ਗੰਭੀਰ ਹੁੰਦੀ ਜਾ ਰਹੀ ਹੈ ਦੇਸ਼ ਭਰ ’ਚ ਆਵਾਰਾ ਕੁੱਤਿਆਂ ਦੀ ਸਮੱਸਿਆ

06/14/2019 6:05:51 AM

ਦੇਸ਼ ਭਰ ’ਚ ਆਵਾਰਾ ਕੁੱਤਿਆਂ ਨੇ ਖਰੂਦ ਮਚਾਇਆ ਹੋਇਆ ਹੈ। ਕੀ ਪਿੰਡ ਅਤੇ ਕੀ ਸ਼ਹਿਰ, ਹਰ ਜਗ੍ਹਾ ਆਵਾਰਾ ਕੁੱਤੇ ਆਮ ਲੋਕਾਂ ਦੀ ਜਾਨ ਲਈ ਖਤਰਾ ਬਣੇ ਹੋਏ ਹਨ, ਜਿਨ੍ਹਾਂ ਦੀਆਂ ਕੁਝ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :

* 30 ਮਈ ਨੂੰ ਲੁਧਿਆਣਾ ’ਚ ਅਾਵਾਰਾ ਕੁੱਤੇ ਨੇ ਇਕ ਸਾਢੇ 6 ਸਾਲ ਦੀ ਬੱਚੀ ਦੇ ਪੈਰ ਦਾ ਮਾਸ ਨੋਚ ਲਿਆ।

* 02 ਜੂਨ ਨੂੰ ਮਹੇਂਦਰਗੜ੍ਹ ਦੇ ਅਟੇਲੀ ’ਚ ਅਾਵਾਰਾ ਕੁੱਤੇ ਨੇ ਝੌਂਪੜੀ ’ਚ ਸੌਂ ਰਹੀ 9 ਮਹੀਨਿਆਂ ਦੀ ਬੱਚੀ ’ਤੇ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ।

* 05 ਜੂਨ ਨੂੰ ਸਿਵਾਨ ਦੇ ਨਰਹਰਪੁਰ ਪਿੰਡ ’ਚ ਪਾਗਲ ਕੁੱਤੇ ਨੇ 7 ਸਾਲ ਦੇ ਬੱਚੇ ਨੂੰ ਵੱਢ ਕੇ ਗੰਭੀਰ ਜ਼ਖਮੀ ਕਰ ਦਿੱਤਾ।

* 07 ਜੂਨ ਨੂੰ ਲੁਧਿਆਣਾ ’ਚ ਅਾਵਾਰਾ ਕੁੱਤਿਆਂ ਨੇ 35 ਵਿਅਕਤੀਆਂ ਨੂੰ ਵੱਢਿਆ।

* 08 ਜੂਨ ਨੂੰ ਅੰਮ੍ਰਿਤਸਰ ’ਚ 3 ਅਾਵਾਰਾ ਕੁੱਤਿਆਂ ਨੇ 4 ਸਾਲ ਦੀ ਬੱਚੀ ’ਤੇ ਹਮਲਾ ਕਰ ਕੇ ਉਸ ਦੀ ਇਕ ਲੱਤ ਅਤੇ ਬਾਹਾਂ ਨੂੰ ਲਹੂ-ਲੁਹਾਨ ਕਰ ਦਿੱਤਾ।

* 09 ਜੂਨ ਨੂੰ ਲੁਧਿਆਣਾ ’ਚ ਕੁੱਤਿਆਂ ਦੇ ਵੱਢਣ ਦੇ 20 ਮਾਮਲੇ ਸਾਹਮਣੇ ਆਏ।

* 09 ਜੂਨ ਨੂੰ ਹੀ ਮੱਧ ਪ੍ਰਦੇਸ਼ ਦੇ ਬਿਲਾਸਪੁਰ ’ਚ ਜ਼ੋਨਲ ਰੇਲਵੇ ਸਟੇਸ਼ਨ ’ਤੇ ਅਾਵਾਰਾ ਕੁੱਤੇ ਨੇ ਬੁਕਿੰਗ ਕਾਊਂਟਰ ’ਤੇ ਟਿਕਟ ਲੈ ਰਹੇ ਵਿਅਕਤੀ ਨੂੰ ਵੱਢਿਆ।

* 09 ਜੂਨ ਨੂੰ ਹੀ ਮਾਛੀਵਾੜਾ ’ਚ ਆਪਣੇ ਘਰ ਦੇ ਬਾਹਰ ਖੇਡ ਰਹੇ ਇਕ 7 ਸਾਲਾ ਬੱਚੇ ’ਤੇ ਹਮਲਾ ਕਰ ਕੇ ਅਾਵਾਰਾ ਕੁੱਤੇ ਨੇ ਉਸ ਨੂੰ ਜ਼ਖਮੀ ਕਰ ਦਿੱਤਾ।

* 10 ਜੂਨ ਨੂੰ ਗਵਾਲੀਅਰ ਦੀ ਮਾਧਵ ਡਿਸਪੈਂਸਰੀ ਦੀ ਓ. ਪੀ. ਡੀ. ’ਚ 22 ਨਵੇਂ ਮਰੀਜ਼ ਡੌਗ ਬਾਈਟ ਦਾ ਇੰਜੈਕਸ਼ਨ ਲਗਵਾਉਣ ਪਹੁੰਚੇ। ਉਕਤ ਡਿਸਪੈਂਸਰੀ ’ਚ 1 ਅਪ੍ਰੈਲ ਤੋਂ 10 ਜੂਨ ਤਕ ਕੁੱਤਿਆਂ ਦੇ ਸ਼ਿਕਾਰ 1345 ਮਰੀਜ਼ਾਂ ਨੇ ਇੰਜੈਕਸ਼ਨ ਲਗਵਾਏ।

* 11 ਜੂਨ ਨੂੰ ਰਾਜਸਥਾਨ ’ਚ ਪਾਲੀ ਦੀ ਸਬਜ਼ੀ ਮੰਡੀ ’ਚ ਅਾਵਾਰਾ ਕੁੱਤਿਆਂ ਨੇ ਇਕ ਔਰਤ ਸਮੇਤ 3 ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਇਆ।

ਕੁੱਤੇ ਦੇ ਵੱਢਣ ’ਤੇ 72 ਘੰਟਿਆਂ ਅੰਦਰ ਐਂਟੀ ਰੈਬੀਜ਼ ਵੈਕਸਿਨ ਦਾ ਇੰਜੈਕਸ਼ਨ ਲਗਵਾਉਣਾ ਜ਼ਰੂਰੀ ਹੈ। ਅਜਿਹਾ ਨਾ ਕਰਨ ’ਤੇ ਕੁੱਤੇ ਦਾ ਵੱਢਿਆ ਵਿਅਕਤੀ ਰੈਬੀਜ਼ ਰੋਗ ਦੀ ਲਪੇਟ ’ਚ ਆ ਸਕਦਾ ਹੈ, ਜਿਸ ਦਾ ਕੋਈ ਵੀ ਇਲਾਜ ਮੁਹੱਈਆ ਨਹੀਂ ਹੈ।

ਲਿਹਾਜ਼ਾ ਪ੍ਰਸ਼ਾਸਨ ਨੂੰ ਹਸਪਤਾਲਾਂ ’ਚ ਐਂਟੀ ਰੈਬੀਜ਼ ਇੰਜੈਕਸ਼ਨ ਦੀ ਉਪਲੱਬਧਤਾ ਯਕੀਨੀ ਬਣਾਉਣ ਦੀ ਲੋੜ ਹੈ ਕਿਉਂਕਿ ਜ਼ਿਆਦਾਤਰ ਸਰਕਾਰੀ ਹਸਪਤਾਲਾਂ ’ਚ ਐਂਟੀ ਰੈਬੀਜ਼ ਇੰਜੈਕਸ਼ਨ ਵੀ ਮੁਹੱਈਆ ਨਾ ਹੋਣ ਕਰ ਕੇ ਰੋਗੀਆਂ ਨੂੰ ਇੰਜੈਕਸ਼ਨ ਲਈ ਇਧਰ-ਓਧਰ ਭੱਜਣਾ ਪੈਂਦਾ ਹੈ।

ਇਸ ਦੇ ਨਾਲ ਹੀ ਅਾਵਾਰਾ ਕੁੱਤਿਆਂ ਨੂੰ ਫੜ ਕੇ ਉਨ੍ਹਾਂ ਦੀ ਨਸਬੰਦੀ ਦੇ ਕੰਮ ’ਚ ਵੀ ਤੇਜ਼ੀ ਲਿਆਉਣ ਦੀ ਲੋੜ ਹੈ ਕਿਉਂਕਿ ਜ਼ਿਆਦਾਤਰ ਥਾਵਾਂ ’ਤੇ ਜਾਂ ਤਾਂ ਇਹ ਕੰਮ ਠੱਪ ਪਿਆ ਹੈ ਜਾਂ ਬਹੁਤ ਹੌਲੀ ਰਫਤਾਰ ਨਾਲ ਚਲ ਰਿਹਾ ਹੈ।

–ਵਿਜੇ ਕੁਮਾਰ
 

Bharat Thapa

This news is Content Editor Bharat Thapa