ਅੱਤਵਾਦੀ ਗਿਰੋਹ ਹੁਣ ਗੱਡੀਆਂ ਨਾਲ ਕੁਚਲ ਕੇ ''ਸਮੂਹਿਕ ਕਤਲੇਆਮ'' ਕਰਨ ਲੱਗੇ

08/19/2017 4:36:00 AM

ਦੁਨੀਆ 'ਚ ਚਾਰੇ ਪਾਸੇ ਅੱਤਵਾਦ ਆਪਣੇ ਪੰਜੇ ਫੈਲਾ ਰਿਹਾ ਹੈ ਅਤੇ ਆਈ. ਐੱਸ. ਭਾਵ 'ਇਸਲਾਮਿਕ ਸਟੇਟ' ਸਭ ਤੋਂ ਤਾਕਤਵਰ ਅਤੇ ਭਿਆਨਕ ਅੱਤਵਾਦੀ ਗਿਰੋਹ ਵਜੋਂ ਉੱਭਰਿਆ ਹੈ। ਆਈ. ਐੱਸ. ਅਤੇ ਇਸ ਨਾਲ ਜੁੜੇ ਗਿਰੋਹ ਕਿਸੇ ਵੀ ਦੇਸ਼ 'ਚ ਇਕ ਵਾਰ ਹਮਲਾ ਕਰ ਕੇ ਚੁੱਪ ਨਹੀਂ ਬੈਠ ਜਾਂਦੇ ਸਗੋਂ ਵਾਰ-ਵਾਰ ਉਥੇ ਹਮਲੇ ਕਰਨ ਤੋਂ ਇਲਾਵਾ ਹਮਲੇ ਲਈ ਨਵੇਂ-ਨਵੇਂ ਟਿਕਾਣੇ ਵੀ ਲੱਭਦੇ ਰਹਿੰਦੇ ਹਨ।
ਪਿਛਲੇ ਦੋ ਸਾਲਾਂ ਦੌਰਾਨ ਆਈ. ਐੱਸ. ਅਤੇ ਹੋਰ ਅੱਤਵਾਦੀ ਗਿਰੋਹਾਂ ਨੇ ਫਰਾਂਸ ਦੇ ਵੱਖ-ਵੱਖ ਸ਼ਹਿਰਾਂ 'ਚ ਘੱਟੋ-ਘੱਟ ਅੱਧਾ ਦਰਜਨ ਹਮਲੇ ਕੀਤੇ। ਇਸ ਤੋਂ ਇਲਾਵਾ ਯੂਰਪ ਦੇ ਹੋਰਨਾਂ ਸ਼ਹਿਰਾਂ ਨੂੰ ਵੀ ਉਨ੍ਹਾਂ ਨੇ ਆਪਣਾ ਨਿਸ਼ਾਨਾ ਬਣਾਇਆ। ਇਸ ਸਾਲ ਆਈ. ਐੱਸ. ਅਤੇ ਹੋਰਨਾਂ ਅੱਤਵਾਦੀਆਂ ਵਲੋਂ ਦੁਨੀਆ 'ਚ ਕੀਤੇ ਗਏ ਕੁਝ ਵੱਡੇ ਹਮਲੇ ਹੇਠਾਂ ਦਰਜ ਹਨ :
* 07 ਅਪ੍ਰੈਲ 2017 ਨੂੰ ਸਟਾਕਹੋਮ 'ਚ ਡ੍ਰੋਟਿੰਗਾਟਨ ਦੇ ਇਕ ਡਿਪਾਰਟਮੈਂਟਲ ਸਟੋਰ 'ਚ ਅੱਤਵਾਦੀਆਂ ਵਲੋਂ ਕਾਰ ਵਾੜ ਦੇਣ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ।
* 26 ਮਈ ਨੂੰ ਕਾਹਿਰਾ 'ਚ 29 ਵਿਅਕਤੀਆਂ ਦੀ ਹੱਤਿਆ।
* 30 ਮਈ ਨੂੰ ਬਗਦਾਦ 'ਚ ਆਈ. ਐੱਸ. ਦੇ ਹਮਲਿਆਂ 'ਚ 31 ਵਿਅਕਤੀ ਮਾਰੇ ਗਏ।
* 31 ਮਈ ਨੂੰ ਕਾਬੁਲ 'ਚ ਜਰਮਨ ਦੂਤਘਰ ਨੇੜੇ ਹੋਏ ਧਮਾਕਿਆਂ 'ਚ 150 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ।
* 03 ਜੂਨ ਨੂੰ ਲੰਡਨ ਬ੍ਰਿਜ 'ਤੇ 3 ਅੱਤਵਾਦੀਆਂ ਨੇ 8 ਵਿਅਕਤੀਆਂ ਨੂੰ ਕੁਚਲ ਦਿੱਤਾ।
* 04 ਜੂਨ ਨੂੰ ਲੰਡਨ ਵਿਖੇ 3 ਆਤਮਘਾਤੀ  ਹਮਲਿਆਂ 'ਚ 7 ਵਿਅਕਤੀ ਮਾਰੇ ਗਏ।
* 15 ਜੂਨ ਨੂੰ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਦੇ ਰੈਸਟੋਰੈਂਟ 'ਚ ਕਾਰ ਬੰਬ ਧਮਾਕੇ 'ਚ 31 ਵਿਅਕਤੀਆਂ ਦੀ ਮੌਤ।
* 19 ਜੂਨ ਨੂੰ ਲੰਡਨ ਦੇ ਇਕ ਪਾਰਕ 'ਚ ਕਾਰ ਹਮਲੇ ਦੌਰਾਨ ਇਕ ਵਿਅਕਤੀ ਦੀ ਮੌਤ।
* 16 ਅਗਸਤ ਨੂੰ ਉੱਤਰ-ਪੂਰਬੀ ਨਾਈਜੀਰੀਆ ਦੇ ਕਾਨੋ ਸ਼ਹਿਰ 'ਚ 3 ਮਹਿਲਾ ਆਤਮਘਾਤੀ ਹਮਲਾਵਰਾਂ ਨੇ ਸ਼ਰਨਾਰਥੀਆਂ ਦੀ ਬਸਤੀ 'ਚ ਖੁਦ ਨੂੰ ਧਮਾਕੇ ਨਾਲ ਉਡਾ ਲਿਆ, ਜਿਸ ਨਾਲ 28 ਵਿਅਕਤੀਆਂ ਦੀ ਮੌਤ ਹੋ ਗਈ ਤੇ 82 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ।
* ਅਤੇ ਹੁਣ 17 ਅਗਸਤ ਨੂੰ ਸਪੇਨ ਦੇ ਪ੍ਰਮੁੱਖ ਸ਼ਹਿਰ ਬਾਰਸੀਲੋਨਾ 'ਚ ਅੱਤਵਾਦੀਆਂ ਨੇ ਸਿਟੀ ਸੈਂਟਰ 'ਚ ਕਿਰਾਏ 'ਤੇ ਲਈ ਗਈ ਵਿਸਫੋਟਕਾਂ ਤੇ ਹਥਿਆਰਾਂ ਨਾਲ ਲੈਸ ਇਕ ਵੈਨ ਨਾਲ ਘੱਟੋ-ਘੱਟ 13 ਵਿਅਕਤੀਆਂ ਨੂੰ ਕੁਚਲ ਕੇ ਮਾਰ ਦਿੱਤਾ ਤੇ 50 ਤੋਂ ਜ਼ਿਆਦਾ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ।
ਇਸ ਤੋਂ ਬਾਅਦ ਦੋ ਹਮਲਾਵਰ ਹਥਿਆਰਾਂ ਨਾਲ ਉਥੋਂ ਦੇ ਇਕ ਰੈਸਟੋਰੈਂਟ 'ਚ ਜਾ ਵੜੇ ਤੇ ਪੁਲਸ ਅਨੁਸਾਰ ਹੁਣ ਆਈ. ਐੱਸ. ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ।
ਜ਼ਿਕਰਯੋਗ ਹੈ ਕਿ ਅੱਤਵਾਦੀ ਲਗਾਤਾਰ ਆਪਣੀਆਂ ਸਰਗਰਮੀਆਂ ਦਾ ਦਾਇਰਾ ਵਧਾਉਂਦੇ ਜਾ ਰਹੇ ਹਨ। ਫਰਾਂਸ, ਬੈਲਜੀਅਮ ਅਤੇ ਜਰਮਨੀ 'ਚ ਪਿਛਲੇ ਕੁਝ ਸਮੇਂ ਦੌਰਾਨ ਹੋਏ ਹਮਲਿਆਂ 'ਚ ਕਈ ਲੋਕ ਮਾਰੇ ਗਏ ਪਰ ਸਪੇਨ ਅਜੇ ਤਕ ਇਸ ਤੋਂ ਬਚਿਆ ਹੋਇਆ ਸੀ ਅਤੇ ਉਥੇ ਅੱਤਵਾਦੀਆਂ ਵਿਰੁੱਧ ਲਗਾਤਾਰ ਚਲਾਈ ਜਾ ਰਹੀ ਮੁਹਿੰਮ ਦੌਰਾਨ ਪਿਛਲੇ ਲੱਗਭਗ ਸਵਾ ਦੋ ਸਾਲਾਂ 'ਚ 180 ਵਿਅਕਤੀਆਂ ਦੀ ਗ੍ਰਿਫਤਾਰੀ ਦੇ ਬਾਵਜੂਦ ਅੱਤਵਾਦੀ ਇੰਨਾ ਵੱਡਾ ਹਮਲਾ ਕਰਨ 'ਚ ਸਫਲ ਰਹੇ।
ਯਾਦ ਰਹੇ ਕਿ ਜੁਲਾਈ 2016 ਤੋਂ ਬਾਅਦ ਯੂਰਪ 'ਚ ਅੱਤਵਾਦੀਆਂ ਵਲੋਂ ਲੋਕਾਂ ਦੀ ਭੀੜ ਨੂੰ ਤੇਜ਼ ਰਫਤਾਰ ਗੱਡੀਆਂ ਨਾਲ ਕੁਚਲ ਕੇ ਮਾਰਨ ਦੀ ਨਵੀਂ ਰਣਨੀਤੀ ਅਪਣਾਈ ਗਈ ਹੈ ਤੇ ਇਸ ਦੇ ਤਹਿਤ ਉਨ੍ਹਾਂ ਨੇ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। ਯੂਰਪ 'ਚ ਇਸ ਸਾਲ ਇਹ ਅਜਿਹਾ 8ਵਾਂ ਹਮਲਾ ਹੈ।
ਸਪੇਨ 'ਚ ਹੋਏ ਤਾਜ਼ਾ ਹਮਲੇ ਤੋਂ ਪਹਿਲਾਂ ਨੀਸ, ਬਰਲਿਨ, ਲੰਡਨ ਤੇ ਸਟਾਕਹੋਮ 'ਚ ਹੋਏ ਅਜਿਹੇ ਅੱਤਵਾਦੀ ਹਮਲਿਆਂ 'ਚ ਲੱਗਭਗ 200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਹਿਣਾ ਮੁਸ਼ਕਿਲ ਹੈ ਕਿ ਇਹ ਸਿਲਸਿਲਾ ਕਿੱਥੇ ਜਾ ਕੇ ਰੁਕੇਗਾ। 
ਫਿਲਹਾਲ ਤਾਂ ਅਜਿਹਾ ਲੱਗਦਾ ਹੈ ਕਿ ਵੱਖ-ਵੱਖ ਦੇਸ਼ਾਂ ਵਲੋਂ ਅੱਤਵਾਦੀ ਗਿਰੋਹਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਫਜ਼ੂਲ ਹੀ ਸਿੱਧ ਹੋ ਰਹੀ ਹੈ। ਇਸ ਨਾਲ ਜਿਥੇ ਦੁਨੀਆ ਭਰ 'ਚ ਉਨ੍ਹਾਂ ਵਿਰੁੱਧ ਨਫਰਤ ਪੈਦਾ ਹੋ ਰਹੀ ਹੈ, ਉਥੇ ਹੀ ਆਮ ਮੁਸਲਮਾਨਾਂ ਦੇ ਅਕਸ ਨੂੰ ਵੀ ਭਾਰੀ ਠੇਸ ਲੱਗ ਰਹੀ ਹੈ।
ਇਹੋ ਵਜ੍ਹਾ ਹੈ ਕਿ ਅਮਰੀਕਾ ਸਮੇਤ ਕਈ ਦੇਸ਼ਾਂ 'ਚ ਮੁਸਲਮਾਨਾਂ 'ਤੇ ਕਈ ਪਾਬੰਦੀਆਂ ਵੀ ਲਾਈਆਂ ਜਾ ਰਹੀਆਂ ਹਨ, ਜਿਸ ਕਾਰਨ ਉਥੇ ਪੜ੍ਹਨ ਅਤੇ ਹੋਰਨਾਂ ਉਦੇਸ਼ਾਂ  ਨਾਲ ਜਾਣ ਵਾਲੇ ਮੁਸਲਮਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਦੇ ਨਾਲ-ਨਾਲ ਅਪਮਾਨ ਵੀ ਝੱਲਣਾ ਪੈ ਰਿਹਾ ਹੈ।
ਅਜਿਹੀ ਹਾਲਤ 'ਚ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਆਪਣੀਆਂ ਖੂਨੀ ਕਰਤੂਤਾਂ ਦਾ ਦਾਇਰਾ ਲਗਾਤਾਰ ਵਧਾ ਕੇ ਇਹ ਅੱਤਵਾਦੀ ਕੀ ਹਾਸਿਲ ਕਰਨਾ ਚਾਹੁੰਦੇ ਹਨ।
ਜਿੰਨੇ ਵੱਡੇ ਪੱਧਰ 'ਤੇ ਇਹ ਅੱਤਵਾਦੀ ਗਿਰੋਹ ਦੁਨੀਆ 'ਚ ਤਬਾਹੀ ਮਚਾ ਰਹੇ ਹਨ, ਉਸ ਨੂੰ ਦੇਖਦਿਆਂ ਇਹ ਜ਼ਰੂਰੀ ਹੈ ਕਿ ਅੱਤਵਾਦ ਤੋਂ ਪ੍ਰਭਾਵਿਤ ਸਾਰੇ ਦੇਸ਼ ਇਕਜੁੱਟ ਹੋ ਕੇ ਅੱਤਵਾਦ ਦਾ ਮੁਕਾਬਲਾ ਕਰਨ ਲਈ ਇਕ ਸਾਂਝੀ ਰਣਨੀਤੀ ਬਣਾਉਣ ਤਾਂ ਕਿ ਇਨ੍ਹਾਂ ਦਾ ਜੜ੍ਹੋਂ ਖਾਤਮਾ ਕੀਤਾ ਜਾ ਸਕੇ।                              
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra