2019 ਦੀਆਂ ਚੋਣਾਂ ਤੋਂ ਪਹਿਲਾਂ ਬਦਲਣ ਲੱਗਾ ਦੇਸ਼ ਦਾ ਸਿਆਸੀ ਮਾਹੌਲ

12/13/2018 7:08:17 AM

ਕੁਝ ਸਮਾਂ ਪਹਿਲਾਂ ਜਦੋਂ ਦੇਸ਼ ’ਚ ਚੋਣ ਕਮਿਸ਼ਨ ਨੇ 5 ਸੂਬਿਆਂ ਦੀਆਂ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ, ਉਦੋਂ ਹੀ ਇਹ ਅਹਿਸਾਸ ਹੋਣ ਲੱਗਾ ਸੀ ਕਿ ਇਸ ਵਾਰ ਦੀਆਂ ਚੋਣਾਂ ’ਚ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ’ਚ ਭਾਜਪਾ ਦੀ ਹਾਰ ਹੋਣ ਜਾ ਰਹੀ ਹੈ। 
ਨਾ ਸਿਰਫ ਭਾਜਪਾ ਦੇ ਆਪਣੇ ਕਈ ਸੀਨੀਅਰ ਸਾਥੀ ਪਾਰਟੀ ਲੀਡਰਸ਼ਿਪ ਤੋਂ ਨਾਰਾਜ਼ ਚੱਲ ਰਹੇ ਸਨ ਸਗੋਂ ਪਿਛਲੇ ਇਕ ਸਾਲ ’ਚ ਘੱਟੋ-ਘੱਟ 4 ਸੰਸਦ ਮੈਂਬਰਾਂ ਤੇ ਹੋਰ ਕਈ ਨੇਤਾਵਾਂ ਨੇ ਭਾਜਪਾ ਨੂੰ ਅਲਵਿਦਾ ਵੀ ਕਹਿ ਦਿੱਤਾ ਸੀ। 
ਇਸ ਤੋਂ ਇਲਾਵਾ ਪਾਰਟੀ ਦੇ ਕਈ ਪੁਰਾਣੇ ਸਾਥੀ ਇਸ ’ਚ ਘਰ ਕਰ ਚੁੱਕੀਆਂ ਕਮਜ਼ੋਰੀਆਂ ਲਈ ਇਸ ਦੀ ਆਲੋਚਨਾ ਕਰ ਰਹੇ ਸਨ ਤੇ ਇਸ ਦੇ ਨਾਲ ਹੀ ਭਾਜਪਾ ਨਾਲੋਂ ਨਾਤਾ ਤੋੜਣ ਵਾਲਿਆਂ ਦੇ ਸੁਰ ਵੀ ਤੇਜ਼ ਹੋ ਰਹੇ ਸਨ। 
ਇਕ ਪਾਸੇ ਭਾਜਪਾ ’ਚ ਨਾਰਾਜ਼ਗੀ ਜਾਰੀ ਸੀ ਤਾਂ ਦੂਜੇ ਪਾਸੇ ਦੇਸ਼ ਦੇ ਸਿਆਸੀ ਪਰਿਵਾਰ ਟੁੱਟ ਰਹੇ ਸਨ, ਜਿਨ੍ਹਾਂ ’ਚ ਮੁਲਾਇਮ ਸਿੰਘ ਯਾਦਵ, ਲਾਲੂ ਯਾਦਵ ਤੇ ਓਮ ਪ੍ਰਕਾਸ਼ ਚੌਟਾਲਾ ਆਦਿ ਦੇ ਪਰਿਵਾਰ ਸ਼ਾਮਲ ਹਨ।
ਇਸ ਦਰਮਿਆਨ ਵੋਟਾਂ ਪੈਣ ’ਚ ਥੋੜ੍ਹੇ ਦਿਨ ਰਹਿ ਜਾਣ ’ਤੇ ਨਵੇਂ-ਨਵੇਂ ਸਿਆਸੀ ਸਮੀਕਰਨਾਂ ਦੀਆਂ ਗੱਲਾਂ ਵੀ ਸ਼ੁਰੂ ਹੋ ਗਈਆਂ ਤੇ 9 ਦਸੰਬਰ ਨੂੰ ਸ਼ਿਵਪਾਲ ਯਾਦਵ ਵਲੋਂ ਆਪਣੀ ਸਿਆਸੀ ਤਾਕਤ ਦਿਖਾਉਣ ਲਈ ਲਖਨਊ ’ਚ ਆਯੋਜਿਤ ਲੋਕ-ਰੋਹ  ਰੈਲੀ ’ਚ ਮੁਲਾਇਮ ਸਿੰਘ ਯਾਦਵ ਆਪਣੀ ਛੋਟੀ ਨੂੰਹ ਅਪਰਣਾ ਯਾਦਵ ਨਾਲ ਪਹੁੰਚੇ।
ਮੰਚ ’ਤੇ ਖੜ੍ਹੇ ਹੋ ਕੇ ਜਿਵੇਂ ਹੀ ਮੁਲਾਇਮ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਤਾਂ ਹੂਟਿੰਗ ਸ਼ੁਰੂ ਹੋ ਗਈ। ਇਸ ’ਤੇ ਸ਼ਿਵਪਾਲ ਨੇ ਕਾਗਜ਼ ਦਾ ਇਕ ਟੁਕੜਾ ਫੜਾ ਕੇ ਮੁਲਾਇਮ ਸਿੰਘ ਨੂੰ ਉਸ ਨੂੰ ਦੇਖ ਕੇ ਬੋਲਣ ਲਈ ਕਿਹਾ ਤਾਂ ਮੁਲਾਇਮ ਸਿੰਘ ਨੇ ਕਿਹਾ ਕਿ (ਸ਼ਿਵਪਾਲ ਯਾਦਵ ਦੀ) ‘‘ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਦੀ ਅਗਵਾਈ ਹੇਠ ਚੋਣਾਂ ਲੜੀਆਂ ਜਾਣਗੀਆਂ।’’
ਇਥੇ ਹੀ ਬਸ ਨਹੀਂ, ਇਕ ਸਿਆਸੀ ਸਮੀਕਰਨ ਮੁਲਾਇਮ ਸਿੰਘ ਯਾਦਵ ਦੇ ਬੇਟੇ ਅਤੇ ਸਪਾ ਸੁਪਰੀਮੋ ਤੇ ਯੂ. ਪੀ. ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਚਾਲੇ ਵੀ ਬਣਦਾ ਦਿਖਾਈ ਦੇ ਰਿਹਾ ਹੈ।
ਫੂਲਪੁਰ ਸੰਸਦੀ ਉਪ ਚੋਣ ’ਚ ਸਪਾ ਦੀ ਜਿੱਤ ਤੋਂ ਬਾਅਦ ਲਖਨਊ ’ਚ ਅਖਿਲੇਸ਼ ਯਾਦਵ ਨੇ 15 ਮਾਰਚ ਨੂੰ ਕਿਹਾ ਸੀ ਕਿ ‘‘ਕਾਂਗਰਸ ਨਾਲ ਸਾਡੇ ਸਬੰਧ ਚੰਗੇ ਬਣੇ ਰਹਿਣਗੇ।’’  ਰਾਹੁਲ ਗਾਂਧੀ ਤੋਂ ਵਧਾਈ ਮਿਲਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ‘‘ਰਾਹੁਲ ਗਾਂਧੀ ਨੇ ਮੈਨੂੰ ਵਧਾਈ ਦਿੱਤੀ ਹੈ ਤੇ ਮੈਂ ਵੀ ਉਨ੍ਹਾਂ ਨੂੰ ਧੰਨਵਾਦ ਕਿਹਾ।’’
ਅਤੇ ਹੁਣ ਮੱਧ ਪ੍ਰਦੇਸ਼ ਦੇ 11 ਦਸੰਬਰ ਨੂੰ ਐਲਾਨੇ ਗਏ ਨਤੀਜਿਆਂ ਤੋਂ ਬਾਅਦ ਜਿਵੇਂ ਹੀ ਬਸਪਾ ਸੁਪਰੀਮੋ ਮਾਇਆਵਤੀ ਨੇ ਕਾਂਗਰਸ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ, ਇਸ ਤੋਂ ਤੁਰੰਤ ਬਾਅਦ ਅਖਿਲੇਸ਼ ਯਾਦਵ ਨੇ ਵੀ ਇਕ ਟਵੀਟ ਕਰ ਦਿੱਤਾ ਕਿ ‘‘ਸਮਾਜਵਾਦੀ ਪਾਰਟੀ ਮੱਧ ਪ੍ਰਦੇਸ਼ ’ਚ ਸਰਕਾਰ ਬਣਾਉਣ ਲਈ ਕਾਂਗਰਸ ਦੀ ਹਮਾਇਤ ਕਰਦੀ ਹੈ।’’
ਇਸ ਤੋਂ ਪਹਿਲਾਂ 9 ਦਸੰਬਰ ਨੂੰ ਹਰਿਆਣਾ ਦੇ ਚੌਟਾਲਾ ਪਰਿਵਾਰ ਦੀ ਸਿਆਸੀ ਪਾਰਟੀ ‘ਇੰਡੀਅਨ ਨੈਸ਼ਨਲ ਲੋਕਦਲ’ (ਇਨੈਲੋ) ਵਿਚ ਪਰਿਵਾਰਕ ਕਲੇਸ਼ ਤੋਂ ਬਾਅਦ ਪਾਰਟੀ ’ਚੋਂ ਕੱਢੇ ਗਏ ਹਿਸਾਰ ਦੇ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਤੇ ਉਨ੍ਹਾਂ ਦੇ ਭਰਾ ਦਿੱਗਵਿਜੇ ਚੌਟਾਲਾ ਨੇ ਆਪਣੀ ਵੱਖਰੀ ‘ਜਨਨਾਇਕ ਜਨਤਾ ਪਾਰਟੀ’ ਬਣਾ ਲਈ ਹੈ।
ਇਨ੍ਹਾਂ ਦੇ ਚਾਚੇ ਅਭੈ ਚੌਟਾਲਾ ਨੇ ਦੁਸ਼ਯੰਤ ਅਤੇ ਦਿੱਗਵਿਜੇ ’ਤੇ ਨਿਸ਼ਾਨਾ ਲਾਉਂਦਿਆਂ ਇਹ ਦੋਸ਼ ਵੀ ਲਾਇਆ ਹੈ ਕਿ ‘‘ਦੁਸ਼ਯੰਤ ਤੇ ਦਿੱਗਵਿਜੇ ਨੂੰ ਕਾਂਗਰਸ ਅਤੇ ਭਾਜਪਾ ਦੇ ਕੁਝ ਨੇਤਾਵਾਂ ਨੇ ਮੁੱਖ ਮੰਤਰੀ ਦੇ ਅਹੁਦੇ ਦਾ ਲਾਲਚ ਦੇ ਕੇ ਬਹਿਕਾਇਆ ਹੈ। ਉਹ ਇਹ ਨਹੀਂ ਜਾਣਦੇ ਕਿ ਅੱਜ ਉਹ ਜਿਸ ਅਹੁਦੇ ’ਤੇ ਹਨ, ਉਹ ਇਨੈਲੋ  ਦੀ ਬਦੌਲਤ ਹੀ ਹਨ।’’
9 ਦਸੰਬਰ ਨੂੰ ਹੀ ਭਾਜਪਾ ਦੀ ਸਹਿਯੋਗੀ ‘ਰਾਸ਼ਟਰੀ ਲੋਕ ਸਮਤਾ ਪਾਰਟੀ’ (ਰਾਲੋਸਪਾ) ਦੇ ਸੁਪਰੀਮੋ ਤੇ ਕੇਂਦਰੀ ਰਾਜ ਮੰਤਰੀ ਉਪੇਂਦਰ ਕੁਸ਼ਵਾਹਾ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦੇ ਨਾਲ ਹੀ ‘ਰਾਜਗ’ ਨਾਲੋਂ ਨਾਤਾ ਤੋੜ ਲਿਆ ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਨਵੇਂ ਸਿਆਸੀ ਰਿਸ਼ਤੇ ਬਣਾਉਣ ਦਾ ਸੰਕੇਤ ਦੇ ਦਿੱਤਾ ਹੈ। 
ਅਖਿਲੇਸ਼ ਯਾਦਵ ਦੇ ਰਾਹੁਲ ਗਾਂਧੀ ਨੂੰ ਟਵੀਟ, ਇਨੈਲੋ ਦੇ ਟੁੱਟਣ, ਨਵੀਂ ਸਿਆਸੀ ਪਾਰਟੀ ਦੇ ਉਭਾਰ ਤੇ ਰਾਲੋਸਪਾ ਵਲੋਂ ਰਾਜਗ ਨਾਲੋਂ ਨਾਤਾ ਤੋੜਣ ਵਰਗੀਆਂ ਉਕਤ ਘਟਨਾਵਾਂ ਆਉਣ ਵਾਲੇ ਦਿਨਾਂ ’ਚ ਵੱਖ-ਵੱਖ ਪਾਰਟੀਆਂ ਵਲੋਂ ਕਾਂਗਰਸ ਨਾਲ ਜੁੜਨ ਦੇ ਰੁਝਾਨ ਵਧਣ ਦਾ ਸੰਕੇਤ ਹਨ।
ਇਸ ਨਾਲ ਦੇਸ਼ ਦੀ ਸਿਆਸਤ ’ਚ ਤੇਜ਼ੀ ਨਾਲ ਆ ਰਹੀ ਤਬਦੀਲੀ ਦਾ ਅਹਿਸਾਸ ਹੁੰਦਾ ਹੈ, ਜਿਸ ਨਾਲ 2019 ਦੀਆਂ ਚੋਣਾਂ ’ਚ ਭਾਜਪਾ ਲਈ ਮੁਸ਼ਕਿਲਾਂ ਵਧਣਗੀਆਂ। ਇਸ ਲਈ ਜਿੰਨੀ ਛੇਤੀ ਭਾਜਪਾ ਲੀਡਰਸ਼ਿਪ ਆਪਣੇ ਅੰਦਰ ਆ ਰਹੀਆਂ ਕਮਜ਼ੋਰੀਆਂ ਦੂਰ ਕਰ ਲਵੇਗੀ, ਓਨਾ ਹੀ ਉਸ ਦੇ ਲਈ ਚੰਗਾ ਹੋਵੇਗਾ।            

–ਵਿਜੇ ਕੁਮਾਰ