿਬਾਨ ਨੇ ਵੀ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ''''ਇਸ ਨੂੰ ਕਿਸੇ ਵੀ ਹਾਲਤ ''ਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।''''
ਅੱਤਵਾਦੀਆਂ ਵਿਰੁੱਧ ਅਮਰੀਕੀ ਕਾਰਵਾਈ ਦੇ ਮਾਮਲੇ ''ਚ ਤਾਲਿਬਾਨੀਆਂ ਦਾ ਅਜਿਹਾ ਕਹਿਣਾ ਗਲਤ ਹੈ। ਆਖਿਰ ਬੇਕਸੂਰਾਂ ਨੂੰ ਮਾਰਨ ਵਾਲਿਆਂ (ਜਿਨ੍ਹਾਂ ''ਚ ਤਾਲਿਬਾਨੀ ਵੀ ਸ਼ਾਮਲ ਹਨ) ਵਿਰੁੱਧ ਹਮਲੇ ਨੂੰ ਕਿਵੇਂ ਗਲਤ ਕਿਹਾ ਜਾ ਸਕਦਾ ਹੈ।
ਫਿਲਹਾਲ ਇਸ ਬਾਰੇ ਨਿਰਪੱਖ ਆਬਜ਼ਰਵਰਾਂ ਦਾ ਕਹਿਣਾ ਹੈ, ''''ਡੋਨਾਲਡ ਟਰੰਪ ਨੇ ਆਪਣੇ ਚੋਣ ਵਾਅਦੇ ਮੁਤਾਬਿਕ ਹੀ ਆਈ. ਐੱਸ. ਆਈ. ਐੱਸ. ਦੇ ਖਾਤਮੇ ਲਈ ਮੁਹਿੰਮ ਸ਼ੁਰੂ ਕੀਤੀ ਹੈ। ਟਰੰਪ ਦੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਜਦੋਂ ਉਨ੍ਹਾਂ ਤੋਂ ਆਈ. ਐੱਸ. ਨਾਲ ਨਜਿੱਠਣ ਸਬੰਧੀ ਉਨ੍ਹਾਂ ਦੀ ਯੋਜਨਾ ਬਾਰੇ ਪੁੱਛਿਆ ਜਾਂਦਾ ਸੀ ਤਾਂ ਉਨ੍ਹਾਂ ਦਾ ਇਹੋ ਜਵਾਬ ਹੁੰਦਾ ਸੀ ਕਿ ਇਹ ਇਕ ਸੀਕ੍ਰੇਟ ਹੈ।''''
ਹੁਣ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਆਈ. ਐੱਸ. ਦੇ ਖਾਤਮੇ ਦਾ ਆਪਣਾ ਵਾਅਦਾ ਪੂਰਾ ਕਰਨ ਲਈ ਹੀ ਇਹ ਸਭ ਤੋਂ ਵੱਡਾ ਕਦਮ ਚੁੱਕਿਆ ਤੇ ਆਈ. ਐੱਸ. ਦੇ ਅੱਤਵਾਦੀਆਂ ਵਿਰੁੱਧ ਹੁਣ ਤਕ ਦੀ ਸਭ ਤੋਂ ਵੱਡੀ ਕਾਰਵਾਈ ਨੂੰ ਅੰਜਾਮ ਦੇ ਕੇ ਦੁਨੀਆ ਨੂੰ ਸੰਦੇਸ਼ ਦੇ ਦਿੱਤਾ ਹੈ ਕਿ ਹੁਣ ਉਹ ਆਈ. ਐੱਸ. ਦੇ ਖਾਤਮੇ ਦੇ ਆਪਣੇ ਪਹਿਲਾਂ ਕੀਤੇ ਵਾਅਦੇ ਨੂੰ ਪੂਰਾ ਕਰਨ ਦੇ ਮਾਮਲੇ ''ਚ ਰੁਕਣ ਵਾਲੇ ਨਹੀਂ ਹਨ।
ਹਾਲਾਂਕਿ ਹੁਣ ਵੀ ਗ਼ੈਰ-ਸੰਗਠਿਤ ਗਿਰੋਹਾਂ ਦੇ ਅਜਿਹੇ ਹਮਲੇ ਜਾਰੀ ਰਹਿਣਗੇ ਪਰ ਸਰਕਾਰ ਵਲੋਂ ਪ੍ਰਾਯੋਜਿਤ ਅੱਤਵਾਦ ਦੇ ਸਮਰਥਕਾਂ ਲਈ ਅਮਰੀਕੀ ਕਾਰਵਾਈ ਇਕ ਡਰ ਦਾ ਮਾਹੌਲ ਜ਼ਰੂਰ ਪੈਦਾ ਕਰੇਗੀ।
ਬਿਨਾਂ ਸ਼ੱਕ ਇਸ ਕਾਰਵਾਈ ਨਾਲ ਨਾ ਸਿਰਫ ਟਰੰਪ ਮਜ਼ਬੂਤ ਹੋ ਕੇ ਉੱਭਰੇ ਹਨ ਸਗੋਂ ਉਨ੍ਹਾਂ ਨੇ ਅੱਤਵਾਦ ਨਾਲ ਨਜਿੱਠਣ ਬਾਰੇ ਆਪਣੀ ਯੋਜਨਾ ਵੀ ਸਪੱਸ਼ਟ ਕਰ ਦਿੱਤੀ ਹੈ। ਇਸ ਨਾਲ ਅੱਤਵਾਦ ਦੇ ਸਮਰਥਕਾਂ ਨੂੰ ਝਟਕਾ ਲੱਗੇਗਾ ਤੇ ਮੱਧ-ਪੂਰਬੀ ਦੇਸ਼ਾਂ ਦੀ ਹੀ ਨਹੀਂ ਸਗੋਂ ਪੂਰੀ ਦੁਨੀਆ ਦੀ ਸਿਆਸੀ ਸਥਿਤੀ ''ਤੇ ਵੀ ਅਸਰ ਪਵੇਗਾ।
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra