ਪੰਜਾਬ ਦੇ ਮੁੱਖ ਮੰਤਰੀ ‘ਚੰਨੀ ਐਕਸ਼ਨ ’ਚ’ ਕਰਮਚਾਰੀਆਂ ਨੂੰ ਸਮੇਂ ’ਤੇ ਦਫਤਰ ਆਉਣ ਨੂੰ ਕਿਹਾ

09/23/2021 3:32:17 AM

20 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੇ ਤੁਰੰਤ ਬਾਅਦ ਚਰਨਜੀਤ ਸਿੰਘ ਚੰਨੀ ਐਕਸ਼ਨ ਮੋਡ ’ਚ ਆ ਗਏ ਹਨ ਅਤੇ ਆਪਣਾ ਲੋਕ ਸੰਪਰਕ ਵਧਾਉਣ ਅਤੇ ਸਰਕਾਰੀ ਵਿਭਾਗਾਂ ’ਚ ਤਰੂਟੀਆਂ ਦੂਰ ਕਰਨ ’ਚ ਜੁਟ ਗਏ ਹਨ।

22 ਸਤੰਬਰ ਨੂੰ ਉਹ ਅੰਮ੍ਰਿਤਸਰ ’ਚ ਸ੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਦੁਗਰਿਆਣਾ ਮੰਦਰ, ਭਗਵਾਨ ਵਾਲਮੀਕਿ ਤੀਰਥ ਅਸਥਾਨ, ਜਲਿਆਂਵਾਲਾ ਬਾਗ ਵਿਖੇ ਨਤਮਸਤਕ ਹੋਣ ਗਏ ਅਤੇ ਵਾਲਮੀਕਿ ਤੀਰਥ ਦੇ ਸੁੰਦਰੀਕਰਨ ਦੇ ਲਈ 100 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਉਹ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਖਟਕੜ ਕਲਾਂ ਵੀ ਗਏ।

ਇਸੇ ਦਿਨ ਉਨ੍ਹਾਂ ਨੇ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ’ਚ ਨਤਮਸਤਕ ਹੋ ਕੇ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਦਾ ਆਸ਼ੀਰਵਾਦ ਹਾਸਲ ਕੀਤਾ ਅਤੇ 101 ਏਕੜ ਭੂਮੀ ’ਚ ਸ੍ਰੀ ਗੁਰੂ ਰਵਿਦਾਸ ਜੀ ਚੇਅਰ ਸਥਾਪਤ ਕਰਨ ਅਤੇ 100 ਕਰੋੜ ਦੀ ਲਾਗਤ ਨਾਲ ਕਪੂਰਥਲਾ ’ਚ ਬਾਬਾ ਸਾਹਿਬ ਅੰਬੇਡਕਰ ਦਾ ਮਿਊਜ਼ੀਅਮ ਬਣਾਉਣ ਦਾ ਐਲਾਨ ਕੀਤਾ।

ਉਹ ਜਲੰਧਰ ਦੀ ਇਕ ਯੂਨੀਵਰਸਿਟੀ ’ਚ ਵੀ ਗਏ ਅਤੇ ਦੇਰ ਸ਼ਾਮ ਚੰਡੀਗੜ੍ਹ ਪਰਤ ਕੇ ਹਰਿਆਣਾ ਸਕੱਤਰੇਤ ’ਚ ਸ਼੍ਰੀ ਮਨੋਹਰ ਲਾਲ ਖੱਟੜ ਨਾਲ ਮੁਲਾਕਾਤ ਕੀਤੀ।

ਇਸ ਤੋਂ ਪਹਿਲਾਂ 21 ਸਤੰਬਰ ਨੂੰ ਉਨ੍ਹਾਂ ਨੇ ਅਫਸਰਸ਼ਾਹੀ ਅਤੇ ਹੋਰ ਸਰਕਾਰੀ ਕਰਮਚਾਰੀਆਂ ਦਾ ਕੰਮਕਾਜ ਬਿਹਤਰ ਬਣਾਉਣ ਦੇ ਲਈ ਜਿੱਥੇ ਕਈ ਤਬਾਦਲੇ ਕੀਤੇ, ਉੱਥੇ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਫਤਰਾਂ ’ਚ ਸਵੇਰੇ 9 ਵਜੇ ਹਾਜ਼ਰੀ ਯਕੀਨੀ ਬਣਾਉਣ ਅਤੇ ਪਬਲਿਕ ਡੀਲਿੰਗ ਵਧਾਉਣ ਦੇ ਹੁਕਮ ਦਿੱਤੇ।

ਪਰ ਮੁੱਖ ਮੰਤਰੀ ਦੇ ਇਸ ਹੁਕਮ ਦਾ ਸੂਬੇ ’ਚ ਅਜੇ ਅਸਰ ਨਹੀਂ ਹੋਇਆ ਅਤੇ 21 ਸਤੰਬਰ ਨੂੰ ਵਧੇਰੇ ਕਰਮਚਾਰੀ ਦਫਤਰ ’ਚ ਦੇਰ ਨਾਲ ਹੀ ਪੁੱਜੇ।

* ਜਲੰਧਰ ’ਚ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਦੇ ਇਲਾਵਾ ਏ. ਡੀ. ਸੀ., ਐੱਸ. ਡੀ. ਐੱਮ. ਤੇ ਸੈਕ੍ਰੇਟਰੀ ਆਰ. ਟੀ. ਏ. ਸਮੇਤ ਕਈ ਉੱਚ ਅਧਿਕਾਰੀ ਤਾਂ ਸਮੇਂ ’ਤੇ ਦਫਤਰ ਪਹੁੰਚ ਗਏ ਪਰ ਉਨ੍ਹਾਂ ਦੇ ਅਧੀਨ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਡਿਊਟੀ ’ਤੇ ਪਹੁੰਚਣ ਦਾ ਸਿਲਸਿਲਾ 10 ਵਜੇ ਦੇ ਬਾਅਦ ਵੀ ਚਲਦਾ ਰਿਹਾ।

ਜਲੰਧਰ ਨਿਗਮ ਦੇ ਵਧੇਰੇ ਦਫਤਰਾਂ ’ਚ ਹਾਜ਼ਰੀ ਨਾ ਦੇ ਬਰਾਬਰ ਰਹੀ। ਵਧੇਰੇ ਕਰਮਚਾਰੀ ਮਰਜ਼ੀ ਨਾਲ ਆਏ ਤੇ 5 ਵੱਜਣ ਤੋਂ ਪਹਿਲਾਂ ਹੀ ਚਲੇ ਗਏ। ਪ੍ਰਸ਼ਾਸਕੀ ਕੰਪਲੈਕਸ ਸਟਾਫ ’ਚ 19 ਲੇਟ ਪਹੁੰਚਣ ਵਾਲੇ ਕਰਮਚਾਰੀਆਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਗਿਆ।

* ਸੰਗਰੂਰ ’ਚ ਡਿਪਟੀ ਕਮਿਸ਼ਨਰ ਰਾਮਵੀਰ ਸਮੇਂ ਤੋਂ 30 ਮਿੰਟ ਪਹਿਲਾਂ ਹੀ ਦਫਤਰ ਪਹੁੰਚ ਗਏ ਪਰ 50 ਦੇ ਲਗਭਗ ਕਰਮਚਾਰੀ 5 ਤੋਂ 40 ਮਿੰਟ ਤੱਕ ਦੇਰੀ ਨਾਲ ਪੁੱਜੇ।

* ਫਿਰੋਜ਼ਪੁਰ ’ਚ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਅਤੇ ਏ. ਡੀ. ਸੀ. ਸੁਖਪ੍ਰੀਤ ਸਿੰਘ ਤਾਂ ਸਮੇਂ ਸਿਰ ਦਫਤਰ ਪਹੁੰਚੇ ਪਰ ਬਾਕੀ ਅਧਿਕਾਰੀ ਅਤੇ ਕਰਮਚਾਰੀ ਹਮੇਸ਼ਾ ਦੇ ਵਾਂਗ ਦੇਰ ਨਾਲ ਆਏ ਤੇ ਜੂਨੀਅਰ ਸਟਾਫ ਦੀਆਂ ਵਧੇਰੇ ਸੀਟਾਂ ਖਾਲੀ ਦਿੱਸੀਆਂ।

ਜ਼ਿਲਾ ਸੋਸ਼ਲ ਸਕਿਓਰਿਟੀ ਅਧਿਕਾਰੀ 9.20 ਵਜੇ ਤੱਕ ਅਤੇ ਆਰਬੀਟ੍ਰੇਸ਼ਨ ਦਫਤਰ ਦੇ ਅਧਿਕਾਰੀ 9.25 ਵਜੇ ਦੇ ਬਾਅਦ ਦਫਤਰ ਪੁੱਜੇ।

* ਮੋਗਾ ’ਚ ਵੀ ਮੱਛੀ ਪਾਲਣ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਸਮੇਤ ਕਈ ਸਰਕਾਰੀ ਦਫਤਰਾਂ ’ਚ ਸਵੇਰੇ 9.15 ਵਜੇ ਤੱਕ ਕਰਮਚਾਰੀ ਨਹੀਂ ਪੁੱਜੇ ਸਨ।

* ਅੰਮ੍ਰਿਤਸਰ ਤਹਿਸੀਲ ਕੰਪਲੈਕਸ ’ਚ 70 ਫੀਸਦੀ ਕਰਮਚਾਰੀ ਨਿਰਧਾਰਿਤ ਸਮੇਂ ’ਤੇ ਡਿਊਟੀ ’ਤੇ ਨਹੀਂ ਪਹੁੰਚੇ ਅਤੇ ਤਰ੍ਹਾਂ-ਤਰ੍ਹਾਂ ਦੀ ਬਹਾਨੇਬਾਜ਼ੀ ਕਰਨ ਲੱਗੇ। ਕਿਸੇ ਨੇ ਟਾਈਮ ਨਾ ਦੇਖ ਸਕਣ ਤਾਂ ਕਿਸੇ ਨੇ ਮੀਂਹ ਦਾ ਬਹਾਨਾ ਬਣਾਇਆ।

* ਲੁਧਿਆਣਾ ’ਚ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਤਾਂ 9 ਵਜੇ ਤੋਂ ਪਹਿਲਾਂ ਹੀ ਦਫਤਰ ਆ ਗਏ ਪਰ ਕੁਝ ਅਧਿਕਾਰੀ ਅੱਧੇ ਤੋਂ ਇਕ ਘੰਟਾ ਲੇਟ ਪਹੁੰਚੇ।

* ਤਰਨਤਾਰਨ ’ਚ ਵੱਖ-ਵੱਖ ਸਰਕਾਰੀ ਦਫਤਰਾਂ ਦੀ ਚੈਕਿੰਗ ਦੌਰਾਨ 58 ਕਰਮਚਾਰੀ ਤੈਅ ਸਮੇਂ ’ਤੇ ਡਿਊਟੀ ਤੋਂ ਗਾਇਬ ਪਾਏ ਗਏ।

* ਬਟਾਲਾ ’ਚ ਨਿਰੀਖਣ ਦੇ ਦੌਰਾਨ ਨਗਰ ਨਿਗਮ ਦੇ 26 ਕਰਮਚਾਰੀ ਡਿਊਟੀ ਦੇ ਤੈਅ ਸਮੇਂ ਦੇ ਦੌਰਾਨ ਗੈਰ-ਹਾਜ਼ਰ ਦੱਸੇ ਗਏ।

* ਪਠਾਨਕੋਟ ’ਚ ਮਿੰਨੀ ਸਕੱਤਰੇਤ ਅਤੇ ਹੋਰ ਸਰਕਾਰੀ ਦਫਤਰਾਂ ’ਚ ਚੈਕਿੰਗ ਦੇ ਦੌਰਾਨ ਟਿਊਬਵੈੱਲ ਕਾਰਪੋਰੇਸ਼ਨ ਦੇ ਐਕਸੀਅਨ, ਕੋਆਪ੍ਰੇਟਿਵ ਸੁਸਾਇਟੀ ਦੇ ਡਿਪਟੀ ਰਜਿਸਟਰਾਰ ਅਤੇ ਅਸਿਸਟੈਂਟ ਰਜਿਸਟਰਾਰ ਸਮੇਤ 30 ਤੋਂ ਵੱਧ ਅਧਿਕਾਰੀ ਅਤੇ ਕਰਮਚਾਰੀ ਨਿਰਧਾਰਿਤ ਸਮੇਂ ਤੋਂ ਡਿਊਟੀ ਤੋਂ ਗੈਰ-ਹਾਜ਼ਰ ਪਾਏ ਗਏ। ਡਿਪਟੀ ਕਮਿਸ਼ਨਰ ਦਫਤਰ ’ਚ ਸਵੇਰੇ 10 ਵਜੇ ਤੱਕ ਕਮਰਿਆਂ ’ਚ ਤਾਲੇ ਲਟਕੇ ਸਨ।

ਇਨ੍ਹਾਂ ਦੇ ਇਲਾਵਾ ਵੀ ਹੋਰਨਾਂ ਥਾਵਾਂ ’ਤੇ ਆਪਣੀ ਲੇਟ-ਲਤੀਫੀ ਦੇ ਲਈ ਕਰਮਚਾਰੀਆਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾਉਣ ਦੀਆਂ ਖਬਰ ਮਿਲੀਆਂ ਹਨ। ਕਿਸੇ ਨੇ ਐਨਕ ਟੁਟਣ, ਕਿਸੇ ਨੇ ਟ੍ਰੈਫਿਕ ਜਾਮ ’ਚ ਫਸਣ ਅਤੇ ਕਿਸੇ ਨੇ ਕੋਈ ਹੋਰ ਬਹਾਨਾ ਬਣਾਇਆ।

ਹਾਲਾਂਕਿ ਸਬੰਧਤ ਅਧਿਕਾਰੀਆਂ ਨੇ ਮੁੱਖ ਮੰਤਰੀਆਂ ਦੀ ਇਜਾਜ਼ਤ ਨਾ ਮੰਨਣ ਵਾਲੇ ਕਰਮਚਾਰੀਆਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕਰਨ ਅਤੇ ਉਨ੍ਹਾਂ ਦੇ ਵਿਰੁੱਧ ਬਣਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਪਰ ਇਸਦਾ ਲਾਭ ਤਦ ਹੀ ਹੋਵੇਗਾ ਜੇਕਰ ਤੁਰੰਤ ਕਾਰਵਾਈ ਕਰ ਕੇ ਦੋਸ਼ੀਆਂ ਨੂੰ ‘ਸਜ਼ਾ’ ਅਤੇ ਦੂਜਿਆਂ ਨੂੰ ‘ਨਸੀਹਤ’ ਦਿੱਤੀ ਜਾਵੇ। ਨਹੀਂ ਤਾਂ ਇਹ ਸਿਲਸਿਲਾ ਜੇਕਰ ਪਹਿਲਾਂ ਦੇ ਵਾਂਗ ਹੀ ਜਾਰੀ ਰਿਹਾ ਤਾਂ ਮੁੱਖ ਮੰਤਰੀ ਦਾ ਹੁਕਮ ਇਕ ਫਜ਼ੂਲ ਕਵਾਇਦ ਜਿਹਾ ਬਣ ਕੇ ਰਹਿ ਜਾਵੇਗਾ।

ਹੁਕਮ ਦਾ ਸਖਤੀ ਨਾਲ ਪਾਲਣ ਕਰਨ ਨਾਲ ਜਿੱਥੇ ਕਰਮਚਾਰੀਆਂ ’ਚ ਅਨੁਸ਼ਾਸਨ ਆਵੇਗਾ ਉੱਥੇ ਨਿਰਧਾਰਤ ਸਮੇਂ ’ਚ ਕਰਮਚਾਰੀਆਂ ਦੇ ਦਫਤਰਾਂ ’ਚ ਮੌਜੂਦ ਰਹਿਣ ਨਾਲ ਆਪਣੇ ਰੁਕੇ ਕੰਮ ਕਰਵਾਉਣ ਦੇ ਲਈ ਉਨ੍ਹਾਂ ਨੂੰ ਮਿਲਣ ਆਉਣ ਵਾਲੀ ਜਨਤਾ ਨੂੰ ਵੀ ਪ੍ਰੇਸ਼ਾਨੀ ਨਹੀਂ ਹੋਵੇਗੀ।

- ਵਿਜੇ ਕੁਮਾਰ

Bharat Thapa

This news is Content Editor Bharat Thapa