ਦੇਸ਼ ’ਚ ਨੇਤਾਵਾਂ ਦੀ ਬੇਤੁਕੀ ਬਿਆਨਬਾਜ਼ੀ ਨਾਲ ਵਧ ਰਿਹਾ ਤਣਾਅ ਅਤੇ ਅਲੋਪ ਹੋ ਰਹੀ ਸਦਭਾਵਨਾ

02/07/2020 1:35:04 AM

ਇਨ੍ਹੀਂ ਦਿਨੀਂ ਜਿੱਥੇ ਦਿੱਲੀ ਵਿਚ ਸੀ. ਏ. ਏ., ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਅਤੇ ਦਿੱਲੀ ਦੀਆਂ ਚੋਣਾਂ ਨੂੰ ਲੈ ਕੇ ਦੇਸ਼ ਦਾ ਸਿਆਸੀ ਵਾਤਾਵਰਣ ਭਖਿਆ ਹੋਇਆ ਹੈ ਅਤੇ ਜੰਗ ਵਰਗੀ ਸਥਿਤੀ ਬਣੀ ਹੋਈ ਹੈ, ਉਥੇ ਸਿਆਸੀ ਆਗੂਆਂ ਵਲੋਂ ਵੱਖ-ਵੱਖ ਮੁੱਦਿਆਂ ’ਤੇ ਇਕ-ਦੂਜੇ ਦੇ ਵਿਰੁੱਧ ਦਿੱਤੇ ਜਾ ਰਹੇ ਜ਼ਹਿਰੀਲੇ ਬਿਆਨਾਂ ਨਾਲ ਵੀ ਜਿਵੇਂ ਅੱਗ ਵਿਚ ਘਿਓ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਨਾਲ ਸਮਾਜ ਵਿਚ ਤਣਾਅ ਵਧ ਰਿਹਾ ਹੈ ਅਤੇ ਸਦਭਾਵਨਾ ਅਲੋਪ ਹੋ ਰਹੀ ਹੈ। ਹਾਲ ਹੀ ਵਿਚ ਸਾਬਕਾ ਮੰਤਰੀ ਅਤੇ ਸੰਸਦ ਮੈਂਬਰ ਅਨੰਤ ਕੁਮਾਰ ਹੇਗੜੇ (ਭਾਜਪਾ) ਅਤੇ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ, ਕਾਂਗਰਸ ਦੇ ਰਾਹੁਲ ਗਾਂਧੀ ਅਤੇ ਅਧੀਰ ਰੰਜਨ ਚੌਧਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮਮਤਾ ਬੈਨਰਜੀ ਨੇ ਬੜੇ ਹੀ ਇਤਰਾਜ਼ਯੋਗ ਬਿਆਨ ਦਿੱਤੇ ਹਨ। ਮਹਾਤਮਾ ਗਾਂਧੀ ਵਲੋਂ ਚਲਾਏ ਗਏ ਆਜ਼ਾਦੀ ਅੰਦੋਲਨ ਨੂੰ ਨਾਟਕ ਕਰਾਰ ਦੇ ਕੇ ਭਾਜਪਾ ਦੇ ਅਨੰਤ ਕੁਮਾਰ ਹੇਗੜੇ ਆਲੋਚਨਾ ਦੇ ਪਾਤਰ ਬਣੇ ਤਾਂ ਸੰਬਿਤ ਪਾਤਰਾ ਨੂੰ ਇਕ ਟੀ. ਵੀ. ਪ੍ਰੋਗਰਾਮ ਵਿਚ ਭੜਕਾਊ ਬਿਆਨ ਦੇਣ ’ਤੇ ਚੋਣ ਕਮਿਸ਼ਨ ਨੇ ਕਾਰਣ ਦੱਸੋ ਨੋਟਿਸ ਫੜਾਇਆ ਹੈ। ਇਸ ਬਿਆਨ ਵਿਚ ਉਨ੍ਹਾਂ ਨੇ ਹਿੰਦੂਆਂ ਨੂੰ ‘ਸੁਚੇਤ’ ਕਰਦਿਆਂ ਕਿਹਾ ਸੀ ਕਿ ‘‘ਸਾਵਧਾਨ ਹੋ ਜਾਓ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੇ ਦੰਗਾਈ ਅਤੇ ਗੱਦਾਰ ਘਰ ਵਿਚ ਦਾਖਲ ਹੋ ਕੇ ਮਾਰਨਗੇ।’’

ਭਾਜਪਾ ਹੀ ਕਿਉਂ, ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ ਹਨ :

ਨਾਗਰਿਕਤਾ ਕਾਨੂੰਨ ਨੂੰ ਲੈ ਕੇ ਮੋਦੀ ਸਰਕਾਰ ’ਤੇ ਹਮਲਾ ਕਰਦਿਆਂ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ 3 ਫਰਵਰੀ ਨੂੰ ਭਾਜਪਾ ਨੇਤਾਵਾਂ ਨੂੰ ਨਕਲੀ ਹਿੰਦੂ ਦੱਸਿਆ ਅਤੇ ਕਿਹਾ ਕਿ ‘‘ਉਹ ਬੰਦੂਕ ਦੀਆਂ ਗੋਲੀਆਂ ਦੇ ਦਮ ’ਤੇ ਲੋਕਾਂ ਦੀ ਜ਼ੁਬਾਨਬੰਦੀ ਦੀ ਕੋਸ਼ਿਸ਼ ਕਰ ਰਹੇ ਹਨ।’’ ਅਧੀਰ ਰੰਜਨ ਚੌਧਰੀ ਨੇ ਅਗਲੇ ਹੀ ਦਿਨ 4 ਫਰਵਰੀ ਨੂੰ ਕਿਹਾ ਕਿ ‘‘ਕੇਂਦਰ ਵਿਚ ਗੋਡਸੇ ਦੀ ਸਰਕਾਰ ਹੈ। ਇਸ ਲਈ ਅਸੀਂ ਇਸ ਤੋਂ ਹੋਰ ਕੀ ਆਸ ਕਰ ਸਕਦੇ ਹਾਂ।’’ ਅਧੀਰ ਰੰਜਨ ਨੇ ਇਹ ਗੱਲ 3 ਫਰਵਰੀ ਨੂੰ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਵਲੋਂ ਲੋਕ ਸਭਾ ਵਿਚ ਰਾਜੀਵ ਗਾਂਧੀ ਨੂੰ ‘ਰਾਜੀਵ ਫਿਰੋਜ਼ ਖਾਨ’ ਕਹਿਣ ਦੇ ਜਵਾਬ ਵਿਚ ਕਹੀ। 4 ਫਰਵਰੀ ਨੂੰ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਨੂੰ ਦੁਸ਼ਾਸਨਾਂ ਦੀ ਪਾਰਟੀ ਅਤੇ ਮੁਹੰਮਦ-ਬਿਨ-ਤੁਗਲਕ ਦੀ ਵੰਸ਼ਜ ਕਰਾਰ ਦਿੱਤਾ। (ਵਰਣਨਯੋਗ ਹੈ ਕਿ ਮਹਾਭਾਰਤ ਵਿਚ ਦ੍ਰੋਪਦੀ ਦਾ ਚੀਰਹਰਣ ਕਰਨ ਵਾਲਾ ਦੁਸ਼ਾਸਨ ਦੁਰਯੋਧਨ ਦਾ ਭਰਾ ਸੀ, ਜਦਕਿ ਮੁਹੰਮਦ-ਬਿਨ-ਤੁਗਲਕ (1325-1351) ਦਿੱਲੀ ਦਾ ਸੁਲਤਾਨ ਸੀ, ਜੋ ਇਤਿਹਾਸ ਵਿਚ ਇਕ ਸਿਰਫਿਰੇ ਸ਼ਾਸਕ ਵਜੋਂ ਉਲਟੇ-ਸਿੱਧੇ ਫੈਸਲਿਆਂ ਲਈ ਬਦਨਾਮ ਹੈ।) ਅਨੰਤ ਹੇਗੜੇ (ਭਾਜਪਾ) ਵਲੋਂ ਮਹਾਤਮਾ ਗਾਂਧੀ ਦੇ ਸੁਤੰਤਰਤਾ ਸੰਗਰਾਮ ਨੂੰ ‘ਨਾਟਕ’ ਕਰਾਰ ਦੇਣ ਦੇ ਜਵਾਬ ਵਿਚ ਅਧੀਰ ਰੰਜਨ ਚੌਧਰੀ ਨੇ ਕਿਹਾ, ‘‘ਅੱਜ ਇਹ ਮਹਾਤਮਾ ਗਾਂਧੀ ਨੂੰ ਗਾਲ੍ਹਾਂ ਦਿੰਦੇ ਹਨ। ਇਹ ਰਾਵਣ ਦੀ ਔਲਾਦ ਹਨ।’’ ਇਥੇ ਹੀ ਬਸ ਨਹੀਂ, 5 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, ‘‘ਇਹ ਜੋ ਨਰਿੰਦਰ ਮੋਦੀ ਭਾਸ਼ਣ ਦੇ ਰਿਹਾ ਹੈ, 6 ਮਹੀਨਿਆਂ ਬਾਅਦ ਘਰੋਂ ਬਾਹਰ ਨਹੀਂ ਨਿਕਲ ਸਕੇਗਾ। ਹਿੰਦੋਸਤਾਨ ਦੇ ਨੌਜਵਾਨ ਇਸ ਨੂੰ ਅਜਿਹਾ ਡੰਡਾ ਮਾਰਨਗੇ, ਇਸ ਨੂੰ ਸਮਝਾ ਦੇਣਗੇ ਕਿ ਹਿੰਦੋਸਤਾਨ ਦੇ ਨੌਜਵਾਨ ਨੂੰ ਰੋਜ਼ਗਾਰ ਦਿੱਤੇ ਬਿਨਾਂ ਇਹ ਦੇਸ਼ ਅੱਗੇ ਨਹੀਂ ਵਧ ਸਕਦਾ।’’

ਰਾਹੁਲ ਗਾਂਧੀ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਬਾਰੇ ਕਿਹਾ, ‘‘ਉਹ ਸਿਰਫ ਲੋਕਾਂ ਨੂੰ ਵੰਡ ਰਹੇ ਹਨ। ਇਨ੍ਹਾਂ ਦੇ ਭਾਸ਼ਣ ਵਿਚ ਸਭ ਝੂਠ ਹੀ ਮਿਲੇਗਾ।’’ 5 ਫਰਵਰੀ ਨੂੰ ਹੀ ਅਧੀਰ ਰੰਜਨ ਚੌਧਰੀ ਨੇ ਲੋਕ ਸਭਾ ਵਿਚ ਪ੍ਰਧਾਨ ਮੰਤਰੀ ਮੋਦੀ ਬਾਰੇ ਇਕ ਅਜਿਹੇ ਸ਼ਬਦ ਦੀ ਵਰਤੋਂ ਕਰ ਦਿੱਤੀ, ਜਿਸ ਨਾਲ ਸਦਨ ਵਿਚ ਬਵਾਲ ਮਚ ਗਿਆ ਅਤੇ ਉਸ ਸ਼ਬਦ ਨੂੰ ਸਦਨ ਦੀ ਕਾਰਵਾਈ ’ਚੋਂ ਕੱਢਣਾ ਪਿਆ। ਪਹਿਲਾਂ ਵੀ ਇਤਰਾਜ਼ਯੋਗ ਬਿਆਨ ਦੇਣ ਵਾਲੇ ਅਧੀਰ ਰੰਜਨ ਚੌਧਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੁਸਪੈਠੀਆ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ। 5 ਫਰਵਰੀ ਨੂੰ ਹੀ ਮਮਤਾ ਬੈਨਰਜੀ ਨੇ ਭਾਜਪਾ ਨੂੰ ‘ਫੈਂਕੂਆਂ’ ਦੀ ਪਾਰਟੀ ਦੱਸਿਆ ਅਤੇ ਕਿਹਾ ਕਿ ‘‘ਇਹ ਪਾਰਟੀ ਧਰਮ ਦੇ ਆਧਾਰ ’ਤੇ ਦੇਸ਼ ਨੂੰ ਵੰਡ ਕੇ ਲੋਕਾਂ ਨੂੰ ਬੰਦੂਕਾਂ ਅਤੇ ਗੋਲੀਆਂ ਨਾਲ ਧਮਕਾਉਂਦੀ ਹੈ ਅਤੇ ਸਿਰਫ ਬੋਗਸ ਨਿਊਜ਼ ਦੇਣ ਵਿਚ ਯਕੀਨ ਰੱਖਦੀ ਹੈ। ਮੇਰਾ ਜਨਮ ਭਾਰਤ ਵਿਚ ਹੋਇਆ ਹੈ, ਬੰਦੂਕਾਂ ਅਤੇ ਗੋਲੀਆਂ ਨਾਲ ਲੋਕਾਂ ’ਤੇ ਹਮਲਾ ਕਰਵਾਉਣ ਵਾਲੀ ਭਾਜਪਾ ਦੇ ਸ਼ਾਸਨ ਵਾਲੇ ਦੇਸ਼ ਵਿਚ ਨਹੀਂ।’’ ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਕੌੜੇ ਵਚਨ ਬੋਲ ਕੇ ਦੇਸ਼ ਦਾ ਮਾਹੌਲ ਵਿਗਾੜਨ ’ਚ ਕੋਈ ਕਿਸੇ ਤੋਂ ਘੱਟ ਨਹੀਂ ਹੈ। ਜਦੋਂ ਸਿਆਸੀ ਪਾਰਟੀਆਂ ਦੇ ਚੋਟੀ ਦੇ ਆਗੂ ਹੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨਗੇ ਤਾਂ ਫਿਰ ਹੇਠਲੇ ਕੇਡਰ ਵਾਲੇ ਨੇਤਾਵਾਂ ਤੋਂ ਤਾਂ ਚੰਗੇ ਆਚਰਣ ਦੀ ਆਸ ਕਰਨੀ ਹੀ ਫਜ਼ੂਲ ਹੈ। ਯਕੀਨਨ ਹੀ ਅਜਿਹੇ ਬਿਆਨ ਦੇ ਕੇ ਸਿਆਸੀ ਆਗੂ ਆਪਣੀ ਅਤੇ ਆਪਣੀਆਂ ਪਾਰਟੀਆਂ ਦੀ ਬਦਨਾਮੀ ਦਾ ਹੀ ਕਾਰਣ ਬਣ ਰਹੇ ਹਨ।

–ਵਿਜੇ ਕੁਮਾਰ

Bharat Thapa

This news is Content Editor Bharat Thapa